ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਨਵੰਬਰ
ਸਢੌਰੇ ਦੀ ਲੜਾਈ ਸਢੌਰਾ ਦੇ ਜ਼ਾਲਮ ਹਾਕਮ ਉਸਮਾਨ ਖ਼ਾਨ ਨੇ ਗੁਰੂ ਗੋਬਿੰਦ ਸਿੰਘ ਦੇ ਪੀਰ ਬੁੱਧੂ ਸ਼ਾਹ ਅਤੇ ਉਸ ਦੇ ਪ੍ਰਵਾਰ ਉਤੇ ਬੜੇ ਜ਼ੁਲਮ ਢਾਏ ਸਨ ਤੇ ਉਨ੍ਹਾਂ ਨੂੰ ਸਿੱਖਾਂ ਦਾ ਸਾਥੀ ਆਖ ਕੇ ਸ਼ਹੀਦ ਕੀਤਾ ਸੀ। ਉਸਮਾਨ ਖ਼ਾਨ 'ਤੇ ਇਹ ਵੀ ਇਲਜ਼ਾਮ ਸੀ ਕਿ ਉਹ ਗ਼ੈਰ-ਮੁਸਲਮਾਨਾਂ ਨੂੰ ਸਖ਼ਤ ਨਫ਼ਰਤ ਕਰਦਾ ਸੀ ਅਤੇ ਉਨ੍ਹਾਂ ਉਤੇ ਜ਼ੁਲਮ ਕਰਨ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਅਜ਼ਮਤ ਲੁਟਣ ਦਾ ਕੋਈ ਮੌਕਾ ਨਹੀਂ ਸੀ ਗੁਆਉਂਦਾ। ਇਸ ਕਰ ਕੇ ਕਪੂਰੀ ਉਤੇ ਜਿੱਤ ਹਾਸਲ ਕਰਨ ਮਗਰੋਂ ਬੰਦਾ ਸਿੰਘ ਨੇ ਸਢੌਰਾ ਵਲ ਕੂਚ ਕਰ ਦਿਤਾ। ਜੂਨ, 1710 ਤਕ ਬੰਦਾ ਸਿੰਘ ਦੀਆਂ ਫ਼ੌਜਾਂ ਦੀ ਗਿਣਤੀ 35 ਤੋਂ 40 ਹਜ਼ਾਰ ਤਕ ਹੋ ਪੁੱਜ ਚੁਕੀ ਸੀ। ਜਦੋਂ ਬੰਦਾ ਸਿੰਘ ਦੀਆਂ ਫ਼ੌਜਾਂ ਸਢੌਰੇ ਦੇ ਨੇੜੇ ਪਹੁੰਚੀਆਂ ਤਾਂ ਉਸਮਾਨ ਖ਼ਾਨ ਦੀਆਂ ਪਹਿਲਾਂ ਤੋਂ ਹੀ ਤਿਆਰ ਖੜੀਆਂ ਤੋਪਾਂ ਨੇ ਸਿੱਖ ਫ਼ੌਜਾਂ ਉਤੇ ਗੋਲੇ ਦਾਗਣੇ ਸ਼ੁਰੂ ਕਰ ਦਿਤੇ। ਇਸ ਨਾਲ ਕਈ ਸਿੱਖ ਸ਼ਹੀਦ ਹੋ ਗਏ ਪਰ ਇਸ ਦੇ ਬਾਵਜੂਦ ਸਿੱਖ ਫ਼ੌਜੀ ਅੱਗੇ ਵਧਦੇ ਗਏ ਅਤੇ ਸਾਰਾ ਜ਼ੋਰ ਲਾ ਕੇ ਨਗਰ ਦਾ ਦਰਵਾਜ਼ਾ ਤੋੜ ਦਿਤਾ। ਸ਼ਹਿਰ ਅੰਦਰ ਉਸਮਾਨ ਖ਼ਾਨ ਦੀਆਂ ਫ਼ੌਜਾਂ ਅਤੇ ਸਿੱਖ ਫ਼ੌਜਾਂ ਵਿਚਕਾਰ ਜ਼ਬਰਦਸਤ ਜੰਗ ਹੋਈ। ਇਸ ਮੌਕੇ ਪੀਰ ਬੁੱਧੂ ਸ਼ਾਹ ਦੇ ਪ੍ਰਵਾਰ ਵਿਚੋਂ ਕੁੱਝ ਸ਼ਖ਼ਸ ਸਿੱਖ ਫ਼ੌਜਾਂ ਦਾ ਸਾਥ ਦੇ ਰਹੇ ਸਨ, ਇਸ ਕਰ ਕੇ ਉਨ੍ਹਾਂ ਨੂੰ ਸ਼ਹਿਰ ਉਤੇ ਕਬਜ਼ਾ ਕਰਨ ਵਿਚ ਬਹੁਤੀ ਮੁਸ਼ਕਲ ਨਾ ਆਈ। ਸਢੌਰਾ ਦੇ ਕਈ ਨਵਾਬ, ਵਜ਼ੀਰ ਤੇ ਅਮੀਰ, ਚਿੱਟਾ ਝੰਡਾ ਲੈ ਕੇ ਅਤੇ ਮੂੰਹ ਵਿਚ ਘਾਹ ਲੈ ਕੇ ਬੰਦਾ ਸਿੰਘ ਕੋਲ ਪੇਸ਼ ਹੋਏ ਅਤੇ ਰਹਿਮ ਦੀ ਭਿਖਿਆ ਮੰਗੀ। ਬੰਦਾ ਸਿੰਘ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿਤਾ ਪਰ ਉਨ੍ਹਾਂ ਤੋਂ ਇਹ ਵਾਅਦਾ ਲਿਆ ਕਿ ਉਹ ਅੱਗੋਂ ਤੋਂ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ|