ਸਢੌਰੇ ਦੀ ਲੜਾਈ ਸਢੌਰਾ ਦੇ ਜ਼ਾਲਮ ਹਾਕਮ ਉਸਮਾਨ ਖ਼ਾਨ ਨੇ ਗੁਰੂ ਗੋਬਿੰਦ ਸਾਹਿਬ ਦੇ ਇੱਕ ਮੁਸਲਮਾਨ ਮੁਰੀਦ ਸਈਅਦ ਬਦਰੁੂਦੀਨ (ਪੀਰ ਬੁੱਧੂ ਸ਼ਾਹ) ਅਤੇ ਉਸ ਦੇ ਪ੍ਰਵਾਰ ਉਤੇ ਬੜੇ ਜ਼ੁਲਮ ਢਾਏ ਸਨ ਤੇ ਉਨ੍ਹਾਂ ਨੂੰ ਸਿੱਖਾਂ ਦਾ ਸਾਥੀ ਆਖ ਕੇ ਸ਼ਹੀਦ ਕੀਤਾ ਸੀ। ਉਸਮਾਨ ਖ਼ਾਨ 'ਤੇ ਇਹ ਵੀ ਇਲਜ਼ਾਮ ਸੀ ਕਿ ਉਹ ਗ਼ੈਰ-ਮੁਸਲਮਾਨਾਂ ਨੂੰ ਸਖ਼ਤ ਨਫ਼ਰਤ ਕਰਦਾ ਸੀ ਅਤੇ ਉਨ੍ਹਾਂ ਉਤੇ ਜ਼ੁਲਮ ਕਰਨ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਅਜ਼ਮਤ ਲੁਟਣ ਦਾ ਕੋਈ ਮੌਕਾ ਨਹੀਂ ਸੀ ਗੁਆਉਂਦਾ। ਇਸ ਕਰ ਕੇ ਕਪੂਰੀ ਉਤੇ ਜਿੱਤ ਹਾਸਲ ਕਰਨ ਮਗਰੋਂ ਬੰਦਾ ਸਿੰਘ ਨੇ ਸਢੌਰਾ ਵਲ ਕੂਚ ਕਰ ਦਿਤਾ। ਜੂਨ, 1710 ਤਕ ਬੰਦਾ ਸਿੰਘ ਦੀਆਂ ਫ਼ੌਜਾਂ ਦੀ ਗਿਣਤੀ 35 ਤੋਂ 40 ਹਜ਼ਾਰ ਤਕ ਹੋ ਪੁੱਜ ਚੁਕੀ ਸੀ। ਜਦੋਂ ਬੰਦਾ ਸਿੰਘ ਦੀਆਂ ਫ਼ੌਜਾਂ ਸਢੌਰੇ ਦੇ ਨੇੜੇ ਪਹੁੰਚੀਆਂ ਤਾਂ ਉਸਮਾਨ ਖ਼ਾਨ ਦੀਆਂ ਪਹਿਲਾਂ ਤੋਂ ਹੀ ਤਿਆਰ ਖੜੀਆਂ ਤੋਪਾਂ ਨੇ ਸਿੱਖ ਫ਼ੌਜਾਂ ਉਤੇ ਗੋਲੇ ਦਾਗਣੇ ਸ਼ੁਰੂ ਕਰ ਦਿਤੇ। ਇਸ ਨਾਲ ਕਈ ਸਿੱਖ ਸ਼ਹੀਦ ਹੋ ਗਏ ਪਰ ਇਸ ਦੇ ਬਾਵਜੂਦ ਸਿੱਖ ਫ਼ੌਜੀ ਅੱਗੇ ਵਧਦੇ ਗਏ ਅਤੇ ਸਾਰਾ ਜ਼ੋਰ ਲਾ ਕੇ ਨਗਰ ਦਾ ਦਰਵਾਜ਼ਾ ਤੋੜ ਦਿਤਾ। ਸ਼ਹਿਰ ਅੰਦਰ ਉਸਮਾਨ ਖ਼ਾਨ ਦੀਆਂ ਫ਼ੌਜਾਂ ਅਤੇ ਸਿੱਖ ਫ਼ੌਜਾਂ ਵਿਚਕਾਰ ਜ਼ਬਰਦਸਤ ਜੰਗ ਹੋਈ। ਇਸ ਮੌਕੇ ਪੀਰ ਬੁੱਧੂ ਸ਼ਾਹ ਦੇ ਪ੍ਰਵਾਰ ਵਿਚੋਂ ਕੁੱਝ ਸ਼ਖ਼ਸ ਸਿੱਖ ਫ਼ੌਜਾਂ ਦਾ ਸਾਥ ਦੇ ਰਹੇ ਸਨ, ਇਸ ਕਰ ਕੇ ਉਨ੍ਹਾਂ ਨੂੰ ਸ਼ਹਿਰ ਉਤੇ ਕਬਜ਼ਾ ਕਰਨ ਵਿੱਚ ਬਹੁਤੀ ਮੁਸ਼ਕਲ ਨਾ ਆਈ। ਸਢੌਰਾ ਦੇ ਕਈ ਨਵਾਬ, ਵਜ਼ੀਰ ਤੇ ਅਮੀਰ, ਚਿੱਟਾ ਝੰਡਾ ਲੈ ਕੇ ਅਤੇ ਮੂੰਹ ਵਿੱਚ ਘਾਹ ਲੈ ਕੇ ਬੰਦਾ ਸਿੰਘ ਕੋਲ ਪੇਸ਼ ਹੋਏ ਅਤੇ ਰਹਿਮ ਦੀ ਭਿਖਿਆ ਮੰਗੀ। ਬੰਦਾ ਸਿੰਘ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿਤਾ ਪਰ ਉਨ੍ਹਾਂ ਤੋਂ ਇਹ ਵਾਅਦਾ ਲਿਆ ਕਿ ਉਹ ਅੱਗੋਂ ਤੋਂ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ |

ਸਢੌਰੇ ਦੀ ਲੜਾਈ
ਮਿਤੀ1710
ਸਢੌਰਾ,(ਵਰਤਮਾਨ ਜ਼ਿਲ੍ਹਾ ਯਮੁਨਾਨਗਰ,ਹਰਿਆਣਾ,ਭਾਰਤ)
ਥਾਂ/ਟਿਕਾਣਾ
ਸਢੌਰਾ,(ਵਰਤਮਾਨ ਜ਼ਿਲ੍ਹਾ ਯਮੁਨਾਨਗਰ,ਹਰਿਆਣਾ,ਭਾਰਤ)
ਨਤੀਜਾ ਸਿੱਖਾਂ ਦੀ ਜਿੱਤ[1]
Belligerents
ਸਿੱਖ ਮੁਗਲ
Commanders and leaders
ਬੰਦਾ ਸਿੰਘ ਬਹਾਦਰ ਉਸਮਾਨ ਖ਼ਾਨ

ਸਢੌਰੇ ਉਤੇ ਕਬਜ਼ਾ ਕਰਨ ਮਗਰੋਂ ਕੁੱਝ ਦਿਨ ਸਾਰੀਆਂ ਸਿੱਖ ਫ਼ੌਜਾਂ ਉਥੇ ਹੀ ਟਿਕੀਆਂ ਰਹੀਆਂ। ਇੱਕ ਦਿਨ ਜਦੋਂ ਕੁੱਝ ਸਿੱਖ ਘੋੜੇ ਚਰਾ ਰਹੇ ਸਨ ਤਾਂ ਇੱਕ ਊਠ ਦੂਰੋਂ ਭਜਦਾ ਆਇਆ ਤੇ ਖੇਤਾਂ 'ਚ ਵੜ ਗਿਆ। ਉਸ ਨੂੰ ਖੇਤਾਂ ਵਿਚੋਂ ਕੱਢਣ ਵਾਸਤੇ ਇੱਕ ਫ਼ੌਜੀ ਨੇ ਇੱਕ ਰਾਹਗੀਰ ਤੋਂ ਇੱਕ ਬਾਂਸ ਖੋਹ ਕੇ ਊਠ ਨੂੰ ਮਾਰਨਾ ਸ਼ੁਰੂ ਕਰ ਦਿਤਾ। ਬਾਂਸ ਅੰਦਰੋਂ ਖੋਖਲਾ ਹੋਣ ਕਰ ਕੇ ਟੁਟ ਗਿਆ ਅਤੇ ਵਿਚੋਂ ਇੱਕ ਚਿੱਠੀ ਨਿਕਲ ਕੇ ਡਿਗ ਪਈ। ਇਹ ਚਿੱਠੀ ਸਢੌਰਾ ਦੇ ਕਿਸੇ ਵਜ਼ੀਰ-ਅਮੀਰ ਨੇ ਵਜ਼ੀਰ ਖ਼ਾਨ ਸੂਬੇਦਾਰ ਸਰਹੰਦ ਨੂੰ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਸੀਂ ਬੰਦਾ ਸਿੰਘ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਫਸਾਈ ਰੱਖਾਂਗੇ। ਇਸ ਦੌਰਾਨ ਤੁਸੀ ਹਮਲਾ ਕਰ ਦੇਣਾ ਤੇ ਅਸੀਂ ਵੀ ਸ਼ਹਿਰ ਦੇ ਅੰਦਰ ਸਿੱਖਾਂ ਉਤੇ ਹਮਲਾ ਕਰ ਦੇਵਾਂਗੇ। ਇਸ ਨਾਲ ਜੇ ਬੰਦਾ ਸਿੰਘ ਗਿ੍ਫ਼ਤਾਰ ਨਾ ਵੀ ਹੋ ਸਕਿਆ ਤਾਂ ਗੜਬੜ ਵਿੱਚ ਸ਼ਹਿਰ ਛੱਡ ਕੇ ਜਾਨ ਬਚਾਉਣ ਵਾਸਤੇ ਦੌੜ ਜ਼ਰੂਰ ਜਾਵੇਗਾ। ਇਹ ਚਿੱਠੀ ਪੜ੍ਹ ਕੇ ਬੰਦਾ ਸਿੰਘ ਨੇ ਉਨ੍ਹਾਂ ਸ਼ਹਿਰ ਵਾਸੀਆਂ ਦਾ ਇੱਕ ਇਕੱਠ ਬੁਲਾਇਆ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ ਕਿ ਉਹ ਸਿੱਖ ਫ਼ੌਜਾਂ ਦੇ ਵਫ਼ਾਦਾਰ ਰਹਿਣਗੇ। ਇਸ ਇਕੱਠ ਵਿੱਚ ਬੰਦਾ ਸਿੰਘ ਨੇ ਸਵਾਲ ਕੀਤਾ ਕਿ 'ਵਾਅਦਾ ਕਰ ਕੇ ਗ਼ੱਦਾਰੀ ਕਰਨ ਵਾਲੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ? ਸਾਰੇ ਲੋਕਾਂ ਨੇ ਜਵਾਬ ਦਿਤਾ ਮੌਤ। ਇਸ ਮਗਰੋਂ ਬੰਦਾ ਸਿੰਘ ਨੇ ਰਾਹਗੀਰ ਤੋਂ ਫੜੀ ਚਿੱਠੀ ਵਿਖਾਈ। ਇਹ ਚਿੱਠੀ ਵੇਖ ਕੇ ਸਾਰੇ ਵਜ਼ੀਰ-ਅਮੀਰ ਕੰਬ ਗਏ ਅਤੇ ਗਿੜਗਿੜਾ ਕੇ ਮੁਆਫ਼ੀਆਂ ਮੰਗਣ ਲੱਗ ਪਏ। ਇਸ 'ਤੇ ਬੰਦਾ ਸਿੰਘ ਨੇ ਕਿਹਾ ਕਿ ਤੁਹਾਡੇ ਵਿਚੋਂ ਜਿਹੜਾ ਵੀ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਵੜ ਜਾਏਗਾ, ਉਸ ਨੂੰ ਮੁਆਫ਼ ਕਰ ਦਿਤਾ ਜਾਏਗਾ। ਇਸ 'ਤੇ ਸਾਰੇ ਸੌ-ਡੇਢ ਸੌ ਬੰਦੇ, ਜੋ ਅਸਲ ਮੁਜਰਿਮ ਸਨ, ਪੀਰ ਜੀ ਦੀ ਹਵੇਲੀ ਵਲ ਭੱਜੇ। ਇਸ ਮਗਰੋਂ ਬੰਦਾ ਸਿੰਘ ਨੇ ਹਵੇਲੀ ਨੂੰ ਬਾਹਰੋਂ ਜੰਦਰਾ ਲਵਾ ਦਿਤਾ ਅਤੇ ਹਵੇਲੀ ਨੂੰ ਅੱਗ ਲਾਉਣ ਦਾ ਹੁਕਮ ਦੇ ਦਿਤਾ। ਗ਼ੱਦਾਰੀ ਕਰਨ ਵਾਲੇ ਸਾਰੇ ਬੇਈਮਾਨ ਅੰਦਰ ਸੜ ਕੇ ਮਰ ਗਏ। ਇਹ ਘਟਨਾ ਨਵੰਬਰ, 1709 ਦੇ ਦੂਜੇ ਹਫ਼ਤੇ ਦੀ ਹੈ। ਹੁਣ ਸਢੌਰੇ 'ਤੇ ਖ਼ਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾ ਦਿਤਾ ਗਿਆ ਅਤੇ ਸ਼ਹਿਰ ਦੇ ਇੰਤਜ਼ਾਮ ਵਾਸਤੇ ਇੱਕ 'ਖ਼ਾਲਸਾ ਪੰਚਾਇਤ' ਕਾਇਮ ਕਰ ਦਿਤੀ ਗਈ। ਦੂਜੇ ਪਾਸੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਨੇ, 14 ਅਕਤੂਬਰ, 1710 ਦੀ ਰਾਤ ਨੂੰ ਸਰਹੰਦ ਵੀ ਸਿੱਖਾਂ ਤੋਂ ਖੋਹ ਲਿਆ ਹੋਇਆ ਸੀ। ਸਰਹੰਦ ਉਤੇ ਕਬਜ਼ੇ ਮਗਰੋਂ ਹੁਣ ਸਿਰਫ਼ ਸਢੌਰਾ ਤੇ ਲੋਹਗੜ੍ਹ ਹੀ ਸਿੱਖਾਂ ਕੋਲ ਰਹਿ ਗਏ ਸਨ। ਫ਼ਿਰੋਜ਼ ਖ਼ਾਨ ਮੇਵਾਤੀ ਤੇ ਰੁਸਤਮ ਦਿਲ ਖ਼ਾਨ ਦੀਆਂ ਫ਼ੌਜਾਂ ਨੇ ਸਢੌਰਾ ਘੇਰਿਆ ਹੋਇਆ ਸੀ। ਬਾਦਸ਼ਾਹ ਨੇ ਫ਼ੌਜਾਂ ਨੂੰ ਹੁਕਮ ਦਿਤਾ ਸੀ ਕਿ ਉਹ ਕਿਲ੍ਹੇ ਤੋਂ ਕੁੱਝ ਵਧੇਰੇ ਉੱਚਾ ਇੱਕ ਮੀਨਾਰ ਬਣਾਉਣ ਤਾਕਿ ਉਥੋਂ ਕਿਲ੍ਹੇ 'ਤੇ ਤੀਰਾਂ ਦਾ ਮੀਂਹ ਵਰ੍ਹਾਇਆ ਜਾ ਸਕੇ। ਸਢੌਰੇ ਦੇ ਕਿਲ੍ਹੇ ਦੇ ਬਾਹਰ ਸਿੱਖਾਂ ਅਤੇ ਰੁਸਤਮ ਦਿਲ ਖ਼ਾਨ ਤੇ ਫ਼ਿਰੋਜ਼ ਖ਼ਾਨ ਮੇਵਾਤੀ ਵਿਚਕਾਰ ਜ਼ਬਰਦਸਤ ਜੰਗ ਹੋਈ। ਅਗਲੇ ਦਿਨ ਸ਼ਾਹੀ ਫ਼ੌਜਾਂ ਨੇ ਕਿਲ੍ਹੇ ਦੇ ਚਾਰਾਂ ਵਿਚੋਂ ਤਿੰਨ ਮੀਨਾਰਾਂ 'ਤੇ ਕਬਜ਼ਾ ਕਰ ਲਿਆ। ਇਸ ਵੇਲੇ ਹੋਰ ਸਿੱਖ ਫ਼ੌਜਾਂ ਵੀ ਉਥੇ ਆ ਪਹੁੰਚੀਆਂ ਜਿਸ ਨਾਲ ਹੋਰ ਵੀ ਭਖਵੀਂ ਜੰਗ ਹੋਈ ਪਰ ਅਖ਼ੀਰ ਸਿੱਖ ਫ਼ੌਜਾਂ ਨੂੰ ਉਥੋਂ ਭਜਣਾ ਪਿਆ ਅਤੇ 28 ਨਵੰਬਰ, 1710 ਦੇ ਦਿਨ ਸਢੌਰਾ ਉਤੇ ਮੁਗ਼ਲਾਂ ਦਾ ਕਬਜ਼ਾ ਹੋ ਗਿਆ। ਇਸ ਲੜਾਈ ਵਿੱਚ ਚਾਰ ਸੌ ਸਿੱਖ ਸ਼ਹੀਦ ਹੋਏ। ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਲੜਨ ਦੇ ਇਨਾਮ ਵਜੋਂ ਬਾਦਸ਼ਾਹ ਨੇ ਰੁਸਤਮ ਦਿਲ ਖ਼ਾਨ ਨੂੰ ਇੱਕ ਖ਼ਾਸ ਢਾਲ ਤੇ ਤਲਵਾਰ ਅਤੇ ਫ਼ਿਰੋਜ਼ ਖ਼ਾਨ ਮੇਵਾਤੀ ਨੂੰ ਇੱਕ ਤਲਵਾਰ ਭੇਟ ਕੀਤੀ। ਬਾਦਸ਼ਾਹ ਨੇ ਰੁਸਤਮ ਦਿਲ ਖ਼ਾਨ ਨੂੰ 'ਗ਼ਾਜ਼ੀ ਖ਼ਾਨ ਰੁਸਤਮਿ ਜੰਗ' ਦਾ ਖ਼ਿਤਾਬ ਵੀ ਦਿਤਾ ਤੇ ਉਸ ਦਾ ਮਨਸਬ ਵੀ ਚਾਰ ਹਜ਼ਾਰੀ ਤਿੰਨ ਹਜ਼ਾਰ ਸਵਾਰ ਕਰ ਦਿਤਾ।

ਹਵਾਲੇ ਸੋਧੋ

  1. Sagoo, Harbans (2001). Banda Singh Bahadur and Sikh Sovereignty. Deep & Deep Publications.