ਮਾਰਕ ਟਵੇਨ (30 ਨਵੰਬਰ 1835 - 21 ਅਪਰੈਲ 1910) ਅਮਰੀਕੀ ਪੱਤਰਕਾਰ, ਨਾਵਲਕਾਰ, ਵਿਅੰਗਕਾਰ, ਲੇਖਕ ਅਤੇ ਅਧਿਆਪਕ ਸਨ। ਟਵੇਨ ਆਪਣੇ ਨਾਵਲਾਂ ਟਾਮ ਸਾਇਅਰ ਦੇ ਕਾਰਨਾਮੇ ਅਤੇ ਹੱਕਲਬਰੀ ਫ਼ਿਨ ਦੇ ਕਾਰਨਾਮੇ ਕਾਰਨ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ। ਮਗਰ ਵਾਲੇ ਨੂੰ ਅਕਸਰ "ਮਹਾਨ ਅਮਰੀਕੀ ਨਾਵਲ" ਕਿਹਾ ਜਾਂਦਾ ਹੈ। ਉਹ ਮਿਸੀਸਿਪੀ ਦਰਿਆ ਦੇ ਕੰਢੇ ਵੱਸੇ ਇੱਕ ਸ਼ਹਿਰ, ਹਨੀਬਾਲ, ਮਿਸੂਰੀ, ਵਿੱਚ ਵੱਡਾ ਹੋਇਆ। ਮਾਰਕ ਟਵੇਨ ਇੱਕ ਛਾਪੇਖ਼ਾਨੇ ਵਿੱਚ ਕੰਮ ਸਿੱਖਣ ਤੋਂ ਬਾਅਦ ਉਹ ਟਾਈਪ ਸੈੱਟਰ ਵਜੋਂ ਕੰਮ ਕਰਨ ਲੱਗਾ ਅਤੇ ਆਪਣੇ ਵੱਡੇ ਭਰਾ ਦੇ ਅਖਬਾਰ ਵਿੱਚ ਹਾਸ-ਰਸੀ ਟੋਟਕੇ ਲਿਖਣੇ ਸ਼ੁਰੂ ਕਰ ਦਿੱਤੇ। ਫਿਰ ਉਹ ਪੱਛਮ ਵੱਲ ਨੇਵਾਡਾ ਜਾਣ ਤੋਂ ਪਹਿਲਾਂ ਮਿਸੀਸਿਪੀ ਦਰਿਆ ਤੇ ਇੱਕ ਪਾਣੀ ਵਾਲੇ ਜਹਾਜ਼ ਦਾ ਚਾਲਕ ਲੱਗ ਗਿਆ। ਫਿਰ ਉਸਨੇ ਵਰਜੀਨੀਆ ਸ਼ਹਿਰ, ਨੇਵਾਡਾ ਵਿੱਚ ਉਹ ਅਖ਼ਬਾਰਾਂ ਲਈ ਕੰਮ ਕੀਤਾ। ਇੱਥੇ ਹੀ ਉਸ ਨੇ 1865 ਵਿੱਚ ਕਲਮੀ ਨਾਂ ਮਾਰਕ ਟਵੇਨ ਥੱਲੇ ਆਪਣੀ ਡੱਡੂ ਬਾਰੇ ਹਾਸਰਸੀ ਕਹਾਣੀ ਪ੍ਰਕਾਸ਼ਿਤ ਕਰਵਾਈ ਜਿਸਨੇ ਅੰਤਰਰਾਸ਼ਟਰੀ ਧਿਆਨ ਖਿਚਿਆ, ਅਤੇ ਇਹ ਕਲਾਸਕੀ ਯੂਨਾਨੀ ਵਿੱਚ ਵੀ ਅਨੁਵਾਦ ਹੋਈ। ਉਸ ਦੀ ਲੇਖਣੀ ਨੇ ਉਸ ਨੂੰ ਖੂਬ ਹਰਮਨਪਿਆਰਾ ਬਣਾਇਆ। ਆਲੋਚਕਾਂ ਨੇ ਉਸ ਦੀਆਂ ਰਚਨਾਵਾਂ ਵਿੱਚ ਕਮੀਆਂ ਵੀ ਦਰਸਾਈਆਂ ਪਰ ਮਾਰਕ ਟਵੇਨ ਦੀ ਪ੍ਰਸਿੱਧੀ ਨਿਰੰਤਰ ਵੱਧਦੀ ਰਹੀ। ਉਸ ਦੀ ਨਿਆਰੀ ਸ਼ੈਲੀ ਨੇ ਉਸ ਨੂੰ ਵਿਸ਼ਵ ਦੇ ਮੋਹਰੀ ਸਾਹਿਤਕਾਰਾਂ ਵਿੱਚ ਲਿਆ ਖੜ੍ਹਾ ਕੀਤਾ। ਆਪਣੇ ਜੀਵਨ ਦੌਰਾਨ ਮਾਰਕ ਟਵੇਨ ਨੇ ਆਪਣੀ ਲੇਖਣੀ ਅਤੇ ਲੈਕਚਰਾਂ ਦੁਆਰਾ ਖੂਬ ਧਨ ਕਮਾਇਆ, ਪਰ ਉਸਨੇ ਅਨੇਕ ਅਜਿਹੇ ਧੰਦਿਆਂ ਵਿੱਚ ਪੈਸਾ ਲਾਇਆ, ਜਿਥੋਂ ਤਕੜਾ ਘਾਟਾ ਹੀ ਪਿਆ। ਉਸਨੂੰ ਅਮਰੀਕਾ ਦਾ ਸਭ ਤੋਂ ਵੱਡਾ ਹਾਸ-ਰਸੀ ਲੇਖਕ ਹੋਣ ਦਾ ਮਾਣ ਮਿਲਦਾ ਹੈ।ਵਿਲੀਅਮ ਫਾਕਨਰ ਨੇ ਤਾਂ ਟਵੇਨ ਨੂੰ ਅਮਰੀਕੀ ਸਾਹਿਤ ਦਾ ਪਿਤਾ ਕਿਹਾ ਹੈ।