ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਜੂਨ
ਸ਼ੇਰ ਸ਼ਾਹ ਸੂਰੀ (1486 – 22 ਮਈ 1545) ਉਤਰੀ ਭਾਰਤ ਵਿੱਚ ਸੂਰ ਵੰਸ਼ ਦਾ ਬਾਨੀ ਸੀ। ਭਾਰਤੀ ਇਤਿਹਾਸ ਵਿੱਚ ਲੋਹਪੁਰਸ਼, ਦਾਨਵੀਰ, ਪ੍ਰਬੁੱਧ ਯੋਧੇ ਵਜੋਂ ਉਹਦੀ ਵਡਿਆਈ ਕੀਤੀ ਜਾਂਦੀ ਹੈ। ਸ਼ੇਰ ਸ਼ਾਹ ਸੂਰੀ ਉਨ੍ਹਾਂ ਗਿਣੇ ਚੁਣੇ ਵਿਦੇਸ਼ੀ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ’ਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਸ਼ੇਰ ਸ਼ਾਹ ਸੂਰੀ ਬੜਾ ਦੂਰ-ਅੰਦੇਸ਼ ਤੇ ਤੀਖਣ ਬੁੱਧੀ ਦਾ ਮਾਲਕ ਸੀ। ਆਪਣੀ ਲਿਆਕਤ ਅਤੇ ਤੀਬਰ ਇੱਛਾ ਸਦਕਾ ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਬਲਬੂਤੇ ਉਹ ਮੁਗ਼ਲਾਂ ਨੂੰ ਹਰਾ ਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ। 7 ਜੂਨ 1539 ਨੂੰ ਮੁਗਲ ਸਲਤਨਤ ਸ਼ਾਸਕ ਹੁਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਚੌਸਾ ਦੀ ਲੜਾਈ 'ਚ ਹਰਾ ਦਿੱਤਾ। ਜਦੋਂ ਅਫ਼ਗਾਨਾਂ ਦੇ ਸਾਹੂ ਖੇਲ ਕਬੀਲੇ ਦੇ ਸਰਦਾਰ ਸੁਲਤਾਨ ਬਹਿਲੋਲ ਨੇ ਦਿੱਲੀ ’ਤੇ ਆਪਣਾ ਰਾਜ ਕਾਇਮ ਕੀਤਾ ਉਸ ਸਮੇਂ ਦੇਸ਼ ਦੀ ਹਾਲਤ ਬੜੀ ਡਾਵਾਂਡੋਲ ਸੀ। ਇਸੇ ਕਰਕੇ ਬਹਿਲੋਲ ਦੀ ਇੱਛਾ ਸੀ ਕਿ ਅਫ਼ਗਾਨਿਸਤਾਨ ਤੋਂ ਵੱਧ ਤੋਂ ਵੱਧ ਲੋਕ ਹਿੰਦੋਸਤਾਨ ਮੰਗਵਾਏ ਜਾਣ। ਸੁਲਤਾਨ ਬਹਿਲੋਲ ਦੀ ਇੱਛਾ ਤੇ ਦਰਿਆਦਿਲੀ ਦਾ ਫ਼ਾਇਦਾ ਉਠਾਉਂਦਿਆਂ ਅਨੇਕਾਂ ਅਫ਼ਗਾਨ ਪਰਿਵਾਰ ਭਾਰਤ ਵੱਲ ਚੱਲ ਪਏ।