ਬੰਦਾ ਸਿੰਘ ਬਹਾਦਰ
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ[2][3]। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।
ਬੰਦਾ ਸਿੰਘ ਬਹਾਦਰ | |
---|---|
ਤਸਵੀਰ:Banda Bahadur the Sikh Warrior,.JPG ਚੱਪੜ ਚਿੜੀ ਦੀ ਲੜ੍ਹਾਈ ਸਮੇਂ ਬੰਦਾ ਸਿੰਘ ਬਹਾਦਰ ਦਾ ਬੁੱਤ | |
ਜਨਮ | ਲਛਮਣ ਦੇਵ 27 ਅਕਤੂਬਰ 1670 ਰਜੌਰੀ, ਜੰਮੂ |
ਮੌਤ | 9 ਜੂਨ 1716 ਦਿੱਲੀ, ਮੁਗਲ ਸਾਮਰਾਜ | (ਉਮਰ 45)
ਰਾਸ਼ਟਰੀਅਤਾ | ਭਾਰਤੀ |
ਹੋਰ ਨਾਂਮ | ਲੱਛਮਣ ਦਾਸ, ਮਾਧੋ ਦਾਸ |
ਸਰਗਰਮੀ ਦੇ ਸਾਲ | 1708-1716 |
ਪ੍ਰਸਿੱਧੀ |
|
ਵਾਰਿਸ | ਛੱਜਾ ਸਿੰਘ ਢਿੱਲੋਂ |
ਬੱਚੇ | 1 (ਅਜੈ ਸਿੰਘ) 2 (ਰਣਜੀਤ ਸਿੰਘ) |
ਜ਼ਾਤੀ | |
ਧਰਮ | ਹਿੰਦੂ,ਸਿੱਖ . |
ਕਾਰਜ | |
ਟੀਚਰ | ਗੁਰੂ ਗੋਬਿੰਦ ਸਿੰਘ |
ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ? ਇਸ 'ਤੇ ਬੰਦਾ ਸਿੰਘ ਨੇ ਇੱਕ ਦਮ ਕਿਹਾ, ਜਿਹੋ ਜਹੀ ਬਾਦਸ਼ਾਹ ਆਪਣੀ ਮੌਤ ਚਾਹਵੇਂਗਾ।।
ਹਵਾਲੇਸੋਧੋ
- ↑ Sagoo, Harbans (2001). Banda Singh Bahadur and Sikh Sovereignty. Deep & Deep Publications.
- ↑ Ganda Singh. "Banda Singh Bahadur". Encyclopaedia of Sikhism. Punjabi University Patiala. Retrieved 27 January 2014.
- ↑ "Banda Singh Bahadur". Encyclopedia Britannica. Retrieved 15 May 2013.