ਸਰਕੜਾ
ਕਾਨਿਆਂ ਦੇ ਬੂਟੇ ਨੂੰ ਸਰਕੜਾ ਕਹਿੰਦੇ ਹਨ।ਕਈ ਇਲਾਕਿਆਂ ਵਿਚ ਸਰਕੜੇ ਨੂੰ ਸਰਵਾੜ੍ਹ, ਸਲਵਾੜ੍ਹ, ਸਰਕੰਡਾ ਅਤੇ ਸਰੂਟ ਵੀ ਕਹਿੰਦੇ ਹਨ। ਸਰਕੜੇ ਦੀ ਵਰਤੋਂ ਚੁਲ੍ਹੇ/ਚੁਰ ਵਿਚ ਅੱਗ ਬਾਲ ਕੇ ਰੋਟੀ ਬਣਾਉਣ ਲਈ, ਚਾਹ ਬਣਾਉਣ, ਦੁੱਧ ਤੱਤਾ ਕਰਨ ਲਈ ਕੀਤੀ ਜਾਂਦੀ ਸੀ। ਸਰਕੜੇ ਨੂੰ ਘੁਲ੍ਹਾੜੀ ਦੀ ਬਹਿਣੀ ਵਿਚ ਬਾਲ ਕੇ ਗੰਨੇ ਦੇ ਰਸ ਤੋਂ ਗੁੜ, ਸ਼ੱਕਰ ਬਣਾਈ ਜਾਂਦੀ ਸੀ। ਸਰਕੜੇ ਨਾਲ ਹੀ ਰਹਿਣ ਲਈ ਝੁੱਗੀਆਂ ਬਣਾਈਆਂ ਜਾਂਦੀਆਂ ਸਨ। ਸਰਕੜੇ ਨਾਲ ਪਸ਼ੂਆਂ ਲਈ ਟੱਪ ਬਣਾਏ ਜਾਂਦੇ ਸਨ। ਸਰਕੜਾ ਘਰਾਂ ਦੀਆਂ ਛੱਤਾਂ ਪਾਉਣ ਲਈ ਵਰਤਿਆ ਜਾਂਦਾ ਸੀ। ਸਰਕੜੇ ਨਾਲ ਮਨ੍ਹੇ ਬਣਾਏ ਜਾਂਦੇ ਸਨ। ਸਰਕੜੇ ਦੇ ਫਿੜਕੇ ਬਣਾਏ ਜਾਂਦੇ ਸਨ। ਸਰਕੜੇ ਦੇ ਕਾਨਿਆਂ ਦੇ ਸਿਰਕੇ ਬਣਾਏ ਜਾਂਦੇ ਸਨ। ਮੂਹੜੇ ਬਣਾਏ ਜਾਂਦੇ ਸਨ। ਸਰਕੜੇ ਦੀਆਂ ਤੀਲਾਂ ਦੀਆਂ ਸਿਰਕੀਆਂ ਛੱਤਾਂ ਪਾਉਣ ਸਮੇਂ ਵਰਤੀਆਂ ਜਾਂਦੀਆਂ ਸਨ। ਤੀਲਾਂ ਦੀ ਗਲੋਟੇ ਰੱਖਣ ਲਈ ਕੱਤਣੀ ਬਣਾਈ ਜਾਂਦੀ ਸੀ। ਤੀਲਾਂ ਦੇ ਛੱਜ ਅਤੇ ਛਜਲੀ ਬਣਾਏ ਜਾਂਦੇ ਸਨ। ਤੀਲਾਂ ਦੇ ਬੱਚਿਆਂ ਦੇ ਕਈ ਕਿਸਮ ਦੇ ਖਿਡੌਣੇ ਬਣਾਏ ਜਾਂਦੇ ਸਨ। ਕਾਨਿਆਂ ਨੂੰ ਧਰਤੀ ਵਿਚ ਗੱਡ ਕੇ ਖੱਦਰ ਦੇ ਖੇਸ, ਚੁਤਹੀਆਂ, ਦੁਪੱਟੇ ਆਦਿ ਕਪੜੇ ਬਣਾਉਣ ਲਈ ਤਾਣਾ ਤਣਿਆ ਜਾਂਦਾ ਸੀ। ਕਾਨਿਆਂ ਉਪਰ ਦਰੀਆਂ ਦਾ ਪੇਟਾ ਵਲ੍ਹੇਟ ਕੇ ਦਰੀਆਂ ਬੁਣੀਆਂ ਜਾਂਦੀਆਂ ਸਨ। ਕਾਨਿਆਂ ਦੀਆਂ ਪੋਰੀਆਂ ਨਾਲੇ ਬੁਣਨ ਲਈ ਵਰਤੀਆਂ ਜਾਂਦੀਆਂ ਸਨ। ਪੋਰੀਆਂ ਦੀਆਂ ਲਿਖਣ ਲਈ ਕਲਮਾਂ ਬਣਾਈਆਂ ਜਾਂਦੀਆਂ ਸਨ। ਪੱਤਿਆਂ ਦਾ ਰੇਸ਼ਾ ਰੱਸੇ ਅਤੇ ਕਾਗਜ਼ ਬਣਾਉਣ ਲਈ ਵਰਤਿਆ ਜਾਂਦਾ ਸੀ/ਹੈ। ਸਰਕੜੇ ਦੇ ਫੁੱਲ ਚਿੱਟੇ ਚਾਂਦੀ ਰੰਗੇ ਮੁਲਾਇਮ ਹੁੰਦੇ ਹਨ। ਸਰਕੜੇ ਦੀ ਵਰਤੋਂ ਕਈ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਗੱਲ ਕੀ ਸਰਕੜਾ ਬਹੁ-ਮੰਤਵੀ ਕੰਮ ਦਿੰਦਾ ਸੀ/ਹੈ।[1]