ਸਰਹਿੰਦ ਨਦੀ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਸਰਹਿੰਦ ਨਦੀ ਨੂੰ ਮੱਧਕਾਲ ਵਿੱਚ ਹੰਸਲਾ ਜਾਂ ਹੰਸਾਲਾ ਨਦੀ ਕਿਹਾ ਗਿਆ ਹੈ। ਨਦੀ ਦੇ ਨਾਮ ਨਾਲ ਸੰਬੰਧਿਤ ਹੰਸਾਲਾ ਅਤੇ ਹੰਸਾਲੀ
ਨਾਮ ਦੇ ਪਿੰਡ ਸਰਹਿੰਦ ਕੋਲ ਮੌਜੂਦ ਹਨ। 1704 ਈਸਵੀ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਹੰਸਲਾ ਨਦੀ ਦੇ ਕੰਢੇ ਠੰਢੇ ਬੁਰਜ ਵਿੱਚ ਕੈਦ ਕੀਤੇ ਜਾਣ ਦੀ ਕਥਾ ਸੁਣਨ ਨੂੰ ਮਿਲਦੀ ਹੈ। ਡਾਕਟਰ ਕੈਪਰਟ ਦੇ 1853 ਦੇ ਨਕਸ਼ੇ ਵਿੱਚ ਇਸ ਨਦੀ ਨੂੰ ਇੰਦਰਾਵਤੀ ਕਿਹਾ ਗਿਆ ਹੈ।
ਸਰਹਿੰਦ ਨਦੀ ਦੋ ਵਹਿਣਾਂ ਦੇ ਮੇਲ ਨਾਲ ਬਣਦੀ ਸੀ। ਇਨ੍ਹਾਂ ਵਹਿਣਾਂ ਦੇ ਨਾਮ ਮਿਰਜ਼ਾ ਕੰਡੀ/ਕੰਦੀ ਨਹਿਰ ਅਤੇ ਜੈਂਤੀਆਂ ਦੇਵੀ ਕੀ ਰੌ ਹਨ। ਪੰਡਿਤ ਦਾਖਾ ਨੇ ਲੋਕ-ਰਵਾਇਤਾਂ ਅਤੇ ਸਨਾਤਨੀ ਗਰੰਥਾਂ ਦੇ ਹਵਾਲੇ ਨਾਲ ਦੋਵੇਂ ਵਹਿਣਾਂ ਦੇ ਨਾਮ ਕਨਕ ਬਾਹਿਨੀ ਅਤੇ ਭੱਡਲੀ ਦੱਸੇ ਹਨ। ਮਿਰਜ਼ਾ ਕੰਡੀ ਵਹਿਣ ਰੋਪੜ ਦੇ ਨੇੜੇ ਸਤਲੁਜ ਦੀ ਖਾੜੀ ਵਿੱਚੋਂ ਨਿਕਲਦਾ ਸੀ। ਜਿੱਥੇ ਸਤਲੁਜ ਵਿੱਚ ਸੀਸਵਾਂ, ਬੁੱਦਕੀ ਅਤੇ ਸੁਘ ਰਾਉ ਨਦੀਆਂ ਡਿੱਗਦੀਆਂ ਹਨ। ਉੱਥੇ ਵੱਡੀ ਖਾੜੀ ਵਿੱਚੋਂ ਬਣਦੀ ਸੀ ਜਿਹਨੂੰ ਸਤਲੁਜ ਦੀ ਖਾੜੀ ਕਿਹਾ ਜਾਂਦਾ ਹੈ। ਇਸ ਵਹਿਣ ਨੂੰ ਨਹਿਰ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ। ਇਹ ਸਿਹਰਾ ਫ਼ਿਰੋਜ਼ ਤੁਗਲਕ ਨੂੰ ਦਿੱਤਾ ਜਾਂਦਾ ਹੈ ਪਰ ਇਸ ਨਹਿਰ ਦਾ ਨਾਮ ਮਿਰਜ਼ਾ ਕੰਦੀ/ਕੰਡੀ ਨਹਿਰ ਦੇ ਨਾਮ ਨਾਲ ਵੱਧ ਮਸ਼ਹੂਰ ਹੋਇਆ। ਉਹਨੇ ਪੁਰਾਣੀ ਬੰਦ ਪਈ ਨਹਿਰ ਦੀ ਮੁਰੰਮਤ ਕਰਵਾਈ ਅਤੇ ਪਾਣੀ ਸਰਹਿੰਦ ਲਿਆਂਦਾ।
ਉਲਡੈਹਮ (1874) ਦਾ ਦਾਅਵਾ ਹੈ ਕਿ ਫ਼ਿਰੋਜ਼ ਤੁਗਲਕ ਨੇ ਸਰਸਾ ਦਾ ਪਾਣੀ ਸਤਲੁਜ ਦੇ ਕਿਸੇ ਪੁਰਾਣੇ ਵਹਿਣ ਵਿੱਚ ਸੁੱਟਿਆ ਅਤੇ ਸਰਹਿੰਦ ਰਾਹੀਂ ਹਾਂਸੀ, ਹਿਸਾਰ ਅਤੇ ਸਿਰਸਾ ਦੇ ਟਿੱਬਿਆਂ ਤੱਕ ਪਾਣੀ ਪਹੁੰਚਾਉਣ ਦਾ ਹੀਲਾ ਕੀਤਾ। ਕਿਤਾਬ ‘ਮਾਲਵਾ ਇਤਿਹਾਸ’ ਦੀ ਭੂਮਿਕਾ ਲਿਖਣ ਵਾਲੇ ਪੰਡਿਤ ਕਰਤਾਰ ਸਿੰਘ ਦਾਖਾ ਨੇ ਇਸ ਹਵਾਲੇ ਨਾਲ ਦਾਅਵਾ ਪੇਸ਼ ਕੀਤਾ ਕਿ ਸਰਸਾ ਨਦੀ ਪਹਿਲਾਂ ਸਿੰਧ ਸਾਗਰ ਤੱਕ ਵਹਿੰਦੀ ਸੀ। ਸਰਸਾ ਨਦੀ ਸਿੱਖ ਇਤਿਹਾਸ ਵਿੱਚ ਪਰਿਵਾਰ ਵਿਛੋੜੇ ਨਾਲ ਜੁੜੀ ਹੋਈ ਹੈ। ਇਹ ਰੋਪੜ ਤੋਂ ਪਿੱਛੇ ਘਨੌਲੀ ਕੋਲ ਸਤਲੁਜ ਨਾਲ ਮਿਲ ਜਾਂਦੀ ਹੈ। ਅਸਲ ਵਿੱਚ ਸਰਸਾ ਦਾ ਪਾਣੀ ਸਰਹਿੰਦ ਨਦੀ ਵਿੱਚ ਸੁੱਟ ਕੇ ਨਹਿਰ ਕੱਢੀ ਗਈ ਸੀ ਜੋ ਰੇਗਿਸਤਾਨੀ ਇਲਾਕਿਆਂ ਤੱਕ ਪੁਚਾਈ ਗਈ ਸੀ। ਸ਼ਾਹਜਹਾਂ ਦੇ ਸਮੇਂ ਸਰਹਿੰਦ ਦੇ ਸੂਬੇਦਾਰ ਮਿਰਜ਼ਾ ਕੰਦੀ ਨੇ ਇਸ ਨਹਿਰ ਜਾਂ ਵਹਿਣ ਨੂੰ ਸਤਲੁਜ ਨਾਲ ਜੋੜਿਆ।
ਸਰਹਿੰਦ ਨਦੀ ਦੋ ਵਹਿਣਾਂ ਦੇ ਮੇਲ ਨਾਲ ਬਣਦੀ ਸੀ। ਇਨ੍ਹਾਂ ਵਹਿਣਾਂ ਦੇ ਨਾਮ ਮਿਰਜ਼ਾ ਕੰਡੀ/ਕੰਦੀ ਨਹਿਰ ਅਤੇ ਜੈਂਤੀਆਂ ਦੇਵੀ ਕੀ ਰੌ ਹਨ। ਪੰਡਿਤ ਦਾਖਾ ਨੇ ਲੋਕ-ਰਵਾਇਤਾਂ ਅਤੇ ਸਨਾਤਨੀ ਗਰੰਥਾਂ ਦੇ ਹਵਾਲੇ ਨਾਲ ਦੋਵੇਂ ਵਹਿਣਾਂ ਦੇ ਨਾਮ ਕਨਕ ਬਾਹਿਨੀ ਅਤੇ ਭੱਡਲੀ ਦੱਸੇ ਹਨ। ਮਿਰਜ਼ਾ ਕੰਡੀ ਵਹਿਣ ਰੋਪੜ ਦੇ ਨੇੜੇ ਸਤਲੁਜ ਦੀ ਖਾੜੀ ਵਿੱਚੋਂ ਨਿਕਲਦਾ ਸੀ। ਜਿੱਥੇ ਸਤਲੁਜ ਵਿੱਚ ਸੀਸਵਾਂ, ਬੁੱਦਕੀ ਅਤੇ ਸੁਘ ਰਾਉ ਨਦੀਆਂ ਡਿੱਗਦੀਆਂ ਹਨ। ਉੱਥੇ ਵੱਡੀ ਖਾੜੀ ਵਿੱਚੋਂ ਬਣਦੀ ਸੀ ਜਿਹਨੂੰ ਸਤਲੁਜ ਦੀ ਖਾੜੀ ਕਿਹਾ ਜਾਂਦਾ ਹੈ। ਇਸ ਵਹਿਣ ਨੂੰ ਨਹਿਰ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ। ਇਹ ਸਿਹਰਾ ਫ਼ਿਰੋਜ਼ ਤੁਗਲਕ ਨੂੰ ਦਿੱਤਾ ਜਾਂਦਾ ਹੈ ਪਰ ਇਸ ਨਹਿਰ ਦਾ ਨਾਮ ਮਿਰਜ਼ਾ ਕੰਦੀ/ਕੰਡੀ ਨਹਿਰ ਦੇ ਨਾਮ ਨਾਲ ਵੱਧ ਮਸ਼ਹੂਰ ਹੋਇਆ। ਉਹਨੇ ਪੁਰਾਣੀ ਬੰਦ ਪਈ ਨਹਿਰ ਦੀ ਮੁਰੰਮਤ ਕਰਵਾਈ ਅਤੇ ਪਾਣੀ ਸਰਹਿੰਦ ਲਿਆਂਦਾ। ਇਤਿਹਾਸ, ਕਿਤਾਬਾਂ ਅਤੇ ਸਫ਼ਰ ਵਿੱਚ ਦਿਲਚਸਪੀ ਰੱਖਣ ਵਾਲੀ ਗਨੀਵ ਢਿੱਲੋਂ ਆਪਣੀ ਦਾਦੀ ਦੇ ਮੂੰਹੋਂ ਸੁਣੀ ਲੋਕ-ਬੋਲੀ ਯਾਦ ਕਰਦੀ ਹੈ, “ਵਾਹ ਰੇ ਮਿਰਜ਼ਾ ਕੰਦੀ …ਤੇਰੀ ਨਹਿਰ ਵਗੇ ਸਰਹੰਦੀ”। 1847 ਈਸਵੀ ਦੀ ਲਿਖਤ ‘ਸੈਰਿ-ਪੰਜਾਬ’ ਨੇ ਇਸ ਨਹਿਰ ਦੇ ਰਸਤੇ ਨੂੰ ਸਾਡੇ ਚੇਤਿਆਂ ਵਿੱਚ ਤਾਜ਼ਾ ਕੀਤਾ ਹੈ। ਕਿਤਾਬ ਮੁਤਾਬਿਕ, “ਮੁਗ਼ਲਾਂ ਦੇ ਸਮੇਂ ਮਿਰਜ਼ਾ ਕੰਦੀ ਨੇ ਸਤਲੁਜ ਵਿੱਚੋਂ ਨਹਿਰ ਕੱਢੀ ਸੀ ਜੋ ਮੋਰਿੰਡੇ ਵਿੱਚੋਂ ਹੁੰਦੀ ਹੋਈ ਇਲਾਕਾ ਪਟਿਆਲਾ ਦੇ ਕਸਬੇ ਸਰਹਿੰਦ ਦੇ ਤਲਾ ਵਿੱਚ ਜਾ ਪੈਂਦੀ ਸੀ। ਬਹੁਤ ਚਿਰ ਤੋਂ ਦਰਿਆ ਸਤਲੁਜ ਵਿਚਲਾ ਉਹਦਾ ਨਿਕਾਸ ਬੰਦ ਹੋ ਗਿਆ। ਕਿਸੇ ਨੇ ਮੁਰੰਮਤ ਨਹੀਂ ਕੀਤੀ ਅਤੇ ਹੁਣ ਇਹ ਸੁੱਕੀ ਪਈ ਹੈ।” ਇਹ ਨਹਿਰ ਪਿੰਡ ਖੰਟ ਅਤੇ ਸੰਗਤਪੁਰਾ (ਮੋਰਿੰਡਾ) ਦੇ ਵਿਚਕਾਰੋਂ ਲੰਘਦੀ ਸੀ ਜਿੱਥੋਂ ਹੁਣ ਭਾਖੜਾ ਨਹਿਰ ਲੰਘਦੀ ਹੈ। ਹੋ ਸਕਦਾ ਹੈ ਕਿ ਭਾਖੜਾ ਨਹਿਰ ਲਈ ਇਸੇ ਨਹਿਰ ਦਾ ਕੁਝ ਰਸਤਾ ਵਰਤਿਆ ਗਿਆ ਹੋਵੇ। 1866-67 ਈਸਵੀ ਵਿੱਚ ਬਣੇ ਪੰਜਾਬ ਦੇ ਨਕਸ਼ੇ ਵਿੱਚ ਮਿਰਜ਼ਾ ਕੰਦੀ ਨਹਿਰ ਸਾਫ਼ ਦਿਖਾਈ ਦਿੰਦੀ ਹੈ। ਇਹ ਸਤਲੁਜ ਦੀ ਖਾੜੀ ਵਿੱਚ ਬਾੜਾ ਪਿੰਡ ਦੇ ਨੇੜੇ-ਤੇੜੇ ਤੋਂ ਸ਼ੁਰੂ ਹੁੰਦੀ ਦਿਸਦੀ ਹੈ। ਖਮਾਣੋ-ਖੰਟ-ਮੋਰਿੰਡਾ ਖਿੱਤੇ ਦੇ ਬਜ਼ੁਰਗ ਲੋਕ ਇਸ ਵਹਿਣ ਦੀਆਂ ਨਿਸ਼ਾਨੀਆਂ ਅੱਖੀਂ ਦੇਖ ਚੁੱਕੇ ਹੋਣ ਦਾ ਦਾਅਵਾ ਕਰਦੇ ਹਨ। ਭਾਖੜਾ ਨਹਿਰ ਬਣ ਜਾਣ ਦੇ ਬਾਵਜੂਦ ਇਸ ਵਹਿਣ ਦੀਆਂ ਨਿਸ਼ਾਨੀਆਂ ਨੌਗਾਵਾਂ ਤੋਂ ਬੱਸੀ ਪਠਾਣਾ ਦੇ ਵਿਚਕਾਰ ਮੌਜੂਦ ਹਨ। ਇਨ੍ਹਾਂ ਪਿੰਡਾਂ ਵਿੱਚ ਇਹ ਵਹਿਣ ਖਰੜ ਵੱਲੋਂ ਆਉਂਦੀ ਜੈਂਤੀਆਂ ਦੇਵੀ ਕੀ ਰੌ ਨਾਲ ਮਿਲਦਾ ਸੀ। ਮਿਲਣੀ ਦੀ ਥਾਂ ਗਾਇਬ ਹੋ ਚੁੱਕੀ ਹੈ ਪਰ ਆਲੇ-ਦੁਆਲੇ ਦੀਆਂ ਨਿਸ਼ਾਨੀਆਂ ਕਾਇਮ ਹਨ। 1851 ਦੇ ਨਕਸ਼ੇ ਵਿੱਚ ਮਿਰਜ਼ਾ ਕੰਦੀ ਨਹਿਰ ਦਾ ਵਹਿਣ ਪਥਰੇੜੀ ਜੱਟਾਂ (ਜ਼ਿਲ੍ਹਾ ਰੋਪੜ) ਨੇੜਿਉਂ ਨਿਕਲਦਾ ਦਿਖਾਇਆ ਗਿਆ ਹੈ। ਇਹ ਪਥਰੇੜੀ ਜੱਟਾਂ, ਮਹਿਪਾਲੋਂ ਅਤੇ ਪਿੱਪਲ ਮਾਜਰੇ ਦੇ ਵਿਚਕਾਰੋਂ, ਹਵਾਰੇ ਅਤੇ ਬੜਾ ਸਮਾਣਾ ਦੇ ਵਿਚਕਾਰੋਂ, ਖੰਟ ਅਤੇ ਸੰਗਤਪੁਰਾ ਦੇ ਵਿਚਕਾਰੋਂ ਲੰਘਦਾ ਹੋਇਆ ਰਾਮਪੁਰ ਕਲੇਰਾਂ ਦੇ ਦੱਖਣ ਵਿੱਚ, ਖੇੜੀ ਭੇਕੀ ਦੇ ਪੱਛਮ ਵਿੱਚ, ਕੰਡੀਪੁਰ ਦੇ ਉੱਤਰ ਵਿੱਚ ਅਤੇ ਨੌਗਾਵਾਂ ਦੇ ਪੂਰਬ ਵਿੱਚ ਜੈਂਤੀਆਂ ਦੇਵੀ ਕੀ ਰੌ ਨਾਲ ਮਿਲਦਾ ਦਿਸਦਾ ਹੈ।
ਸਰਹਿੰਦ ਨਦੀ ਬਣਾਉਣ ਵਾਲਾ ਦੂਜਾ ਵਹਿਣ ਜੈਂਤੀਆਂ ਦੇਵੀ ਕੀ ਰੌ ਹੈ। 1834 ਦੇ ਨਕਸ਼ੇ ਵਿੱਚ ਇਹਨੂੰ ਖਾਨਪੁਰ ਨਦੀ ਕਿਹਾ ਗਿਆ ਹੈ ਕਿਉਂਕਿ ਇਹ ਖਰੜ ਨੇੜਲੇ ਪਿੰਡ ਖਾਨਪੁਰ ਕੋਲੋਂ ਵਗਦੀ ਸੀ। ਇਹ ਜੈਂਤੀਆਂ ਦੇਵੀ-ਤਿਊੜ ਜਾਂ ਤੀੜਾ-ਖਰੜ-ਖਾਨਪੁਰ-ਬਜਹੇੜੀ-ਦੇਹ ਕਲਾਂ-ਸੋਤਲ-ਘੋਗਾਖੇੜੀ-ਕੱਜਲ ਮਾਜਰਾ-ਕਲੌੜ-ਗੁਪਾਲੋਂ-ਰਾਮਗੜ੍ਹ ਤੋਂ ਹੁੰਦੀ ਹੋਈ ਨੌਗਾਵਾਂ ਕੋਲ ਮਿਰਜ਼ਾ ਕੰਦੀ ਨਹਿਰ ਵਾਲੇ ਵਹਿਣ ਨਾਲ ਮਿਲਦੀ ਸੀ। ਸਤਲੁਜ-ਜਮਨਾ ਲਿੰਕ ਨਹਿਰ ਨੇ ਇਸ ਨਦੀ ਨੂੰ ਵਿਚਾਲਿਉਂ ਵੱਢ ਮਾਰਿਆ ਹੈ। ਹੁਣ ਇਹ ਕਲੌੜ ਦੇ ਕੋਲ ਛੰਭ ਜਾਂ ਝੀਲ ਦੇ ਰੂਪ ਵਿੱਚ ਫੈਲ ਜਾਂਦੀ ਹੈ ਅਤੇ ਵਹਿਣ ਦੀ ਕੜੀ ਟੁੱਟ ਚੁੱਕੀ ਹੈ। ਅੱਗੇ ਮਹਿਮੂਦਪੁਰ-ਫਤਹਿਪੁਰ ਰਾਈਆਂ-ਮਹੱਦੀਆਂ-ਸਰਹਿੰਦ ਅਤੇ ਘੱਗਰ ਵਿੱਚ ਡਿੱਗਣ ਤੱਕ ਫਿਰ ਪਛਾਣਨਯੋਗ ਹੈ।
ਬੱਸੀ ਪਠਾਣਾ ਕੋਲ ਨੌਗਾਵਾਂ ਦੇ ਪੂਰਬ ਵਿੱਚ ਮਿਲਣ ਤੋਂ ਬਾਅਦ ਸਾਂਝਾ ਵਹਿਣ ਸਰਹਿੰਦ ਨਦੀ ਅਖਵਾਉਂਦਾ ਸੀ। ਇਸ ਨਾਮ ਹੇਠ ਹੁਸੈਨਪੁਰਾ-ਰਸੂਲਪੁਰ-ਬੱਸੀ ਪਠਾਣਾ-ਸ਼ਹੀਦਗੜ੍ਹ-ਫ਼ਤਹਿਗੜ੍ਹ ਰਾਈਆਂ-ਮਹੱਦੀਆਂ-ਸਰਹਿੰਦ-ਖਾਨਪੁਰ-ਕੁੰਭੜਾ-ਮੰਦੌਰ-ਝੰਬਾਲਾ-ਭੜੀ ਪਨੈਚਾਂ-ਬੀੜ ਭਮਾਰਸੀ-ਭਾਦਸੋਂ-ਸੁਧੇਵਾਲ-ਸਾਲੂਵਾਲਾ-ਕੌਲ-ਪਹਾੜਪੁਰ ਜੱਟਾਂ-ਢੀਂਗੀ-ਸਾਧੋਹੇੜੀ-ਹਸਨਪੁਰ-ਛੀਂਟਾਵਾਲਾ-ਰਸੂਲਪੁਰ ਛੰਨਾ-ਜੱਲ੍ਹਾ-ਘਾਬਦਾਂ-ਬਲਵਾਰ ਕਲਾਂ-ਖੇੜੀ-ਗੱਗੜਪੁਰ-ਚੱਠਾ ਨਾਕਤਾ-ਸ਼ਾਹਪੁਰ ਖੁਰਦ ਉਰਫ਼ ਲਖਮੀਰ ਵਾਲਾ-ਸੁਨਾਮ-ਜਖੇਪਲ-ਧਰਮਗੜ੍ਹ-ਸਤੌਜ-ਹੋਦਲਾ ਕਲਾਂ-ਦਲੇਵਾਂ-ਬੋਹੜਵਾਲ-ਗੁਰਨੇ ਖੁਰਦ-ਮੰਡਾਲੀ-ਅੱਕਾਂਵਾਲੀ-ਆਲਮਪੁਰ ਮੰਦਰਾਂ-ਫ਼ਰੀਦਕੇ-ਸਰਦਾਰੇਵਾਲਾ ਕੋਲ ਘੱਗਰ ਤੱਕ ਜਾ ਪਹੁੰਚਦਾ ਹੈ। 1851 ਦੇ ਨਕਸ਼ੇ ਵਿੱਚ ਇਹ ਹੋਦਲਾ ਤੱਕ ਦਿਸਦਾ ਹੈ। ਅੱਜਕੱਲ੍ਹ ਇਹਨੂੰ ਸਰਹਿੰਦ ਚੋਅ ਜਾਂ ਸੁਨਾਮ ਵਾਲਾ ਚੋਅ ਕਿਹਾ ਜਾਂਦਾ ਹੈ। ਹੁਣ ਇਹ ਨਦੀ ਪਿੰਡ ਆਲਮਪੁਰ ਮੰਦਰਾਂ ਦੇ ਕੋਲ ਘੱਗਰ ਵਿੱਚ ਡਿੱਗ ਪੈਂਦੀ ਹੈ। ਬਹੁਤੇ ਵਹਿਣਾਂ ਦੀ ਲਗਾਤਾਰਤਾ ਖੇਤ, ਨਹਿਰਾਂ, ਸੂਏ-ਕੱਸੀਆਂ, ਰੇਲਵੇ ਲਾਈਨਾਂ ਅਤੇ ਸੜਕਾਂ ਬਣਨ ਕਰਕੇ ਖ਼ਤਮ ਹੋ ਚੁੱਕੀ ਹੈ। ਹੁਣ ਇਨ੍ਹਾਂ ਨੂੰ ਟੁਕੜਿਆਂ ਵਿੱਚ ਪਛਾਣਨਾ ਪੈਂਦਾ ਹੈ।