ਸ਼ਸ਼ੀ ਪਾਲ ਸਮੁੰਦਰਾ

ਪੰਜਾਬੀ ਕਵੀ

ਸ਼ਸ਼ੀ ਪਾਲ ਸਮੁੰਦਰਾ ਸੰਯੁਕਤ ਰਾਜ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਖਿੱਤੇ ਵਿੱਚ ਰਹਿ ਰਹੀ ਇੱਕ ਪੰਜਾਬੀ ਕਵਿੱਤਰੀ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦੀ ਜੰਮਪਲ ਹੈ। ਉਸਦਾ ਦਾਦਕਾ ਪਿੰਡ ਸ਼ੇਖੂਪੁਰ ਹੈ ਜੋ ਕਪੂਰਥਲੇ ਕੋਲ ਪੈਂਦਾ ਹੈ ਪਰ ਉਸਦਾ ਬਚਪਨ ਪੰਜਾਬਪਦੇ ਿੰਡ ਭੈਣੀ ਜੱਸਾ, ਜੋ ਉਸ ਸਮੇਂ ਸੰਗਰੂਰ ਜਿਲੇ ਵਿੱਚ ਪੈਂਦਾ ਹੈ, ਵਿੱਚ ਗੁਜ਼ਰਿਆ | ਉਸ ਨੇ ਆਪਣੀ ਮੁੱਢਲੀ ਵਿੱਦਿਆ ਭੈਣੀ ਜੱਸਾ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ | ਉਚੇਰੀ ਵਿਦਿਆ ਉਸ ਨੇ ਬੰਗਾ ਕਾਲਜ ਵਿੱਚ ਦਾਖਲਾ ਲਿਆ ਪਰ ਇਸ ਦੌਰਾਨ ਉਹ ਆਪਣੀ ਪੜ੍ਹਾਈ ਅਧੂਰੀ ਛੱਡ ਕੇ ਅਮਰੀਕਾ ਚਲੀ ਗਈ ਅਤੇ ਸ਼ਾਦੀ ਕਰ ਲਈ। ਤਿੰਨ ਸਾਲ ਬਾਅਦ ਉਹ ਆਪਣੀ 5 ਮਹੀਨੇ ਦੀ ਧੀ ਸਮੇਤ ਮੁੜ ਪੰਜਾਬ ਪਰਤ ਆਈ ਅਤੇ ਕਪੂਰਥਲਾ ਕਾਲਜ ਵਿੱਚ ਦਾਖਲਾ ਲੈ ਲਿਆ। ਬਾਅਦ ਵਿੱਚ ਉਸਨੇ ਐਮ.ਸੀ. ਐਮ ਕਾਲਜ ਚੰਡੀਗੜ੍ਹ ਵਿੱਚ ਦਾਖਲਾ ਲਿਆ ਜਿਥੋਂ ਉਸਨੇ ਬੀ.ਏ. ਦੀ ਡਿਗਰੀ ਕੀਤੀ। ਸਾਢੇ ਚਾਰ ਸਾਲਾਂ ਪਿਛੋਂ 1978 ਵਿੱਚ ਉਹ ਫਿਰ ਅਮਰੀਕਾ ਚਲੀ ਗਈ | 1985 'ਚ, ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਵਿੱਚ ਸਾਹਿਤ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਦੁਨੀਆ ਭਰ ਦਾ ਸਾਹਿਤ ਦਾ ਅਧਿਐਨ-ਕੀਤਾ | ਲੰਮੇ ਅਰਸੇ ਤੋਂ ਪ੍ਰਵਾਸੀ ਜੀਵਨ ਬਤੀਤ ਕਰਨ ਦੇ ਬਾਵਜੂਦ ਉਸਨੇ ਹੇਰਵੇ ਜਾਂ ਪ੍ਰਵਾਸੀ ਸਰੋਕਾਰਾਂ ਨੂੰ ਪੇਸ਼ ਕਰਨ ਦੀ ਬਜਾਏ ਪੰਜਾਬੀ ਦੀ ਮੁੱਖ ਧਾਰਾ ਦੀ ਕਵਿਤਾ ਵਿੱਚ ਇੱਕ ਪ੍ਰਮੁੱਖ ਨਾਰੀਵਾਦੀ ਕਵਿਤਰੀ ਦੀ ਪਛਾਣ ਕਾਇਮ ਰੱਖੀ ਹੈ।[1] ਉਸ ਦੀ 2015 ਵਿੱਚ ਪ੍ਰਕਾਸ਼ਤ ਕਾਵਿ ਪੁਸਤਕ ਸੜਕਸ਼ਾਪ ਸ਼ਾਇਰੀ ਨਾਲ ਉਸਨੇ ਕੁਦਰਤ-ਕਵਿਤ੍ਰੀ ਵਜੋਂ ਵੀ ਆਪਣੀ ਪਹਿਚਾਣ ਬਣਾਈ ਹੈ।

ਸ਼ਸ਼ੀ ਪਾਲ ਸਮੁੰਦਰਾ
ਜਨਮਸ਼ਸ਼ੀ ਪਾਲ
ਪੰਜਾਬ, ਭਾਰਤ
ਕਿੱਤਾਕਵਿੱਤਰੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਵਿਸ਼ਾਨਾਰੀ ਮੁਕਤੀ,ਸਮਾਜਕ ਸਰੋਕਾਰ ਤੇ ਕੁਦਰਤ
ਸਰਗਰਮੀ ਦੇ ਸਾਲ70ਵਿਆਂ ਤੋਂ ਹੁਣ ਤੱਕ
ਪ੍ਰਮੁੱਖ ਕੰਮਬੋਗਨਵਿਲਾ ਦੇ ਵਸਤਰ

ਰਚਨਾਵਾਂ

ਸੋਧੋ
  • ਬੋਗਨਵਿਲਾ ਦੇ ਵਸਤਰ- 1992
  • ਮੇਰੇ ਮਨ ਦੀ ਕੋਇਲ- 2011
  • ਸੜਕਸ਼ਾਪ ਸ਼ਾਇਰੀ - 2015
  • ਜੁਗਨੀ (ਨਾਵਲ)
  • ਇੱਕ ਕੁੜੀ ਦੀ ਗੁਪਤ ਡਾਇਰੀ (ਲੇਖ) - 2019

ਕਾਵਿ ਨਮੂਨਾ

ਸੋਧੋ

ਮੇਰਾ ਵਜੂਦ
 (ਨਜ਼ਮ) 1
ਇਹ ਕਾਲ਼ੀਆਂ, ਚਿੱਟੀਆਂ ਅਤੇ
ਮਟਮੈਲ਼ੀਆਂ ਚਿੜੀਆਂ ਦਾ ਝੁੰਡ
ਇਹ ਮੇਰੇ ਅੰਦਰ ਗਾ ਰਿਹਾ ਹੈ ?
ਜਾਂ ਬਾਹਰ ਕਿਸੇ ਰੁੱਖ 'ਤੇ ਕਿਧਰੇ ?
ਇਹ ਰੁੱਖ ਮੇਰੇ ਅੰਦਰ ਉੱਗਿਆ ਹੈ ?
ਜਾਂ ਬਾਹਰ ਹੈ ?

ਨਿੱਕੀਆਂ ਨਿੱਕੀਆਂ ਕਰੂੰਬਲਾਂ,
ਨਿੱਕੇ ਕੂਲ਼ੇ ਪੱਤੇ
ਤੇ ਮੰਡਰਾਉਂਦੇ ਫਿਰਦੇ ਰੌਂਅ ਵਿਚ
ਖੇਡ-ਖਿਡਾਉਣੇ ਮੌਜੀ ਬੱਦਲ...

ਹਵਾ ਪਿਆਜੀ ਚੁੰਨੀ ਲੈ ਕੇ
ਮਹਿਕ ਪਰੁੰਨੀ
ਲਹਿਰ ਲਹਿਰ ਹੋ ਵਗ ਰਹੀ ਹੈ
ਨਖ਼ਰੀਲੀ ਪੌਣ
ਖ਼ੌਰੇ ਇਹ ਮੇਰੇ ਅੰਦਰ ਹੈ ? ਜਾਂ ਬਾਹਰ ਹੈ ?

ਲਗਦੈ ਮੈਂ ਚਿੜੀਆਂ 'ਚੋਂ ਇੱਕ ਚਿੜੀ ਹਾਂ
ਬੱਦਲਾਂ ਦੀ ਮੌਜ ਹਾਂ
ਤੇ ਹਵਾ ਪਿਆਜੀ ਪੌਣ ਹਾਂ
ਲੱਗਦੈ ਮੈਂ ਇਹ ਸਭ ਕੁਝ ਹਾਂ
ਪਰ ਇਹ ਵੀ ਕਿ
ਇਕ ਰਾਖ਼ ਦੀ ਮੁੱਠੀ ਤੋਂ ਸਿਵਾ
ਮੈਂ ਕੁਝ ਨਹੀਂ ਹਾਂ .....

ਯਾਦ ਰੱਖਦੀ ਹੈ ਉਹ
 (ਨਜ਼ਮ) 2
ਉਸ ਚਿੜੀ ਦਾ ਦਿਲ ਹੀ ਜਾਣੀਏਂ
ਜਿਹੜੀ ਤੀਲਾ ਤੀਲਾ ਜੋੜ ਕੇ
ਘਰ ਪਾਉਂਦੀ ਹੈ
ਅੰਡੇ ਦਿੰਦੀ ਹੈ
ਨਿੱਤ ਉਹਨਾ ਤੇ ਬਹਿੰਦੀ ਹੈ
ਪਰ ਇੱਕ ਦਿਨ, ਜਦ ਉਹ ਚੋਗਾ ਚੁਗ ਮੁੜਦੀ ਹੈ
ਤਾਂ ਆਲ੍ਹਣਾ ਖਾਲੀ ਵੇਖਦੀ ਹੈ
ਰੋਂਦੀ ਹੈ,
ਫਿਰ, ਉੱਡ ਜਾਂਦੀ ਹੈ
ਤੇ ਸ਼ਾਇਦ ਛੇਤੀ ਹੀ ਭੁੱਲ ਜਾਂਦੀ ਹੈ ਇਹ
ਤੇ ਯਾਦ ਰੱਖਦੀ ਹੈ:
ਰੁੱਖਾਂ ਤੇ ਬਹਿਣਾ,
ਗੀਤ ਗਾਉਣਾ,
ਪੌਣਾ ਸੰਗ ਉੱਡਣਾ
ਚੋਗਾ ਚੁਗਣਾ
ਤੇ ਜੀਣਾ.

ਸੌਂ ਰਹੇ ਹਨ ਬੱਚੇ
 (ਨਜ਼ਮ) 3

ਨਾਲੇ ਵਿੱਚ
ਕੋਹਰਾ ਡਿਗਦੇ ਪਾਲੇ ਵਿੱਚ
ਸੌਂ ਰਹੇ ਨੇ ਬੱਚੇ
ਜਾਗਦੀ ਮਾਂ ਦੇਖ ਰਹੀ ਹੈ
ਤੇ ਸੋਚ ਰਹੀ ਹੈ
ਅੱਜ ਉਹਨਾਂ ਦੀ ਰੋਟੀ
ਲੂਣ ਤੇ ਮਿਰਚਾਂ ਦਾ ਤੱਤਾਂ ਪਾਣੀ ਸੀ
ਨਿੱਕਾ ਕਛੁਆ ਰੋਇਆ ਸੀ
ਕੰਮੋਂ ਪਾਣੀ ਪੀ,ਸਬਰ ਕਮਾ ਸੌਂ ਗਈ ਸੀ
ਸੌਂ ਰਹੇ ਨੇ ਬੱਚੇ
ਜਾਗਦੀ ਮਾਂ ਦੇਖ ਰਹੀ ਹੈ
ਤੇ ਸੋਚ ਰਹੀ ਹੈ
ਧੀ ਨੂੰ ਵੇਚੇ
ਪੁੱਤ ਨੂੰ ਵੇਚੇ
ਜਾਂ ਖੁਦ ਨੂੰ ਵੇਚੇ
ਤੇ ਸੋਚਦੀ ਹੈ
ਸ਼ਾਇਦ ਸਵੇਰ ਹੋਣ ਤੱਕ
ਠੰਡ ਮਿਹਰਬਾਂ ਹੋ ਜਾਵੇ
ਕਛੂਆ ਤੇ ਕੰਮੋਂ ਜਾਗਣ ਨਾ
ਜੀਣਾ ਕਿੰਨਾ ਸੰਤਾਪ ਹੈ
ਮੌਤ ਕਿੰਨੀ ਸ਼ਾਂਤ ਹੈ |

(ਸੜਕਸ਼ਾਪ ਸ਼ਾਇਰੀ ਵਿਚੋਂ)

ਹਵਾਲੇ

ਸੋਧੋ
  1. ਪੰਜਾਬੀ ਕਵਿਤਾ: ਉਤਰ ਪੰਜਾਬ ਸੰਕਟ, ਲੇਖਕ ਯੋਗਰਾਜ, ਪੰਨਾ 247