ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿਚ ਇਸਤਰੀ ਰੂਪ ਦੀ ਸ਼ੋਭਾ ਵਧਾਉਣ ਵਾਲੇ ਸ਼ਿੰਗਾਰ ਨੂੰ ‘ਸੋਲਹ ਸ਼ਿੰਗਾਰ’ ਦੀ ਉਪਮਾ ਦਿੱਤੀ ਗਈ ਹੈ। ਸੋਲਾਂ ਦੀ ਗਿਣਤੀ ਦੇ ਪਿਛੋਕੜ ਵਿਚ ਸ਼ਾਇਦ ਇਹ ਧਾਰਨਾ ਹੋਵੇ ਕਿ ਕਲਾ ਵੀ ਸੋਲਾਂ ਗਿਣੀਆਂ ਗਈਆਂ ਹਨ ਅਤੇ ਸੋਲਾਂ ਕਲਾ ਸੰਪੂਰਨ ਨੂੰ ਅਵਤਾਰ ਕਿਹਾ ਜਾਂਦਾ ਹੈ। ਬ੍ਰਹਮ ਵੈਵਰਤ ਪੁਰਾਣ ਅਨੁਸਾਰ: ਗਿਆਨ, ਧਿਆਨ, ਸ਼ੁਭ ਕਰਮ, ਹੱਠ, ਸੰਜਮ, ਧਰਮਰੁ, ਦਾਨਵਿੱਦਿਆ, ਭਜਨ, ਸੁਪ੍ਰੇਮ, ਜਤ, ਅਧਯਾਤਮ, ਮਤ ਮਾਨ। ਦਯਾ, ਨੇਮ, ਅਰੁ ਚਤੁਰਤਾ, ਬੁੱਧ, ਦੁੱਧ, ਇਹ ਜਾਨ।

ਗੁਰਬਾਣੀ ਅਨੁਸਾਰ ਈਸ਼ਵਰ ਹੀ ਸੋਲਾਂ ਕਲਾ ਸੰਪੂਰਨ ਹੈ। ਸੋਲਹ ਕਲਾ ਸੰਪੂਰਨ ਫਲਿਆ॥ ਅਨਤ ਕਲਾ ਹੁਇ ਠਾਕੁਰੁ ਚੜਿਆ।

ਇਸਤਰੀ ਰੂਪ ਦੇ ਸੋਲਾਂ ਸ਼ਿੰਗਾਰਾਂ ਬਾਰੇ ਭਾਈ ਗੁਰਦਾਸ ਦੀ ਇਕ ਵਾਰ ਵਿਚ ਵੀ ਜ਼ਿਕਰ ਮਿਲਦਾ ਹੈ। ਨਾਰ ਸੋਲਹ ਸੀਗਾਰ ਕਰ, ਸੇਜ ਭਤਾਰ ਪਿਰਮ ਰਸ ਮਾਣੀ।

ਗੁਰਬਾਣੀ ਦੀ ਇਕ ਪੰਕਤੀ ਵਿਚ ਇਸਤਰੀ ਸੋਲਾਂ ਸ਼ਿੰਗਾਰ ਬਾਰੇ ਕਿਹਾ ਗਿਆ ਹੈ ਕਿ ਜੇਕਰ ਪ੍ਰੀਤਮ ਮਿਲਾਪ ਨਹੀਂ ਤਾਂ ਸੋਲਾਂ ਸ਼ਿੰਗਾਰ ਦਾ ਕੀ ਲਾਭ।

ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ। ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ।।

ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ। ਹਰਿਹਾ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ।।

ਉਪਰੋਕਤ ਤੋਂ ਸਪਸ਼ਟ ਹੈ ਕਿ ਪ੍ਰਾਚੀਨ ਸਮਿਆਂ ਤੋਂ ਹੀ ਇਸਤਰੀ ਸ਼ਿੰਗਾਰ ਦਾ ਚਲਿਨ ਪ੍ਰਚਲਿਤ ਰਿਹਾ ਹੈ। ਪ੍ਰਾਚੀਨ ਸਮਿਆਂ ਵਿਚ ਸ਼ਿੰਗਾਰ ਦੀਆਂ ਪ੍ਰਚਲਿਤ ਵਸਤੂਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਜਿਵੇਂ, ਕੂਚੀ, ਧੂੜਾ, ਸਫ਼ੈਦਾ, ਸੰਧੂਰ, ਕੇਸਰ, ਸੁਰਮਾ, ਬਿੰਦੀ, ਤੇਲ, ਇਤਰ, ਮਿੱਸੀ, ਨੀਲ, ਮਹਿੰਦੀ, ਫੁੱਲ (ਪੁਸ਼ਪ) ਕੰਘੀ ਪਾਨ ਅਤੇ ਲਾਖ ਆਦਿ...।

ਵਟਣਾ : ਹਲਦੀ, ਤੇਲ, ਵੇਸਣ ਆਦਿ ਦਾ ਅਜਿਹਾ ਮਿਸ਼ਰਨ ਹੈ ਜਿਸਨੂੰ ਵਿਆਹ ਤੋਂ ਪਹਿਲਾਂ ਇਕ ਰਸਮ ਅਧੀਨ ਮੁੰਡੇ ਕੁੜੀ ਦੇ ਸਰੀਰ ਪੁਰ ਮਲਿਆ ਜਾਂਦਾ ਹੈ ਜਿਸਨੂੰ ਖਾਰੇ ਚਾੜ੍ਹਣ (ਭਾਵ : ਇਸ਼ਨਾਨ) ਸਮੇਂ ਧੋਤਾ ਜਾਂਦਾ ਹੈ। ਪ੍ਰਾਚੀਨ ਸਮਿਆਂ ਵਿਚ ਮੰਨਿਆ ਜਾਂਦਾ ਸੀ ਕਿ ਵਟਣਾ ਮੈਲ ਉਗਾਲ ਦਿੰਦਾ ਹੈ ਜਿਸ ਨਾਲ ਇਸ਼ਨਾਨ ਉਪਰੰਤ ਰੂਪ ਨਿੱਖਰ ਆਉਂਦਾ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਵਟਣਾ ਮਲਣ ਉਪਰੰਤ ਮੁੰਡੇ ਕੁੜੀ ਦੇ ਬਾਹਰ ਜਾਣ 'ਤੇ ਪਾਬੰਦੀ ਦੇ ਕਈ ਹੋਰ ਪਹਿਲੂ ਵੀ ਹਨ। ਜਿਨ੍ਹਾਂ ਵਿਚੋਂ ਇਕ ਮੁੰਡੇ ਕੁੜੀ ਦੀ ਸੁਰੱਖਿਆ ਅਤੇ ਘਰੋਂ ਬਾਹਰ ਨਾ ਜਾਣ ਦੀ ਬੰਦਸ਼, ਨਜ਼ਰ ਹੇਠ ਰੱਖਣ ਦੀ ਹੀ ਇਕ ਵਿਧੀ ਹੋ ਸਕਦੀ ਹੈ।

ਮਹਿੰਦੀ : ਪੰਜਾਬੀ ਸਭਿਆਚਾਰ ਵਿਚ ਸੁਹਾਗ ਦਾ ਚਿੰਨ੍ਹ ਮੰਨੀ ਗਈ ਹੈ। ਵਿਆਹ ਦੇ ਅਵਸਰ 'ਤੇ ਲਾੜਾ ਲਾੜੀ ਅਤੇ ਦੁਵੱਲੀ ਪਰਿਵਾਰਾਂ ਦੇ ਜੀਅ ਚਾਅ ਨਾਲ ਹੱਥਾਂ ਪੈਰਾਂ ’ਤੇ ਮਹਿੰਦੀ ਲਾਉਂਦੇ ਹਨ। ਮਹਿੰਦੀ ਦਾ ਧੂੜਾ ਮਹਿੰਦੀ ਦੇ ਪੌਦੇ ਤੋਂ ਪੱਤੀਆਂ ਪੀਸ ਕੇ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਸ ਧੂੜੇ ਨੂੰ ਪਾਣੀ ਵਿਚ ਗਾੜ੍ਹਾ ਘੋਲ ਕੇ ਹੱਥਾਂ ਪੈਰਾਂ ਉੱਤੇ ਲੇਪ ਕੀਤਾ ਜਾਂਦਾ ਹੈ ਜਿਸ ਨੂੰ ਸੁੱਕਣ ਉਪਰੰਤ ਧੋ ਦਿੱਤਾ ਜਾਂਦਾ ਹੈ। ਮਹਿੰਦੀ ਦਾ ਰੰਗ ਚਮੜੀ ਵਿਚ ਇਸ ਕਦਰ ਰਚ ਜਾਂਦਾ ਹੈ ਕਿ ਸਹਿਜੇ ਸਹਿਜੇ ਫਿੱਕਾ ਪੈਂਦਾ ਹੈ। ਸੁਹਾਗਣ ਇਸਤਰੀਆਂ ਕਈ ਤਿਉਹਾਰਾਂ ਸਮੇਂ ਮਹਿੰਦੀ ਲਾਉਂਦੀਆਂ ਹਨ। ਇਕ ਧਾਰਨਾ ਅਨੁਸਾਰ, ਮਹਿੰਦੀ ਦਾ ਲਾਲ ਰੰਗ ਰਕਤਾਣੂਆਂ ਨੂੰ ਉਤੇਜਿਤ ਕਰਦਾ ਹੈ। ਇਸ ਲਈ ਮਨ ਵਿਚ ਪਿਆਰ ਅਤੇ ਸ਼ਿੰਗਾਰ ਰਸ ਉਤਪੰਨ ਕਰਦਾ ਹੈ। ਹੱਥਾਂ 'ਤੇ ਲੱਗੀ ਮਹਿੰਦੀ ਜਿਥੇ ਉਤੇਜਨਾ ਪੈਦਾ ਕਰਦੀ ਹੈ। ਪੈਰਾਂ ਨੂੰ ਲਾਈ ਮਹਿੰਦੀ ਉਤੇਜਨਾ ਨੂੰ ਇਕਾਗਰ ਕਰਦੀ ਹੈ। ਇਕ ਵਿਸ਼ਵਾਸ ਅਨੁਸਾਰ, ਵਿਆਹ ਸਮੇਂ ਲਾੜੀ ਦੇ ਹੱਥਾਂ 'ਤੇ ਮਹਿੰਦੀ ਦਾ ਰੰਗ ਗੂੜ੍ਹਾ ਚੜੇ ਤਾਂ ਕਿਆਸ ਕੀਤਾ ਜਾਂਦਾ ਹੈ ਕਿ ਸੱਸ ਪਿਆਰ ਕਰਨ ਵਾਲੀ ਹੋਵੇਗੀ। ਮਹਿੰਦੀ ਸ਼ਗਨਾਂ ਦੀ ਧੋਤਿਆਂ ਮੂਲ ਨਾ ਲਹਿੰਦੀ।

ਸੁਰਮਾ : ਇਕ ਅਜਿਹਾ ਖਿਣਜੀ ਪੱਥਰ ਹੈ ਜਿਸਨੂੰ ਬਾਰੀਕ ਪੀਹ ਕੇ ਅਤੇ ਸਲਾਈ (ਸੁਰਮਚੂ) ਨਾਲ ਚੰਬੋੜ ਕੇ ਅੱਖਾਂ ਦੀਆਂ ਗਿੱਠੀਆਂ ਅਤੇ ਕਨੱਖੀਆਂ ’ਤੇ ਸਲੀਕੇ ਨਾਲ ਪਾਇਆ ਜਾਂਦਾ ਹੈ। ਸੁਰਮੇ ਨੂੰ ਸੰਭਾਲਣ ਲਈ ਸੁਰਮੇਦਾਨੀ ਨੂੰ ਅਜਿਹੇ ਢੰਗ ਨਾਲ ਬਣਾਇਆ ਜਾਂਦਾ ਹੈ ਕਿ ਸੁਰਮਚੂ ਸੁਰਮੇ ਵਿਚ ਡੁੱਬਿਆ ਰਹੇ ਅਤੇ ਸੁਰਮੇਦਾਨੀ ਦਾ ਸੁਰਾਖ (ਮੂੰਹ) ਵੀ ਬੰਦ ਹੋ ਜਾਵੇ। ਇਹ ਮੂੰਹ ਅਕਸਰ ਚੂੜੀਦਾਰ ਵਿਧੀ ਨਾਲ ਬੰਦ ਕੀਤਾ ਅਤੇ ਖੋਲ੍ਹਿਆ ਜਾਂਦਾ ਹੈ ਤਾਂ ਕਿ ਸਲਾਈ (ਸੁਰਮਚੂ) ਬਾਹਰ ਕੱਢਣ ਤੇ ਪੀਠਾ ਹੋਇਆ ਸੂਰਮਾ ਇਸਤਰੀ/ਪੁਰਸ਼ ਦੋਵੇਂ ਇਸਤੇਮਾਲ ਕਰ ਸਕਣ। ਅੱਖਾਂ ਦੀ ਔਸ਼ਧੀ ਵਜੋਂ ਵੀ ਕਈ ਪ੍ਰਕਾਰ ਦੇ ਸੂਰਮੇ ਮਿਲਦੇ ਹਨ, ਪਰ ਪੰਜਾਬੀ ਸਭਿਆਚਾਰਕ ਪਹਿਰਾਵੇ ਅਤੇ ਸ਼ਿੰਗਾਰ ਨਾਲ ਸੰਬੰਧਿਤ ਸੁਰਮਾ ਖਣਜੀ ਪੱਥਰ ਨੂੰ ਪੀਹ ਕੇ ਹੀ ਬਣਾਇਆ ਜਾਂਦਾ ਹੈ ਜਿਸਨੂੰ ਸਲਾਈ ਦੀ ਵਿਧੀ ਦੁਆਰਾ ਅੱਖਾਂ ਦੀਆਂ ਗਿੰਨੀਆਂ ਤੇ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਸੁੰਦਰਤਾ ਵਿਚ ਵਾਧਾ ਕਰਨ ਵਾਲਾ ਮੰਨਿਆ ਜਾਂਦਾ ਹੈ।

ਕੱਜਲ : ਅੱਖਾਂ ਦੇ ਆਸੇ ਪਾਸੇ ਭਾਵ, ਹੇਠ ਉੱਤੇ ਦੀਆਂ ਗਿੰਨੀਆਂ ਨੂੰ ਕਾਲਾ ਕਰਨ ਹਿਤ ਬਣਾਏ ਸਿਆਹ ਕਾਲੇ ਅਤੇ ਗਾੜ੍ਹੇ ਦ੍ਰਵ ਨੂੰ ਕਹਿੰਦੇ ਹਨ ਜੋ ਇਸਤਰੀਆਂ ਅਕਸਰ ਸ਼ਿੰਗਾਰ ਕਰਦੇ ਸਮੇਂ ਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਇਸਤੇਮਾਲ ਕਰਦੀਆਂ ਹਨ। ਠੀਕ ਢੰਗ ਨਾਲ ਪਾਏ ਕੱਜਲੇ ਦੀ ਵਰਤੋਂ ਉਪਰੰਤ ਅੱਖਾਂ ਹਰਨੋਟੀਆਂ ਅਤੇ ਵੱਡੀਆਂ ਦਿੱਸਦੀਆਂ ਹਨ। ਕੱਜਲੇ ਨਾਲ ਅੱਖਾਂ ਦੀ ਚਿਟਿਆਈ ਹੋਰ ਨਿੱਖਰ ਕੇ ਸਾਮ੍ਹਣੇ ਆ ਜਾਂਦੀ ਹੈ। ਪਹਿਲੇ ਸਮਿਆਂ ਵਿਚ ਦੀਵੇ ਦੀ ਲਾਟ ਉੱਪਰ ਲਟਕਾਈ ਚੱਪਣੀ/ਕੁੱਜੀ ਆਦਿ ਨਾਲ ਜਮ੍ਹਾਂ ਹੋਈ ਕਾਲਖ ਵਿੱਚ ਸ਼ੁੱਧ ਕੀਤਾ ਮੱਖਣ ਜਾਂ ਸਰਸੋਂ ਦਾ ਤੇਲ ਮਿਲਾ ਕੇ ਕੱਜਲੋਟੀ (ਡੱਬੀ) ਵਿਚ ਸੰਭਾਲ ਲਿਆ ਜਾਂਦਾ ਜਿਸਨੂੰ ਸਲਾਈ ਨਾਲ ਚੰਬੋੜਨ ਉਪਰੰਤ ਅੱਖ ਅਧਮੀਟ ਕੇ ਸਲਾਈ ਪਲਕਾਂ ਵਿਚਾਲੇ ਫੇਰ ਲਈ ਜਾਂਦੀ। ਪੰਜਾਬੀ ਸਭਿਆਚਾਰ ਵਿਚ ਕੱਜਲ ਦੀ ਧਾਰ ਨੂੰ ਕਈ ਕਾਵਿ-ਉਪਮਾਵਾਂ ਵਿਚ ਪੇਸ਼ ਕੀਤਾ ਗਿਆ ਹੈ।

ਦੰਦਾਸਾ : ਦੰਦ ਸਾਫ਼ ਕਰਨ ਹਿਤ ਵਰਤੀ ਜਾਣ ਵਾਲੀ ਅਖ਼ਰੋਟ ਦੀ ਛਿੱਲ ਨੂੰ ਕਿਹਾ ਜਾਂਦਾ ਹੈ। ਦੰਦਾਸੇ ਦੀ ਛਿੱਲੜ ਦੰਦਾਂ ਨੂੰ ਸਾਫ਼ ਕਰਨ ਦੇ ਨਾਲ ਬੁੱਟਾਂ (ਮਸੂੜਿਆਂ) ਅਤੇ ਬੁੱਲ੍ਹਾਂ ਤੇ ਰਗੜਨ ਨਾਲ ਗਿੱਲੀ ਹੋ ਕੇ ਨੀਮ ਬਦਾਮੀ ਰੰਗ ਛੱਡਦੀ ਹੈ ਜਿਸ ਨਾਲ ਬੁੱਲ੍ਹਾਂ ਦੀ ਲਾਲੀ ਸ਼ੋਖ ਅਤੇ ਸਿੱਕਰੀ ਰਹਿਤ ਹੋ ਕੇ ਲੁਭਾਉਣੀ ਜਾਪਦੀ ਹੈ। ਅਖ਼ਰੋਟ ਦੀ ਛਿੱਲੜ ਮਾਮੂਲੀ ਕੁੜਿਤਣ ਵਿਚ ਹੋਣ ਕਾਰਨ ਦੰਦਾਂ ਦੀ ਮਜ਼ਬੂਤੀ ਲਈ ਵੀ ਲਾਹੇਵੰਦੀ ਸਮਝੀ ਜਾਂਦੀ ਰਹੀ ਹੈ। ਪੰਜਾਬੀ ਸਭਿਆਚਾਰ ਵਿਚ ਦੰਦਾਸੇ ਦੀ ਵਰਤੋਂ ਸਦੀਆਂ ਤੱਕ ਹੁੰਦੀ ਰਹੀ ਹੈ। ਇਕ ਧਾਰਨਾ ਅਨੁਸਾਰ, ਅੱਖਾਂ ਵਿਚਲੀ ਚਟਿਆਈ, ਨਹੁੰ ਅਤੇ ਬੁੱਲ੍ਹਾਂ ਦੀ ਲਾਲੀ ਤੋਂ ਵਿਅਕਤੀ ਦੇ ਅਰੋਗ ਹੋਣ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਲਈ ਅੱਖਾਂ ਵਿਚ ਕੱਜਲ, ਬੁੱਲ੍ਹਾਂ 'ਤੇ ਦੰਦਾਸਾ ਅਤੇ ਹੱਥਾਂ ਪੁਰ ਮਹਿੰਦੀ ਲਗਾਉਣ ਦਾ ਰਿਵਾਜ ਪ੍ਰਚਲਿਤ ਹੋਇਆ। ਦੰਦਾਸੇ ਦੀ ਵਰਤੋਂ ਇਸਤਰੀਆਂ ਕਰਦੀਆਂ ਹਨ। ਦੰਦਾਸਾ ਇਸਤਰੀ ਸੁਹੱਪਣ ਵਿਚ ਕਿਸ ਕਦਰ ਵਾਧਾ ਕਰ ਸਕਦਾ ਹੈ ਇਸਦੀ ਇਕ ਉਦਾਹਰਨ ਇਕ ਪ੍ਰਚਲਿਤ ਗੀਤ ਦੀ ਸਤਰ ਤੋਂ ਲਾਇਆ ਜਾ ਸਕਦਾ ਹੈ। ਮੁੰਡਾ ਮੋਹ ਲਿਆ ਤਵੀਤਾਂ ਵਾਲਾ, ਦਮੜੀ ਦਾ ਸੱਕ ਮਲ ਕੇ।

ਸੁਗੰਧਿਤ ਸਮਗਰੀ : ਇਸਦੀ ਵਰਤੋਂ ਬਾਰੇ ਪ੍ਰਾਚੀਨ ਗ੍ਰੰਥਾਂ ਵਿਚ ਅਨੇਕ ਸੰਕੇਤ ਹਨ। ਇਹ ਸੰਕੇਤ ਰਾਜੇ ਮਹਾਰਾਜਿਆਂ ਜਾਂ ਧਨਵਾਨ ਸਮੁਦਾਇ ਨਾਲ ਸੰਬੰਧਿਤ ਹਨ। ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਸਧਾਰਨ ਜਨ-ਸਮੁਦਾਇ ਆਮ ਜੀਵਨ ਵਿਚ ਕਿਸ ਕਿਸਮ ਦੀ ਸੁੰਗਧੀ ਦੀ ਵਰਤੋਂ ਕਰਦਾ ਸੀ ਇਸ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ। ਪੰਜਾਬੀ ਸਭਿਆਚਾਰ ਵਿਚ ਤਾਂ ਕਿਸੇ ਇਸਤਰੀ ਲਈ ਸਿਰ ਨੰਗਾ ਰੱਖਣ ਨੂੰ ਵੀ ਸ਼ਾਲੀਨਤਾ ਨਹੀਂ ਸੀ ਸਮਝਿਆ ਜਾਂਦਾ। ਇਸ ਲਈ ਕੇਸਾਂ ਵਿਚ ਵੰਨ-ਸੁਵੰਨੇ ਫੁੱਲਾਂ ਦੀ ਵਰਤੋਂ ਵੀ ਨਾ ਹੋਣ ਬਰਾਬਰ ਹੈ। ਕੇਵਲ ਵਿਆਹ ਸਮੇਂ ਲਾੜੇ ਦੇ ਸਿਹਰੇ ਵਿਚ ਚਮੇਲੀ ਦੀਆਂ ਕਲੀਆਂ ਦਾ ਜ਼ਿਕਰ ਮਿਲਦਾ ਹੈ। ਵਿਆਹ ਦੀਆਂ ਰਸਮਾਂ ਸਮੇਂ ਲਾੜੇ ਲਾੜੀ ਨੂੰ ਵਟਣਾ ਮਲਣ ਸਮੇਂ ਵੇਸਣ, ਹਲਦੀ ਅਤੇ ਸਰ੍ਹੋਂ ਦੇ ਤੇਲ ਦੁਆਰਾ ਬਣਾਏ ਮਿਸ਼ਰਨ ਬਾਰੇ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ। ਇਸਦੇ ਬਾਵਜੂਦ, ਪਿੰਡੇ ਦੇ ਮਲਣ ਵਾਲੇ, ਨਖ, ਕੁਸ਼ਠ, ਜਟਾਮਾਸੀ, ਲੋਹਬਾਨ, ਕੁਮਕੁਮ, ਚੰਦਨ, ਖੜੀ ਮਿਟੀ, ਗਾਚਨੀ, ਅਗਰੂ, ਕਪੂਰ, ਗੁੱਗਲ, ਕੇਸਰ ਆਦਿ ਦੀ ਵਰਤੋਂ ਦੇ ਸੰਕੇਤ, ਕਿੱਸਾ-ਕਾਵਿ ਅਤੇ ਕਵੀਸ਼ਰੀ-ਕਾਵਿ ਵਿਚ ਕਿਤੇ-ਕਿਤੇ ਮਿਲਦੇ ਹਨ। ਗੁਲਾਬ, ਕਿਉੜਾ, ਚੰਮੇਲੀ, ਚੰਦਨ ਅਤੇ ਮਹੂਆ ਆਦਿ ਦੇ ਇਤਰ ਪੰਜਾਬੀ ਸਭਿਆਚਾਰ ਵਿਚ ਲੋਕ-ਸ਼ਿੰਗਾਰ ਦੀਆਂ ਵਸਤੂਆਂ ਦੇ ਰੂਪ ਵਿਚ ਪ੍ਰਚਲਿਤ ਹਨ। ਅਜੋਕੇ ਸਮੇਂ ਜੋ ਸੁਗੰਧਿਤ ਸਮਗਰੀ ਉਪਲਬਧ ਅਤੇ ਪ੍ਰਚਲਿਤ ਹੈ ਉਸ ਦੀ ਗਿਣਤੀ ਕਰਨੀ ਕਠਿਨ ਹੈ।

ਹਵਾਲੇ

ਸੋਧੋ

[1]

  1. ਪ੍ਰੋ. ਕਿਰਪਾਲ ਕਜ਼ਾਕ. ਪੰਜਾਬੀ ਸਭਿਆਚਾਰ ਤੇ ਲੋਕ ਪਹਿਰਾਵਾ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 126–130.