ਸ਼ਿੰਗਾਰ ਰਸ
ਸ਼ਿੰਗਾਰ ਰਸ (ਸੰਸਕ੍ਰਿਤ: शृङ्गार, śṛṅgāra) ਰਸ ਦੀ ਪ੍ਰਮੁੱਖ ਕਿਸਮ ਹੈ। ਇਸ ਰਸ ਦਾ ਮੂਲ ਅਰਥ ਕਾਮੋਨਮਾਦ ਅਥਵਾ ਰਤੀ (ਪ੍ਰੇਮ) ਹੈ ਜਿਸ ਦਾ ਸਹਿਜ ਤਰੀਕੇ ਨਾਲ ਅਨੁਭਵ ਕੀਤਾ ਜਾਂਦਾ ਹੈ। ਸ਼ਿੰਗਾਰ ਰਸ ਦਾ 'ਰਤੀ' ਸਥਾਈ ਭਾਵ ਹੈ।[1] ਪਿਆਰ ਭਰਪੂਰ ਰਸ ਨੂੰ ਪਰੰਪਰਾਗਤ ਤੌਰ ’ਤੇ ਸ਼ਿੰਗਾਰ ਕਿਹਾ ਜਾਂਦਾ ਹੈ। 'ਸ਼ਿੰਗਾਰ' ਦੀ ਨਿਰੁਕਤੀ 'ਸ਼੍ਰੀ' ਧਾਤੂ ਤੋਂ ਹੈ ਜਿਸਦਾ ਅਰਥ ਹੈ ਮਾਰਨਾ। ਇਸੇ ਕਰਕੇ ਸ਼ਿੰਗਾਰ ਉਸ ਵਿਅਕਤੀ ਦਾ ਆਪਾ ਜਾਂ ਵਿਅਕਤਿਤਵ ਖਤਮ ਕਰ ਦੇਂਦਾ ਹੈ ਜਿਹੜਾ ਇਸਨੂੰ ਚਖਦਾ ਹੈ।
ਉੱਤਮ ਨਾਇਕਾਵਾਂ ਜਾਂ ਨਾਇਕ ਇਸਦੇ ਆਲੰਬਨ ਵਿਭਾਵ, ਚੰਦ੍ਰਮਾ, ਚੰਦਨ, ਭੌਰੇ, ਬਸੰਤ, ਉਪਵਨ ਆਦਿ ਉੱਦੀਪਨ ਵਿਭਾਵ, ਸੇਲ੍ਹੀਆਂ ਦੀ ਹਰਕਤ, ਅੰਗੜਾਈ, ਕਟਾਕਸ਼, ਸਰੀਰ ਦੇ ਅੰਗਾਂ ਦੀਆਂ ਚੇਸ਼ਟਾਵਾਂ, ਪਸੀਨਾ ਆਉਣਾ, ਕੰਬਣਾ, ਆਦਿ ਅਨੁਭਾਵ, ਉਗ੍ਰਤਾ, ਆਲਸ, ਨਿਰਵੇਦ, ਰੋਮਾਂਚ, ਲੱਜਾ, ਬੇਚੈਨੀ ਆਦਿ ਸੰਚਾਰੀ ਭਾਵ ਹੁੰਦੇ ਹਨ।[2]
ਉਦਾਹਰਣ:-
ਡੂੰਘੀ ਆਥਣ ਹੋ ਗਈ ਮਾਹੀਆ ਲੱਥੀ ਸੰਝ ਚੁਫੇਰ ਵੇ
ਲੋਪ ਹੋਈ ਚਾਨਣ ਦੀ ਸੱਗੀ ਸੰਘਣਾ ਹੋਇਆ ਹਨੇ੍ਹਰ ਵੇ
ਅਧ ਅਸਮਾਨੀ ਚੰਨ ਦਾ ਡੋਲਾ ਤਾਰਿਆਂ ਭਰੀ ਚੰਗੇਰ ਵੇ
ਚੂਹਕੀ ਚਿੜੀ ਲਾਲੀ ਚਿਚਲਾਣੀ ਲੱਗਾ ਹੋਇਆ ਮੁਨ੍ਹੇਰ ਵੇ
ਪੂਰਬ ਗੁਜਰੀ ਰਿੜਕਣ ਲੱਗੀ ਛਿੱਟਾਂ ਉੱਡੀਆਂ ਢੇਰ ਵੇ
ਇਤਨੀ ਵੀ ਕੀ ਦੇਰੀ ਮਾਹੀਆਂ ਇਤਨੀ ਵੀ ਕੀ ਦੇਰ ਵੇ।
ਇਹ ਵਿਪ੍ਰਲੰਭ (ਵਿਯੋਗ) ਸ਼ਿੰਗਾਰ ਦਾ ਦ੍ਰਿਸ਼ਟਾਂਤ ਹੈ। ਏਥੇ ਰਤੀ ਸਥਾਈ ਭਾਵ ਪ੍ਰਤੱਖ ਹੈ। ਉਡੀਕਵਾਨ ਨਾਇਕਾ ਨਾਇਕ ਨੂੰ ਸੰਬੋਧਨ ਕਰ ਰਹੀ ਹੈ ਅਤੇ ਉਸ ਲਈ ਪ੍ਰੇਮ (ਰਤੀ) ਪ੍ਰਗਟਾਇਆ ਜਾ ਰਿਹਾ ਹੈ। ਰਤੀ ਦਾ ਅਲੰਬਨ ਵਿਭਾਵ ਨਾਇਕ ਹੈ। ਆਥਣ, ਸੰਘਣਾ ਹਨੇਰਾ, ਚੂਕਦੀ ਚਿੜੀ ਆਦਿ ਉਦੀਪਨ ਵਿਭਾਵ ਹਨ, ਜਿਨ੍ਹਾਂ ਦੀ ਹੋਂਦ ਪ੍ਰੇਮ ਨੂੰ ਉਤੇਜਨਾ ਦੇ ਰਹੀ ਹੈ। ਚਿੜੀਆਂ, ਚੰਨ, ਤਾਰਿਆਂ ਨੂੰ ਵੇਖਣਾ, ਰਾਤ ਨੂੰ ਜਾਗਣਾ ਆਦਿ ਅਨੁਭਾਵ ਹਨ। ਚਿੰਤਾ, ਆਲਸ, ਉਡੀਕ ਵਿੱਚ ਉਤਸੁਕਤਾ ਆਦਿ ਸੰਚਾਰੀ ਭਾਵ ਹਨ।[3]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ, ਭਾਰਤੀ ਕਾਵਿ-ਸ਼ਾਸਤਰ, ਮਦਾਨ ਪਬਲੀਕੇਸ਼ਨ, ਪਟਿਆਲਾ।