ਸ਼ੌਕਣ-ਮੋਹਰਾ
ਸੌਂਕਣ ਮਹੁਰਾ ਔਰਤਾਂ ਦੁਆਰਾ ਗਲ਼ ਵਿੱਚ ਪਾਇਆ ਜਾਣ ਵਾਲਾ ਇੱਕ ਗਹਿਣਾ ਹੈ ਜਿਸ ਵਿੱਚ ਤਵੀਤ ਨੂੰ ਝਾਲਰ ਲੱਗੀ ਹੁੰਦੀ ਹੈ। ਸੌਂਕਣ ਨੂੰ ਹਮੇਸ਼ਾ ਮਹੁਰਾ ਭਾਵ ਜ਼ਹਿਰ ਹੀ ਸਮਝਿਆ ਜਾਂਦਾ ਹੈ ਚਾਹੇ ਉਹ ਮਰੀ ਹੋਵੇ ਜਾਂ ਜਿੰਦਾ। ਇਹ ਪੁਰਾਣੀ ਰਸਮ ਹੈ। ਪਹਿਲਾਂ ਜਦੋਂ ਕਿਸੇ ਬੰਦੇ ਦੀ ਪਹਿਲੀ ਘਰਵਾਲੀ ਮਰ ਜਾਂਦੀ ਸੀ ਤਾਂ ਉਸ ਦੁਆਰਾ ਦੂਜਾ ਵਿਆਹ ਕਰਵਾਉਣ ’ਤੇ ਜਦੋਂ ਨਵੀਂ ਬਹੂ ਘਰ ਆਉਂਦੀ ਤਾਂ ਉਸਨੂੰ ਸਿੱਧਾ ਦਰਵਾਜ਼ੇ ਰਾਹੀਂ ਘਰ ਨਹੀਂ ਸੀ ਲਿਆਂਦਾ ਜਾਂਦਾ ਸਗੋਂ ਉਸਨੂੰ ਘਰ ਦੇ ਪਿੱਛੋਂ ਦੀ ਪੌੜੀ ਲਾ ਕੇ ਕੋਠੇ ਉੱਪਰੋਂ ਦੀ ਵਿਹੜੇ ਵਿੱਚ ਉਤਾਰਿਆ ਜਾਂਦਾ ਸੀ। ਫਿਰ ਪਹਿਲੀ ਘਰਵਾਲੀ ਦੇ ਕਮਰੇ ਨੂੰ ਤਾਲਾ ਲਾ ਕੇ ਨਵੀਂ ਬਹੂ ਨੂੰ ਚਾਬੀ ਫੜਾ ਦਿੱਤੀ ਜਾਂਦੀ ਸੀ ਤੇ ਉਸ ਵੇਲੇ ਇਹ ਰਸਮ ਵੀ ਕੀਤੀ ਜਾਂਦੀ ਸੀ ਕਿ ਪਹਿਲੀ ਔਰਤ ਦੇ ਕਿਸੇ ਗਹਿਣੇ ਨੂੰ ਤਵੀਜ ਵਿੱਚ ਜੜਾ ਕੇ ਨਵੀਂ ਬਹੂ ਦੇ ਗਲ਼ ਵਿੱਚ ਪਾਇਆ ਜਾਂਦਾ ਸੀ। ਨਵੀਂ ਬਹੂ ਇਹੋ ਕਹਿੰਦੀ ਸੀ ਕਿ ਤੇਰਾ ਬੰਦ ਪਿਆ ਘਰ ਖੋਲ੍ਹਣ ਆਈ ਆਂ ਪਰ ਤੈਨੂੰ ਹਰ ਵੇਲੇ ਆਪਣੇ ਨਾਲ ਰੱਖਾਂਗੀ ਇਸ ਤਾਵੀਜ਼ ਜਾਣੀ ਕਿ ਸੌਂਕਣ ਮੋਹਰੇ ਦੇ ਰੂਪ ਵਿੱਚ।[1]
ਜਿਸ ਆਦਮੀ ਦੀਆਂ ਦੋ ਜਾਂ ਦੋ ਤੋਂ ਵੱਧ ਪਤਨੀਆਂ ਹੁੰਦੀਆਂ ਹਨ, ਉਹ ਪਤਨੀਆਂ ਇਕ ਦੂਜੇ ਦੀਆਂ ਸ਼ੌਕਣਾਂ ਹੁੰਦੀਆਂ ਹਨ। ਜਿਸ ਪਤੀ ਦੀ ਪਹਿਲੀ ਪਤਨੀ ਮਰ ਗਈ ਹੋਵੇ, ਉਹ ਪਤੀ ਦੂਜੀ ਵਾਰ ਵਿਆਹ ਕਰਵਾਵੇ ਤਾਂ ਨਵੀਂ ਵਿਆਹੀ ਪਤਨੀ ਦਾ ਰਿਸ਼ਤਾ ਮਰ ਗਈ ਪਤਨੀ ਨਾਲ ਵੀ ਸ਼ੌਂਕਣ ਵਾਲਾ ਹੁੰਦਾ ਹੈ। ਜਿਉਂਦੀ ਸ਼ੌਕਣ ਤੋਂ ਤਾਂ ਹਰ ਸ਼ੌਕਣ ਨੂੰ ਡਰ ਲੱਗਦਾ ਹੀ ਹੈ ਪਰ ਮਰੀ ਹੋਈ ਸ਼ੌਕਣ ਤੋਂ ਵੀ ਨਵੀਂ ਪਤਨੀ ਨੂੰ ਡਰ ਲੱਗਦਾ ਰਹਿੰਦਾ ਹੈ। ਇਸ ਡਰ ਤੋਂ ਮੁਕਤੀ ਪਾਉਣ ਲਈ ਹੀ ਦੂਜੀ ਪਤਨੀ ਸ਼ੌਕਣ-ਮੋਹਰਾ ਗਹਿਣਾ ਪਹਿਨਦੀ ਹੈ। ਮੋਹਰਾ, ਜ਼ਹਿਰ ਨੂੰ ਕਹਿੰਦੇ ਹਨ। ਇਸ ਤਰ੍ਹਾਂ ਸ਼ੌਕਣ-ਮੋਹਰਾ ਇਸਤਰੀਆਂ ਦਾ ਸੋਨੇ ਦਾ ਉਹ ਗਹਿਣਾ ਹੈ ਜੋ ਉਹ ਇਸਤਰੀ ਪਹਿਨਦੀ ਹੈ ਜੋ ਪਤੀ ਦੇ ਦੂਜੇ ਵਿਆਹ ਦੀ ਹੁੰਦੀ ਹੈ। ਸ਼ੁੱਕਣ ਮੋਹਰਾ ਇਕ ਕਿਸਮ ਦਾ ਸ਼ੌਕਣ ਦੀ ਕਰੋਪੀ ਤੋਂ ਬਚਣ ਦਾ ਹਥਿਆਰ ਹੁੰਦਾ ਹੈ। ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼ੌਕਣ ਨੂੰ ਧਿਆਇਆ ਜਾਂਦਾ ਹੈ। ਹਰ ਗਹਿਣਾ, ਹਰ ਕੱਪੜਾ ਪਹਿਨਣ ਤੋਂ ਪਹਿਲਾਂ ਸ਼ੌਕਣ-ਮੋਹਰੇ ਨਾਲ ਛੁਹਾਇਆ ਜਾਂਦਾ ਹੈ। ਫੇਰ ਪਹਿਨਿਆ ਜਾਂਦਾ ਹੈ। ਇਸ ਤਰ੍ਹਾਂ ਹਰ ਵਸਤ ਤੇ ਹਰ ਕੰਮ ਤੇ ਪਹਿਲਾਂ ਹੱਕ ਸ਼ੌਕਣ ਦਾ ਮੰਨਿਆ ਜਾਂਦਾ ਹੈ।
ਸ਼ੌਕਣ-ਮੋਹਰਾ ਗਹਿਣਾ ਤਵੀਤ ਦੀ ਸ਼ਕਲ ਦਾ ਹੁੰਦਾ ਹੈ। ਇਸ ਉੱਪਰ ਸ਼ੌਕਣ ਦਾ ਨਾਂ ਲਿਖਿਆ/ਉਕਰਿਆ ਹੁੰਦਾ ਹੈ। ਤਵੀਤ ਨੂੰ ਕੁੰਡਾ ਲੱਗਿਆ ਹੁੰਦਾ ਹੈ। ਮੁੰਡੇ ਵਿਚ ਧਾਗਾ ਪਾਉਣ ਸਮੇਂ ਮੰਤਰ ਪੜ੍ਹਿਆ ਜਾਂਦਾ ਹੈ। ਪਾਠ ਕੀਤਾ ਜਾਂਦਾ ਹੈ ਤਾਂ ਜੋ ਮਰੀ ਹੋਈ ਸ਼ੋਕਣ ਦੀ ਪ੍ਰੇਤ-ਰੂਹ ਕੋਈ ਨੁਕਸਾਨ ਨਾ ਕਰੇ। ਤਵੀਤ ਨੂੰ ਗੱਲ ਵਿਚ ਪਹਿਨਿਆ ਜਾਂਦਾ ਹੈ।
ਸ਼ੌਕਣ-ਮੋਹਰਾ ਗਹਿਣਾ ਅੰਧ-ਵਿਸ਼ਵਾਸ, ਵਹਿਮ-ਭਰਮ ਨਾਲ ਸੰਬੰਧਿਤ ਗਹਿਣਾ ਸੀ। ਲੋਕ ਹੁਣ ਜਾਗਰਤ ਹੋ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਸ਼ੌਕਣ ਮੋਹਰਾ ਗਹਿਣਾ ਹੁਣ ਨਹੀਂ ਬਣਦਾ। ਪਹਿਨਣ ਦਾ ਤਾਂ ਫੇਰ ਸਵਾਲ ਹੀ ਪੈਦਾ ਨਹੀਂ ਹੁੰਦਾ।[2]
ਹਵਾਲੇ
ਸੋਧੋ- ↑ https://www.facebook.com/groups/punjabilokdhara/?ref=br_rs
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.