ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ
ਸਾਹਿਤ ਦਾ ਭਾਵ ਹੈ ਕਿ ਅਜਿਹੀ ਰਚਨਾ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲ ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਹੋਣ।ਕਈ ਵਿਦਵਾਨਾਂ ਅਨੁਸਾਰ ਸਾਹਿਤ ਸ਼ਬਦ ਦੀ ਉਤਪਤੀ ਸਾ+ਹਿਤ ਹੈ। ਸਾ ਦਾ ਅਰਥ ਹੈ ਸਾਰਿਆਂ ਨਾਲ ਅਤੇ ਹਿਤ ਦਾ ਮਤਲਬ ਪਿਆਰ (ਸਾਹਿਤਯ ਭਾਵ ਸਾਹਿਤਮ) ਸੋ ਸਾਹਿਤ ਦਾ ਭਾਵ ਪਿਆਰ ਤੋਂ ਉਪਜਿਆ ਹੋਇਆ ਰਚਨਾ ਵਿੱਚ ਨਿਰੇ ਪਿਆਰ ਦੇ ਭਾਵ ਆਉਣ ਨਾਲ ਰਚਨਾ ਸਾਹਿਤ ਨਹੀਂ ਅਖਵਾ ਸਕਦੀ। ਸੁੰਦਰ ਰਚਨਾ ਨੂੰ ਕਲਾ ਕਹਿੰਦੇ ਹਨ। ਸ਼ਬਦ ਰੂਪੀ ਸੁੰਦਰ ਰਚਨਾ ਨੂੰ ਸਾਹਿਤ ਆਖਦੇ ਹਨ। ਲਿਖਣ ਢੰਗ ਦੀ ਕਾਢ ਤੋਂ ਪਹਿਲਾਂ ਸਾਹਿਤ ਮੌਖਿਕ ਹੁੰਦਾ ਸੀ। ਸਾਹਿਤ ਦੇ ਅਨਪੜ੍ਹ ਕਰਤਾ ਇਸ ਨੂੰ ਉਚਾਰ ਕੇ ਪ੍ਰਗਟ ਕਰਦੇ ਹਨ। ਸੰਗੀਤ ਸਾਹਿਤ ਦਾ ਇੱਕ ਰੂਪ ਹੈ। ਸਾਹਿਤ ਸੰਗੀਤ ਬਿਨਾਂ ਵੀ ਹੁੰਦਾ ਹੈ। ਗਲਪ, ਨਿਬੰਧ, ਜੀਵਨੀ ਆਦਿਕ ਵਾਰਤਕ ਰਚਨਾਵਾਂ ਸੰਗੀਤ ਬਿਨਾਂ ਹੁੰਦੀਆਂ ਹਨ। ਇਸ ਲਈ ਸ਼ਬਦ ਰੂਪੀ ਕਲਾ ਨੂੰ ਸਾਹਿਤ ਆਖਦੇ ਹਨ। ਸ਼ਬਦਾਂ ਰਾਹੀਂ ਇਹਦੀ ਰਚਨਾ ਵਿੱਚ ਲੈਅ ਪੈਦਾ ਕੀਤੀ ਜਾਂਦੀ ਹੈ, ਚਿੱਤਰ ਖਿੱਚੇ ਜਾਂਦੇ ਹਨ, ਪਾਤਰਾਂ ਤੇ ਹੋਰ ਠੋਸ ਵਸਤਾਂ ਦਾ ਨਿਰਮਾਣ ਹੁੰਦਾ ਹੈ। ਭਾਵ ਸਾਹਿਤ ਵਿੱਚ ਨਵੀਂ ਦ੍ਰਿਸ਼ਟੀ ਪੈਦਾ ਕੀਤੀ ਜਾਂਦੀ ਹੈ। ਜਿਸ ਵਿੱਚ ਅਨੇਕ ਰੰਗ ਰੂਪ ਤੇ ਆਕਾਰ ਅਤੇ ਗਤੀਆਂ ਅਨੁਭਵ ਕੀਤੀਆਂ ਜਾਂਦੀਆਂ ਹਨ। ਇਸ ਲਈ ਸਾਹਿਤ ਮਿਸ਼ਰਤ ਤੇ ਸੰਪੂਰਨ ਕਲਾ ਹੈ। ਇਸ ਦਾ ਪ੍ਰਭਾਵ ਹੋਰ ਕਲਾਵਾਂ ਵਾਂਗ ਭਾਵੇਂ ਇਤਨਾ ਤੀਬਰ ਨਹੀਂ ਹੁੰਦਾ ਪਰ ਵਧੇਰੇ ਡੂੰਘਾ ਹੋ ਸਕਦਾ ਹੈ ਸਾਹਿਤ ਸ਼ਾਸ਼ਤਰ, ਰੌਸ਼ਨ ਲਾਲ ਅਹੂਜਾ
ਸਾਹਿਤ ਦੇ ਸ਼ਾਬਦਿਕ ਅਰਥ
ਸੋਧੋਸਾਹਿਤ ਸ਼ਬਦ ਦੀ ਵਰਤੋਂ ਬਹੁਤ ਹੀ ਪੁਰਾਣੀ ਹੈ। ਅੰਗਰੇਜ਼ੀ ਵਿੱਚ ਇਸ ਨੂੰ Literature, ਉਰਦੂ ਵਿੱਚ ਫ਼ਾਰਸੀ ਵਿੱਚ ਅਦਬ ਅਤੇ ਹਿੰਦੀ ਵਿੱਚ ਸਾਹਿਤਯ ਆਖਦੇ ਹਨ। ਸੱਤਵੀਂ ਸਦੀ ਤੋਂ ਪਹਿਲਾਂ ਸਾਹਿਤ ਸ਼ਬਦ ਦੀ ਵਰਤੋਂ ਸਿਰਫ ਸ਼ਾਸਤਰ ਦੇ ਅਰਥਾਂ ਵਿੱਚ ਹੋਇਆ ਕਰਦੀ ਸੀ ਪਰ ਆਦਿ ਕਾਲ ਨੂੰ ਲੰਘਦੇ ਹੋਏ ਅਰਥਾਤ ਦਸਵੀਂ ਸਦੀ ਤੋਂ ਬਾਅਦ ਮੱਧ ਯੁੱਗ ਵਿੱਚ ਸਾਹਿਤ ਸ਼ਬਦ ਅੰਗਰੇਜ਼ੀ ਦੇ Literature ਸ਼ਬਦ ਦਾ ਸਮਾਨਰਥੀ ਬਣ ਗਿਆ। Litrature ਸ਼ਬਦ Letter ਤੋਂ ਬਣਿਆ। ਅੰਗਰੇਜ਼ੀ ਦੇ Literature ਸ਼ਬਦ ਵਾਂਗ ਹੀ ਸਾਹਿਤ ਵੀ ਸ਼ੁਰੂ ਸ਼ੁਰੂ ਵਿੱਚ ਸੰਕੁਚਿਤ ਅਰਥਾਂ ਤੱਕ ਸੀਮਤ ਸੀ। ਕੋਈ ਸ਼ਬਦਾਂ ਨੂੰ ਪ੍ਰਮੁੱਖਤਾ ਦਿੰਦਾ ਸੀ ਤੇ ਕੋਈ ਅਰਥਾਂ ਨੂੰ, ਕੋਈ ਰਸ ਨਿਸ਼ਪਤੀ ਕਰਨ ਵਾਲੀ ਹਰ ਰਚਨਾ ਨੂੰ ਸਾਹਿਤ ਮੰਨੀ ਬੈਠਾ ਸੀ। ਸਾਹਿਤ ਇੱਕ ਕਲਾਵਾਨ ਦੀ ਉਹ ਸਵੈ ਪ੍ਰਗਟਾ ਹੈ ਜਿਹੜੀ ਸਾਡੇ ਸੁਹਜ ਭਾਵਾਂ ਤੇ ਸੁਆਦਾਂ ਨੂੰ ਹਲੂਣਦੀ ਹੋਈ ਮਨੁੱਖੀ ਆਦਰਸ਼ਾਂ ਦੀ ਗਵਾਹੀ ਕਰੇ। ਸਾਹਿਤ ਦੀ ਇਸ ਉਪਮਾ ਅਨੁਸਾਰ ਸਾਹਿਤ ਦੇ ਤਿੰਨ ਮਨੋਰਥ ਹੋਏ-
- ਸਵੈ ਪ੍ਰਗਟਾਓ
- ਸੁਹਜ ਸਵਾਦ ਨੂੰ ਅਪੀਲ
- ਮਨੁੱਖੀ ਆਦਰਸ਼ਾਂ ਦੀ ਅਗਵਾਈ।
ਕੋਈ ਵੀ ਸਾਹਿਤਕਰ ਬਿਨਾਂ ਇਨ੍ਹਾਂ ਤਿੰਨਾਂ ਅੰਗਾਂ ਨੂੰ ਆਪਣੀ ਰਚਨਾ ਵਿੱਚ ਚੰਗੀ ਤਰ੍ਹਾਂ ਘੁਲਣ ਮਿਲਣ ਦੇ ਅਮਰ ਕ੍ਰਿਤ ਨਹੀਂ ਰਚ ਸਕਦਾ। ਨਿਰੋਲ ਸਵੈ ਪ੍ਰਗਟਾਉ ਲਈ ਕੀਤੀ ਰਚਨਾ ਜਿਸਦੀ ਸੁਣੱਖੀ ਬਣਤਰ ਜਾਂ ਘਾੜਤ ਤੇ ਨਹੀਂ ਤੇ ਜੋ ਸਾਡੇ ਜਜ਼ਬਿਆਂ ਨੂੰ ਹਲੂਣਦੀ ਨਹੀਂ ਤੇ ਸਾਨੂੰ ਸਾਹਿਤਕਾਰ ਦੇ ਅੰਦਰ ਮਘ ਰਹੇ ਵਲਵਲਿਆਂ ਦੀ ਨਿੱਘ ਨਾਲ ਤਰੇਲ ਤਰੇਲ ਨਹੀਂ ਕਰ ਦਿੰਦੀ, ਸਾਹਿਤ ਨਹੀਂ ਆਖੀ ਦਾ ਸਕਦੀ।
ਸਾਹਿਤ ਦੀ ਪਰਿਭਾਸ਼ਾ
ਸੋਧੋਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਆਪਣੇ ਅਨੁਸਾਰ ਸਾਹਿਤ ਨੂੰ ਪ੍ਰਭਾਸ਼ਿਤ ਕੀਤਾ ਹੈ, ਜਿਵੇਂ ਕਿ ਸਾਹਿਤ ਨੂੰ ਤਰਕਯੁਕਤ ਮੰਨਦੇ ਹੋਏ ਰਾਜਸ਼ੇਖਰ ਸਹਿਯੋਦ ਨੂੰ ਮੰਨਦੇ ਹੋਏ ਕਹਿੰਦੇ ਹਨ ਇਹ ਉਹ ਵਿੱਦਿਆ ਹੈ ਜਿਸ ਵਿੱਚ ਸ਼ਬਦ ਅਤੇ ਅਰਥ ਦਾ ਯਥਾਰਥ ਰੂਪ ਵਿੱਚ ਸਹਿਭਾਵ ਜਾਂ ਸਹਿ ਹੋਂਦ ਹੋਵੇ। ਪਰ ਇਹ ਪਰਿਭਾਸ਼ਾ ਵੀ ਸੰਸਕ੍ਰਿਤ ਜਿਹੀ ਹੀ ਜਾਪਦੀ ਹੈ। ਹਰ ਲਿਖਤ ਵਿੱਚ ਸ਼ਬਦ ਅਤੇ ਅਰਥ ਹੁੰਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਹ ਲਿਖਤ ਸਾਹਿਤ ਹੀ ਹੋ ਗਈ। ਸਾਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਸ਼ਬਦਾਂ ਚ ਨਿਕਲੇ ਅਰਥਾਂ ਦਾ ਸਬੰਧ ਕਿਸ ਨਾਲ ਹੈ ਤੇ ਉਨ੍ਹਾਂ ਦੀ ਅਭਿਵਿਅਕਤੀ ਕਿਸ ਤਰ੍ਹਾਂ ਦੀ ਹੈ। ਸਾਹਿਤ ਦੀ ਜੀਵਨ ਤੋਂ ਬਾਹਰ ਰਹਿ ਕੇ ਕੋਈ ਹੋਂਦ ਨਹੀਂ, ਪਰ ਇਸ ਜੀਵਨ ਦੀ ਅਭਿਵਿਅਕਤੀ ਜੇਕਰ ਕਲਾਤਮਕ ਹੋਵੇਗੀ ਤਾਂ ਹੀ ਰਚਨਾ ਸਾਹਿਤਕ ਹੋਵੇਗੀ। ਇਸ ਤੋਂ ਇਲਾਵਾ ਸਾਡੇ ਉਪਰੋਕਤ ਕਥਨਾਂ ਦੀ ਪੁਸ਼ਟੀ ਮੈਥਿਊ ਅਰਨਾਲਡ ਦੇ ਕਥਨਾਂ ਤੋਂ ਵੀ ਹੋ ਜਾਂਦੀ ਹੈ ਸਾਹਿਤ ਨੂੰ ਜੀਵਨ ਦੀ ਆਲੋਚਨਾ ਆਖਦਾ ਹੈ। ਸਾਹਿਤ ਸਮੀਖਿਆ, ਡਾ. ਜਸਵੰਤ ਬੇਗੋਵਾਲ, ਡਾ. ਪ੍ਰੇਮ ਪ੍ਰਕਾਸ਼ (ਭਾਰਤੀ ਕਾਵਿ ਸ਼ਾਸ਼ਤਰ, ਪੰਨਾ 34) ਮੈਥਿਊ ਅਰਨਾਲਡ ਅਨੁਸਾਰ ਸਾਹਿਤ ਸੰਸਾਰ ਦੇ ਗਿਆਨ ਤੇ ਵਿਚਾਰ ਦਾ ਉੱਤਮ ਸਰੂਪ ਹੈ। ਅਰਨਾਲਡ ਬੈਲਟ ਦਾ ਕਹਿਣਾ ਹੈ ਕਿ ਸਾਹਿਤ ਸੱਚੇ ਵਿਚਾਰਾਂ ਤੇ ਉੱਚੇ ਭਾਵਾਂ ਦਾ ਵਿਸ਼ਾਲ ਸਰੋਵਰ ਹੈ। ਗੋਰਕੀ ਲਈ ਸਾਹਿਤ ਦੁਨੀਆਂ ਦਾ ਦਿਲ ਹੈ। ਮਾਰਲੇ ਦਾ ਕਥਨ ਹੈ ਕਿ ਸਾਹਿਤ ਅਜਿਹੀਆਂ ਪੁਸਤਕਾਂ ਦਾ ਕੋਸ਼ ਹੈ ਜਿਨ੍ਹਾਂ ਵਿੱਚ ਸਦਾਚਾਰਕ ਸੱਤ ਤੇ ਮਨੁੱਖੀ ਉਦਗਾਰ, ਵਿਸ਼ਾਲਤਾ, ਸੁੰਦਰਤਾ ਤੇ ਸੂਝ ਨਾਲ ਪ੍ਰਗਟ ਕੀਤੇ ਜਾਂਦੇ ਹਨ। ਐਮਰਸਨ ਲਈ ਸਾਹਿਤ ਉੱਤਮ ਵਿਚਾਰਾਂ ਦੀ ਲਿਖਤ ਹੈ।
ਸਾਹਿਤ ਦਾ ਪ੍ਰਕਾਰਜ
ਸੋਧੋਜਦੋਂ ਸਾਹਿਤਕਾਰ ਸਾਹਿਤ ਰਚ ਰਿਹਾ ਹੁੰਦਾ ਹੈ ਜਾਂ ਪਾਠਕ ਸਾਹਿਤ ਪੜ੍ਹ ਰਿਹਾ ਹੁੰਦਾ ਹੈ ਤਾਂ ਉਹ ਅਜਿਹੀ ਚੇਤਨਾ ਦਾ ਅਨੁਭਵ ਕਰ ਰਿਹਾ ਹੁੰਦਾ ਹੈ ਕਿ ਜਿਹੜੀ ਸਾਧਾਰਨ ਸਥਿਤੀ ਸਮੇਂ ਦੀ ਚੇਤਨਾ ਨਾਲੋਂ ਵੱਖਰੀ ਹੁੰਦੀ ਹੈ। ਇਹ ਤੱਥ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਹਿਤ ਨੇ ਸਾਹਿਤਕਾਰ ਜਾਂ ਪਾਠਕ ਦੀ ਚੇਤਨਾ ਨੂੰ ਪ੍ਰਭਾਵਿਤ ਕੀਤਾ ਹੈ। ਇਹ ਪ੍ਰਭਾਵ ਸਾਹਿਤ ਵਿੱਚ ਪੇਸ਼ ਅਨੁਭਵ ਦੀ ਨਵੀਨਤਾ, ਤੀਬਰਤਾ ਜਾਂ ਵਿਚਿੱਤਰਤਾ ਵਿੱਚੋਂ ਕਿਸੇ ਕਾਰਨ ਕਰਕੇ ਵੀ ਪੈਦਾ ਹੋ ਸਕਦਾ ਹੈ। ਪਰ ਸਾਹਿਤ ਦਾ ਇਹ ਸਮਾਨਯ ਲੱਛਣ ਹੈ ਕਿ ਸਾਹਿਤਕਾਰ ਜਾਂ ਪਾਠਕ ਨੂੰ ਸਧਾਰਨ ਨਾਲੋਂ ਵੱਖਰੀ ਚੇਤਨਾ ਦਾ ਅਹਿਸਾਸ ਕਰਵਾ ਦੇਣਾ ਹੀ ਸਾਹਿਤ ਦਾ ਪ੍ਰਕਾਰਜ ਹੈ। ਸੋ ਸਾਹਿਤ ਦਾ ਪ੍ਰਕਾਰਜ ਕਿਸੇ ਸਥਿਤੀ ਪ੍ਰਤੀ ਮਨੁੱਖ ਦੇ ਮਨ ਵਿੱਚ ਕਿਸੇ ਭਾਵ ਦਾ ਉਦੈ ਕਰਕੇ ਉਸ ਦੀ ਤ੍ਰਿਪਤੀ ਕਰਨਾ ਹੈ ਅਤੇ ਇਹ ਸਥੂਲ ਬਿੰਬ ਦੀ ਸਿਰਜਣਾ ਨਾਲ ਹੀ ਸੰਭਵ ਹੈ। ਮਨੁੱਖੀ ਭਾਵਾਂ ਦੀ ਉਤੇਜਨਾ ਅਤੇ ਤ੍ਰਿਪਤੀ ਦੋ ਪ੍ਰਕਾਰ ਦੀਆਂ ਸਥਿਤੀਆਂ ਨਾਲ ਹੁੰਦੀ ਹੈ। ਇੱਕ ਭਾਂਤ ਦੀਆਂ ਸਥਿਤੀਆਂ ਉਹ ਹੁੰਦੀਆਂ ਹਨ ਜਿਹੜੀਆਂ ਆਪਣੇ ਆਪ ਵਿੱਚ ਉਤੇਜਨਾ ਅਤੇ ਤ੍ਰਿਪਤੀ ਦੇ ਯੋਗ ਨਹੀਂ ਹੁੰਦੀਆਂ, ਸਗੋਂ ਉਹ ਕਿਸੇ ਹੋਰ ਉਦੇਸ਼ ਦੀ ਪੂਰਤੀ ਰਾਹੀਂ ਅਜਿਹਾ ਕਰਦੀਆਂ ਹਨ। ਮਿਸਾਲ ਵਜੋਂ ਸਵੇਰ ਤੋਂ ਸ਼ਾਮ ਤੀਕ ਦਫ਼ਤਰ ਦਾ ਕੰਮ ਕਰਨ ਵਾਲੇ ਬਾਬੂ ਲਈ ਦਫ਼ਤਰ ਦਾ ਕੰਮ ਕੋਈ ਤ੍ਰਿਪਤੀ ਪ੍ਰਦਾਨ ਨਹੀਂ ਕਰਦਾ, ਸਗੋਂ ਕੰਮ ਦੇ ਇਵਜ਼ਾਨੇ ਦੀ ਆਮ ਵਿੱਚ ਉਸ ਦੀ ਤ੍ਰਿਪਤੀ ਹੁੰਦੀ ਹੈ। ਦੂਸਰੀ ਪ੍ਰਕਾਰ ਦੀਆਂ ਸਥਿਤੀਆਂ ਆਪਣੇ ਆਪ ਵਿੱਚ ਹੀ ਤੁਸ਼ਟੀਕਾਰਕ ਹੁੰਦੀਆਂ ਹਨ। ਮਿਸਾਲ ਵਜੋਂ ਤਾਸ਼ ਖੇਡਣ ਦਾ ਕਰਮ ਆਪਣੇ ਆਪ ਵਿੱਚ ਹੀ ਖਿਡਾਰੀ ਦੀ ਤੁਸ਼ਟੀ ਕਰਦਾ ਰਹਿੰਦਾ ਹੈ। ਸਾਹਿਤ ਦੀ ਸਮੱਗਰੀ ਅਜਿਹੀਆਂ ਸਵੈ ਤੌਸ਼ਕ ਸਥਿਤੀਆਂ ਹੁੰਦੀਆਂ ਹਨ। ਸਾਹਿਤ ਦਾ ਇਹ ਵਿਸ਼ੇਸ਼ ਲੱਛਣ ਹੈ ਕਿ ਅਤੇ ਇਸ ਲੱਛਣ ਰਾਹੀਂ ਸਾਹਿਤ ਆਪਣਾ ਪ੍ਰਕਾਰਜ ਕਰਦਾ ਹੈ। ਸਾਹਿਤ ਦੇ ਪ੍ਰਕਾਰਜ ਸਬੰਧੀ ਉੱਪਰਲੀ ਚਰਚਾ ਵਿੱਚੋਂ ਦੋ ਗੱਲਾਂ ਸਪੱਸ਼ਟ ਹੁੰਦੀਆਂ ਹਨ। ਇੱਕ ਤਾਂ ਸਾਹਿਤ ਭਾਵਾਂ ਦਾ ਉਦੈ ਕਰਕੇ ਉਨ੍ਹਾਂ ਦੀ ਤ੍ਰਿਪਤੀ ਕਰਦਾ ਹੈ। ਜਿਸਦੇ ਫਲਸਰੂਪ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਦੂਸਰੇ, ਸਾਹਿਤ ਇਸ ਆਨੰਦ-ਦਾਇਕ ਪ੍ਰਕਿਰਿਆ ਰਾਹੀਂ ਭਾਵਾਂ ਨੂੰ ਮਨੁੱਖੀ ਮਨ ਦੇ ਸਥਾਈ ਅੰਗ ਬਣਾਉਂਦਾ ਹੈ। ਪਹਿਲਾਂ ਕਰਨਮ ਸਾਹਿਤ ਦਾ ਦਿਸਦਾ ਪ੍ਰਕਾਰਜ ਹੈ ਅਤੇ ਦੂਸਰਾ ਸਾਹਿਤ ਦੇ ਇਹ ਦੋਵੇਂ ਕਰਮ ਅੰਤਰ ਸਬੰਧਤ ਤੇ ਪਰਸਪਰ ਪੂਰਕ ਹਨ। ਸਾਹਿਤ ਭਾਵਾਂ ਨੂੰ ਸਥਾਈ ਬਣਾਏ ਬਿਨਾਂ ਰਹਿ ਹੀ ਨਹੀਂ ਸਕਦਾ ਅਤੇ ਇਹ ਪ੍ਰਕਾਰਜ ਸਾਹਿਤ ਅਤੇ ਆਨੰਦ-ਦਾਇਕ ਪ੍ਰਕਿਰਿਆ ਰਾਹੀਂ ਹੀ ਕਰ ਸਕਦਾ ਹੈ। ਸਾਹਿਤ ਦੇ ਇਹ ਦੋਵੇਂ ਪ੍ਰਕਾਰ ਕਲਪਨਾ ਦੀ ਪੱਧਰ ਤੇ ਕੰਮ ਕਰਦੇ ਹਨ ਪਰ ਸਾਹਿਤ ਵਿੱਚ ਪੇਸ਼ ਸਥਿਤੀਆਂ ਵਿੱਚੋਂ ਕਲਪਨਾ ਦੀ ਪੱਧਰ ਤੇ ਆਨੰਦ ਮਾਨਣ ਵਾਲੇ ਮਨੁੱਖ ਵਿੱਚ ਇਹ ਲੋਚਾ ਪੈਦਾ ਹੁੰਦੀ ਹੈ ਕਿ ਉਨ੍ਹਾਂ ਸਥਿਤੀਆਂ ਨੂੰ ਵਾਸਤਵ ਦੀ ਪੱਧਰ ਤੇ ਵੀ ਹੰਢਾਵੇ। ਸੋ ਇਹ ਅਜਿਹੀਆਂ ਪ੍ਰਸਥਿਤੀਆਂ ਨੂੰ ਵਾਸਤਵ ਵਿੱਚ ਵੀ ਸਿਰਜਣ ਦਾ ਯਤਨ ਕਰਦਾ ਹੈ ਜਾਂ ਜੋ ਉਹ ਪਹਿਲੋਂ ਹੀ ਮੌਜੂਦ ਹੋਣ ਤਾਂ ਉਨ੍ਹਾਂ ਨੂੰ ਕਾਇਮ ਰੱਖਣ ਦਾ ਉਪਰਾਲਾ ਕਰਦਾ ਹੈ। ਇਉਂ ਵਾਸਤਵ ਦੇ ਕਿਸੇ ਅੰਗ ਨੂੰ ਸਥਿਰ ਰੱਖਣ ਜਾਂ ਤਬਦੀਲ ਕਰਨ ਦਾ ਪ੍ਰੇਰਕ ਵੀ ਬਣਦਾ ਹੈ, ਅਰਥਾਤ ਸਾਹਿਤ ਮਨੁੱਖੀ ਸ਼ਖ਼ਸੀਅਤ ਦੀ ਉਸਾਰੀ ਰਾਹੀਂ ਮਨੁੱਖੀ ਆਲੇ ਦੁਆਲੇ ਉੱਤੇ ਵੀ ਅਸਰ ਅੰਦਾਜ਼ ਹੁੰਦਾ ਹੈ। ਸਾਹਿਤ ਦੇ ਪ੍ਰਕਾਰਜ ਦੇ ਪ੍ਰਸੰਗ ਵਿੱਚ ਇਸ ਸਚਾਈ ਨੂੰ ਵੇਖਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਸਾਹਿਤ ਆਪਣੀ ਸਵੈ ਤੋਸ਼ਕ ਪ੍ਰਕਿਰਤੀ ਦੁਆਰਾ ਮਨੁੱਖ ਦੇ ਅਜਿਹੇ ਭਾਵਾਂ ਨੂੰ ਵੀ ਸਥਾਈ ਬਣਾ ਸਕਦਾ ਹੈ ਜਿਹੜੇ ਮਨੁੱਖ ਨੂੰ ਆਪਣਾ ਆਲਾ ਦੁਆਲਾ ਤਬਦੀਲ ਕੀਤੇ ਬਿਨਾਂ ਹੀ ਉਸ ਨਾਲ ਰਸਾਈ ਕਰਨ ਲਈ ਉਤੇਜਿਤ ਕਰਦੇ ਹੋਣ। ਜੇ ਸਾਹਿਤ ਇਸ ਤਰ੍ਹਾਂ ਦੇ ਭਾਵਾਂ ਨੂੰ ਜਨਮ ਦਿੰਦਾ ਹੈ ਤਾਂ ਉਹ ਮਨੁੱਖ ਤਾਂ ਵੀ ਉਸਾਰੀ ਦੇ ਦ੍ਰਿਸ਼ਟੀਕੋਣ ਤੋਂ ਬਿਨਾਂ ਦ੍ਰਿਸ਼ਟੀਕੋਣ ਤੋਂ ਪਿਛਾਂਹ ਖਿੱਚੂ ਕੰਮ ਕਰ ਰਿਹਾ ਹੈ। ਸੋ ਸਾਹਿਤ ਦੇ ਪ੍ਰਕਾਰਜ ਸੰਸਕਾਰਾਂ ਦੇ ਨਿਰਮਾਣ ਨੂੰ ਚੇਤੰਨ ਭਾਂਤ ਵਰਤਣ ਦੀ ਲੋੜ ਹੈ, ਤਾਂ ਜੋ ਉਹ ਆਲੇ ਦੁਆਲੇ ਨੂੰ ਮਨੁੱਖੀ ਲੋੜਾਂ ਦੇ ਅਨੁਕੂਲ ਢਾਲਣ ਦੇ ਪ੍ਰੇਰਕ ਬਣ ਸਕਣ।
ਸਾਹਿਤ ਦਾ ਕਰਤੱਵ
ਸੋਧੋਕਰਤਵ ਇੱਕ ਨੈਤਿਕ ਸੰਕਲਪ ਹੈ। ਇਹ ਸਾਹਿਤਕਾਰ ਦੀ ਮਨੋਰਥਸ਼ੀਲ ਕਿਰਿਆ ਨਾਲ ਜੁੜਿਆ ਹੋਇਆ ਹੈ। ਸਾਹਿਤ ਦੇ ਕਰਤੱਬ ਸਬੰਧੀ ਵਿਚਾਰ ਕਰਨ ਵਾਲੇ ਵਿਦਵਾਨਾਂ ਦੀ ਇਹ ਦ੍ਰਿੜ੍ਹ ਧਾਰਨਾ ਰਹੀ ਹੈ ਕਿ ਸਾਹਿਤ ਨਿਸਚੇ ਹੀ ਸਾਹਿਤ ਤੋਂ ਬਾਹਰਲੀ ਮਨੋਰਥਾਂ ਦੀ ਪੂਰਤੀ ਕਰਦਾ ਹੈ। ਇਸ ਲਈ ਸਾਹਿਤ ਰਾਹੀਂ ਪੂਰੇ ਹੋਣ ਵਾਲੇ ਇਨ੍ਹਾਂ ਬਾਹਰੀ ਮਨੋਰਥਾਂ ਦਾ ਵਿਸ਼ਲੇਸ਼ਣ ਕਰਨਾ ਸਾਹਿਤ ਦੇ ਵਿਚਾਰਕਾਂ ਦਾ ਕਰਤੱਵ ਹੈ। ਜਦੋਂ ਅਸੀਂ ਕਰਤੱਵ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਅਰਥ ਦੀ ਚੋਣ ਕਰਨੀ ਪਵੇਗੀ ਜਿਹੜਾ ਮਨੁੱਖ ਨੂੰ ਪਸ਼ੂ ਬਣਾਉਣ ਵਾਲੇ ਆਲੇ ਦੁਆਲੇ ਤੋਂ ਆਜ਼ਾਦ ਕਰਾਉਣ ਵਾਲਾ ਹੋਵੇ। ਰੂਸ ਦੇ ਮਾਰਕਸਵਾਦੀ ਆਲੋਚਕ ਜੀ.ਵੀ. ਪਲੈਥਾਨੋਫ ਨੂੰ ਨੇ ਕਲਾ ਕਰਤੱਵ ਸਬੰਧੀ ਆਪਣੀ ਨਵੀਂ ਪਰਿਭਾਸ਼ਾ ਦਿੱਤੀ ਹੈ। ਉਹ ਲਿਖਦਾ ਹੈ ਕਿ ਕਲਾ ਉਸ ਖਿਣ ਹੋਂਦ ਵਿੱਚ ਆਉਂਦੀ ਹੈ ਜਦੋਂ ਮਨੁੱਖ ਆਪਣੇ ਅੰਦਰ ਨਵੇਂ ਸਿਰੋ ਉਹ ਵਿਚਾਰ ਤੇ ਅਨੁਭਵ ਸੁਰਜੀਤ ਕਰਦਾ ਹੈ ਜਿਨ੍ਹਾਂ ਨੂੰ ਉਸਨੇ ਆਪਣੇ ਵਾਤਾਵਰਨ ਦੇ ਅਸਰ ਹੇਠ ਪ੍ਰਗਟਾਇਆ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਉਹ ਬਿੰਬਾਵਲੀ ਰਾਹੀਂ ਕੋਈ ਖਾਸ ਪ੍ਰਗਟਾਓ ਬਖਸ਼ਦਾ ਹੈ। ਲਿਖਤ ਵਿੱਚ ਸ਼ਬਦਾਂ ਦੁਆਰਾ ਮਨੁੱਖੀ ਵਿਚਾਰ ਤੇ ਅਨੁਭਵ ਜਾਂ ਮਨੁੱਖ ਨਾਲ ਸਬੰਧਿਤ ਵਿਚਾਰ ਤੇ ਅਨੁਭਵਾਂ ਦਾ ਪ੍ਰਗਟਾ ਕਰਨਾ ਸਾਹਿਤ ਦਾ ਮਨੋਰਥ ਹੈ। ਇਹ ਵਿਚਾਰ ਅਨੁਭਵ ਇਹੋ ਜਿਹੇ ਹੋਣ ਤੇ ਸਾਹਿਤ ਦਾ ਕੀ ਕਰਤੱਵ ਹੋਵੇ, ਇਸ ਸਵਾਲ ਦਾ ਨਿਰਣਾ ਕਰਨਾ ਜ਼ਰੂਰੀ ਹੈ।
ਸਾਹਿਤ ਰਚਨਾ ਦੇ ਕੰਮ ਅਤੇ ਸਾਹਿਤ ਦਾ ਕਰਤੱਵ
ਸੋਧੋਸਾਹਿਤ ਇੱਕ ਸਮਾਜਿਕ ਕਿਰਤ ਹੋਣ ਕਰਕੇ ਸਮਾਜ ਤੇ ਸਮਕਾਲੀਨ ਵਿਕਾਸ ਪੜਾਅ ਨਾਲ ਜੁੜਿਆ ਹੋਇਆ ਹੈ। ਇਸੇ ਕਿਸੇ ਖ਼ਾਸ ਸਮੇਂ, ਕਿਸੇ ਸਮਾਜ ਵਿੱਚ ਲੋਕਾਂ ਨੂੰ ਜਿਹੜੀ ਕਿਰਤ ਸੁਹਜ ਸੁਆਦ ਦੇ ਸਕਦੀ ਹੈ, ਇਸਦੇ ਸੁਹਜ ਸੁਆਦ ਦੀ ਸੂਰਤ ਕੀ ਹੈ, ਉਸ ਸਮਾਜ ਦੀਆਂ ਵੱਖ ਵੱਖ ਸ਼੍ਰੇਣੀਆਂ ਨੂੰ ਕਿਹੜੇ ਵਿਚਾਰ ਤੇ ਕਿਹੜੇ ਅਨੁਭਵ ਕਿਸ ਕਿਸ ਤਰੀਕੇ ਨਾਲ ਕਬੂਲਣਯੋਗ ਹੋ ਸਕਦੇ ਹਨ। ਇਸ ਤਰ੍ਹਾਂ ਸਾਹਿਤ ਦੇ ਕਿਹੜੇ ਵਿਸ਼ੇ ਤੇ ਰੂਪ ਉਨ੍ਹਾਂ ਤੇ ਉਨ੍ਹਾਂ ਦੀਆਂ ਅੱਡੋ ਅੱਡ ਸ਼੍ਰੇਣੀਆਂ ਨੂੰ ਪਸੰਦ ਹੋ ਸਕਦੇ ਹਨ। ਇਸ ਸਾਰੀ ਗੱਲ ਦਾ ਨਿਰਣਾ ਉਸ ਸਮੇਂ ਦੀ ਸ਼੍ਰੇਣੀ ਵੰਡ ਤੇ ਸਮਾਜ ਵਿਕਾਸ ਦੀ ਹਾਲਤ ਤੇ ਨਿਰਭਰ ਹੈ। "ਆਲੋਚਨਾ ਦਾ ਕਰਤੱਵ ਹੈ ਕਿ ਉਹ ਵਿਗਿਆਨਕ ਤਰੀਕੇ ਨਾਲ ਉਸ ਖ਼ਾਸ ਸਮੇਂ ਦੀਆਂ ਰੁਚੀਆਂ ਤੇ ਸਥਿਤੀਆਂ ਨੂੰ ਵਿਚਾਰੇ ਤੇ ਉਸ ਕਾਲ ਦੀ ਸਾਹਿਤਕ ਕਿਰਤ ਦਾ ਰਿਸ਼ਤਾ ਸਮਾਜ ਦੀਆਂ ਗੱਲਾਂ ਨਾਲ ਜੋੜੇ।"
ਸਾਹਿਤ ਤੇ ਅਸਲੀਅਤ
ਸੋਧੋਸਾਹਿਤਕਾਰ ਆਪਣੇ ਆਲੇ ਦੁਆਲੇ ਅਸਲੀਅਤ ਦਾ ਪਸਾਰਾ ਦੇਖਦਾ ਹੈ। ਉਸ ਤੋਂ ਪ੍ਰੇਰਨਾ ਲੈ ਕੇ ਕਿਸੇ ਅੰਦਰਲੀ ਲੋੜ ਨੂੰ ਪੂਰਾ ਕਰਨ ਲਈ ਰਚਨਾ ਕਰਦਾ ਹੈ। ਇਸ ਰਚਨਾ ਦਾ ਮਨੋਰਥ ਰਸਮੀ ਤਰੀਕੇ ਨਾਲ ਇਸ ਅੰਦਰਲੀ ਲੋੜ ਦੀ ਪੂਰਤੀ ਲਈ ਆਲੇ ਦੁਆਲੇ ਪਸਰੀ ਅਸਲੀਅਤ ਬਾਰੇ ਆਪਣੇ ਭਾਵ ਤੇ ਵਿਚਾਰ ਪਾਠਕ ਪਾਠਕਾਂ ਤੱਕ ਪਹੁੰਚਾਉਣਾ ਹੈ। ਇਹ ਭਾਵ ਤੇ ਵਿਚਾਰ ਕਿਹੋ ਜਿਹੇ ਹਨ? ਅਸਲੀਅਤ ਨੂੰ ਕਿਸ ਤਰ੍ਹਾਂ ਪ੍ਰਗਟਾਉਂਦੇ ਹਨ। ਇਹ ਅਸਲੀਅਤ ਮਜ਼ਦੂਰ ਵਰਗ ਨਾਲ, ਕਿਸਾਨਾਂ ਨਾਲ ਜਾਂ ਜ਼ਿਮੀਂਦਾਰਾਂ, ਚਿੱਟ ਕੱਪੜਿਆਂ ਕਲਾਕਾਰਾਂ ਨਾਲ, ਮੱਧ ਸ਼੍ਰੇਣੀ ਨਾਲ, ਉਪਰਲੀ ਹੈਸੀਅਤ ਨਾਲ ਜਾਂ ਜਿਹੜਾ ਲੋਕਾਂ ਦੀ ਕਮਾਈ ਤੇ ਵਿਹਲੇ ਰਹਿ ਕੇ ਗੁਜ਼ਾਰਾ ਕਰਦਾ ਹੈ ਇਤਿਆਦਿ। ਅਨੇਕਾਂ ਪੱਖਾਂ ਤੋਂ ਅਸੀਂ ਉਸ ਦੇ ਅਸਲੀਅਤ ਨਾਲ ਸਾਕ ਦੀ ਪੜਚੋਲ ਕਰ ਸਕਦੇ ਹਾਂ। ਇਸੇ ਤਰ੍ਹਾਂ ਹਰ ਮਨੁੱਖ ਦੇ ਭਾਵ ਵਿਚਾਰ ਅਸਲੀਅਤ ਸਬੰਧੀ ਵੱਖੋ ਵੱਖਰੇ ਹੋਣਗੇ। ਇੱਕੋ ਸ਼੍ਰੇਣੀ ਨਾਲ ਸਬੰਧਤ ਭਾਵਾਂ ਤੇ ਵਿਚਾਰਾਂ ਵਿੱਚ ਸਮਾਨਤਾ ਹੋਵੇਗੀ. ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਵ ਤੇ ਵਿਚਾਰ ਦੂਸਰੇ ਮਨੁੱਖਾਂ ਨਾਲ ਮੇਲ ਵੀ ਖਾ ਸਕਦੇ ਹਨ, ਵੱਖੋ ਵੱਖਰੇ ਵੀ ਹੋ ਸਕਦੇ ਹਨ। ਇਸ ਤਰ੍ਹਾਂ ਜੀਵਨ ਦੀ ਅਸਲੀਅਤ ਬਾਰੇ ਉਸ ਦਾ ਦ੍ਰਿਸ਼ਟੀਕੋਣ ਸਮਝ ਤੇ ਮਨੋਭਾਵ ਨਿੱਜੀ ਹੋਣਗੇ ਜੋ ਕਈਆਂ ਨਾਲ ਕਿਸੇ ਹੱਦ ਤੱਕ ਮਿਲਦੇ ਤੇ ਕਈਆਂ ਨਾਲ ਨਾਲ ਨਾ ਮਿਲਦੇ ਹੋਣਗੇ।
ਯਥਾਰਥ ਦਾ ਨਿਰਣਾ
ਸੋਧੋਇਸ ਮਹੱਤਮ ਸੁਮਾਵਰਤਕ ਅਸਲੀਅਤ ਨੂੰ ਲੱਭਣ ਤੇ ਪੇਸ਼ ਕਰਨਾ, ਹਰ ਲਿਖਾਰੀ ਆਮ ਤੌਰ ਤੇ ਆਪਣੇ ਸਮਾਜੀ ਨਿਜ਼ਾਮ ਦੇ ਅਸਰ ਹੇਠ ਜਾਂ ਆਪਣੇ ਸ਼੍ਰੇਣੀ ਭਾਵਾਂ ਦੀ ਐਨਕ ਨਾਲ ਅਸਲੀਅਤ ਨੂੰ ਦੇਖਦਾ ਹੈ ਜਾਂ ਉਸ ਦੀਆਂ ਆਰਥਿਕ ਲੋੜਾਂ ਉਸ ਦੀਆਂ ਨਿਗਾਹਾਂ ਨੂੰ ਰੰਗਦਾਰ ਐਨਕ ਲਗਾ ਦਿੰਦੀਆਂ ਹਨ। ਇਸ ਕਰਕੇ ਜ਼ਰੂਰੀ ਨਹੀਂ ਕਿ ਕੋਈ ਲਿਖਾਰੀ ਕੇਵਲ ਲਿਖਾਰੀ ਹੋਣ ਕਰਕੇ ਜਾਂ ਯਥਾਰਥਵਾਦੀ ਹੋਣ ਕਰਕੇ ਅਸਲੀਅਤ ਪੇਸ਼ ਕਰਨੀ ਯੋਗ ਹੋ ਜਾਵੇ। ਕਈ ਵਾਰ ਅਜਿਹੇ ਯਥਾਰਥਵਾਦੀ ਲਿਖਾਰੀ ਅਸਲੀਅਤ ਦਾ ਉਹ ਟੁਕੜਾ ਪੇਸ਼ ਕਰਦੇ ਹਨ ਜਿਹੜਾ ਸਮੁੱਚੀ ਅਸਲੀਅਤ ਦੀ ਅਸਲੀਅਤ ਬਾਰੇ ਭੁਲੇਖੇ ਪਾਊ ਹੁੰਦਾ ਹੈ। ਅੰਨਿਆਂ ਦੇ ਹਾਥੀ ਨੂੰ ਛੋਹ ਕੇ ਵੇਖਣ ਵਾਲੀ ਪ੍ਰਸਿੱਧ ਕਹਾਣੀ ਵਾਂਗ ਹੋ ਸਕਦਾ ਹੈ ਕਿ ਹਰ ਲਿਖਾਰੀ ਹਾਥੀ ਦੀ ਸਮੁੱਚੀ ਸ਼ਕਲ ਦੀ ਸਚਾਈ ਦੱਸਣ ਦੀ ਥਾਂ ਉਸ ਦੀ ਸੁੰਢ, ਲੱਤ ਜਾਂ ਨੱਕ ਨੂੰ ਹੀ ਹਾਥੀ ਸਮਝਦਾ ਹੈ। ਸਭ ਤੋਂ ਦੁਖਾਂਤਕ ਭੁਲੇਖਾ ਵੀ ਇਹੋ ਹੀ ਹੈ ਕਿ ਸਾਹਿਤਕਾਰ ਹਿੱਸੇ ਨੂੰ ਸਾਬਿਤ ਸਮਝੇ ਜਾਂ ਹਿੱਸੇ ਸਾਬਤ ਦੀ ਸਮੁੱਚਤਾ ਦੇ ਭਾਗ ਦੇ ਤੌਰ ਤੇ ਨਾ ਸਮਝੇ ਹਿੱਸੇ ਦਾ ਦੂਜਿਆਂ ਹਿੱਸਿਆਂ ਨਾਲ ਸਹੀ ਸਹੀ ਰਿਸ਼ਤਾ ਨਾ ਜਾਣਦਾ ਹੋਵੇ ਤੇ ਭੁਲੇਖੇ ਵਿੱਚ ਹੋਵੇ ਤੇ ਲਿਖਤ ਵਿੱਚ ਭੁਲੇਖਾ ਪਾਵੇਂ।
ਜੀਵਨ ਦੀ ਸਮੁੱਚੀ ਅਸਲੀਅਤ
ਸੋਧੋਹਰ ਮਨੁੱਖ ਦਾ ਆਪਣਾ ਦ੍ਰਿਸ਼ਟੀਕੋਣ ਜ਼ਰੂਰ ਹੈ ਅਤੇ ਹਰ ਬੰਦੇ ਦੀ ਸੂਝ ਦਾ ਦੂਜੇ ਦੀ ਸੂਝ ਨਾਲੋਂ ਭੇਦ ਹੈ। ਇਹੋ ਕਾਰਨ ਹੈ ਕਿ ਅਸਲੀਅਤ ਤੱਕ ਪਹੁੰਚਣ ਲਈ ਕਲਾ ਦੀ ਥਾਂ ਵਿਗਿਆਨਕ ਤਰੀਕੇ ਦੀ ਲੋੜ ਪੈਂਦੀ ਹੈ। ਵਿਗਿਆਨਕ ਪਦਾਰਥ ਵੀ ਹੈ ਤੇ ਸਮਾਜਿਕ ਵੀ ਤੇ ਵਿਗਿਆਨ ਦੀਆਂ ਅਨੇਕਾਂ ਸ਼ਾਖਾ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਮਾਜ ਆਦਿ ਸਾਮਵਾਦ ਦੇ ਪੜਾਅ ਨੂੰ ਲੰਘਦੇ ਸਾਰ ਸ਼੍ਰੇਣੀਆਂ ਵਿੱਚ ਵੰਡੀ ਗਈ ਤੇ ਇਨ੍ਹਾਂ ਸ਼੍ਰੇਣੀਆਂ ਦੇ ਆਪਸੀ ਘੋਲ ਰਾਹੀਂ ਸਮਾਜਿਕ ਤਬਦੀਲੀਆਂ ਹੋਂਦ ਵਿੱਚ ਆਈਆਂ। ਤਿੰਨ ਮੋਟੀਆਂ ਤੇ ਸਪੱਸ਼ਟ ਸਟੇਜਾਂ ਇਸ ਵਿਕਾਸ ਦੇ ਲੰਬੇ ਪੰਧ ਵਿੱਚ ਵਾਪਰੀਆਂ-
- ਗੁਲਾਮੀ ਦੀ ਸਟੇਜ
- ਸਾਮੰਤੀ ਸਟੇਜ
- ਪੂੰਜੀਸ਼ਾਹੀ ਦੀ ਸਟੇਜ
ਆਰੰਭ ਵਿੱਚ ਮਾਲਕ ਤੇ ਗੁਲਾਮ ਦੀ ਪ੍ਰਥਾ ਚੱਲੀ। ਗੁਲਾਮ ਸ਼੍ਰੇਣੀ ਨੇ ਮਾਲਕਾਂ ਨੂੰ ਹਲੂਣਿਆ ਅਤੇ ਨਵੀਂ ਜ਼ਿਮੀਦਾਰੀ ਸਟੇਜ ਹੋਂਦ ਵਿੱਚ ਆਈ। ਇਹ ਸਟੇਜ ਸਾਮੰਤਸ਼ਾਹੀ ਯੁੱਗ ਅਖਵਾਉਂਦੀ ਹੈ। ਇਸ ਪਿੱਛੋਂ ਪੂੰਜੀਪਤੀ ਸ਼੍ਰੇਣੀ ਦੇ ਆਉਣ ਨਾਲ ਸਾਮੰਤਸ਼ਾਹੀ ਯੁੱਗ ਅਰਥਾਤ ਰਾਜਿਆਂ ਮਹਾਰਾਜਿਆਂ, ਵਿਸ਼ਵੇਦਾਰਾਂ, ਜਾਗੀਰਦਾਰਾਂ ਦਾ ਯੁੱਗ ਖਤਮ ਹੋ ਗਿਆ। ਪੂੰਜੀਪਤੀ ਸ਼੍ਰੇਣੀ ਸਾਮੰਤੀ ਸ਼੍ਰੇਣੀ ਨੂੰ ਚਿੱਤ ਕਰਕੇ ਆਪਣੀ ਸਿਕੰਦਰੀ ਕਾਇਮ ਕਰਦੀ ਹੈ। ਸਮਾਜ ਦੀ ਬਣਤਰ ਦੀ ਨੀਂਹ ਵਿੱਚ ਲੋਕਾਂ ਦੇ ਆਰਥਿਕ ਰਿਸ਼ਤੇ ਤੇ ਪੈਦਾਵਾਰੀ ਰਿਸ਼ਤੇ ਤੇ ਪੈਦਾਵਾਰੀ ਸ਼ਕਤੀਆਂ ਦਾ ਸੱਚ ਹੁੰਦਾ ਹੈ। ਇਸ ਉੱਤੇ ਸਮਾਜੀ, ਰਿਸ਼ਤਿਆਂ, ਇਸਤਰੀ ਤੇ ਮਰਦ, ਜਾਤਾਂ ਦੇ ਸਬੰਧ, ਧਰਮ, ਮਜ਼ਹਬ, ਸਦਾਚਾਰ ਆਦਿ ਦੀਆਂ ਮੰਜ਼ਿਲਾਂ ਉਸਰਦੀਆਂ ਹਨ। ਇਸਤਰੀ ਮਰਦਾਂ ਦਾ ਸਬੰਧ ਨੀਂਹ ਦੇ ਅਰਥਚਾਰੇ ਤੇ ਨਿਰਭਰ ਹੈ। ਜੇ ਮਰਦ ਜਾਇਦਾਦ ਜਾਂ ਪੂੰਜੀ ਦਾ ਮਾਲਕ ਹੈ ਤਾਂ ਉਹ ਇਸਤਰੀ ਦਾ ਵੀ ਸਵਾਮੀ ਹੈ। ਜੇ ਇਸਤਰੀ ਕੋਲ ਪੈਦਾਵਾਰ ਦੇ ਸਾਧਨ ਨਹੀਂ ਹਨ ਅਤੇ ਜਿਸ ਹੱਦ ਤੱਕ ਹਨ ਉਸ ਹੱਦ ਤੱਕ ਉਹ ਸਵਾਧੀਨ ਹੈ। ਜਦ ਨਹੀਂ ਬਦਲਦੀ ਹੈ ਤਾਂ ਉਸਾਰ ਆਪਣੇ ਆਪ ਬਦਲ ਜਾਂਦਾ ਹੈ। ਗੁਲਾਮੀ ਦੇ ਦੌਰ ਵਿੱਚ ਗੁਲਾਮੀ ਮਜ਼ਹਬ ਵੱਲੋਂ ਪ੍ਰਵਾਨ ਸੀ। ਪੂੰਜੀਵਾਦੀ ਯੁੱਗ ਵਿੱਚ ਵਿਅਕਤੀ ਦੇ ਹੱਕਾਂ ਦੀ ਆਵਾਜ਼ ਉਠੀ ਅਤੇ ਗੁਲਾਮੀ ਤੇ ਕਮੀਣਾਂ ਦੀ ਹੀਣਤਾ ਨੂੰ ਸਦਾਚਾਰ ਦਰਸ਼ਨ ਨੂੰ ਭੰਡਿਆ। ਕਿਰਤੀ ਤੇ ਪੂੰਜੀਪਤੀਆਂ ਦੇ ਘੋਲ ਪਿੱਛੋਂ ਜਦ ਸਮਾਜਵਾਦ ਦੀ ਸਥਾਪਨਾ ਹੁੰਦੀ ਹੈ ਤਾਂ ਨੀਂਹਲ ਇਨਕਲਾਬੀ ਤੌਰ ਤੇ ਬਦਲਦੀ ਹੈ ਤੇ ਇਸਦੇ ਨਾਲ ਹੀ ਸਦਾਚਾਰੀ ਕੀਮਤਾਂ ਵਿੱਚ ਭਾਰੀ ਪਰਿਵਰਤਨ ਆਉਂਦਾ ਹੈ। ਮਾਰਕਸਵਾਦੀ ਦ੍ਰਿਸ਼ਟੀ ਅਨੁਸਾਰ ਅਸਲ ਤੇ ਨੀਂਹ ਅਸਲੀਅਤ ਇਹੋ ਹੈ ਜਿਸ ਦੀਆਂ ਦੋ ਬੁਨਿਆਦੀ ਸੱਚਾਈਆਂ ਦਾ ਉੱਪਰ ਉਲੇਖ ਆਇਆ ਹੈ। ਇਹ ਨਿਰਣਾ ਹੀ ਸਮਾਜ ਦੀ ਅਸਲ ਸੱਚਾਈ ਹੈ। ਯਥਾਰਥ ਨੂੰ ਸਮਝਣਾ ਸਾਹਿਤਕਾਰ ਦਾ ਫਰਜ਼ ਹੈ। ਫਿਰ ਇਸ ਯਥਾਰਥ ਨੂੰ ਸਾਹਿਤ ਰਚਨਾ ਵਿੱਚ ਨਿਭਾਉਣਾ ਸਾਹਿਤਕਾਰ ਦਾ ਦੂਜਾ ਫਰਜ਼ ਹੈ।
ਨਿਰਾ ਯਥਾਰਥਵਾਦ
ਸੋਧੋਸਾਹਿਤਕਾਰ ਅਜਿਹਾ ਝਲ ਵਲੱਲਾ ਫੋਟੋਗ੍ਰਾਫਰ ਨਹੀਂ ਕਿ ਜਿਹੜਾ ਕੈਮਰਾ ਫੜ੍ਹ ਕੇ ਜੋ ਦ੍ਰਿਸ਼ ਅੱਗੇ ਆਵੇ, ਫੋਟੋ ਲਈ ਜਾਵੇ। ਨਹੀਂ, ਉਹ ਚੋਣ ਕਰਦਾ ਹੈ, ਦ੍ਰਿਸ਼ ਦੀ ਫਾਲਤੂ ਵਸਤਾਂ ਨੂੰ ਕੱਟਦਾ ਹੈ ਕੌਣ ਨੀਅਤ ਕਰਦਾ ਹੈ, ਧੁੱਪ ਛਾਂ ਦੇਖਦਾ ਹੈ, ਵਿਥ ਨੂੰ ਮਿਲਦਾ ਹੈ। ਇਸ ਤਰ੍ਹਾਂ ਫੋਟੋਗ੍ਰਾਫਰ ਵੀ ਚੋਣ ਕਰਦਾ ਹੈ, ਬੁੱਧੀ ਵਰਤਦਾ ਹੈ ਤੇ ਚੋਣ ਵਿੱਚ ਬੁੱਧੀ ਵਰਤਕੇ ਕਲਾ ਪੈਦਾ ਕਰਦਾ ਹੈ। ਸੁੰਦਰਤਾ ਨੂੰ ਜਨਮਦਾ ਹੈ. ਸਾਹਿਤਕਾਰ ਸੁਚੇਤ ਕਲਾਕਾਰ ਹੈ, ਜਿਹੜਾ ਬਾਹਰਲੀ ਹਕੀਕਤ ਨੂੰ ਸਾਧਨ ਰੱਖ ਕੇ ਅੰਦਰਲੀ ਅਸਲੀਅਤ ਨੂੰ ਉਜਾਗਰ ਕਰਦਾ ਹੈ। ਸਾਹਿਤਕਾਰ ਚੋਣ ਕਰਦਾ ਹੈ ਅਤੇ ਅਸਲੀਅਤ ਨੂੰ ਸਥੂਲ ਹਾਲਤ ਵਿੱਚ ਨਹੀਂ, ਸਗੋਂ ਉਸ ਦੇ ਅੰਦਰਲੇ ਸੱਤ ਦੀ ਹਾਲਤ ਵਿੱਚ ਪ੍ਰਗਟਾਉਂਦਾ ਹੈ, ਪ੍ਰਗਟ ਅਸਲੀਅਤ ਦੀ ਸਹਾਇਤਾ ਨਾਲ ਉਹ ਅੰਦਰਲੀ ਹਕੀਕਤ ਨੂੰ ਉਘਾੜਦਾ ਹੈ। ਦੁਨੀਆਂ ਦੇ ਬੰਦਿਆਂ ਵਸਤਾਂ ਨੂੰ ਸਾਹਿਤ ਰਚਨਾ ਵਿੱਚ ਇਸ ਤਰ੍ਹਾਂ ਵਰਤਦਾ ਹੈ ਜਿਸ ਨਾਲ ਬੰਦਿਆਂ ਤੇ ਵਸਤਾਂ ਬਾਰੇ ਅਸਲੀਅਤ ਉਜਾਗਰ ਹੋ ਜਾਵੇ। ਸਾਹਿਤਕਾਰ ਦਿਸਦੀ ਅਸਲੀਅਤ ਵਿੱਚੋਂ ਚੋਣ ਕਰਕੇ ਆਪਣੇ ਖਾਸ ਦ੍ਰਿਸ਼ਟੀਕੋਣ ਤੋਂ ਸਾਰੀਆਂ ਗੱਲਾਂ ਨੂੰ ਇਸ ਵਿਉਂਤ ਨਾਲ ਜੋੜਦਾ ਹੈ ਕਿ ਅੰਦਰਲੀ ਤੇ ਵਡੇਰੀ ਅਸਲੀਅਤ ਉਸ ਦੀ ਸਾਹਿਤ ਕਿਰਤ ਵਿੱਚ ਆ ਜਾਵੇ। ਇਹ ਕਿਰਤ ਹੀ ਅਸਲੀਅਤ, ਸਮੁੱਚੀ ਅਸਲੀਅਤ ਦਾ ਭਾਗ ਹੋਵੇਗੀ।
ਸਾਹਿਤ ਅਤੇ ਸਦਾਚਾਰ
ਸੋਧੋਸਾਹਿਤ ਦਾ ਸਦਾਚਾਰ ਨਾਲ ਗੂੜ੍ਹਾ ਸਬੰਧ ਹੈ। ਇਹ ਸਾਹਿਤਕਾਰ ਅਚਾਰ ਨਾਲ ਤਿੰਨ ਪ੍ਰਕਾਰ ਦਾ ਵਰਤਾਓ ਕਰਨ ਤੇ ਮਜ਼ਬੂਰ ਹੁੰਦਾ ਹੈ-
- ਉਸ ਤੋਂ ਅਵੇਸਲਾ ਰਹਿਣਾ
- ਉਸ ਦੀ ਪ੍ਰੋੜਤਾ ਵਿੱਚ ਲਿਖਣਾ
- ਉਸ ਦੀ ਘੱਟ ਜਾਂ ਵੱਧ ਵਿਰੋਧਤਾ ਕਰਨੀ
ਮਨੁੱਖ ਜਦ ਸਮੇਂ ਤੇ ਸਦਾਚਾਰ ਤੋਂ ਅਵੇਸਲਾ ਰਹਿ ਕੇ ਲਿਖਣ ਦਾ ਯਤਨ ਕਰਦਾ ਹੈ ਤਾਂ ਵੀ ਉਹ ਅਜਿਹਾ ਨਹੀਂ ਕਰ ਸਕਦਾ, ਕਿਉਂਕਿ ਖ਼ੁਦ ਵੀ ਤਾਂ ਉਹ ਸਮਾਜਿਕ ਤੇ ਆਚਾਰਕ ਜੀਵ ਹੈ ਤੇ ਉਸ ਦੀ ਲਿਖਤ ਉਸ ਦੇ ਅੰਦਰੋਂ ਨਿਕਲਦੀ ਹੈ। ਇਸ ਲਈ ਆਚਾਰ ਉਸ ਦੀ ਰਚਨਾ ਵਿੱਚ ਪ੍ਰਵੇਸ਼ ਕਰਨੋਂ ਨਹੀਂ ਰਹਿ ਸਕਦਾ। ਜੇ ਚੇਤਨ ਰੂਪ ਵਿੱਚ ਹੀ ਇਸ ਤੋਂ ਅਵੇਸਲਾ ਰਹਿਣ ਦਾ ਯਤਨ ਕੀਤਾ ਜਾਵੇ ਤਾਂ ਵੀ ਆਚਾਰ ਨੂੰ ਲਾਂਭੇ ਰੱਖਿਆ ਨਹੀਂ ਜਾ ਸਕਦਾ, ਪਰ ਇਹ ਸੰਭਵ ਨਹੀਂ ਕਿ ਮਨੁੱਖ ਸਾਹਿਤਕ ਕਿਰਤ ਕਰੇ ਤੇ ਉਸ ਵਿੱਚ ਮਨੁੱਖ ਦੀ ਸਮਾਜਿਕ ਅਸਲੀਅਤ ਦਾ ਉਹ ਪੱਖ ਜੋ ਆਚਾਰ ਸ਼ਾਸਤਰ ਵਿੱਚ ਪ੍ਰਗਟ ਹੁੰਦਾ ਹੈ ਨਾ ਆਵੇ। ਆਮ ਤੌਰ ਤੇ ਦੇਖਣ ਵਿੱਚ ਆਇਆ ਹੈ ਕਿ ਆਚਾਰ ਤੋਂ ਅਵੇਸਲਾਪਨ ਵਿਖਾਉਣ ਦੇ ਚਾਹਵਾਨ ਲਿਖਾਰੀ ਜਦ ਅਜਿਹਾ ਕਰਨ ਦਾ ਯਤਨ ਕਰਦੇ ਹਨ ਤਾਂ ਉਹ ਦਰਅਸਲ ਉਸ ਕਾਲੀਨ ਆਚਾਰਕ ਕੀਮਤਾਂ ਤੋਂ ਭਾਵੇਂ ਅਵੇਸਲੇ ਹੋ ਜਾਣ ਉਨ੍ਹਾਂ ਦੀ ਥਾਂ ਹੋਰ ਨਵੀਆਂ ਆਚਾਰ ਕੀਮਤਾਂ ਲਿਆ ਖਲਿਆਰਨ ਤੋਂ ਨਹੀਂ ਬਚ ਸਕਦੇ। ਫਿਰ ਪਾਠਕ ਲੋਕ ਹਰ ਸਾਹਿਤਕ ਰਚਨਾ ਨੂੰ ਅਚਾਨਕ ਪੱਧਰ ਤੇ ਜ਼ਰੂਰ ਜਾਂਦੇ ਹਨ। ਜੇਕਰ ਸਾਹਿਤ ਰਚਨਾ ਸਾਹਿਤਕਾਰ ਨਵੀਂ ਵੱਲੋਂ ਕੇਵਲ ਮਨ ਪਰਚਾਵੇ ਲਈ ਕੀਤੀ ਜਾਂਦੀ ਹੋਵੇ ਤਾਂ ਇਸਤਾਂ ਕਿਸੇ ਨੂੰ ਕੀ ਉਹ ਜਿਹੋ ਜਿਹਾ ਮਰਜ਼ੀ ਆਚਾਰ ਦ੍ਰਿਸ਼ਟੀਕੋਣ ਰੱਖੇ। ਪਰ ਕਿਉਂਕਿ ਸਾਹਿਤ ਹੋਰਨਾਂ ਦੇ ਪੜ੍ਹਨ ਦੀ ਵਸਤੂ ਹੈ, ਇਸ ਲਈ ਹੋਰਨਾਂ ਨੇ ਹਰ ਹਾਲਤ ਵਿੱਚ ਆਪਣੇ ਜੀਵਨ ਉੱਤੇ ਇਸ ਦੇ ਚੰਗੇ ਮੰਦੇ ਪ੍ਰਭਾਵ ਨੂੰ ਵਿਚਾਰਨਾ ਹੋਇਆ ਤੇ ਇਸ ਤਰ੍ਹਾਂ ਸਾਹਿਤ ਲੋਕਾਂ ਵੱਲੋਂ ਅਚਾਨਕ ਤੌਰ ਤੇ ਵੀ ਗਿਣਿਆ ਨਿਰਣਿਆਂ ਜਾਂਦਾ ਹੈ।
ਸੱਤ ਸ਼ਿਵ ਸੁੰਦਰ
ਸੋਧੋਪੱਛਮ ਤੇ ਪੂਰਬ ਦੇ ਵਿਦਵਾਨਾਂ ਨੇ ਚੰਗੇ ਸਾਹਿਤ ਦੀਆਂ ਇਹ ਸਿਫ਼ਤਾਂ ਲਿਖੀਆਂ ਹਨ-ਸਤ ਸ਼ਿਵ ਸੁੰਦਰ। ਇਹ ਵਾਕੰਸ਼ ਯੂਨਾਨੀ ਚਿੰਤਕ ਅਰਸਤੂ ਦੇ ਇੱਕ ਗੁਰ ਦਾ ਸੰਸਕ੍ਰਿਤਿਕ ਅਨੁਵਾਦ ਹੈ। ਅੰਗਰੇਜ਼ੀ ਵਿੱਚ ਇਹ ਫਾਰਮੂਲਾ The true, The Good, Thew beautiful ਬਣਦਾ ਹੈ।
ਸੱਤ
ਸੋਧੋਸੱਤ ਤੋਂ ਮੁਰਾਦ ਹੈ ਕਿ ਸਾਹਿਤ ਕੂੜ, ਝੂਠ, ਬਨਾਉਟੀਪਣ ਅਯਥਾਰਥ ਆਦਿ ਤੋਂ ਪ੍ਰਹੇਜ਼ ਕਰੇ। ਆਪਣੇ ਵਿਸ਼ੇ ਵਸਤੂ ਵਿੱਚ ਜੀਵਨ ਦੀ ਅਸਲੀਅਤ ਦੇ ਉਲਟ ਨਾ ਜਾਵੇ।
ਸ਼ਿਵ
ਸੋਧੋਸ਼ਿਵ ਦਾ ਅਰਥ ਹੈ ਕਲਿਆਣਕਾਰੀ। ਸਾਹਿਤ, ਸਾਹਿਤ ਲਈ ਨਹੀਂ, ਸਗੋਂ ਜੀਵਨ ਲਈ। ਸਾਹਿਤ ਦੀ ਸ਼ਿਵ ਸਿਫ਼ਤ ਇਸ ਅਸੂਲ ਵੱਲ ਸੰਕੇਤ ਕਰਦੀ ਹੈ।
ਸੁੰਦਰ
ਸੋਧੋਸੁੰਦਰਤਾ ਦੀ ਸਿਫਤ ਸਾਹਿਤ ਦੀ ਟੈਕਨੀਕ ਤੇ ਰੂਪ-ਵਿਧਾਨ ਸਬੰਧੀ ਹੈ। ਸੱਤ ਤੇ ਸ਼ਿਵ ਦੀਆਂ ਪਹਿਲੀਆਂ ਦੋ ਸਿਫ਼ਤਾਂ ਸਾਹਿਤ ਦੇ ਵਿਸ਼ਾ ਵਸਤੂ ਨਾਲ ਸਬੰਧਤ ਹਨ। ਤੀਜੀ ਸੁੰਦਰ ਵਸਤੂ ਨੂੰ ਕਲਾਵੰਤ ਰੂਪ ਵਿੱਚ ਨਿਭਾਉਣ ਨਾਲ ਤਅੱਲਕ ਰੱਖਦੀ ਹੈ। ਮਤਲਬ ਇਹ ਹੈ ਕਿ ਮਹਾਨ ਸਾਹਿਤ ਲਈ ਵਿਸ਼ੇ ਵਸਤੂ ਦਾ ਮਹਾਨ ਹੋਣਾ ਜ਼ਰੂਰੀ ਨਹੀਂ। ਉਸ ਮਹਾਨ ਵਿਸ਼ੇ ਵਸਤੂ ਦਾ ਕਲਾਪੂਰਨ ਨਿਭਾਅ ਵੀਂ ਅਨਿਵਾਰੀ ਲੋੜ ਹੈ। ਤਕਨੀਕ ਤਾਂ ਹੀ ਸੁੰਦਰ ਹੈ ਜੇਕਰ ਉਹ ਵਿਸ਼ੇ ਨੂੰ ਪੂਰਨ ਭਾਂਤ ਨਿਭਾਉਂ ਦੇ ਯੋਗ ਹੈ, ਨਹੀਂ ਤਾਂ ਉਹ ਸੁੰਦਰ ਜਾਪਦੀ ਵੀ ਸੁੰਦਰ ਨਹੀਂ ਹੋਵੇਗੀ। ਕਈ ਤਾਂ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਸੱਤ ਤੇ ਸ਼ਿਵ ਦੀਆਂ ਸਿਫ਼ਤਾਂ ਨੂੰ ਸਾਹਿਤ ਰਚਨਾ ਵਿੱਚ ਪ੍ਰਾਪਤ ਕਰਨ ਦੀ ਕਲਾ ਦਾ ਨਾਂ ਹੀ ਸੁੰਦਰਤਾ ਹੈ। ਸਾਡੇ ਦੇਸ਼ ਦੀ ਚੇਤਨਾ ਦਾ ਪ੍ਰਧਾਨ ਰੂਪ ਭੂਪਵਾਦੀ ਹੈ। ਇਸ ਦੇ ਦੋ ਪੱਖ ਹਨ-ਇੱਕ ਮਾਨਵੀ ਧ੍ਰੋਹੀ ਤੇ ਦੂਸਰਾ ਮਾਨਵ ਪੱਖੀ। ਸਾਡੇ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਭੂਪਵਾਦੀ ਮਾਨਵੀ ਕੀਮਤਾਂ ਜਿਹਾ ਕਿ ਤਿਆਗ, ਸਰਬ ਸੰਤੋਖ, ਹਮਦਰਦੀ ਆਦਿ ਦਾ ਪ੍ਰਚਾਰ ਕਰਨਾ ਆਪਣੀ ਕਲਾ ਦਾ ਕਰਤੱਵ ਬਣਾਇਆ ਹੈ। ਅੱਜ ਕੱਲ੍ਹ ਕੁਝ ਆਲੋਚਕਾਂ ਨੇ ਵੀ ਇਸ ਉੱਤੇ ਲੋੜ ਨਾਲੋਂ ਵੱਧ ਜ਼ੋਰ ਦੇਣਾ ਸ਼ੁਰੂ ਕੀਤਾ ਹੋਇਆ ਹੈ। ਅੱਜ ਦਾ ਮਨੁੱਖ ਤਿਆਗ, ਸਬਰ ਸੰਤੋਖ, ਤੇ ਹਮਦਰਦੀ ਦੀਆਂ ਕੀਮਤਾਂ ਤੋਂ ਪ੍ਰੇਰਿਤ ਹੋ ਕੇ ਮਨੁੱਖੀ ਆਲਾ ਦੁਆਲਾ ਸਿਰਜਣ ਦੇ ਰਾਹ ਪੈਂਦਾ ਪ੍ਰਤੀਤ ਨਹੀਂ ਹੁੰਦਾ। ਸਗੋਂ ਉਹ ਆਪਣੇ ਹੱਕਾਂ ਦੀ ਰਾਖੀ ਲਈ ਅਜਿਹਾ ਕਰਨ ਵਾਸਤੇ ਤਿਆਰ ਹੋ ਸਕਦਾ ਹੈ। ਮਿਸਾਲ ਵਜੋਂ ਅੱਜ ਦਾ ਲੋੜਵੰਦ ਮਨੁੱਖ ਕਿਸੇ ਨਾਲ ਇਸੇ ਲਈ ਵੈਰ ਸਹੇੜਨ ਵਾਸਤੇ ਤਿਆਰ ਨਹੀਂ ਕਿ ਕੋਈ ਜ਼ਾਲਮ ਹੈ ਜਾਂ ਮਾਇਆ ਦਾ ਦਾਸ ਹੈ ਅਥਵਾ ਮਾਨਵ ਪੱਖੀ ਕੀਮਤਾਂ ਦਾ ਵਿਰੋਧੀ ਹੈ। ਸਗੋਂ ਇਸ ਲਈ ਲੜਦਾ ਮਰਦਾ ਹੈ ਕਿ ਉਹ ਉਸ ਦੇ ਆਪਣੇ ਹੱਕਾਂ ਉੱਤੇ ਛਾਪਾ ਮਾਰਦਾ ਹੈ, ਸੋ ਅੱਜ ਦੇ ਮਨੁੱਖ ਦੀ ਮੁੱਖ ਪ੍ਰੇਰਨਾ ਅਜਿਹੀ ਚੇਤਨਾ ਬਣ ਸਕਦੀ ਹੈ ਜਿਹੜੀ ਉਸ ਨੂੰ ਆਪਣੀ ਲੋੜਾਂ ਦਾ ਗਿਆਨ ਕਰਵਾਉਂਦੀ ਹੈ। ਤਿਆਗ, ਸਰਬ, ਸੰਤੋਖ ਜਾਂ ਹਮਦਰਦੀ ਦੇ ਸੰਸਕਾਰ ਪੈਦਾ ਕਰਨ ਦੀ ਬਜਾਏ ਆਪਣੇ ਹੱਕ ਲਈ ਲੜ ਮਰਨ ਨੂੰ ਸਦਾਚਾਰਕ ਠਹਿਰਾਉਂਦੀ ਹੈ, ਕਿਸੇ ਦਾ ਭਲਾ ਕਰਨ ਵਿੱਚੋਂ ਸ਼ਾਂਤੀ ਲੱਭਣ ਦੀ ਬਜਾਏ ਦ੍ਰਿੜ੍ਹ ਕਰਵਾਉਂਦੀ ਹੈ ਕਿ ਉਸ ਦਾ ਭਲਾ ਆਪਣੇ ਵਰਗੇ ਲੋੜਵੰਦਾਂ ਨਾਲ ਰਲ ਕੇ ਹੱਕਾਂ ਤੇ ਛਾਪਾ ਮਾਰਨ ਵਾਲੀ ਤੇ ਵਿਰੁੱਧ ਜਦੋਂ ਜੱਦੋ ਜਹਿਦ ਕਰਨ ਵਿੱਚ ਹੈ। ਇਸ ਦਾ ਮੂਲ ਅਨੁਭਵ ਇਹ ਹੁੰਦਾ ਹੈ ਕਿ ਜੱਦੋ ਜਹਿਦ ਜਹਿਦ ਕਰਨ ਵਿੱਚ ਉਸ ਦਾ ਆਪਣਾ ਹਿੱਤ ਹੈ ਤੇ ਉਹ ਆਪਣਾ ਹਿੱਤ ਤਾਂ ਹੀ ਪੂਰਾ ਕਰ ਸਕਦਾ ਹੈ ਜੇ ਉਹ ਆਪ ਯਤਨ ਕਰੇ। ਅਜਿਹੇ ਭਾਵ ਅੱਜ ਦੇ ਯੁੱਗ ਦੀ ਦੇਣ ਹਨ, ਕਿਉਂਕਿ ਇਹ ਅੱਜ ਦੇ ਯੁੱਗ ਦੀ ਲੋੜ ਹਨ। ਮਨੁੱਖੀ ਸ਼ਖ਼ਸੀਅਤ ਨੂੰ ਇੰਨ੍ਹਾਂ ਭਾਵਾਂ ਦੇ ਲੜ ਲਾਉਣ ਵਾਲਾ ਸਾਹਿਤ ਹੀ ਮਨੁੱਖੀ ਉਸਾਰੀ ਦੇ ਦ੍ਰਿਸ਼ਟੀਕੋਣ ਤੋਂ ਆਪਣਾ ਕਰਤੱਵ ਨਿਭਾਉਂਦਾ ਕਿਹਾ ਜਾ ਸਕਦਾ ਹੈ।
ਸਿੱਟਾ
ਸੋਧੋਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਹਿਤ ਦੇ ਕਰਤੱਵ ਦੀ ਪੂਰਤੀ ਲਈ ਸਾਹਿਤ ਦੇ ਪ੍ਰਕਾਰਜ ਦੀ ਸਮਝ ਜ਼ਰੂਰੀ ਹੈ, ਕਿਉਂਕਿ ਸਾਹਿਤ ਆਪਣੇ ਕਰਤੱਵ ਦੀ ਪੂਰਤੀ ਆਪਣੇ ਪ੍ਰਕਾਰਜ ਰਾਹੀਂ ਹੀ ਕਰ ਸਕਦਾ ਹੈ। ਪਰ ਕਰਤੱਵ ਸਾਹਿਤ ਦੇ ਪ੍ਰਕਾਰਜ ਨੂੰ ਚੇਤੰਨ ਭਾਂਤ ਵਰਤਣ ਦੀ ਮੰਗ ਕਰਦਾ ਹੈ। ਇਹ ਚੇਤਨਤਾ ਮਾਇਆ ਦੇ ਨਿਜਾਮ ਤੋਂ ਮੁਕਤ ਹੋਣ ਦੀ ਚੇਤਨਤਾ ਹੈ। ਜਿਸ ਦਾ ਮਤਲਬ ਮਾਇਆ ਦਾ ਤਿਆਗ ਨਹੀਂ ਸਗੋਂ ਮਾਇਆ ਪੈਦਾ ਕਰਨਾ ਹੈ। ਸੋ ਸਾਹਿਤ ਦਾ ਕਰਤੱਵ ਹੈ ਕਿ ਉਹ ਮਾਇਆ ਦੇ ਉਤਪਾਦਕਾਂ ਵਿੱਚ ਉਸ ਦੀ ਵਰਤੋਂ ਦਾ ਅਹਿਸਾਸ ਪੈਦਾ ਕਰੇ ਅਤੇ ਆਪਣੀ ਪੈਦਾ ਕੀਤੀ ਹੋਈ ਮਾਇਆ ਉੱਤੇ ਅਧਿਕਾਰ ਪ੍ਰਾਪਤ ਕਰਨ ਲਈ ਲੋੜੀਂਦੇ ਸੰਸਕਾਰ ਸਿਰਜੇ। ਮਹਾਨ ਸਾਹਿਤ ਦਾ ਇਹੀ ਕਰਤੱਵ ਹੈ।
ਹਵਾਲੇ
ਸੋਧੋ- ਸਾਹਿਤ ਦੇ ਮੁੱਖ ਰੂਪ, ਡਾ. ਰੌਸ਼ਨ ਲਾਲਾ ਅਹੂਜਾ, ਪ੍ਰੋ. ਗੁਰਦਿਆਲ ਸਿੰਘ ਫੁੱਲ,
- ਸਾਹਿਤ ਦੇ ਚਿੰਤਨ, ਟੀ. ਆਰ. ਵਿਨੋਦ
- ਸਾਹਿਤ ਦੀ ਰੂਪ ਰੇਖਾ, ਡਾ. ਗੁਰਚਰਨ ਸਿੰਘ
- ਪੱਛਮੀ ਕਾਵਿ ਸਿਧਾਂਤ