ਸਾਹੇ ਚਿੱਠੀ
ਸਾਹੇ-ਚਿੱਠੀ[1], ਇਹਨੂੰ ਵਿਆਹ ਦੀ ਚਿੱਠੀ ਵੀ ਆਖਦੇ ਹਨ।ਇਹ ਚਿੱਠੀ ਪਹਿਲੇ ਸਮਿਆਂ ਚ ਦੋ ਮਹੀਨੇ ਪਹਿਲਾਂ ਭੇਜ ਦਿੰਦੇ ਸੀ ਉਦੋਂ ਇਸ ਚਿੱਠੀ ਦੀ ਰਸਮ ਤੋਂ ਬਾਅਦ ਵਿਆਹ ਵਾਲੀ ਕੁੜੀ ਤੇ ਮੁੰਡੇ ਦੇ ਘਰਾਂ ਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ ਪਰ ਹੁਣ ਇਹ ਕਈ ਵਾਰ ਜਾਬਤਾ ਜਿਹਾ ਪੂਰਾ ਕਰਨ ਲਈ 5,7 ਦਿਨ ਪਹਿਲਾਂ ਵੀ ਭੇਜ ਦਿਤੀ ਜਾਂਦੀ ਹੈ।ਇਹ ਚਿੱਠੀ ਧੀ ਵਾਲਿਆਂ ਵਲੋਂ ਸਤਿਕਾਰ ਨਾਲ ਮੁੰਡੇ ਵਾਲਿਆਂ ਦੇ ਘਰ ਭੇਜੀ ਜਾਂਦੀ ਹੈ। ਸਿਆਣੇ ਬੰਦੇ ਸਲਾਹ ਕਰਦੇ ਸਨ ਕਿ ਕਿਸ ਦਿਨ ਚਿੱਠੀ ਭੇਜਣੀ ਹੈ। ਉਸ ਤੋਂ ਇਕ ਦਿਨ ਪਹਿਲਾਂ ਸ਼ਰੀਕੇ ਭਾਈਚਾਰੇ ਵਿੱਚ ਲਾਗੀ ਦੇ ਹੱਥ ਸੱਦਾ ਭੇਜਿਆ ਜਾਂਦਾ ਸੀ । ਜਦੋਂ ਘਰ ਦੀ ਬੈਠਕ ਚ ਸ਼ਰੀਕੇ ਦੇ ਮੋਹਤਬਰ ਇਕੱਠੇ ਹੋ ਜਾਂਦੇ ਤਾਂ ਪੜਿਆ ਲਿਖਿਆ ਵਿਅਕਤੀ ਚਿੱਠੀ ਲਿਖਦਾ ,ਚਿੱਠੀ ਧੀ ਦੇ ਪਰਿਵਾਰ ਵੱਲੋਂ ਲਿਖੀ ਜਾਂਦੀ ।
ਇਕ ਓਅੰਕਾਰ ਲਿਖ ਕੇ ਲਿਖਤੁਮ ਫਲਾਣਾ ਸਿੰਘ ਕਰਕੇ ਲਿਖੀ ਜਾਂਦੀ ਕਿ ਸਾਡੀ ਧੀ ਦਾ ਵਿਆਹ ਤੁਹਾਡੇ ਪੁੱਤਰ ਫਲਾਣਾ ਸਿੰਘ ਨਾਲ ਇਸ ਤਾਰੀਖ ਨੂੰ ਹੋਣਾ ਤੈਅ ਹੋਇਆ ਸੋ ਤੁਸੀਂ ਉਸ ਤਾਰੀਖ ਨੂੰ ਜੰਞ ਲੈ ਕੇ ਸਾਡੇ ਪਿੰਡ/ ਸ਼ਹਿਰ ਪਧਾਰੋ, ਨਾਲ ਬੇਨਤੀ ਵੀ ਕਰ ਦਿੰਦੇ ਸੀ ,ਸਮੇਂ ਸਿਰ ਪਹੁੰਚ ਜਾਣਾ ਜੀ ਤਾਂ ਜੋ ਅਨੰਦ ਕਾਰਜ ਦੀ ਰਸਮ 12 ਵਜੇ ਤੋਂ ਪਹਿਲਾਂ ਹੋ ਜਾਵੇ। ਤੇ ਥੱਲੇ ਨਾਮ ਲਿਖ ਦਿੱਤੇ ਜਾਂਦੇ ਸਨ । ਚਿੱਠੀ ਨੂੰ ਹਲਦੀ ਲਾਈ ਜਾਂਦੀ ਹੈ,ਵਿੱਚ ਹਰੀ ਖੱਬਲ ( ਹਰਾ ਘਾਹ) ਤੇ ਬਾਹਰ ਮੌਲੀ ਬੰਨੀ ਜਾਂਦੀ। ਚਿੱਠੀ ਲਿਖਣ ਵਾਲੇ ਨੂੰ ਸ਼ਗਨ ਦਿਤਾ ਜਾਂਦਾ ਸੀ ਤੇ ਚਿੱਠੀ ਵਿੱਚ ਵੀ ਸ਼ਗਨ ਵਜੋਂ ਪੈਸੇ ਪਾਏ ਜਾਂਦੇ ਸਨ। ਇਕ ਤਰ੍ਹਾਂ ਨਾਲ ਇਹ ਪਰੂਫ ਹੁੰਦਾ ਸੀ ਬਈ ਸਾਡੀ ਧੀ ਦਾ ਵਿਆਹ ਤੁਹਾਡੇ ਪੁੱਤਰ ਨਾਲ ਹੋ ਰਿਹਾ ਹੈ ਤੇ ਮੋਹਤਬਰ ਬੰਦੇ ਗਵਾਹ ਹੁੰਦੇ ਸਨ। ਚਿੱਠੀ ਦੇ ਨਾਲ ਗੁੜ ,ਪਤਾਸੇ ਭੇਜੇ ਜਾਂਦੇ ਸਨ ਪਰ ਅੱਜ ਕੱਲ ਦਿਖਾਵਾ ਜਿਆਦਾ ,ਚਿੱਠੀ ਵੀ ਬਣੀ ਬਣਾਈ ਮਿਲਦੀ ਆ ਬਸ ਵਿੱਚ ਤਾਰੀਖ ਤੇ ਨਾਮ ਭਰਨੇ ਹੁੰਦੇ ਹਨ। ਗੁੜ ,ਪਤਾਸਿਆਂ ਦਾ ਥਾਂ ਭਾਂਤ ਭਾਂਤ ਦੀ ਮਠਿਆਈ ਦੇ ਡੱਬੇ ਭੇਜੇ ਜਾਂਦੇ ਹਨ।
ਚਿੱਠੀ ਲਿਖ ਕੇ ਵਿਚੋਲੇ ਨੂੰ ਦੇ ਦਿੱਤੀ ਜਾਂਦੀ ਤੇ ਉਹ ਲਾਗੀ ਨੂੰ ਨਾਲ ਲੈ ਕੇ ਮੁੰਡੇ ਵਾਲਿਆਂ ਦੇ ਘਰ ਪਹੁੰਚਦਾ ਹੈ। ਤੇਲ ਚੋ ਕੇ ਅੰਦਰ ਬਿਠਾਇਆ ਜਾਂਦਾ ਜਿਵੇਂ ਚਿੱਠੀ ਲਿਖਣ ਵੇਲੇ ਸ਼ਰੀਕੇ ਭਾਈਚਾਰੇ ਦੇ ਮੋਹਤਬਰ ਬੰਦੇ ਹੁੰਦੇ ਨੇ ਇਵੇਂ ਮੁੰਡੇ ਵਾਲਿਆਂ ਨੇ ਵੀ ਇਕ ਦਿਨ ਪਹਿਲਾਂ ਸ਼ਰੀਕੇ ਭਾਈਚਾਰੇ ਵਿੱਚ ਸੱਦਾ ਦਿੱਤਾ ਹੁੰਦਾ ਕਿ ਸਾਡੇ ਅੱਜ ਵਿਆਹ ਦੀ ਚਿੱਠੀ ਆਉਣੀ ਹੈ। ਚਿੱਠੀ ਬਹੁਤ ਸਤਿਕਾਰ ਨਾਲ ਮੁੰਡੇ ਦੇ ਘਰ ਦੇ ਫੜਦੇ ਹਨ । ਚਿੱਠੀ ਦੇ ਦੁਆਲਿਓਂ ਮੌਲੀ( ਖੰਮਣੀ) ਖੋਲ ਕੇ ਇਕ ਜਾਣਾ ਚਿੱਠੀ ਪੜਦਾ ਬਾਕੀ ਸਭ ਸੁਣਦੇ ਹਨ। ਚਿੱਠੀ ਪੜਨ ਵਾਲੇ ਨੂੰ ਉਹ ਪੈਸੇ ਵੀ ਮਿਲਦੇ ਹਨ ਜੋ ਚਿੱਠੀ ਵਿੱਚ ਹੁੰਦੇ ਹਨ ਤੇ ਘਰ ਵਾਲਿਆਂ ਵੱਲੋਂ ਵੀ ਸ਼ਗਨ ਦਿੱਤਾ ਜਾਂਦਾ। ਚਿੱਠੀ ਪੜਨ ਵਾਲਿਆਂ ਨੂੰ ਚਾਹ ਪਾਣੀ ਪਿਆਇਆ ਜਾਂਦਾ ਬਸ ਉਹਨਾਂ ਤੋਂ ਅਗਾਂਹ ਖਬਰ ਪਹੁੰਚ ਜਾਂਦੀ ਪਿੰਡ ਵਿੱਚ ਕਿ ਫਲਾਣਾ ਸਿਉਂ ਦੇ ਮੁੰਡੇ ਦਾ ਵਿਆਹ ਐਸ ਤਾਰੀਖ ਨੂੰ ਆ। ਜੋ ਲਾਗੀ ਚਿੱਠੀ ਲੈ ਕੇ ਆਉਂਦਾ ਉਸ ਨੂੰ ਬਣਦਾ ਲਾਗ ਦੇ ਕੇ ਵਿਦਾ ਕੀਤਾ ਜਾਂਦਾ। ਇਹੋ ਜਿਹੀਆਂ ਰਸਮਾਂ ਖੁਸ਼ੀ ਦਿੰਦੀਆਂ ਸਨ ਪਰ ਹੁਣ ਨਵਾਂ ਜਮਾਨਾ ਭਾਈ ਨਵੀਆਂ ਗੱਲਾਂ, ਨਵੀਆਂ ਸਾਹਿ ਚਿੱਠੀਆਂ।
ਸਾਹਾ ਵਿਆਹ ਦੇ ਨਿਯਤ ਦਿਨ ਨੂੰ ਕਹਿੰਦੇ ਹਨ। ਸਾਹਾ ਪੁੱਤ ਵਾਲੇ ਵੀ ਕਢਾ ਲੈਂਦੇ ਸਨ, ਧੀ ਵਾਲੇ ਵੀ ਕਢਾ ਲੈਂਦੇ ਸਨ। ਸਾਹਾ ਦੋਹਾਂ ਪਰਿਵਾਰਾਂ ਦੀ ਰਜਾਮੰਦੀ ਨਾਲ ਰੱਖਿਆ ਜਾਂਦਾ ਸੀ। ਚਿੱਠੀ ਦਾ ਅਰਥ ਹੈ ਪੁੱਤਰ। ਇਸ ਲਈ ਸਾਹੇ ਚਿੱਠੀ ਵਿਆਹ ਦੀ ਉਹ ਚਿੱਠੀ ਹੁੰਦੀ ਹੈ ਜੋ ਧੀ ਵਾਲਿਆਂ (ਧੇਤਿਆਂ) ਵੱਲੋਂ ਪਤੀ ਦੇ ਪਰਿਵਾਰ (ਪਤੋਤਿਆਂ) ਨੂੰ ਲਿਖ ਕੇ ਭੇਜੀ ਜਾਂਦੀ ਹੈ। ਇਸ ਚਿੱਠੀ ਵਿਚ ਵਿਆਹ ਦੇ ਮਹੂਰਤ ਦਾ ਵੇਰਵਾ ਦਿੱਤਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਵਿਆਹ ਦਾ ਦਿਨ ਪੰਡਤਾਂ ਤੋਂ ਜੰਤਰੀ ਵਿਖਾ ਕੇ ਰੱਖਿਆ ਜਾਂਦਾ ਸੀ। ਵਿਆਹ/ਸਾਹੇ ਚਿੱਠੀ ਸਾਦੇ ਕਾਗਜ ਉੱਪਰ ਲਿਖੀ ਜਾਂਦੀ ਸੀ। ਚਿੱਠੀ ਨੂੰ ਲਫਾਫੇ ਵਿਚ ਪਾਇਆ ਜਾਂਦਾ ਸੀ। ਲਫਾਫੇ ਵਿਚ ਗੁੜ ਦੀ ਰੋੜੀ ਤੇ ਥੋੜ੍ਹੇ ਜਿਹੇ ਚੌਲ ਸ਼ਗਨ ਵਜੋਂ ਪਾਏ ਜਾਂਦੇ ਸਨ। ਚਿੱਠੀ ਉੱਪਰ ਖੰਮਣੀ ਬੰਨ੍ਹੀ ਜਾਂਦੀ ਸੀ ਤੇ ਹਲਦੀ ਦਾ ਟਿੱਕਾ ਵੀ ਲਾਇਆ ਜਾਂਦਾ ਸੀ। ਕਈ ਚਿੱਠੀ ਉੱਪਰ ਕੇਸਰ ਦੇ ਛਿੱਟੇ ਮਾਰ ਦਿੰਦੇ ਸਨ। ਇਸ ਕਰਕੇ ਸਾਹੇ ਚਿੱਠੀ ਨੂੰ ‘ਪੀਲੀ ਚਿੱਠੀ ਜਾਂ ‘ਸ਼ਗਨਾਂ ਦੀ ਚਿੱਠੀ’ ਵੀ ਕਹਿੰਦੇ ਸਨ। ਸਾਹਾ ਚਿੱਠੀ ਨਾਈ ਰਾਹੀਂ ਭੇਜੀ ਜਾਂਦੀ ਸੀ। ਜੇਕਰ ਰਿਸ਼ਤਾ ਵਿਚੋਲੇ ਨੇ ਕਰਾਇਆ ਹੁੰਦਾ ਸੀ ਤਾਂ ਸਾਹਾ ਚਿੱਠੀ ਵਿਚੋਲਾ ਲੈ ਕੇ ਜਾਂਦਾ ਸੀ। ਚਿੱਠੀ ਮੁੰਡੇ (ਹੋਣ ਵਾਲੇ ਜੁਆਈ) ਦੇ ਬਾਪ ਨੂੰ ਫੜ੍ਹਾਈ ਜਾਂਦੀ ਸੀ। ਚਿੱਠੀ ਲਿਆਉਣ ਵਾਲੇ ਨਾਈ ਨੂੰ ਖੇਸ ਅਤੇ ਰੁਪੈ ਲਾਗ ਵਜੋਂ ਦਿੱਤੇ ਜਾਂਦੇ ਸਨ।
ਹੁਣ ਵਿਆਹ ਦੀ ਤਾਰੀਖ ਪੰਡਤ ਤੋਂ ਘੱਟ ਹੀ ਕਢਾਈ ਜਾਂਦੀ ਹੈ। ਹੁਣ ਮੁੰਡੇ/ ਕੁੜੀ ਦੇ ਪਰਿਵਾਰ ਆਪਸ ਵਿਚ ਮਿਲ ਬੈਠ ਕੇ ਵਿਆਹ ਦਾ ਦਿਨ ਨਿਯਤ ਕਰ ਲੈਂਦੇ ਹਨ।ਹੁਣ ਸਾਹੇ ਚਿੱਠੀ ਨਹੀਂ ਭੇਜੀ ਜਾਂਦੀ। ਸਾਹੇ ਚਿੱਠੀ ਦੀ ਥਾਂ ਹੁਣ ਵਿਆਹ ਦੇ ਕਾਰਡ ਨੇ ਲੈ ਲਈ ਹੈ। ਇਹ ਕਾਰਡ ਵੀ ਇਕ ਰਸਮੀ ਕਾਰਵਾਈ ਵਜੋਂ ਹੀ ਭੇਜਿਆ ਜਾਂਦਾ ਹੈ ਕਿਉਂ ਜੋ ਵਿਆਹ ਦਾ ਦਿਨ ਤਾਂ ਆਪਸੀ ਰਜਾਮੰਦੀ ਨਾਲ ਪਹਿਲਾਂ ਹੀ ਨਿਯਤ ਕੀਤਾ ਹੁੰਦਾ ਹੈ।[2]
ਹਵਾਲੇ
ਸੋਧੋ- ↑ ਬੁਆਲ਼, ਜਤਿੰਦਰ ਕੌਰ. "ਸਾਹਿ ਚਿੱਠੀ". punjabkesri.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.