ਇਹ ਗੱਲ ਤੋਂ ਅਸੀਂ ਭਲੀਭਾਂਤ ਜਾਣੂੰ ਹਾਂ ਕਿ ਸਿਗਮੰਡ ਫ਼ਰਾਇਡ ਆਸਟਰੀਆ ਦਾ ਰਹਿਣ ਵਾਲਾ ਇੱਕ ਯਹੂਦੀ ਡਾਕਟਰ ਸੀ। ਜਿਸਨੇ ਮਨੋਵਿਗਿਆਨ ਤੇ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਬੇਮਿਸਾਲ ਵਿਚਾਰ ਦਿੱਤੇ ਹਨ। 6 ਦਸੰਬਰ 1907 ਨੂੰ ਇੱਕ ਲੈਕਚਰ ਦੌਰਾਨ ਫਰਾਇਡ ਨੇ ਆਪਣੇ ਕਾਵਿ ਚਿੰਤਨ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਉਸਨੇ ਆਪਣੇ ਕਾਵਿ ਚਿੰਤਨ ਵਿੱਚ ਕਲਪਨਾਵਾਂ ਤੇ ਰਚਨਾਤਮਕ ਕਿਰਤਾਂ ਬਾਰੇ ਗੱਲ ਕੀਤੀ।
ਫਰਾਇਡ ਦਾ ਕਹਿਣਾ ਹੈ ਕਿ ਰਚਨਾਤਮਕ ਲੇਖਕ ਵੀ ਆਪਣੇ ਆਪ ਨੂੰ ਸਧਾਰਨ ਇਨਸਾਨ ਸਮਝਣਾ ਪਸੰਦ ਕਰਦੇ ਹਨ ਤੇ ਓਹ ਅਕਸਰ ਇਹ ਵਿਸ਼ਵਾਸ਼ ਕਰਾਉਂਦੇ ਹਨ ਕਿ ਹਰ ਆਦਮੀ ਦਿਲੋਂ ਕਵੀ ਹੁੰਦਾ ਹੈ, ਕਵਿਤਾ ਤਦ ਤੱਕ ਜੀਵਤ ਹੈ ਜਦ ਤੱਕ ਆਖਰੀ ਇਨਸਾਨ ਜੀਵਤ ਰਹੇਗਾ।
ਸਿਗਮੰਡ ਬਚਪਨ ਵੇਲ਼ੇ ਦੀਆਂ ਖਿਆਲੀ ਉਡਾਈਆਂ ਨੂੰ ਲੇਖਕ ਦੀਆਂ ਕਲਪਨਾਵਾਂ ਨਾਲ਼ ਜੋੜ ਕੇ ਵੇਖਦੇ ਹਨ। ਓਨਾਂ ਦਾ ਕਹਿਣਾ ਹੈ ਕਿ ਲੇਖਕ ਵੀ ਓਹੀ ਕਰਦਾ ਹੈ ਜੋ ਖੇਡ ਵਿੱਚ ਖੁਭਿਆ ਹੋਇਆ ਇੱਕ ਬੱਚਾ ਕਰਦਾ ਹੈ। ਓਹ ਕਲਪਨਾ ਦੀ ਇੱਕ ਦੁਨੀਆਂ ਸਿਰਜਦਾ ਹੈ ਜਿਸਨੂੰ ਓਹ ਉਸ ਤਰਾਂ ਗੰਭੀਰਤਾ ਨਾਲ਼ ਲੈਂਦਾ ਹੈ, ਜਿਵੇਂ ਬੱਚੇ ਆਪਣੀ ਖੇਡ ਨੂੰ। ਮਤਲਬ ਜਿਸਨੂੰ ਵਾਸਤਵਿਕਤਾ ਤੋਂ ਅਲੱਗ ਲੈਕੇ ਓਹ ਭਾਵਨਾਤਮਕ ਤੌਰ ਤੇ ਉਸ ਵਿੱਚ ਖੁਭਿਆ ਹੋਇਆ ਹੁੰਦਾ ਹੈ।ਪਰ ਫ਼ਰਾਇਡ ਇਹ ਵੀ ਆਖਦਾ ਹੈ ਕਿ ਬੱਚੇ ਨੂੰ ਆਪਣੀ ਖੇਡ ਤੋਂ ਮਾਣ ਮਹਿਸੂਸ ਹੁੰਦਾ ਪਰ ਕਲਪਨਾਸ਼ੀਲ ਵਿਆਕਤੀ ਇਹ ਮਹਿਸੂਸ ਨਹੀਂ ਕਰਦਾ ਸਗੋਂ ਕੁਝ ਲੁਕਾ ਲੈਣ ਵਰਗੀ ਸਥਿਤੀ ਵਿੱਚ ਹੁੰਦਾ ਹੈ, ਜਿਸ ਨੂੰ ਲੁਕਾ ਲੈਣਾ ਓਹਨੂੰ ਜਰੂਰੀ ਵੀ ਲੱਗਦਾ ਹੈ।
ਪਰ ਜਿਵੇਂ ਜਿਵੇਂ ਲੋਕ ਵੱਡੇ ਹੁੰਦੇ ਆ ਓਹ ਖੇਡਣਾ ਬੰਦ ਕਰ ਦਿੰਦੇ ਆ ਤੇ ਲੱਗਦਾ ਹੈ ਕਿ ਓਨਾਂ ਨੇ ਖੇਡਾਂ ਤੋਂ ਮਿਲਣ ਵਾਲੀ ਖੁਸ਼ੀ ਨੂੰ ਤਿਆਗ ਦਿੱਤਾ ਹੈ। ਪਰ ਮਨੁੱਖੀ ਮਨ ਨੂੰ ਸਮਝਦੇ ਲੋਕ ਜਾਣਦੇ ਨੇ ਕਿ ਮਨੁੱਖ ਲਈ ਸਭ ਤੋਂ ਔਖਾ ਓਸ ਖੁਸ਼ੀ ਨੂੰ ਤਿਆਗਣਾ ਹੈ ਜਿਸਨੂੰ ਓਹ ਪਹਿਲਾਂ ਅਨੁਭਵ ਕਰ ਚੁਕਾ ਹੋਵੇ। ਮਨੁੱਖ ਕੁਝ ਨਹੀਂ ਛੱਡ ਸਕਦਾ, ਸਿਰਫ ਇੱਕ ਚੀਜ਼ ਨੂੰ ਦੂਜੀ ਬਦਲੇ ਵਟਾ ਲੈਂਦਾ ਹੈ। ਇਸ ਤਰ੍ਹਾਂ ਹੀ ਵਧਦਾ ਹੋਇਆ ਮਨੁੱਖ ਖੇਡਣ ਦੀ ਬਜਾਏ ਕਲਪਨਾ ਵਿੱਚ ਲੀਨ ਹੋ ਜਾਂਦਾ ਹੈ। ਓਹ ਹਵਾ ਵਿੱਚ ਮਹਿਲ ਬਣਾਓਂਦਾ ਹੈ, ਜਿਸਨੂੰ ਹਵਾਈ ਮਹਿਲ ਓਸਾਰਨਾ ਆਖਿਆ ਜਾਂਦਾ ਹੈ। ਫ਼ਰਾਇਡ ਦਾ ਇਹ ਮੰਨਣਾ ਹੈ ਕਿ ਮਨੁੱਖ ਜਿੰਦਗੀ ਵਿੱਚ ਕਦੇ ਨਾ ਕਦੇ ਕਲਪਨਾ ਦੀਆਂ ਉਡਾਰੀਆਂ ਲਾਉਂਦਾ ਹੋਇਆ ਆਪਣੇ ਆਪਣੇ ਕਲਪਨਾ ਲੋਕ ਦਾ ਨਿਰਮਾਣ ਜਰੂਰ ਕਰਦਾ ਹੈ।
ਫ਼ਰਾਇਡ ਦਾ ਇਹ ਮੰਨਣਾ ਹੈ ਕਿ ਖੁਸ਼ ਵਿਆਕਤੀ ਕਦੇ ਵੀ ਕਲਪਨਾ ਨਹੀਂ ਕਰਦਾ, ਕੇਵਲ ਇੱਕ ਅਸੰਤੁਸ਼ਟ ਵਿਆਕਤੀ ਹੀ ਕਲਪਨਾ ਕਰਨ ਦੇ ਰਸਤੇ ਪੈਂਦਾ ਹੈ। ਅਸੰਤੁਸ਼ਟ ਇਛਾਵਾਂ ਹੀ ਕਲਪਨਾਵਾਂ ਦਾ ਮੂਲ ਆਧਾਰ ਹੁੰਦੀਆਂ ਨੇ ਤੇ ਹਰੇਕ ਕਲਪਨਾ ਕਿਸੇ ਦੁਖਦਾਈ ਵਾਸਤਵਿਕਤਾ ਦੇ ਹੱਲ ਦਾ ਯਤਨ ਹੁੰਦੀ ਹੈ। ਫ਼ਰਾਇਡ ਇਹ ਵੀ ਆਖਦਾ ਹੈ ਕਿ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਲਪਨਾਤਮਕ ਕਹਾਣੀਆਂ, ਹਵਾਈ ਮਹਿਲ ਤੇ ਦਿਨ ਦੀਵੀ ਸੁਪਨੇ ਤਬਦੀਲੀਹੀਣ ਹੁੰਦੇ ਹਨ। ਬਲਕਿ ਓਹ ਵਿਆਕਤੀ ਦੀਆਂ ਬਦਲਦੀਆਂ ਪਰਿਸਥਿਤੀਆਂ ਤੇ ਓਹਦੇ ਜੀਵਨ ਸੰਬੰਧੀ ਬਦਲਦੇ ਨਜਰੀਏ ਦੇ ਮੁਤਾਬਿਕ ਬਦਲਦੇ ਰਹਿੰਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਇਹ ਸੰਬੰਧ ਸਾਡੀ ਪਰਿਕਲਪਨਾ ਚ ਸ਼ਾਮਿਲ ਤਿੰਨ ਵਕਤਾਂ ਦੇ ਆਸੇ ਪਾਸੇ ਘੁੰਮਦਾ ਹੈ। ਇਸ ਤਰਾਂ ਅਤੀਤ, ਵਰਤਮਾਨ ਤੇ ਭਵਿੱਖ ਇੱਛਾ ਦੇ ਇੱਕੋ ਧਾਗੇ ਚ ਓਲਝ ਜਾਂਦੇ ਹਨ ਜੋ ਇਨਾਂ ਤਿੰਨਾਂ ਵਕਤਾਂ ਤੋਂ ਹੋ ਕੇ ਗੁਜ਼ਰਦਾ ਹੈ।
ਫ਼ਰਾਇਡ ਦਾ ਇਹ ਵੀ ਮੰਨਣਾ ਹੋ ਕਿ ਸੁਪਨਿਆਂ ਤੇ ਮਨੋਕਲਪਨਾਵਾਂ ਦੇ ਪਰਸਪਰ ਸੰਬੰਧਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਸਪਨਿਆਂ ਦੀ ਵਿਆਖਿਆ ਦੇ ਜਰੀਏ ਅਸੀਂ ਇਹ ਜਾਣਦੇ ਹਾ ਕਿ ਸਾਡੇ ਰਾਤਾਂ ਦੇ ਸੁਪਨੇ ਅਜਿਹੀਆਂ ਮਨੋਕਲਪਨਾਵਾਂ ਹੀ ਹੁੰਦੇ ਹਨ।ਆਪਣੀ ਅਕਲ ਦੇ ਜੋਰ ਤੇ ਭਾਸ਼ਾ ਨੇ ਬਹੁਤ ਸਮਾਂ ਪਹਿਲਾਂ ਹੀ ਕਲਪਨਾਂ ਦੀਆਂ ਹਵਾਈ ਰਚਨਾਵਾਂ ਨੂੰ ਹਵਾਈ ਕਿਲ੍ਹਿਆਂ ਦਾ ਨਾਂ ਦਿੱਤਾ ਸੀ।
ਮਨੋਕਲਪਨਾਵਾਂ ਦੀ ਚਰਚਾ ਤੋਂ ਬਾਅਦ ਫ਼ਰਾਇਡ ਰਚਨਾਤਮਕ ਲੇਖਕ ਦੀ ਗੱਲ ਕਰਦਾ ਹੈ। ਓ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਸੱਚੀ ਹੀ ਕਲਪਨਾਸ਼ੀਲ ਲੇਖਕ ਨੂੰ 'ਦਿਨ ਦੀਵੀ ਸੁਪਨੇ ਦੇਖਣ ਵਾਲਾ' ਹੀ ਸਮਝਦੇ ਹਾਂ ਤੇ ਕੀ ਉਸਦੀਆਂ ਰਚਨਾਵਾਂ ਹੀ ਦੀਵੀ ਸੁਪਨੇ ਹੁੰਦੀਆਂ ਹਨ? ਫ਼ਰਾਇਡ ਦਾ ਕਹਿਣਾ ਹੈ ਕਿ ਸਾਨੂੰ ਇਹ ਸਪਸ਼ਟ ਕਰਕੇ ਚੱਲਣਾ ਚਾਹੀਦਾ ਹੋ ਕਿ ਮਹਾਂਕਾਵਿਆਂ ਦੇ ਪ੍ਰਾਚੀਨ ਲੇਖਕਾਂ ਦੀ ਤਰਾਂ ਪਹਿਲਾਂ ਤੋਂ ਤਿਆਰ ਸਮੱਗਰੀ ਉੱਪਰ ਰਚਨਾ ਕਰਨ ਵਾਲੇ ਲੇਖਕਾਂ ਨੂੰ ਓਹਨਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ ਜੋ ਆਪਣੀ ਸਮੱਗਰੀ ਆਪ ਤਿਆਰ ਕਰਦੇ ਹਨ। ਫ਼ਰਾਇਡ ਦਾ ਇਹ ਵੀ ਮੰਨਣਾ ਹੈ ਕਿ ਅਸੀਂ ਹਰ ਦੀਵੀ ਸੁਪਨੇ ਅਤੇ ਕਥਾ ਦੇ ਨਾਇਕ ਵਾਂਗੂ ਅਜਿੱਤ ਹੋਣ ਦੇ ਇਸ ਤੇਜੱਸਵੀ ਵਿਅਕਤੀਤਵ ਦੇ ਮਾਧਿਅਮ ਰਾਹੀਂ ਤੁਰੰਤ ਹੀ ਲੇਖਕ ਦੇ ਸਤਿਕਾਰਯੋਗ ਹੰਕਾਰ ਜਾਂ ਮਨੁੱਖੀ ਈਗੋ ਨੂੰ ਪਛਾਣ ਸਕਦੇ ਹਾਂ। ਫ਼ਰਾਇਡ ਇਹ ਦੱਸਦਾ ਹੈ ਕਿ ਜੋ ਲੇਖਕ ਰਚਨਾਤਮਕ ਲੇਖਕ ਨਹੀਂ ਹਨ, ਜੋ ਕੁੱਝ ਅਰਥਾਂ ਵਿੱਚ ਵੱਖਰੇ ਹਨ, ਓਨਾਂ ਦੇ ਮਨੋ ਤਾਰਕਿਕ ਵਿਸ਼ਲੇਸ਼ਣ ਰਾਹੀਂ ਦੀਵੀ ਸੁਪਨੇ ਅਤੇ ਮਨੋਕਲਪਿਤ ਕਥਾਵਾਂ ਦੇ ਇਹੋ ਜਿਹੇ ਤੁਲਨਾਤਮਿਕ ਵਿਭਿੰਨ ਰੂਪ ਸਾਡੇ ਸਾਹਮਣੇ ਆਉਂਦੇ ਹਨ, ਜਿਹਨਾਂ ਵਿੱਚ ਮਨੁੱਖ ਦੀ ਈਗੋ ਖੁਦ ਇੱਕ ਦਰਸ਼ਕ ਦੀ ਭੂਮਿਕਾ ਚ ਤ੍ਰਿਪਤ ਹੁੰਦੀ ਦਿਸਦੀ ਹੈ।
ਫ਼ਰਾਇਡ ਰਚਨਾਤਮਕ ਲੇਖਕ ਦੇ ਬਾਬਤ ਇੱਕ ਗੱਲ ਹੋਰ ਕਰਦਾ ਹੈ ਕਿ ਦਿਨ ਦੀਵੀ ਸੁਪਨਸਾਜ ਹੋਰ ਲੋਕਾਂ ਤੋਂ ਆਪਣੀਆਂ ਕਲਪਨਾਵਾਂ ਲੁਕਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਬਾਬਤ ਉਸਨੂੰ ਸ਼ਰਮਿੰਦਗੀ ਝੱਲਣੀ ਪਵੇਗੀ। ਜੇ ਇਸ ਨਾਲ ਇਹ ਗੱਲ ਕਹੀ ਜਾਵੇ ਕਿ ਜੇ ਓਹ ਸਾਨੂੰ ਆਪਣੀਆਂ ਕਲਪਨਾਵਾਂ ਬਾਰੇ ਦੱਸ ਵੀ ਦੇਵੇ ਤਾਂ ਵੀ ਓਹ ਖੁਸ਼ੀ ਨਹੀਂ ਦਿੰਦੀਆਂ ਬਲਕਿ ਨੀਰਸਤਾ ਹੀ ਪੈਦਾ ਕਰਦੀਆਂ ਹਨ। ਪਰ, ਜਦੋਂ ਇੱਕ ਰਚਨਾਤਮਕ ਲੇਖਕ ਆਪਣੇ ਨਾਟਕਾਂ ਨੂੰ ਸਾਡੇ ਸਾਹਮਣੇ ਲੈਕੇ ਆਉਂਦਾ ਹੈ ਤਾਂ ਸਾਨੂੰ ਦੱਸਦਾ ਹੈ ਕਿ ਅਸੀਂ ਓ ਦੇ ਵਿਆਕਤੀਗਤ ਹਵਾਈ ਕਿਲ੍ਹਿਆਂ ਬਾਰੇ ਕੀ ਸੋਚ ਸਕਦੇ ਹਾਂ ਤਾਂ ਸਾਨੂੰ ਖੁਸ਼ੀ ਮਿਲਦੀ ਹੈ ਜੋ ਸ਼ਾਇਦ ਕੀ ਸਰੋਤਾਂ ਦੇ ਸੰਗਮ ਤੋਂ ਪੈਦਾ ਹੁੰਦੀ ਹੈ। ਲੇਖਕ ਇਹ ਕਿਵੇਂ ਕਰਦਾ ਹੈ ਇਹ ਓਸਦਾ ਨਿੱਜੀ ਰਹੱਸ ਹੈ। ਰਚਨਾਤਮਕ ਲੇਖਕ ਬੜੀ ਕਲਾਤਮਿਕਤਾ ਨਾਲ ਆਪਣੀ "ਮੈਂ ਨੂੰ ਲਕੋ ਲੈਂਦਾ ਹੈ ਤੇ ਓਹ ਸਾਨੂੰ ਰਿਸ਼ਵਤ ਦਿੰਦਾ ਹੈ ਕਿ ਅਸੀਂ ਓਸਦੀਆਂ ਕਲਪਨਾਵਾਂ ਵਿੱਚੋਂ ਸੁਹਜ ਨੂੰ ਮਾਣ ਸਕੀਏ। ਇਸ ਖੁਸ਼ੀ ਜਾਂ ਸੁਹਜ ਦੀ ਓਪਜ ਨੂੰ 'ਉਤਸ਼ਾਹਵਰਧਕ ਬੋਨਸ ਜਾਂ ਪੂਰਵ ਆਨੰਦ ਦਾ ਨਾਮ ਦਿੰਦੇ ਹਾਂ। ਫ਼ਰਾਇਡ ਆਖਦਾ ਹੈ ਕਿ ਇਹ ਮੇਰੀ ਰਾਇ ਹੈ ਕਿ ਇੱਕ ਰਚਨਾਤਮਕ ਲੇਖਕ ਜਿਸ ਤਮਾਮ ਸੁਹਜਾਤਮਿਕ ਆਨੰਦ ਨਾਲ਼ ਸਾਨੂੰ ਪ੍ਰਭਾਵਿਤ ਕਰਦਾ ਹੈ ਓ ਦੀ ਪ੍ਰਕਿਰਤੀ ਇਸ ਕਿਸਮ ਦੇ ਪੂਰਵ ਆਨੰਦ ਵਰਗੀ ਹੀ ਹੁੰਦੀ ਹੈ।
ਇਸ ਤਰਾਂ ਫ਼ਰਾਇਡ ਆਪਣੇ ਕਾਵਿ ਚਿੰਤਨ ਵਿੱਚ ਮਨੋਕਲਪਿਤ ਕਥਾਵਾਂ, ਦਿਨ ਦੀਵੀ ਸੁਪਨਿਆਂ ਤੇ ਰਚਨਾਤਮਕ ਲੇਖਕਾਂ ਦੁਆਰਾਂ ਰਚਿਤ, ਵੱਡੇ ਪਾਠਕ ਵਰਗ ਵਿੱਚ ਚਰਚਿਤ ਰਚਨਾਵਾਂ ਦਾ ਮਨੋਵਿਗਿਆਨਕ ਅਧਿਐਨ ਕਰਦਾ ਹੋਇਆ ਕੀਮਤੀ ਅੰਤਰ ਦ੍ਰਿਸ਼ਟੀਆਂ ਪੇਸ਼ ਕੀਤੀਆਂ ਹਨ। ਸਮਕਾਲੀ ਸਾਹਿਤ ਸਮੀਖਿਆ ਦੀਆਂ ਨਵੀਆਂ ਦਿਸ਼ਾਵਾਂ ਵੱਲ ਵਧਿਆ ਜਾ ਸਕਦਾ ਹੈ।