ਸੋਭਾ ਸਿੰਘ (ਚਿੱਤਰਕਾਰ)

ਚਿੱਤਰਕਾਰ

ਸੋਭਾ ਸਿੰਘ (29 ਨਵੰਬਰ 1901 – 22 ਅਗਸਤ 1986)[1] ਭਾਰਤੀ ਪੰਜਾਬ ਦੇ ਉਘੇ ਸਮਕਾਲੀ ਚਿੱਤਰਕਾਰ ਸਨ।

ਸੋਭਾ ਸਿੰਘ
ਜਨਮ(1901-11-29)ਨਵੰਬਰ 29, 1901
ਮੌਤਅਗਸਤ 22, 1986(1986-08-22) (ਉਮਰ 84)
ਲਈ ਪ੍ਰਸਿੱਧਚਿੱਤਰਕਾਰੀ

ਜੀਵਨ

ਸੋਧੋ

ਪਿਤਾ ਦੇਵਾ ਸਿੰਘ ਤੇ ਮਾਂ ਅੱਛਰਾਂ ਦੇਵੀ ਦੀ ਕੋਖ ‘ਚੋਂ ਸੋਭਾ ਸਿੰਘ ੨੯ ਨਵੰਬਰ ੧੯੦੧ ਨੂੰ ਵਿੱਚ ਪੈਦਾ ਹੋਏ। ਪੰਜ ਵਰ੍ਹਿਆਂ ਦੀ ਉਮਰ ਵਿੱਚ ਮਾਂ ਦਾ ਸਾਇਆ ਸਿਰ ਤੋਂ ਉਠ ਗਿਆ, ਫਿਰ ਗਿਆਰਾਂ ਵਰ੍ਹਿਆਂ ਪਿਛੋਂ ਪਿਤਾ ਵੀ ਤੁਰ ਗਏ। ਬਚਪਨ ਤੋਂ ਹੀ ਸੰਘਰਸ਼ ਵਿੱਚ ਘਿਰੇ ਬਾਲਕ ਸੋਭਾ ਸਿੰਘ ਨੂੰ ਭੈਣ ਲਛਮੀ ਦੇਵੀ ਨੇ ਸੰਭਾਲਿਆ।

ਦਰਿਆ ਬਿਆਸ ਦੇ ਕਿਨਾਰੇ ਵਸੇ ਆਪਣੇ ਪਿੰਡ ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ) ਰਹਿੰਦਿਆਂ ਹੀ ਉਨ੍ਹਾਂ ਦੇ ਅੰਦਰਲਾ ਕਲਾਕਾਰ ਦੀ ਰੂਹ ਪੈਦਾ ਹੋਈ। ਇਹ ਲੰਬਾ ਪਤਲਾ ਬਾਲਕ ਆਪਣੀਆਂ ਛੋਟੀ ਛੋਟੀ ਉਂਗਲੀਆਂ ਨਾਲ ਰੇਤ ਦੇ ਘਰ ਬਣਾਉਣ ਦੇ ਨਾਲ ਕੋਈ ਅਜੇਹਾ ਚਿਹਰਾ ਬਣਾਉਣ ਦਾ ਯਤਨ ਕਰਦਾ ਜੋ ਉਸ ਦੀ ਮਾਂ ਨਾਲ ਮਿਲਦਾ ਹੋਵੇ। ਸਕੂਲ ਵਿੱਚ ਵਿਦਿਆ ਪੰਜਵੀ ਤਕ ਲੈ ਕੇ ਇੰਡਸਟ੍ਰੀਅਲ ਸਕੂਲ ਅੰਮ੍ਰਿਤਸਰ ਤੋਂ ਆਰਟ ਐਂਡ ਕਰਾਫ਼ਟ ਦਾ ਡਿਪਲੋਮਾ ਪਾਸ ਕੀਤਾ ਤੇ ਆਪਣੇ ਓਵਰਸੀਅਰ ਜੀਜੇ ਤੋਂ ਨਕਸ਼ਾ-ਨਵੀਸੀ ਦਾ ਕੰਮ ਸਿੱਖਿਆ।

ਅਠਾਰਾਂ ਸਾਲ ਦੀ ਉਮਰ ਵਿੱਚ ਸਤੰਬਰ 1919 ਵਿੱਚ ਫੌਜ ਵਿੱਚ ਨਕਸ਼ਾ-ਨਵੀਸ ਭਰਤੀ ਹੋ ਕੇ ਬਗ਼ਦਾਦ ਚਲੇ ਗਏ। ਉਥੇ ਅੰਗਰੇਜ਼ ਅਧਿਕਾਰੀਆਂ ਨੇ ਉਨ੍ਹਾਂ ਦੇ ਬਣਾਏ ਚਿੱਤਰਾਂ ਦੀ ਕੇਵਲ ਸ਼ਲਾਘਾ ਹੀ ਨਹੀਂ ਕੀਤੀ, ਸਗੋਂ ਪ੍ਰੇਰਨਾ ਤੇ ਉਤਸ਼ਾਹ ਦੇਣ ਲਈ ਪ੍ਰਸਿੱਧ ਚਿੱਤਰਕਾਰਾਂ ਦੀਆਂ ਜੀਵਨੀਆਂ ਤੇ ਕਲਾ-ਪੁਸਤਕਾਂ ਵੀ ਮੁਹੱਈਆ ਕਰਵਾਈਆਂ। ਫੌਜ ਦੀ ਨੌਕਰੀ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾਅ ਸੀ। ਇਸ ਸਮੇਂ ਹੀ ਨੌਜਵਾਨ ਸੋਭਾ ਸਿੰਘ ਨੇ ਆਪਣੀ ਜ਼ਿੰਦਗੀ ਦਾ ਅਹਿੰਮ ਫੈਸਲਾ ਕੀਤਾ ਕਿ ਉਹ ਚਿੱਤਰਕਾਰ ਬਣੇਗਾ। ਫੌਜ ਦੀ ਨੌਕਰੀ ਛੱਡ ਕੇ ਸਾਲ 1923 ਦੌਰਾਨ ਅੰਮ੍ਰਿਤਸਰ ਵਿਖੇ ਅਪਣਾ “ਸੁਭਾਸ਼ ਸਟੁਡਿਓ” ਸਥਾਪਤ ਕੀਤਾ। ਸ਼ਾਇਦ ਉਹ ਨੇਤਾ ਜੀ ਸੁਭਾਸ਼ ਤੋਂ ਪ੍ਰਭਾਵਿਤ ਹੋਣ ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਆਪਣੇ ਨਾਂਅ ਨਾਲ “ਸੁਭਾਸ਼” ਤੱਖ਼ਲਸ ਵੀ ਲਿਖਿਆ ਕਰਦੇ ਸਨ। ਫਿਰ ਅਨਾਰਕਲੀ ਬਾਜ਼ਾਰ ਲਾਹੌਰ ਵਿਖੇ “ਈਕੋ ਸਕੂਲ ਆਫ਼ ਆਰਟ” ਵੀ ਸਥਾਪਤ ਕੀਤਾ। ਇਸ ਉਪਰੰਤ ਦਿਲੀ ਵਿਖੇ ਵੀ ਅਪਣਾ ਆਰਟ ਸਟੁਡੀਓ ਸ਼ਿਫਟ ਕਰ ਲਿਆ। ਕੁਝ ਸਮਾਂ ਪ੍ਰੀਤ ਨਗਰ ਅਤੇ ਸ਼ਿਮਲੇ ਰਹਿ ਕੇ ਨਿਸਬਤ ਰੋਡ ਲਾਹੌਰ ਵਿਖੇ ਮੁੜ ਅਪਣਾ ਸਟੁਡੀਓ ਖੋਲ੍ਹਿਆ ਅਤੇ ਇਸ ਦੇ ਨਾਲ ਹੀ ਫਿਲਮਾਂ ਦੀ ਆਰਟ ਡਾਇਰੈਕਸ਼ਨ ਦਾ ਕੰਮ ਵੀ ਕਰਨ ਲਗੇ। ਇਸ ਸਮੇਂ ਦੌਰਾਨ ਹੀ ਫਿਰਕੂ ਹਿੰਸਾ ਦੀ ਹਨੇਰੀ ਵਿੱਚ ਸਭ ਕੁਝ ਤਬਾਹ ਹੋ ਗਿਆ ਤੇ 1947 ਤਕ ਬਣਾਏ ਲਗਪਗ 300 ਚਿੱਤਰ ਸਾੜ ਦਿਤੇ ਗਏ। ਇਥੋਂ ਉਜੜ ਕੇ ਕਾਂਗੜਾ ਘਾਟੀ ਦੀ ਗੋਦ ਵਿੱਚ ਵਸੇ ਇੱਕ ਛੋਟੇ ਜਿਹੇ ਪਿੰਡ ਅੰਦਰੇਟਾ ਆ ਗਏ ਅਤੇ ਆਪਣੇ ਜੀਵਨ ਦਾ ਬਾਕੀ ਸਾਰਾ ਸਮਾਂ ਇਥੇ ਹੀ ਬਿਤਾਇਆ।

ਚਿੱਤਰਕਾਰੀ

ਸੋਧੋ

ਆਪਣੇ 85 ਸਾਲ ਦੇ ਜੀਵਨ-ਕਾਲ ਦੌਰਾਨ ਸਰਦਾਰ ਸੋਭਾ ਸਿੰਘ ਨੇ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਕੌਮੀ ਨੇਤਾਵਾਂ ਆਦਿ ਦੇ ਚਿੱਤਰਾਂ ਦੇ ਨਾਲ ਨਾਲ ਪ੍ਰੇਮ-ਕਥਾਵਾਂ ਤੇ ਆਪਣੇ ਸਭਿਆਚਾਰ ਨਾਲ ਸੰਬਧਤ ਚਿੱਤਰ ਬਣਾਏ। ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ, ਈਸਾ ਮਸੀਹ, ਹਜ਼ਰਤ ਮੀਆਂ ਮੀਰ, ਭਗਤ ਰਵਿਦਾਸ ਆਦਿ ਉਨ੍ਹਾਂ ਦੇ ਪ੍ਰਸਿੱਧ ਧਾਰਮਿਕ ਚਿੱਤਰ ਹਨ। ਉਹਨਾਂ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ, ਪੰਡਤ ਨਹਿਰੂ, ਲਾਲ ਬਹਾਦਰ ਸਾਸ਼ਤਰੀ ਵਰਗੇ ਕੌਮੀ ਨੇਤਾਵਾਂ ਦੇ ਚਿੱਤਰ ਵੀ ਬਣਾਏ ਹਨ। ਕਲਾ-ਜਗਤ ਵਿੱਚ ਵਿਸ਼ੇਸ਼ ਸਥਾਨ ਉਨ੍ਹਾਂ ਦੇ ਸ਼ਾਹਕਾਰ “ਸੋਹਣੀ-ਮਹੀਂਵਾਲ” ਨੇ ਦਿਵਾਇਆ। ਇਸੇ ਚਿੱਤਰ ਕਾਰਨ ਰਾਜ ਮਹਿਲਾਂ ਤੇ ਅਮੀਰ ਘਰਾਣਿਆ ਵਿੱਚ ਸਿਮਟੀ ਕਲਾ ਆਮ ਆਦਮੀ ਤਕ ਪਹੁੰਚੀ। ਇਸ ਸ਼ਾਹਕਾਰ ਚਿੱਤਰ ਕਾਰਨ ਚਿੱਤਰਕਾਰ ਸੋਭਾ ਸਿੰਘ ਨੂੰ ਕਲਾ-ਜਗਤ ਵਿੱਚ ਬਹੁਤ ਪ੍ਰਸਿੱਧੀ ਮਿਲੀ।

ਸਰਦਾਰ ਸੋਭਾ ਸਿੰਘ ਕਿਸੇ ਵੀ ਚਿੱਤਰ ‘ਤੇ ਕੰਮ ਕਰਨ ਤੋਂ ਪਹਿਲਾਂ ਉਸ ਬਾਰੇ ਵੱਧ ਤੋਂ ਵੱਧ ਸਾਹਿਤ ਦਾ ਪੂਰਾ ਅਧਿਐਨ ਕਰਦੇ ਸਨ ਅਤੇ ਫਿਰ ਕਈ ਕਈ ਹਫ਼ਤੇ, ਮਹੀਨੇ ਉਸ ਨੂੰ ਮੁਕੰਮਲ ਕਰਨ ਵਿੱਚ ਲਗੇ ਰਹਿੰਦੇ। ਉਨ੍ਹਾਂ ਨੇ ਕਿਸੇ ਵੀ ਚਿੱਤਰ ਲਈ ਕਿਸੇ ਮਾਡਲ ਦੀ ਵਰਤੋਂ ਨਹੀਂ ਕੀਤੀ। ਇਤਿਹਾਸ, ਸਭਿਆਚਾਰ, ਵਿਰਸੇ ਨਾਲ ਜੁੜੇ ਚਿੱਤਰ ਉਨ੍ਹਾਂ ਦੇ ਡੂੰਘੇ ਅਧਿਐਨ ਤੇ ਚਿੰਤਨ ਦਾ ਫ਼ਲ ਹਨ।[2]

ਅੰਦਰੇਟਾ ਸਿਥਤ ਇਸ ਸੰਤ ਕਲਾਕਾਰ ਦੇ ਘਰ ਤੇ ਆਰਟ-ਗੈਲਰੀ ਉਨ੍ਹਾਂ ਦੀ ਬੇਟੀ ਬੀਬੀ ਗੁਰਚਰਨ ਕੌਰ ਬੜੇ ਹੀ ਸਲੀਕੇ ਨਾਲ ਸੰਭਾਲੇ ਹੋਏ ਹਨ। ਉਹ ਦਸਦੇ ਹਨ ਕਿ ਕਲਾ ਬਾਰੇ ਸਰਦਾਰ ਸੋਭਾ ਸਿੰਘ ਕਿਹਾ ਕਰਦੇ ਸਨ, “ਮੇਰੀ ਕਲਾ ਹੀ ਮੇਰਾ ਧਰਮ ਹੈ ਅਤੇ ਮੇਰਾ ਕਰਤੱਵ ਨਿਰਾਕਾਰ ਨੂੰ ਸਾਕਾਰ ਕਰਨਾ ਹੈ। ਕਲਾ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ, ਜੇ ਇਹ ਮਾਨਵ ਮਨ ਦੀਆਂ ਅੰਤਰੀਵ ਅਨੂਭੂਤੀਆਂ ਨੂੰ ਛੁਹ ਕੇ ਮਾਨਵ ਦੇ ਵਿਕਾਸ ਲਈ ਸਹਾਇਤਾ ਨਹੀਂ ਕਰਦੀ, ਤਾਂ ਬੇਕਾਰ ਹੈ। ਉਹੀ ਚਿੱਤਰਕਾਰ ਸਫਲ ਹੈ ਜਿਸ ਨੇ ਮਾਨਵਤਾ ਨੂੰ ਸਮਝਿਆ ਅਤੇ ਪ੍ਰਗਟ ਕੀਤਾ। ਚਿੱਤਰਕਾਰ ਦੇ ਮਾਨਸਿਕ ਵਿਕਾਸ ਦੇ ਨਾਲ ਨਾਲ ਉਸ ਦੀ ਕਲਾ ਦਾ ਵਿਕਾਸ ਵੀ ਹੁੰਦੇ ਰਹਿਣਾ ਚਾਹੀਦਾ ਹੈ। ਇਸ ਲਈ ਦਿਮਾਗ਼ ਦੀ ਸਮਝਦਾਰੀ, ਦਿਲ ਦੀ ਪਵਿੱਤ੍ਰਤਾ ਅਤੇ ਉਂਗਲੀਆਂ ਦੇ ਹੁਨਰ ਦੀ ਨਿਪੁਨਤਾ ਦੀ ਲੋੜ ਹੈ।”

ਇਹ ਤਾਲਮੇਲ ਉਨ੍ਹਾਂ ਦੇ ਹਰ ਚਿੱਤਰ ਵਿੱਚ ਝਲਕਦਾ ਹੈ। ਉਨ੍ਹਾਂ ਦੀਆਂ ਕਲਾ-ਕ੍ਰਿਤੀਆਂ ਵਿੱਚ ਸ਼ਾਂਤ-ਰਸ ਵਿੱਚ ਡੁਬੇ ਹੋਏ ਗੁਰੂ ਤੇਗ਼ ਬਹਾਦਰ, ਗੁਰੂ ਅਮਰਦਾਸ, ਮਹਾਤਮਾ ਗਾਂਧੀ ਜਾਂ ਪ੍ਰਭਾਤ ਦੀ ਦੇਵੀ ਦੇ ਚਿੱਤਰ, ਸ਼ਿੰਗਾਰ-ਰਸ ਵਿੱਚ ਸ਼ਰਸ਼ਾਰ ਹੀਰ-ਰਾਂਝਾ, ਉਮਰੇ ਖ਼ਿਆਮ ਜਾਂ ਸੋਹਣੀ ਮਹੀਂਵਾਲ ਅਤੇ ਵੀਰ ਰਸ ਵਿੱਚ ਦਮਕਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ, ਭਗਵਾਨ ਰਾਮ, ਯੁਵਰਾਜ ਦਲੀਪ ਸਿੰਘ ਜਾਂ ਗੋਰਖਾ ਸੈਨਿਕ ਦੇ ਚਿੱਤਰ- ਮੂੰਹ ਬੋਲਦੀ ਤਸਵੀਰ ਹਨ।[2]

ਇਸ ਮਹਾਨ ਕਲਾਕਾਰ ਨੂੰ ਆਪਣੇ ਜੀਵਨ-ਕਾਲ ਦੌਰਾਨ ਯੋਗ ਸਨਮਾਨ ਮਿਲਿਆ। ਉਹ ਹਰ ਤਰ੍ਹਾਂ ਦੇ ਲਾਲਚ ਤੇ ਪ੍ਰਚਾਰ ਤੋਂ ਦੂਰ ਰਹਿ ਕੇ ਇੱਕ ਰਿਸ਼ੀ ਵਾਂਗ ਕਲਾ ਸਾਧਨਾ ਕਰਦੇ ਰਹੇ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ “ਸਟੇਟ ਆਰਟਿਸਟ” ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਡਾਕਟ੍ਰੇਟ ਦੀ ਆਨਰੇਰੀ ਡਿਗਰੀ ਅਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਦੇ ਸਨਮਾਨ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਅਵਸਰ ਤੇ ਭਾਰਤ ਸਰਕਾਰ ਨੇ 29 ਨਵੰਬਰ 2001 ਨੂੰ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਪੰਜਾਬ ਵਿੱਚ ਬਾਦਲ ਸਰਕਾਰ ਅਤੇ ਹਿਮਾਚਲ ਦੀ ਪ੍ਰੋ. ਧੁਮਲ ਸਰਕਾਰ ਨੇ ਜਨਮ ਸ਼ਤਾਬਦੀ ਰਾਜ ਪੱਧਰ ਦੇ ਸਮਾਗਮ ਆਯੋਜਿਤ ਕਰ ਕੇ ਮੰਨਾਈ। ਅੰਦਰੇਟਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂਅ ਉਨ੍ਹਾਂ ਦੇ ਨਾਂਅ ‘ਤੇ ਕੀਤਾ ਗਿਆ ਹੈ। ਪੰਜਾਬ ਤੇ ਹਿਮਾਚਲ ਦੇ ਭਾਸ਼ਾ ਵਿਭਾਗਾਂ ਨੇ ਆਪਣੇ ਆਪਣੇ ਪਰਚਿਆਂ ਦੇ “ਸ. ਸੋਭਾ ਸਿੰਘ ਵਿਸ਼ੇਸ਼ ਅੰਕ” ਪ੍ਰਕਾਸ਼ਿਤ ਕੀਤੇ। ਬਾਦਲ ਸਰਕਾਰ ਨੇ ਕਿਸੇ ਪ੍ਰਮੁੱਖ ਚਿੱਤਰਕਾਰ ਨੂੰ ਦੇਣ ਲਈ ਹਰ ਸਾਲ ਇੱਕ ਲੱਖ ਰੁਪੈ ਦਾ “ਸ. ਸੋਭਾ ਸਿਘ ਪੁਰਸਕਾਰ” ਸਥਾਪਤ ਕੀਤਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਹ ਬੰਦ ਕਰ ਦਿਤਾ। ਜਨਮ ਸਤਾਬਦੀ ਦੇ ਸਰਕਾਰੀ ਪੱਧਰ ਦੇ ਸਮਾਗਮ ਸ. ਸੋਭਾ ਸਿੰਘ ਮੈਮੋਰੀਅਲ ਆਰਟ ਸੋਸਾਇਟੀ ਅਤੇ ਘਟ ਗਿਣਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਸ. ਤਰਲੋਚਨ ਸਿੰਘ ਦੇ ਨਿੱਜੀ ਯਤਨਾਂ ਸਦਕਾ ਮੰਨਾਏ ਗਏ। 22 ਅਗੱਸਤ 1986 ਤਕ ਆਪਣੇ ਜੀਵਨ ਦੇ ੮੫ ਸਾਲ ਦੇ ਸਫ਼ਰ ਵਿੱਚ ਇਹ ਸੰਤ ਕਲਾਕਾਰ ਜਿਥੇ ਵੀ ਰਹੇ, ਉਹਨਾਂ ਨੇ ਆਪਣੇ ਆਸ ਪਾਸ ਨੂੰ ਰੰਗਾਂ ਨਾਲ ਭਰ ਦਿਤਾ ਅਤੇ ਉਹ ਸੱਤਰੰਗੀ ਪੀਂਘ ਵਾਂਗ ਘਰ ਘਰ ਵਿੱਚ ਵਿੱਖਰ ਗਏ।

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
  2. 2.0 2.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.