ਸਿੰਗਾਰ, ਸਜਾਵਟ ਨੂੰ ਕਹਿੰਦੇ ਹਨ। ਮਨੁੱਖ ਜਾਤੀ ਦੀ ਸਿੰਗਾਰ ਕਰਨ ਦੀ ਪਰਵਿਰਤੀ ਜਮਾਂਦਰੂ ਹੈ। ਇਸਤਰੀਆਂ ਵਿਚ ਸਿੰਗਾਰ ਕਰਨ ਦੀ ਰੁਚੀ ਸਭ ਤੋਂ ਜ਼ਿਆਦਾ ਹੈ।ਇਸਤਰੀਆਂ ਦੇ ਸਿੰਗਾਰ ਕਰਨ ਦੇ ਪੁਰਾਣੇ ਸੋਲਾਂ ਢੰਗ ਮੰਨੇ ਗਏ ਹਨ। ਮੁਟਿਆਰਾਂ ਦੇ ਕੀਤੇ ਸਿੰਗਾਰ ਉਨ੍ਹਾਂ ਦੀ ਸੁੰਦਰਤਾ ਵਿਚ ਹੋਰ ਵਾਧਾ ਕਰਦੇ ਹਨ। ਇਹ ਸਿੰਗਾਰ ਪੈਰਾਂ ਦੇ ਨਹੁੰਆਂ ਤੋਂ ਸ਼ੁਰੂ ਹੁੰਦੇ ਹਨ। ਸਰੀਰ ਦੇ ਸਾਰੇ ਅੰਗਾਂ, ਏਥੋਂ ਤੱਕ ਕਿ ਸਿਰ ਦੇ ਵਾਲਾਂ ਨੂੰ ਵੀ ਸਜਾਇਆ ਜਾਂਦਾ ਹੈ। ਵਣਜਾਰਾ ਬੇਦੀ ਅਨੁਸਾਰ ਇਹ ਸੋਲਾਂ ਸਿੰਗਾਰ ਹੇਠ ਲਿਖੇ ਹਨ—

  1. ਵਟਣਾ ਮਲਣਾ— ਸਾਬਨ ਦੀ ਕਾਢ ਨਿਕਲਣ ਤੋਂ ਪਹਿਲਾਂ ਸਰੀਰ ਦੀ ਮੈਲ ਨੂੰ ਵਟਣਾ ਮਲ ਕੇ ਲਾਹਿਆ ਜਾਂਦਾ ਸੀ। ਵੇਸਣ, ਹਲਦੀ ਤੇ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਵਟਣਾ ਬਣਾਇਆ ਜਾਂਦਾ ਸੀ। ਕਈ ਇਲਾਕਿਆਂ ਵਿਚ ਜੌਂ ਦੇ ਆਟੇ, ਹਲਦੀ, ਦਹੀ ਤੇ ਸਰ੍ਹੋਂ ਦੇ ਤੇਲ ਨਾਲ ਵੀ ਵਟਣਾ ਬਣਾਇਆ ਜਾਂਦਾ ਸੀ।
  2. ਇਸ਼ਨਾਨ ਕਰਨਾ— ਸਰੀਰਕ ਇਸ਼ਨਾਨ ਕੀਤਾ ਜਾਂਦਾ ਸੀ। ਕੇਸ ਵੀ ਧੋਤੇ ਜਾਂਦੇ ਸਨ।
  3. ਵਧੀਆ ਕੱਪੜੇ ਪਾਉਣੇ— ਕਦ-ਕਾਠ ਅਨੁਸਾਰ ਤੇ ਸਰੀਰ ਦੀ ਰੰਗਤ ਅਨੁਸਾਰ ਜਚਦੇ ਕੱਪੜੇ ਪਹਿਨੇ ਜਾਂਦੇ ਸਨ।
  4. ਵਾਲਾਂ ਨੂੰ ਸਿੰਗਾਰਨਾ– ਵਾਲਾਂ ਨੂੰ ਆਪਣੀ ਪਸੰਦ ਦੀ ਵਿਉਂਤ ਵਿਚ ਗੁੰਦਿਆ ਜਾਂਦਾ ਸੀ
  5. ਅੱਖਾਂ ਵਿਚ ਕਜਲਾ- ਅੱਖਾਂ ਵਿਚ ਕਜਲਾ ਪਾ ਕੇ ਅੱਖਾਂ ਨੂੰ ਹੋਰ ਮਨਮੋਹਨੀਆਂ ਤੇ ਆਕਰਸ਼ਕ ਬਣਾਇਆ ਜਾਂਦਾ ਸੀ।
  6. ਮਾਂਗ ਵਿਚ ਸੰਧੂਰ ਭਰਨਾ— ਮਾਂਗ ਵਿਚ ਸੰਧੂਰ ਭਰ ਕੇ ਸਿਰ ਦੀ ਦੁੱਖ ਵਿਚ ਨਿਖਾਰ ਲਿਆਇਆ ਜਾਂਦਾ ਸੀ।
  7. ਮੱਥੇ ਤੇ ਬਿੰਦੀ- ਮੱਥੇ ਤੇ ਬਿੰਦੀ ਲਾ ਕੇ ਮੱਥੇ ਦੀ ਸੁੰਦਰਤਾ ਬਣਾਈ ਜਾਂਦੀ
  8. ਮੂੰਹ ਉੱਪਰ ਤਿਲ ਦਾ ਨਿਸ਼ਾਨ ਉਕਰਨਾ— ਪਹਿਲੇ ਸਮਿਆਂ ਵਿਚ ਠੋਡੀ ਉੱਪਰ ਤਿਲ ਖੁਣਵਾਉਣਾ ਮੁਟਿਆਰਾਂ ਦੇ ਸਿੰਗਾਰ ਦੀ ਇਕ ਵਿਸ਼ੇਸ਼ ਨਿਸ਼ਾਨੀ ਗਿਣੀ ਜਾਂਦੀ ਸੀ।
  9. ਹੱਥਾਂ ਪੈਰਾਂ ਤੇ ਮਹਿੰਦੀ— ਹੱਥਾਂ ਤੇ ਪੈਰਾਂ ਦੀ ਸਜਾਵਟ ਲਈ ਮਹਿੰਦੀ ਲਾਈ ਜਾਂਦੀ ਸੀ।
  10. ਸਰੀਰ ਉੱਪਰ ਸੁਗੰਧੀ ਛਿੜਕਣੀ— ਪਹਿਲੇ ਸਮਿਆਂ ਵਿਚ ਹਰ ਕੰਮ ਹੱਥੀਂ ਕੀਤਾ ਜਾਂਦਾ ਸੀ। ਸਰੀਰਕ ਮਿਹਨਤ ਬਹੁਤ ਸੀ। ਇਸ ਲਈ ਵਿਆਹਾਂ ਅਤੇ ਖੁਸ਼ੀ ਦੇ ਸਮਾਗਮਾਂ ਵਿਚ ਸਰੀਰ ਉੱਪਰ ਕੋਈ ਨਾ ਕੋਈ ਸੁਗੰਧ ਛਿੜਕ ਕੇ ਸਰੀਰ ਨੂੰ ਸੁਗੰਧਤ ਬਣਾਇਆ ਜਾਂਦਾ ਸੀ।
  11. ਗਹਿਣੇ ਪਾਉਣੇ– ਲੋੜ ਅਨੁਸਾਰ ਗਹਿਣੇ ਪਾਏ ਜਾਂਦੇ ਸਨ।
  12. ਗਲ ਵਿਚ ਹਾਰ— ਗਲ ਵਿਚ ਹਾਰ ਪਾਇਆ ਜਾਂਦਾ ਸੀ।
  13. ਪਾਨ ਦਾ ਬੀੜਾ ਚਬਣਾ- ਪਾਨ ਖਾਣਾ ਵੀ ਸਿੰਗਾਰ ਦਾ ਹਿੱਸਾ ਹੁੰਦਾ
  14. ਮਿਸੀ ਲਾਉਣਾ— ਦੰਦ ਕਾਲੇ ਕਰਨ ਦਾ ਵੀ ਇਕ ਢੰਗ ਹੁੰਦਾ ਸੀ ਜਿਸ ਨੂੰ ਮਿਸੀ ਕਹਿੰਦੇ ਸਨ। ਇਹ ਵੀ ਸਿੰਗਾਰ ਦਾ ਹਿੱਸਾ ਹੁੰਦਾ ਸੀ।
  15. ਪੈਰਾਂ ਤੇ ਮਹਾਵਰ ਲਾਉਣਾ— ਲਾਖ ਤੋਂ ਬਣਿਆ ਇਕ ਲਾਲ ਰੰਗ ਹੁੰਦਾ ਹੈ ਜੋ ਇਸਤਰੀਆਂ ਪੈਰਾਂ ਦੇ ਸਿੰਗਾਰ ਲਈ ਲਾਉਂਦੀਆਂ ਹਨ।
  16. ਬੀਰੀ ਪਾਉਣਾ— ਕੰਨਾਂ ਵਿਚ ਪਾਉਣ ਵਾਲੇ ਇਕ ਗਹਿਣੇ ਨੂੰ ਬੀਰੀ ਕਹਿੰਦੇ ਹਨ।

ਇਹ ਹਨ ਪਹਿਲੇ ਸਮਿਆਂ ਦੇ ਸੋਲਾਂ ਸਿੰਗਾਰ। ਇਨ੍ਹਾਂ ਵਿਚੋਂ ਬਹੁਤੇ ਸਿੰਗਾਰਾਂ ਦਾ ਹੁਣ ਰਿਵਾਜ ਨਹੀਂ ਰਿਹਾ। ਹੁਣ ਨਵੇਂ ਸਿੰਗਾਰ ਚਲ ਪਏ ਹਨ ਜਿਨ੍ਹਾਂ ਦੀ ਗਿਣਤੀ ਸੋਲਾਂ ਤੋਂ ਵੀ ਵੱਧ ਹੈ।[1]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.