ਸੰਗੀਤ ਇੱਕ ਕਲਾ ਹੈ ਜਿਸਦਾ ਮਾਧਿਅਮ ਧੁਨੀਆਂ ਅਤੇ ਚੁੱਪ ਹੈ। ਇਸਦੇ ਮੁੱਖ ਤੱਤ ਸੁਰ ਅਤੇ ਤਾਲ ਹਨ। ਸੱਭਿਆਚਾਰ ਅਤੇ ਸਮਾਜਿਕ ਸੰਦਰਭ ਦੇ ਮੁਤਾਬਿਕ ਸੰਗੀਤ ਦੀ ਰਚਨਾ, ਪ੍ਰਦਰਸ਼ਨ, ਮਹੱਤਵ ਅਤੇ ਪਰਿਭਾਸ਼ਾ ਬਦਲਦੀ ਰਹਿੰਦੀ ਹੈ। ਸੰਗੀਤ ਸਮਾਜਕ ਵਿਕਾਸ ਦੇ ਹੇਠਲੇ ਸਤਰਾਂ ਉੱਤੇ ਪ੍ਰਗਟ ਹੋਇਆ ਉਦੋਂ ਇਸਦੀ ਭੂਮਿਕਾ ਮੁੱਖ ਤੌਰ ਤੇ ਉਪਯੋਗਤਾਵਾਦੀ ਸੀ: ਧੁਨ ਦਾ ਸੁਝਾਉ ਕੰਮ ਦੀ ਚਾਲ ਦੀ ਲੈਅ ਵਿੱਚੋਂ ਉਸ ਨੂੰ ਸੁਵਿਧਾਜਨਕ ਬਣਾਉਣ ਅਤੇ ਹੋਰ ਜਿਆਦਾ ਉਤਪਾਦਕ ਬਣਾਉਣ ਲਈ ਮਦਦ ਵਜੋਂ ਆਇਆ।[1] ਇਹ ਰਿਦਮ ਲੋਕਾਂ ਨੂੰ ਇੱਕ ਪ੍ਰਕਿਰਿਆ ਵਿੱਚ ਇੱਕਜੁਟ ਕਰ ਦਿੰਦਾ। ਕਿਸੇ ਭਾਰੀ ਕੰਮ ਨੂੰ ਮਿਲ ਕੇ ਲੱਗੇ ਕਈ ਸਾਰੇ ਲੋਕਾਂ ਵਲੋਂ 'ਹਈਸ਼ਾ' ਦੇ ਸੰਗੀਤਮਈ ਪ੍ਰਯੋਗ ਨੂੰ ਹਰ ਕਿਸੇ ਨੇ ਦੇਖਿਆ ਹੋਣਾ ਹੈ। ਸੰਗੀਤ ਮਨੁੱਖੀ ਬੋਲੀ ਦੇ ਮਾਧਿਅਮ ਨਾਲ ਧੁਨੀ ਸੰਚਾਰ ਦੇ ਫੰਕਸ਼ਨ ਨੂੰ ਸੁਦ੍ਰਿੜ ਅਤੇ ਵਿਕਸਿਤ ਕਰਦਾ ਹੈ ਅਤੇ ਮਾਨਸਿਕ ਮਨੁੱਖੀ ਊਰਜਾ ਨੂੰ ਨਿਸਚਿਤ ਟੀਚੇ ਲਈ ਫ਼ੋਕਸ ਕਰਦਾ ਹੈ।

ਪੰਜਾਬੀ ਸਾਜ਼, ਰਬਾਬ

ਇਤਿਹਾਸ

ਸੋਧੋ

ਲੜਾਈ, ਉਤਸਵ ਅਤੇ ਅਰਦਾਸ ਜਾਂ ਭਜਨ ਦੇ ਸਮੇਂ ਮਨੁੱਖ ਗਾਣੇ ਵਜਾਉਣੇ ਦੀ ਵਰਤੋ ਕਰਦਾ ਆਇਆ ਹੈ। ਸੰਸਾਰ ਦੀਆਂ ਸਾਰੀਆਂ ਜਾਤੀਆਂ ਵਿੱਚ ਬੰਸਰੀ ਆਦਿ ਫੂੰਕ ਦੇ ਵਾਜੇ (ਸੁਸ਼ਿਰ), ਕੁੱਝ ਤਾਰ ਜਾਂ ਧਾਂਤ ਦੇ ਵਾਜੇ, ਕੁੱਝ ਚਮੜੇ ਨਾਲ ਮੜ੍ਹੇ ਹੋਏ ਵਾਜੇ (ਅਵਨੱਧ ਜਾਂ ਆਨੱਧ), ਕੁੱਝ ਠੋਕ ਕੇ ਵਜਾਉਣ ਵਾਲੇ ਵਾਜੇ (ਘਨ) ਮਿਲਦੇ ਹਨ। ਅਜਿਹਾ ਲਗਦਾ ਹੈ ਕਿ ਭਾਰਤ ਵਿੱਚ ਭਰਤ ਦੇ ਸਮੇਂ ਤੱਕ ਗਾਣ ਨੂੰ ਪਹਿਲਾਂ ਕੇਵਲ ਗੀਤ ਕਹਿੰਦੇ ਸਨ। ਵਾਜੇ ਵਿੱਚ ਜਿੱਥੇ ਗੀਤ ਨਹੀਂ ਹੁੰਦਾ ਸੀ, ਕੇਵਲ ਦਾੜਾ, ਦਿੜਦਿੜ ਜਿਵੇਂ ਖੁਸ਼ਕ ਅੱਖਰ ਹੁੰਦੇ ਸਨ, ਉੱਥੇ ਉਸਨੂੰ ਨਿਰਗੀਤ ਜਾਂ ਬਹਿਰਗੀਤ ਕਹਿੰਦੇ ਸਨ ਅਤੇ ਨ੍ਰਿਤ ਅਤੇ ਨਾਚ ਦੀ ਇੱਕ ਵੱਖ ਕਲਾ ਸੀ। ਪਰ ਹੌਲੀ-ਹੌਲੀ ਗਾਣ, ਵਾਜਾ ਅਤੇ ਨਾਚ ਤਿੰਨਾਂ ਦਾ ਸੰਗੀਤ ਵਿੱਚ ਅੰਤਰਭਾਵ ਹੋ ਗਿਆ। ਭਾਰਤ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਕੇਵਲ ਗੀਤ ਅਤੇ ਵਾਜੇ ਨੂੰ ਸੰਗੀਤ ਵਿੱਚ ਗਿਣਦੇ ਹਨ। ਨਾਚ ਨੂੰ ਇੱਕ ਭਿੰਨ ਕਲਾ ਮੰਨਦੇ ਹਨ। ਭਾਰਤ ਵਿੱਚ ਵੀ ਨਾਚ ਨੂੰ ਸੰਗੀਤ ਵਿੱਚ ਕੇਵਲ ਇਸ ਲਈ ਗਿਣ ਲਿਆ ਗਿਆ ਕਿ ਉਸਦੇ ਨਾਲ ਗੀਤ ਜਾਂ ਵਾਜੇ ਦੋਨੋਂ ਰਹਿੰਦੇ ਹਨ। ਉੱਤੇ ਲਿਖਿਆ ਜਾ ਚੁੱਕਿਆ ਹੈ ਕਿ ਆਵਾਜ਼ ਅਤੇ ਲੈਅ ਦੀ ਕਲਾ ਨੂੰ ਸੰਗੀਤ ਕਹਿੰਦੇ ਹਨ। ਆਵਾਜ਼ ਅਤੇ ਲੈਅ, ਗੀਤ ਅਤੇ ਵਾਜਾ ਦੋਨਾਂ ਵਿੱਚ ਮਿਲਦੇ ਹਨ, ਪਰ ਨਾਚ ਵਿੱਚ ਸਿਰਫ ਲੈਅ ਹੈ, ਆਵਾਜ਼ ਨਹੀਂ। ਅਸੀਂ ਸੰਗੀਤ ਦੇ ਅਨੁਸਾਰ ਕੇਵਲ ਗੀਤ ਅਤੇ ਵਾਜੇ ਦੀ ਚਰਚਾ ਕਰਾਂਗੇ, ਕਿਉਂਕਿ ਸੰਗੀਤ ਕੇਵਲ ਇਸ ਮਤਲਬ ਵਿੱਚ ਹੋਰ ਦੇਸ਼ਾਂ ਵਿੱਚ ਵੀ ਵਿਅਵਹ੍ਰਤ ਹੁੰਦਾ ਹੈ।

ਵਿਉਂਤਪੱਤੀ

ਸੋਧੋ

ਸੰਗੀਤ ਦਾ ਆਦਮ ਚਸ਼ਮਾ ਕੁਦਰਤੀ ਧੁਨੀਆਂ ਹਨ। ਪਹਿਲਾਂ ਸੰਗੀਤ-ਯੁੱਗ ਵਿੱਚ ਮਨੁੱਖ ਨੇ ਕੁਦਰਤ ਦੀਆਂ ਧੁਨੀਆਂ ਅਤੇ ਉਨ੍ਹਾਂ ਦੀ ਵਿਸ਼ੇਸ਼ ਲੈਅ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਹਰ ਤਰ੍ਹਾਂ ਦੀਆਂ ਕੁਦਰਤੀ ਧੁਨੀਆਂ ਸੰਗੀਤ ਦਾ ਆਧਾਰ ਨਹੀਂ ਹੋ ਸਕਦੀਆਂ, ਭਾਵ ਪੈਦਾ ਕਰਨ ਵਾਲੀਆਂ ਧੁਨੀਆਂ ਨੂੰ ਪਰਖ ਕੇ ਸੰਗੀਤ ਦਾ ਆਧਾਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਲੈਅ ਵਿੱਚ ਬੰਨਣ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ। ਕੁਦਰਤ ਦੀਆਂ ਉਹ ਧੁਨੀਆਂ ਜਿਨ੍ਹਾਂ ਨੇ ਮਨੁੱਖ ਦੇ ਮਨ-ਮਸਤਕ ਨੂੰ ਛੋਹ ਕੇ ਉੱਲਸਿਤ ਕੀਤਾ, ਉਹੀ ਸਭਿਅਤਾ ਦੇ ਵਿਕਾਸ ਦੇ ਨਾਲ ਸੰਗੀਤ ਦਾ ਸਾਧਨ ਬਣੀ। ਹਾਲਾਂਕਿ ਵਿਚਾਰਕਾਂ ਦੇ ਭਿੰਨ-ਭਿੰਨ ਮਤ ਹਨ। ਦਾਰਸ਼ਨਿਕਾਂ ਨੇ ਨਾਦ ਦੇ ਚਾਰ ਭੱਜਿਆ ਪਰਿਆ, ਪਸ਼ਿਅੰਤੀ, ਮਧਿਅਮਾ ਅਤੇ ਵੈਖਰੀ ਵਿੱਚੋਂ ਮਧਿਅਮਾ ਨੂੰ ਸੰਗੀਤ ਯੋਗੀ ਆਵਾਜ਼ ਦਾ ਆਧਾਰ ਮੰਨਿਆ। ਡਾਰਵਿਨ ਨੇ ਕਿਹਾ ਕਿ ਪਸ਼ੂ ਰਤੀ ਦੇ ਸਮੇਂ ਮਧੁਰ ਆਵਾਜ ਕਰਦੇ ਹਨ। ਮਨੁੱਖ ਨੇ ਜਦੋਂ ਇਸ ਪ੍ਰਕਾਰ ਦੀ ਆਵਾਜ ਦੀ ਨਕਲ ਸ਼ੁਰੂ ਕੀਤੀ ਤਾਂ ਸੰਗੀਤ ਦਾ ਉਦਭਵ ਹੋਇਆ। ਕਾਰਲ ਸਟੰਫ ਨੇ ਭਾਸ਼ਾ ਉਤਪੱਤੀ ਦੇ ਬਾਅਦ ਮਨੁੱਖ ਦੁਆਰਾ ਆਵਾਜ ਦੀ ਇਕਤੱਰਤਾ ਨੂੰ ਆਵਾਜ਼ ਦੀ ਉਤਪੱਤੀ ਮੰਨਿਆ। ਉਨਵੀਂ ਸਦੀ ਦੇ ਉੱਤਰਾਰੱਧ ਵਿੱਚ ਭਾਰਤੇਂਦੁ ਹਰਿਸ਼ਚੰਦਰ ਨੇ ਕਿਹਾ ਕਿ ਸੰਗੀਤ ਦੀ ਉਤਪੱਤੀ ਮਾਨਵੀ ਸੰਵੇਦਨਾ ਦੇ ਨਾਲ ਹੋਈ ਹੈ। ਉਨ੍ਹਾਂ ਨੇ ਸੰਗੀਤ ਨੂੰ ਗਾਣੇ, ਵਜਾਉਣੇ, ਦੱਸਣ (ਕੇਵਲ ਨਾਚ ਮੁਦਰਾਵਾਂ ਦੁਆਰਾ) ਅਤੇ ਨੱਚਣ ਦਾ ਸਮੂਹ ਦੱਸਿਆ।

ਪੂਰਬ ਦੇ ਸ਼ਾਸਤਰਾਂ ਵਿੱਚ ਸੰਗੀਤ ਦੀ ਉਤਪੱਤੀ ਨੂੰ ਲੈ ਕੇ ਅਨੇਕ ਰੋਚਕ ਕਥਾਵਾਂ ਹਨ। ਇੰਦਰ ਦੀ ਸਭਾ ਵਿੱਚ ਗਾਇਕ, ਵਾਦਕ ਅਤੇ ਨਾਚ ਹੋਇਆ ਕਰਦੇ ਸਨ। ਗੰਧਰਵ ਗਾਉਂਦੇ ਸਨ, ਅਪਸਰਾਵਾਂ ਨਾਚ ਕਰਦੀਆਂ ਸਨ ਅਤੇ ਕਿੰਨਰ ਵਾਜਾ ਵਜਾਉਂਦੇ ਸਨ। ਗੰਧਰਵ-ਕਲਾ ਵਿੱਚ ਗੀਤ ਸਭ ਤੋਂ ਪ੍ਰਧਾਨ ਰਿਹਾ ਹੈ। ਆਦਿ ਵਿੱਚ ਗਾਣ ਸੀ, ਵਾਦੀ ਦੀ ਉਸਾਰੀ ਪਿੱਛੋਂ ਹੋਈ ਪਹਿਲਾਂ ਗੀਤ ਦੀ ਪ੍ਰਧਾਨਤਾ ਰਹੀ ਹੈ। ਇਹੀ ਕਾਰਨ ਹੈ ਕਿ ਚਾਹੇ ਗੀਤ ਹੋਵੇ, ਚਾਹੇ ਵਾਜਾ ਸਭ ਦਾ ਨਾਮ ਸੰਗੀਤ ਪੈ ਗਿਆ। ਪਿੱਛੋਂ ਨਾਚ ਦਾ ਵੀ ਇਸ ਵਿੱਚ ਅੰਤਰਭਾਵ ਹੋ ਗਿਆ। ਸੰਸਾਰ ਦੀਆਂ ਜਿੰਨੀਆਂ ਆਰਿਆ ਭਾਸ਼ਾਵਾਂ ਹਨ, ਉਨ੍ਹਾਂ ਵਿੱਚ ਸੰਗੀਤ ਸ਼ਬਦ ਚੰਗੇ ਪ੍ਰਕਾਰ ਦੇ ਗਾਣੇ ਤੋਂ ਹੈ।

ਸੰਗੀਤ ਸ਼ਬਦ ‘ਸੰ+ਗਰ’ ਧਾਤੁ ਤੋਂ ਆਇਆ ਹੈ। ਹੋਰ ਭਾਸ਼ਾਵਾਂ ਵਿੱਚ ‘ਸਂ’ ਦਾ ‘ਸਿੰ’ ਹੋ ਗਿਆ ਹੈ ਅਤੇ ‘ਗੈ’ ਜਾਂ ‘ਗਾ’ ਧਾਤੁ, ਜਿਸਦਾ ਵੀ ਮਤਲਬ ਗਾਉਣਾ ਹੁੰਦਾ ਹੈ। ਐਂਗਲੋਸੈਕਸਨ ਵਿੱਚ ਇਸਦਾ ਰੂਪਾਂਤਰ ਹੈ ‘ਸਿੰਗਨ’ (singan) ਜੋ ਆਧੁਨਿਕ ਅੰਗਰੇਜ਼ੀ ਵਿੱਚ ‘ਸਿੰਗ’ ਹੋ ਗਿਆ ਹੈ, ਆਇਸਲੈਂਡ ਦੀ ਭਾਸ਼ਾ ਵਿੱਚ ਇਸਦਾ ਰੂਪ ਹੈ ‘ਸਿਗਜਾ’ (singja), (ਕੇਵਲ ਵਰਣ ਵਿਨਿਆਸ ਵਿੱਚ ਫਰਕ ਆ ਗਿਆ ਹੈ,) ਡੈਨਿਸ਼ ਭਾਸ਼ਾ ਵਿੱਚ ਹੈ ‘ਸਿੰਗ (Synge), ਡੱਚ ਵਿੱਚ ਹੈ ‘ਤਸਿੰਗਨ’ (tsingen), ਜਰਮਨ ਵਿੱਚ ਹੈ ‘ਸਿੰਗੇਨ’ (singen), ਅਰਬੀ ਵਿੱਚ ‘ਗਨਾ’ ਸ਼ਬਦ ਹੈ ਜੋ ‘ਗਾਣ’ ਨਾਲ ਪੂਰਣ ਮਿਲਦਾ ਹੈ। ਸਰਵਪ੍ਰਥਮ ‘ਸੰਗੀਤਰਤਨਾਕਰ’ ਗਰੰਥ ਵਿੱਚ ਗਾਣ, ਵਾਜਾ ਅਤੇ ਨਾਚ ਦੇ ਮੇਲ ਨੂੰ ਹੀ ‘ਸੰਗੀਤ’ ਕਿਹਾ ਗਿਆ ਹੈ। ‘ਗੀਤ’ ਸ਼ਬਦ ਵਿੱਚ ‘ਸੰ’ ਜੋੜ ਕੇ ‘ਸੰਗੀਤ’ ਸ਼ਬਦ ਬਣਿਆ, ਜਿਸਦਾ ਮਤਲਬ ਹੈ ‘ਗਾਣ ਸਹਿਤ’। ਨਾਚ ਅਤੇ ਵਾਜੇ ਦੇ ਨਾਲ ਕੀਤਾ ਗਿਆ ਗਾਨ ‘ਸੰਗੀਤ’ ਹੈ। ਸ਼ਾਸਤਰਾਂ ਵਿੱਚ ਸੰਗੀਤ ਨੂੰ ਸਾਧਨਾ ਵੀ ਮੰਨਿਆ ਗਿਆ ਹੈ।

ਪ੍ਰਮਾਣਿਕ ਤੌਰ ਉੱਤੇ ਵੇਖੋ ਤਾਂ ਸਭ ਤੋਂ ਪ੍ਰਾਚੀਨ ਸਭਿਅਤਾਵਾਂ ਦੀ ਰਹਿੰਦ-ਖੂੰਹਦ, ਮੂਰਤੀਆਂ, ਮੁਦਰਾਵਾਂ ਅਤੇ ਭਿੱਤੀਚਿਤਰਨ ਤੋਂ ਸਾਫ਼ ਹੁੰਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਸੰਗੀਤ ਤੋਂ ਵਾਕਫ਼ ਸਨ। ਦੇਵ-ਦੇਵੀ ਨੂੰ ਸੰਗੀਤ ਦਾ ਆਦਿ ਪ੍ਰੇਰਕ ਸਿਰਫ ਸਾਡੇ ਹੀ ਦੇਸ਼ ਵਿੱਚ ਨਹੀਂ ਮੰਨਿਆ ਜਾਂਦਾ, ਯੂਰਪ ਵਿੱਚ ਵੀ ਇਹ ਵਿਸ਼ਵਾਸ ਰਿਹਾ ਹੈ। ਯੂਰਪ, ਅਰਬ ਅਤੇ ਫਰਾਂਸ ਵਿੱਚ ਜੋ ਸੰਗੀਤ ਲਈ ਸ਼ਬਦ ਹਨ, ਉਸ ਉੱਤੇ ਧਿਆਨ ਦੇਣ ਨਾਲ ਇਸਦਾ ਰਹੱਸ ਜ਼ਾਹਰ ਹੁੰਦਾ ਹੈ। ਸੰਗੀਤ ਲਈ ਯੂਨਾਨੀ ਭਾਸ਼ਾ ਵਿੱਚ ਸ਼ਬਦ ‘ਮੌਸਿਕੀ’ (musique), ਲੈਟਿਨ ਵਿੱਚ ‘ਮੁਸਿਕਾ’ (musica), ਫਰਾਂਸੀਸੀ ਵਿੱਚ ‘ਮੁਸੀਕ’ (musique), ਪੋਰਤੁਗੀ ਵਿੱਚ ‘ਮੁਸਿਕਾ’ (musica), ਜਰਮਨ ਵਿੱਚ ਮੂਸਿਕ’ (musik), ਅੰਗਰੇਜ਼ੀ ਵਿੱਚ ‘ਮਿਊਜਿਕ’ (music), ਇਬਰਾਨੀ, ਅਰਬੀ ਅਤੇ ਫਾਰਸੀ ਵਿੱਚ ‘ਮੋਸੀਕੀ’ ਹੈ। ਇਹਨਾਂ ਸਭ ਸ਼ਬਦਾਂ ਵਿੱਚ ਸਮਾਨਅੰਤਰ ਹੈ। ਇਹ ਸਾਰੇ ਸ਼ਬਦ ਯੂਨਾਨੀ ਭਾਸ਼ਾ ਦੇ ‘ਮਿਊਜ’ (muse) ਸ਼ਬਦ ਤੋਂ ਬਣੇ ਹਨ। ‘ਮਿਊਜ’ ਯੂਨਾਨੀ ਪਰੰਪਰਾ ਵਿੱਚ ਕਵਿਤਾ ਅਤੇ ਸੰਗੀਤ ਦੀ ਦੇਵੀ ਮੰਨੀ ਗਈ ਹੈ। ਕੋਸ਼ ਵਿੱਚ ‘ਮਿਊਜ’ (muse) ਸ਼ਬਦ ਦਾ ਮਤਲਬ ਦਿੱਤਾ ਹੈ ‘ਦਿ ਇੰਸਪਾਇਰਿੰਗ ਗਾਡੇਸ ਆਫ ਸਾਂਗ’ ਅਰਥਾਤ ‘ਗਾਣ ਦੀ ਪ੍ਰੇਰਿਕਾ ਦੇਵੀ’। ਯੂਨਾਨ ਦੀ ਪਰੰਪਰਾ ਵਿੱਚ ‘ਮਿਊਜ’ ‘ਜੌਸ’ (zeus) ਦੀ ਕੰਨਿਆ ਮੰਨੀ ਗਈ ਹੈ। ਜੌਸ’ ਸ਼ਬਦ ਸੰਸਕ੍ਰਿਤ ਦੇ ‘ਦਯੋਸ’ ਦਾ ਹੀ ਰੂਪਾਂਤਰ ਹੈ ਜਿਸਦਾ ਮਤਲਬ ਹੈ ‘ਸਵਰਗ’। ‘ਜੌਸ’ ਅਤੇ ‘ਮਿਊਜ’ ਦੀ ਧਾਰਨ ਬ੍ਰਹਮਾ ਅਤੇ ਸਰਸਵਤੀ ਨਾਲ ਬਿਲਕੁਲ ਮਿਲਦੀ-ਜੁਲਦੀ ਹੈ।

ਭਾਰਤੀ ਸੰਗੀਤ—ਭਾਰਤੀ ਸੰਗੀਤ ਦਾ ਇੱਕ ਸਭ ਤੋਂ ਵੱਡਾ ਸੋਮਾ ਸਾਮਵੇਦ ਨੂੰ ਮੰਨਿਆ ਜਾਂਦਾ ਹੈ। ਸਾਮਵੇਦ ਵਿੱਚ ਪੂਰੇ ਦਾ ਪੂਰਾ ਸੰਗੀਤ ਦਾ ਹੀ ਗਿਆਨ ਹੈ।

ਸੋਧੋ

ਭਾਰਤੀ ਸੰਗੀਤ ਦਾ ਜਨਮ ਵੇਦ ਦੇ ਉਚਾਰਣ ਵਿੱਚ ਦੇਖਿਆ ਜਾ ਸਕਦਾ ਹੈ। ਸੰਗੀਤ ਦਾ ਸਭ ਤੋਂ ਵੱਡਾ ਗ੍ਰੰਥ ਭਰਤ ਮੁਨੀ ਦਾ ਨਾਟਯਸ਼ਾਸਤਰ ਹੈ।

ਹਵਾਲੇ

ਸੋਧੋ
  1. http://www.independent-academy.net/science/library/borev_est_eng/branches_of_art.html#10