ਸੱਗੀ
ਸੋਨੇ ਦੀ ਇਕ ਟੂਮ ਨੂੰ, ਜਿਸ ਨੂੰ ਇਸਤਰੀਆਂ ਆਪਣੇ ਸਿਰ ਦੇ ਵਾਲਾਂ ਵਿਚ ਗੁੰਦਦੀਆਂ ਹਨ, ਸੱਗੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਚੌਂਕ ਵੀ ਕਿਹਾ ਜਾਂਦਾ ਹੈ। ਸੱਗੀ ਜਿਆਦਾ ਫੁੱਲਾਂ ਨਾਲ ਪਾਈ ਜਾਂਦੀ ਹੈ। ਪਰ ਕਈ ਵੇਰ ਇਸਤਰੀਆਂ ਕੱਲੀ ਸੱਗੀ ਵੀ ਪਾ ਲੈਂਦੀਆਂ ਹਨ। ਸੱਗੀ ਵਿਆਹ ਸਮੇਂ ਪਾਉਣ ਵਾਲੀ भ ਹੈ। ਪਹਿਲੇ ਸਮਿਆਂ ਵਿਚ ਜਦ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ, ਉਸ ਸਮੇਂ ਹਰ ਪਰਿਵਾਰ ਸੱਗੀ ਪਾਉਣ ਤੋਂ ਅਸਮਰਥ ਹੁੰਦਾ ਸੀ।
ਸੱਗੀ ਦੀ ਸ਼ਕਲ ਮੂਧੀ ਮਾਰੀ ਠੂਠੀ ਵਰਗੀ ਹੁੰਦੀ ਹੈ। ਇਸ ਦੇ ਉੱਪਰ ਇਕ ਨਿੱਕੀ ਜਿਹੀ ਲੂੰਬੀ ਲੱਗੀ ਹੁੰਦੀ ਹੈ, ਜਿਸ ਵਿਚ ਨਗ ਜੜਿਆ ਹੁੰਦਾ ਹੈ। ਸੱਗੀ ਦਾ ਅੰਦਰਲਾ ਹਿੱਸਾ ਚਾਂਦੀ ਦਾ ਹੁੰਦਾ ਹੈ। ਇਸ ਅੰਦਰਲੇ ਹਿੱਸੇ ਉੱਪਰ ਲਾਖ ਲਾ ਕੇ ਉੱਪਰ ਸੋਨੇ ਦੇ ਪੱਤਰੇ ਨੂੰ ਮੀਨਾਕਾਰੀ ਕਰਕੇ ਲਾਇਆ ਜਾਂਦਾ ਹੈ। ਸੱਗੀ ਦੇ ਅੰਦਰਲੇ ਪਾਸੇ ਕੁੰਡਾ ਲੱਗਿਆ ਹੁੰਦਾ ਹੈ। ਇਸ ਕੁੰਡੇ ਵਿਚੋਂ ਦੀ ਹੀ ਪਰਾਂਦਾ ਲੰਘਾ ਕੇ ਮੀਢੀਆਂ ਵਿਚ ਸੱਗੀ ਗੁੰਦੀ ਜਾਂਦੀ ਹੈ।
ਹੁਣ ਸੱਗੀ ਪਾਉਣ ਦਾ ਰਿਵਾਜ ਬਿਲਕੁਲ ਖ਼ਤਮ ਹੋ ਗਿਆ ਹੈ। ਹੁਣ ਤਾਂ ਸਟੇਜ ਤੇ ਗਿੱਧਾ ਪਾ ਰਹੀਆਂ ਤੇ ਨੱਚ ਰਹੀਆਂ ਮੁਟਿਆਰਾਂ ਦੇ ਸਿਰਾਂ ਤੇ ਹੀ ਲੱਗੀ ਪਾਈ ਨਜ਼ਰ ਆਉਂਦੀ ਹੈ। ਇਹ ਸੱਗੀ ਵੀ ਨਕਲੀ ਹੁੰਦੀ ਹੈ। ਸੋਨੇ ਦੀ ਨਹੀਂ ਹੁੰਦੀ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.