ਸੋਨੇ ਦੀ ਇਕ ਡੂੰਮ ਨੂੰ, ਜਿਸ ਨੂੰ ਇਸਤਰੀਆਂ ਆਪਣੇ ਸਿਰ ਦੇ ਵਾਲਾਂ ਵਿਚ ਗੁੰਦਦੀਆਂ ਹਨ, ਸੱਗੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਸੱਗੀ ਨੂੰ ਚੌਂਕ ਕਹਿੰਦੇ ਹਨ। ਕਈਆਂ ਵਿਚ ਠੂਠੀ ਵੀ ਕਹਿੰਦੇ ਹਨ। ਫੁੱਲ ਵੀ ਸਿਰ ਉੱਪਰ ਪਾਉਣ ਵਾਲਾ ਗਹਿਣਾ ਹੈ।ਫੁੱਲ ਦੋ ਦੀ ਗਿਣਤੀ ਵਿਚ ਪਾਏ ਜਾਂਦੇ ਹਨ। ਇਹ ਸੱਗੀ ਦੇ ਦੋਵੇਂ ਪਾਸੇ ਪਾਏ ਜਾਂਦੇ ਹਨ। ਇਸੇ ਕਰਕੇ ਇਨ੍ਹਾਂ ਗਹਿਣਿਆਂ ਨੂੰ ਸੱਗੀ ਫੁੱਲ ਕਹਿੰਦੇ ਹਨ।ਕਈ ਇਲਾਕਿਆਂ ਵਿਚ ਸੱਗੀ ਫੁੱਲ ਨੂੰ ਚੌਂਕ ਫੁੱਲ ਵੀ ਕਹਿੰਦੇ ਹਨ। ਸੱਗੀ ਕੱਲੀ ਵੀ ਪਹਿਨੀ ਜਾਂਦੀ ਹੈ, ਫੁੱਲਾਂ ਨਾਲ ਵੀ ਪਹਿਨੀ ਜਾਂਦੀ ਹੈ। ਸੱਗੀ ਦੀ ਸ਼ਕਲ ਮੂਧੀ ਮਾਰੀ ਠੂਠੀ ਵਰਗੀ ਹੁੰਦੀ ਹੈ। ਇਸ ਦੇ ਉੱਪਰ ਨਿੱਕੀ ਜਿਹੀ ਲੂੰਬੀ ਲੱਗੀ ਹੁੰਦੀ ਹੈ ਜਿਸ ਵਿਚ ਨਗ ਜੜਿਆ ਹੁੰਦਾ ਹੈ। ਸੱਗੀ ਦਾ ਅੰਦਰਲਾ ਹਿੱਸਾ ਚਾਂਦੀ ਦਾ ਬਣਿਆ ਹੁੰਦਾ ਹੈ। ਇਸ ਅੰਦਰਲੇ ਹਿੱਸੇ ਉੱਪਰ ਲਾਖ ਲਾ ਕੇ ਉੱਪਰ ਮੀਨਾਕਾਰੀ ਕੀਤਾ ਹੋਇਆ ਸੋਨੇ ਦਾ ਪੱਤਰਾ ਲਾਇਆ ਜਾਂਦਾ ਹੈ। ਸੱਗੀ ਦੇ ਅੰਦਰਲੇ ਪਾਸੇ ਕੁੰਡਾ ਲੱਗਿਆ ਹੁੰਦਾ ਹੈ। ਇਸ ਕੁੰਡੇ ਵਿਚੋਂ ਦੀ ਹੀ ਪਰਾਂਦਾ ਲੰਘਾ ਕੇ ਸੱਗੀ ਨੂੰ ਸਿਰ ਉੱਪਰ ਗੁੰਦਿਆ ਜਾਂਦਾ ਹੈ। ਇਹ ਹੈ ਸੱਗੀ ਦੀ ਬਣਤਰ ਤੇ ਪਾਉਣ ਦੀ ਵਿਧੀ। ਬਿਲਕੁਲ ਸੱਗੀ ਦੀ ਤਰ੍ਹਾਂ ਫੁੱਲ ਬਣਦੇ ਹਨ। ਫਰਕ ਸਿਰਫ ਇਹ ਹੁੰਦਾ ਹੈ ਕਿ ਫੁੱ ਸਾਈਜ਼ ਵਿਚ ਸੱਗੀ ਨਾਲੋਂ ਛੋਟੇ ਹੁੰਦੇ ਹਨ।ਹੁਣ ਸੱਗੀ ਫੁੱਲ ਪਾਉਣ ਦਾ ਰਿਵਾਜ ਬਿਲਕੁਲ ਹੀ ਖਤਮ ਹੋ ਗਿਆ ਹੈ। ਹਾਂ, ਹੁਣ ਸਟੇਜ ਤੇ ਗਿੱਧਾ ਪਾ ਰਹੀਆਂ ਤੇ ਨੱਚਦੀਆਂ ਮੁਟਿਆਰਾਂ ਦੇ ਸਿਰਾਂ ਉੱਪਰ ਲੱਗੀ ਫੁੱਲ ਪਾਏ ਜ਼ਰੂਰ ਵੇਖੇ ਜਾਂਦੇ ਹਨ। ਪਰ ਇਹ ਸੱਗੀ ਫੁੱਲ ਸੋਨੇ ਦੇ ਨਹੀਂ ਹੁੰਦੇ, ਨਕਲੀ ਹੁੰਦੇ ਹਨ।[1]

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.