ਅੰਨਦਾਤਾ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਦਾ ਇੱਕ ਨਾਵਲ ਹੈ। ਇਸ ਵਿੱਚ ਉੱਚ, ਦਰਮਿਆਨੀ ਤੇ ਨਿਮਨ-ਕਿਸਾਨੀ ਦੀਆਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਪੇਂਡੂ ਸਮੱਸਿਆਵਾਂ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਵਿੱਚ ਕਿਸਾਨੀ ਨਾਲ ਸਬੰਧਿਤ ਪੇਂਡੂ ਭਾਈਚਾਰੇ ਦੀ ਭਰਪੂਰ ਝਲਕ ਵਿਖਾਈ ਦਿੰਦੀ ਹੈ। ਨਾਵਲ ਪੰਜਾਬ ਦੇ ਪੇਂਡੂ ਕਿਸਾਨੀ ਜੀਵਨ ਵਿਚ ਹਰੇ ਇਨਕਲਾਬ ਤੋਂ ਬਾਅਦ ਆਈਆਂ ਤਬਦੀਲੀਆਂ ਦਾ ਵਰਨਣ ਹੈ। ਹਰੇ ਇਨਕਲਾਬ ਦੇ ਮਾਡਲ ਨੇ ਪੰਜਾਬ ਦੇ ਖੇਤੀ ਆਧਾਰਿਤ ਆਰਥਿਕ ਮਾਡਲ ਨੂੰ ਪੂੰਜੀਵਾਦੀ ਨਿਜ਼ਾਮ ਦੇ ਮੁਤਾਬਿਕ ਢਾਲਣ ਲਈ ਧੱਕ ਦਿੱਤਾ। ਇਸੇ ਸਮੇਂ ਖੇਤੀ ਦੀ ਉਪਜ ਤੇ ਮੁਨਾਫਾ ਵਧਾਉਣ ਲਈ ਬਾਹਰੋਂ ਨਿਵੇਸ਼ ਵੀ ਵਧਦਾ ਜਾ ਰਿਹਾ ਸੀ। ਪੈਦਾਵਾਰ ਕੁਝ ਸਮੇਂ ਲਈ ਵਧੀ ਮਗਰੋਂ ਕਿਸਾਨੀ ਸੰਕਟ ਪੈਦਾ ਹੋਣ ਲੱਗ ਪਿਆ। ਇਹ ਨਾਵਲ ਇਸੇ ਸੰਕਟ ਨਾਲ ਗ੍ਰਸਤ ਕਿਸਾਨ ਪਾਤਰਾਂ ਦੇ ਦਰਦ ਨੂੰ ਬਿਆਨ ਕਰਦਾ ਹੈ।

ਅੰਨਦਾਤਾ
ਲੇਖਕ[[ਬਲਦੇਵ ਸਿੰਘ]]
ਮੂਲ ਸਿਰਲੇਖਅੰਨਦਾਤਾ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਪ੍ਰਕਾਸ਼ਨ ਦੀ ਮਿਤੀ
2008 (ਦੂਜੀ ਵਾਰ)
ਮੀਡੀਆ ਕਿਸਮਪ੍ਰਿੰਟ

ਨਾਵਲ ਦੀ ਕਹਾਣੀ

ਸੋਧੋ

ਅੰਨਦਾਤਾ ਨਾਵਲ ਵਿਚ ਵਜ਼ੀਰ ਸਿੰਘ ਦੇ ਰੂਪ ਵਿੱਚ ਕਿਸਾਨੀ ਸਮਾਜ ਦੀਆਂ ਤਿੰਨ ਪੀੜੀਆਂ ਦੀ ਕਹਾਣੀ ਸ਼ਾਮਿਲ ਹੈ। ਨਾਵਲ ਦਾ ਕੇਂਦਰ ਪਿੰਡ ਚੱਕ ਬੂੜ ਸਿੰਘ ਵਾਲਾ ਦੇ ਜੱਟ ਵਜ਼ੀਰ ਸਿੰਘ ਦੇ ਪਰਿਵਾਰ ਬਾਰੇ ਹੈ। ਵਜ਼ੀਰ ਸਿੰਘ ਦੇ ਤਿੰਨ ਪੁੱਤਰ ਭਗਤਾ, ਰਾਜਪਾਲ ਤੇ ਇੱਕ ਧੀ ਭੁਪਿੰਦਰ ਹੈ। ਵਜ਼ੀਰ ਸਿੰਘ ਦੇ ਆਪਣੇ ਹਿੱਸੇ ਦੀ ਸਾਢੇ ਸੱਤ ਕਿੱਲੇ ਜ਼ਮੀਨ ਵਿਚੋਂ ਦੋ ਕਿੱਲੇ ਵਿਕ ਚੁੱਕੇ ਸਨ। ਬਾਕੀ ਜਮੀਨ ਵਿਚੋਂ ਵੀ ਏਨੇ ਵੱਡੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੁੰਦਾ ਹੈ। ਨਾਵਲ ਦੇ ਸ਼ੁਰੂਆਤ ਵਿਚ ਹੀ ਵਜ਼ੀਰ ਸਿੰਘ ਦੁਆਰਾ ਮਿਹਨਤ ਤੇ ਖੂਨ ਪਸੀਨੇ ਨਾਲ ਬੀਜੀ ਝੋਨੇ ਦੀ ਫਸਲ ਮੰਡੀ ਵਿੱਚ ਰੁਲ ਰਹੀ ਹੈ। ਪਰ ਜਦੋਂ ਬਹੁਤ ਖੁਆਰ ਹੋਣ ਮਗਰੋਂ ਫ਼ਸਲ ਵਿਕਦੀ ਹੈ ਤਾਂ ਇਸ ਨਾਲ ਆੜਤੀਏ ਦਾ ਕਰਜ਼ਾ ਵੀ ਪੂਰਾ ਨਹੀਂ ਹੁੰਦਾ।

ਮੰਦੀ ਆਰਥਿਕ ਹਾਲਤ ਤੇ ਆਪਣੇ ਹਨ੍ਹੇਰਲੇ ਭਵਿੱਖ ਦੀ ਵਜ੍ਹਾ ਨਾਲ ਵਜ਼ੀਰ ਸਿੰਘ ਦੇ ਤਿੰਨੋਂ ਪੁੱਤਰ ਬੇਬਸ ਜਿਹੇ ਹੋ ਕੇ ਘੁੰਮਦੇ ਹਨ। ਪਹਿਲਾ ਪੁੱਤਰ ਰਾਜਪਾਲ ਸਿੰਘ ਇੱਕ ਕਿਸਾਨੀ ਜੱਥੇਬੰਦੀ ਦਾ ਮੈਂਬਰ ਹੈ। ਉਸ ਨੂੰ ਜੱਥੇਬੰਦੀ ਵਿਚ ਕੰਮ ਕਰਨ ’ਤੇ ਸੰਤੋਖ ਵੀ ਹੈ ਪਰ ਉਸ ਦਾ ਸਬਰ ਵੀ ਟੁੱਟ ਜਾਂਦਾ ਹੈ ਜਦੋਂ ਨਾਵਲ ਦੇ ਅੰਤ ਵਿੱਚ ਉਸ ਨੂੰ ਖੁਦ ਦੀ ਮਿਹਨਤ ਵੀ ਮੰਡੀਆਂ ਵਿਚ ਰੁਲਦੀ ਦਿਖਦੀ ਹੈ। ਦੂਜਾ ਪੁੱਤਰ ਭਗਤਾ ਜਮੀਨ ਗਹਿਣੇ ਧਰ ਕੇ ਏਜੰਟ ਨੂੰ ਪੈਸੇ ਫੜਾ ਦਿੰਦਾ ਹੈ। ਵਿਦੇਸ਼ ਪਹੁੰਚਣ ਦੀ ਲਾਲਸਾ ਵਿਚ ਉਹ ਵਿਦੇਸ਼ ਪੁੱਜ ਹੀ ਨਹੀਂ ਪਾਉਂਦਾ। ਤੇ ਕਿਸੇ ਹੋਰ ਹੀ ਪੁੱਜ ਕੇ ਇੱਧਰ-ਉੱਧਰ ਠੋਕਰਾਂ ਖਾਂਦਾ ਹੈ। ਫਿਰ ਕੁਝ ਸਮੇਂ ਬਾਅਦ ਲੱਖਾਂ ਰੁਪਈਏ ਖਰਾਬ ਕਰ ਖਾਲੀ ਹੱਥ ਘਰ ਆ ਵੜਦਾ ਹੈ। ਇਹ ਖੁਆਰੀ ਉਸ ਨੂੰ ਜਹਿਨੀ ਪਰੇਸ਼ਾਨ ਵੀ ਕਰ ਦਿੰਦੀ ਹੈ। ਮਗਰੋਂ ਉਹ ਪਿੰਡ ਇਕ ਡੇਰਾ ਖੋਲ ਲੈਂਦਾ ਹੈ ਜਿਸ ਵਿਚ ਉਹ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਦਾ ਹੈ। ਤੀਜਾ ਪੁੱਤਰ ਗੁਰਾ ਆਰਕੈਸਟਰਾ ਵਾਲਿਆਂ ਨਾਲ ਰਲ ਜਾਂਦਾ ਹੈ। ਪੰਜਾਬੀ ਪਰੰਪਰਕ ਤੇ ਖਾਸਕਰ ਕਿਸਾਨੀ ਪਰਿਵਾਰਾਂ ਤੇ ਮਾਨਸਿਕਤਾ ਵਿਚ ਇਹ ਕਿੱਤਾ ਸਿਰੇ ਦਾ ਘਟੀਆ ਤੇ ਨਖਿੱਧ ਹੈ। ਇਸ ਤਰ੍ਹਾਂ ਵਜ਼ੀਰ ਸਿੰਘ ਦੇ ਤਿੰਨੋਂ ਪੁੱਤਰ ਕਿਸਾਨੀ ਦੇ ਨਿਘਾਰ ਦਾ ਚਿੰਨ੍ਹ ਬਣ ਜਾਂਦੇ ਹਨ। ਵਜ਼ੀਰ ਸਿੰਘ ਦੀ ਕੁੜੀ ਭੁਪਿੰਦਰ ਭਾਵ ਭੁੱਪੀ ਨਾਵਲ ਦੇ ਸ਼ੁਰੂ ਤੋਂ ਹੀ ਲਾਪਤਾ ਹੈ। ਸਾਰਾ ਨਾਵਲ ਉਸੇ ਦੀ ਭਾਲ ਵਿੱਚ ਲੰਘ ਜਾਂਦਾ ਹੈ।

ਇਨ੍ਹਾਂ ਸਭ ਹਾਲਾਤਾਂ ਦੇ ਚੱਲਦੇ ਵਜ਼ੀਰ ਸਿੰਘ ਦੀ ਪਤਨੀ ਪਾਗਲ ਹੋ ਜਾਣ ਦੀ ਹੱਦ ਤੱਕ ਪਹੁੰਚ ਜਾਂਦੀ ਹੈ। ਭਗਤੇ ਦੀ ਐਸ਼ਪ੍ਰਸਤੀ ਕਾਰਨ ਉਹ ਪਰਿਵਾਰ ਤੋਂ ਟੁੱਟ ਜਾਂਦਾ ਹੈ। ਉਸ ਦੀ ਘਰਵਾਲੀ ਰਾਜਪਾਲ ਦੇ ਲੜ ਲਾ ਦਿੱਤੀ ਜਾਂਦੀ ਹੈ। ਰਾਜਪਾਲ ਪਹਿਲਾਂ ਹੀ ਆਰਥਿਕ ਤੰਗੀ ਕਾਰਨ ਮਾਨਸਿਕ ਪਰੇਸ਼ਾਨ ਹੈ। ਇਹ ਸਾਰੇ ਚਿੰਨ੍ਹ ਕਿਸਾਨੀ ਦੇ ਨਿੱਘਰਦੇ ਜਾਣ ਦੇ ਸਬੂਤ ਬਣ ਜਾਂਦੇ ਹਨ। ਸਿੱਟੇ ਵਜੋਂ ਵਜ਼ੀਰ ਸਿੰਘ ਖੁਦਕੁਸ਼ੀ ਲਈ ਮਜਬੂਰ ਹੋ ਜਾਂਦਾ ਹੈ।

ਨਾਵਲ ਦੀ ਆਲੋਚਨਾ

ਸੋਧੋ

ਨਾਵਲ ਨਿਮਨ ਕਿਸਾਨੀ ਨਾਲ ਸੰਬੰਧ ਰੱਖਦੇ ਜੱਟ ਵਜ਼ੀਰ ਸਿੰਘ ਦੇ ਪਰਿਵਾਰ ਬਾਰੇ ਹੈ। ਇਹ ਪਰਿਵਾਰ ਕਿਸੇ ਸਮੇਂ ਅਮੀਰ ਤੇ ਖਾਂਦੇ-ਪੀਂਦੇ ਪਰਿਵਾਰਾਂ ਵਿਚ ਗਿਣਿਆ ਜਾਦਾ ਸੀ। ਪਰ ਸਮੇਂ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵਧਦੀ ਗਈ। ਇਸ ਨਾਲ ਵਾਹੀਯੋਗ ਜਮੀਨ ਦਾ ਰਕਬਾ ਵੀ ਘਟਦਾ ਗਿਆ ਜਿਸ ਨਾਲ ਪਰਿਵਾਰ ਅੰਦਰ ਵਸਦੇ ਉਪ-ਪਰਿਵਾਰਾਂ ਦੇ ਹਾਲਾਤ ਵੀ ਨਿੱਘਰਦੇ ਗਏ। ਪਰਿਵਾਰ ਦੀ ਬਿਹਤਰੀ ਲਈ ਕਰਜ਼ਾ ਵੀ ਲੈ ਲਿਆ ਜਾਂਦਾ ਹੈ ਪਰ ਕਰਜ਼ੇ ਕਾਰਨ ਫਸਲ ਆੜਤੀਏ ਕੋਲ ਹੀ ਪਈ ਰਹਿ ਜਾਂਦੀ ਹੈ। ਨਾਵਲ ਵਿਚੋਂ ਇਹ ਕਥਨ ਦੇਖਿਆ ਜਾ ਸਕਦਾ ਹੈ, “ਮੰਡੀ ’ਚ ਕੀ ਐ ਹੁਣ ਆਪਣਾ, ਝੋਨਾ ਲੈ ਗੇ ਅਗਲੇ। ਆੜ੍ਹਤੀਆ ਲੇਖੀ ਰਾਮ ਆਂਹਦਾ ਏਹਦੇ ਨਾਲ ਵੀ ਮੇਰੇ ਪਿਛਲੇ ਵੀ ਪੂਰੇ ਨਹੀਂ ਹੁੰਦੇ। ਅੱਧੀ ਰਕਮ ਅਜੇ ਹੋਰ ਖੜ੍ਹੀ ਐ। ਹਾੜੀ ਵੇਲੇ ਨੂੰ ਉਹ ਫੇਰ ਦੁੱਗਣੀ ਹੋ ਜੂ। ਹੱਥ ਝਾੜ ਕੇ ਤੁਰ ਆਇਐ।”[1] ਮੰਡੀ ਆਰਥਿਕਤਾ ਦੇ ਭਾਰੂ ਹੋਣ ਨਾਲ ਜਿੱਥੇ ਪਿੰਡ ਤੇ ਸ਼ਹਿਰ ਦਾ ਧਨਾਢ ਵਰਗ ਇਕ-ਦੂਜੇ ਦੇ ਨੇੜੇ ਆਉਂਦੇ ਹਨ, ਉੱਥੇ ਨਿਮਨ ਕਿਸਾਨੀ ਆਪਣੀ ਬਹੁਗਿਣਤੀ ਦੇ ਬਾਵਜੂਦ ਵੀ ਇਕੱਲੀ ਰਹਿ ਜਾਂਦੀ ਹੈ ਤੇ ਅੰਤ ਵਿੱਚ ਪੂੰਜੀਵਾਦੀ ਤਾਣੇ ਬਾਣੇ ਦੀ ਅਫ਼ਸਰਸ਼ਾਹੀ ਵਿਚ ਉਲਝ ਕੇ ਇਸ ਦਾ ਸ਼ਿਕਾਰ ਹੋ ਜਾਂਦੀ ਹੈ। ਨਾਵਲ ਵਿੱਚ ਵਜ਼ੀਰ ਸਿੰਘ ਇਸ ਸਥਿਤੀ ਬਾਰੇ ਟਿੱਪਣੀ ਕਰਦਾ ਹੈ, "ਜੱਟ ਤੋਂ ਬਿਨਾਂ ਸਾਰੀਆਂ ਧਿਰਾਂ ਦਾ ਈ ਏਹ ਸੀਜ਼ਨ ਐ। ਉਹਦੀ ਫਸਲ ਨੂੰ ਪਸ਼, ਪਰਿੰਦੇ, ਕੀੜੇ ਮਕੌੜੇ ਤੇ ਦੋ ਟੰਗੇ ਜਾਨਵਰ ਹਰ ਪਾਸਿਉਂ ਚੂੰਡਣ ਲਈ ਆਪਣੀ ਵਾਹ ਲਾ ਰਹੇ ਹਨ।"[2] ਇਸ ਤਰ੍ਹਾਂ ਕਿਸਾਨੀ ਦੇ ਇਸ ਦੁਖਾਂਤ ਦਾ ਸੰਬੰਧ ਉਸ ਜਗੀਰੂ ਮਾਨਸਿਕਤਾ ਵਾਲੇ ਸਮਾਜਿਕ-ਆਰਥਿਕ ਪ੍ਰਬੰਧ ਨਾਲ ਜਾ ਜੁੜਦਾ ਹੈ ਜਿਹੜਾ ਕਿ ਪੂੰਜੀਵਾਦੀ ਸਿਸਟਮ ਵਾਲੇ ਨਵੇਂ ਨਾਮ ਹੇਠ ਦੁਬਾਰਾ ਚੱਲ ਰਿਹਾ ਹੈ। ਇਸ ਪ੍ਰਬੰਧ ਦੀ ਕੁੜਿੱਕੀ ਵਿਚੋਂ ਵਜ਼ੀਰ ਸਿੰਘ ਤਾਂ ਕੀ ਉਸ ਦੀ ਅਗਲੀ ਪੀੜੀ ਵੀ ਉਸ ਵਿਚੋਂ ਛੁਟਕਾਰਾ ਨਹੀਂ ਪਾ ਸਕਦੀ।

ਇਹ ਨਾਵਲ ਪੰਜਾਬ ਦੀ ਨਿੱਘਰਦੀ ਕਿਸਾਨ ਤੇ ਯੁਵਾ ਪੀੜੀ ਦੀ ਇਸ ਭੂਮਿਕਾ ਬਾਰੇ ਮਹੱਤਵਪੂਰਨ ਨਾਵਲ ਹੈ। ਪੰਜਾਬੀ ਆਲੋਚਕ ਸਤਿੰਦਰ ਸਿੰਘ ਨੂਰ ਨੇ ਇਸ ਨਾਵਲ ਬਾਰੇ ਕਿਹਾ ਹੈ, "ਪੰਜਾਬ ਦੀ ਕਿਸਾਨੀ ਨਾਲ ਜੋ ਪਿਛਲੇ ਵਰ੍ਹਿਆਂ ਵਿੱਚ ਵਾਪਰ ਗਿਆ ਹੈ, ਵਾਪਰ ਰਿਹਾ ਹੈ ਤੇ ਜੋ ਨਿਘਾਰ ਆਉਣ ਦੀਆਂ ਸੰਭਾਵਨਾਵਾਂ ਹਨ, ਉਸ ਨਾਲ ਇਹ ਨਾਵਲ ਜੁੜਿਆ ਹੋਇਆ ਹੈ। ਪੰਜਾਬੀ ਦੀ ਕਿਰਸਾਣੀ ਦੀ ਤ੍ਰਾਸਦੀ ਨੂੰ ਇਹ ਨਾਵਲ ਸੰਪੂਰਨਤਾ ਨਾਲ ਪੇਸ਼ ਕਰਦਾ ਹੈ। ਇਹ ਤ੍ਰਾਸਦੀ ਆਰਥਿਕ, ਸਮਾਜਿਕ, ਸਭਿਆਚਾਰਕ, ਮਾਨਸਿਕ ਹੈ, ਇਕਹਿਰੀ ਨਹੀਂ। ਇਨ੍ਹਾਂ ਸਭ ਦੀਆਂ ਤੰਦਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ।"[3] ਜਿਥੋਂ ਤੱਕ ਨਾਵਲ ਦੀ ਸੰਰਚਨਾ ਦਾ ਸੰਬੰਧ ਹੈ, ਬਲਦੇਵ ਸਿੰਘ ਨਾਵਲ ਦੀ ਕਹਾਣੀ ਅੱਤਵਾਦ ਦੇ ਦਿਨਾਂ ਤੋਂ ਸ਼ੁਰੂ ਕਰਕੇ ਫਿਰ ਪਿੱਛਲਝਾਤ ਦੀ ਵਿਧੀ ਦੁਆਰਾ ਚੱਕ ਬੂੜ ਸਿੰਘ ਪਿੰਡ ਦੇ ਵਸਣ ਤੱਕ ਦੇ ਪਿਛਲੇਰੇ ਸਮੇਂ ਨੂੰ ਸਾਕਾਰ ਕਰਦਾ ਹੈ। ਨਾਵਲਕਾਰ ਚੱਕ ਬੂੜ ਸਿੰਘ ਦੇ ਸਮੇਂ ਦੀਆਂ ਕੀਮਤਾਂ ਰਿਸ਼ਤੇ-ਨਾਤੇ, ਸਮਾਜ, ਸਭਿਆਚਾਰ, 1947 ਈ. ਦੀ ਪਾਕਿਸਤਾਨ ਵੰਡ, ਹੀਣ ਹੋਈ ਮਾਨਵਤਾ, ਨਿਮਨ ਕਿਸਾਨੀ ਦੀ ਤ੍ਰਾਸਦੀ, ਜਾਤ-ਪਾਤ ਦੀ ਮਾਨਸਿਕਤਾ, ਉਸਦੇ ਸਾਰੇ ਸਿਸਟਮ 'ਤੇ ਪਏ ਪ੍ਰਭਾਵ ਨੂੰ ਸਿਰਜਦਾ ਹੋਇਆ ਉਹ ਅਤੀਤ ਤੋਂ ਵਰਤਮਾਨ ਤੱਕ ਅਗਰਸਰ ਹੋ ਕੇ ਕੇਵਲ ਵਰਤਮਾਨ ਤੱਕ ਹੀ ਸੀਮਿਤ ਨਹੀਂ ਰਹਿੰਦਾ, ਸਗੋਂ ਪਾਤਰਾਂ ਦੁਆਰਾ ਭਵਿੱਖਮੁਖੀ ਸੰਦੇਸ਼ ਦਾ ਸੰਚਾਰ ਵੀ ਕਰਦਾ ਹੈ। ਸਰੈਣ ਨਾਵਲੀ ਬਿਰਤਾਂਤ ਵਿਚ ਕਿਸਾਨੀ ਦੀ ਹੋਣੀ ਨੂੰ ਬਿਆਨਦਾ ਹੋਇਆ ਕਹਿੰਦਾ ਹੈ, "ਜੇ ਜੱਟ ਦੇ ਲੱਛਣ ਏਹੀ ਰਹੇ ਤਾਂ ਪੇਂਦੂ ਵੀ ਬੁਰੇ ਸਮੇਂ ਵੇਖਣੇ ਪੈਣਗੇ। ਚੰਗਾ ਐ ਵੇਲੇ ਨਾਲ ਜੱਟ ਆਪਣੀ ਮੜ੍ਹਕ ਛੱਡ ਕੇ ਆਪ ਖੇਤਾਂ 'ਚ ਕੰਮ ਕਰਨ ਲੱਗੇ। ਹੁਣ ਭਈਏ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਨ ਲੱਗ ਪੈ ਮੂਲੀਆਂ, ਗਾਜਰਾਂ, ਗੋਭੀ ਦੇ ਭਈਏ ਮਾਲਕ ਨੇ ਤੇ ਜੱਟ ਉਨ੍ਹਾਂ ਤੋਂ ਖ੍ਰੀਦ ਕੇ ਲਿਆਉਂਦੈ ਸ਼ਹਿਰ ਜਾ ਕੇ ਵੇਖਿਓ, ਥੋਨੂੰ ਉਲਟਾ ਨਜ਼ਾਰਾ ਈ ਵੇਖਣ ਨੂੰ ਮਿਲੂ।"[4] ਇਸ ਤਰ੍ਹਾਂ ਬਲਦੇਵ ਸਿੰਘ ਨੇ ਵਰਤਮਾਨ ਨੂੰ ਅਤੀਤ ਦੇ ਪਰਿਪੇਖ ਵਿਚੋਂ ਦੇਖਣ ਦੀ ਜੁਗਤ ਅਪਣਾਈ ਹੈ। ਜਦ ਕਿ ਸਾਡਾ ਹੁਣ ਤੱਕ ਦਾ ਨਾਵਲ ਵਰਤਮਾਨ ਨੂੰ ਭਵਿੱਖ ਦੇ ਪਰਿਪੇਖ ਵਿਚੋਂ ਵੇਖਣ ਦਾ ਹਾਮੀ ਹੀ ਰਿਹਾ ਹੈ। ਅੰਨਦਾਤਾ ਨਾਵਲ ਵਿਚ ਵਸਾਖਾ ਸਿੰਘ ਦੁਆਰਾ ਅਤੀਤ ਦਾ ਵਰਣਨ ਬਹੁਤ ਰੌਸ਼ਨ ਤੇ ਹੁਲਾਰਾ ਦੇਣ ਵਾਲਾ ਹੈ, ਪਰ ਭਵਿੱਖ ਵਿਚ ਜੇ ਇਹ ਹੁਲਾਰਾ ਪੂਰੀ ਤਰ੍ਹਾਂ ਗਾਇਬ ਨਹੀਂ ਤਾਂ ਲਗਭਗ ਗਾਇਬ ਵਰਗੀ ਸਥਿਤੀ ਵਿਚ ਜ਼ਰੂਰ ਹੈ।

ਹਵਾਲੇ

ਸੋਧੋ
  1. ਸਿੰਘ, ਬਲਦੇਵ (2008). ਅੰਨਦਾਤਾ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 142.
  2. ਸਿੰਘ, ਬਲਦੇਵ (2008). ਅੰਨਦਾਤਾ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 31.
  3. ਨੂਰ, ਸਤਿੰਦਰ ਸਿੰਘ (2004). ਪੰਜਾਬ ਦਾ ਗੋਦਾਨ : ਅੰਨਦਾਤਾ. ਤ੍ਰਿਸ਼ੰਕੂ (ਮਾਰਚ-ਅਪਰੈਲ).
  4. ਸਿੰਘ, ਬਲਦੇਵ (2008). ਅੰਨਦਾਤਾ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 296.