ਰੋਗ-ਰੋਧਕ ਸਿਸਟਮ

ਸੋਧੋ

ਸਾਡੇ ਸਰੀਰ ਅੰਦਰ ਬਕਾਇਦਾ ਇੱਕ ਰੋਗ-ਰੋਧਕ ਸਿਸਟਮ(ਇਮਿਊਨ ਸਿਸਟਮ) ਹੈ ਜਿਸਦਾ ਕੰਮ ਹੀ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਦਾ ਹੈ ਜੋ ਕਿ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ।

ਸਾਡੇ ਵਾਤਾਵਰਣ ਵਿੱਚ ਹਰ ਸਮੇਂ ਅਨੇਕਾਂ ਜੀਵਾਣੂ ਹੁੰਦੇ ਹਨ, ਜਿੰਨ੍ਹਾਂ ਵਿੱਚੋਂ ਬਹੁਤ ਸਾਰੇ ਮਨੁੱਖੀ ਸ੍ਰੀਰ ਅੰਦਰ ਬਿਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ, ਜਿੰਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ। ਸਾਡਾ ਇਮਿਊਨ ਸਿਸਟਮ ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿੱਚ ਪ੍ਰਦਾਨ ਕਰਦਾ ਹੈ। ਇਮਿਊਨ ਸਿਸਟਮ ਦੀ ਇਨ੍ਹਾਂ ਤਿੰਨਾਂ ਪੜਾਵਾਂ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਜ-ਵਿਧੀ ਇਸ ਤਰ੍ਹਾਂ ਹੈ।

ਪਹਿਲੇ ਦਰਜੇ(ਪੜਾਅ) ਦਾ ਬਚਾਓ

ਸੋਧੋ

ਜਦੋਂ ਵੀ ਕਿਸੇ ਰੋਗਾਣੂ ਦਾ ਸਰੀਰ ‘ਤੇ ਹਮਲਾ ਹੁੰਦਾ ਹੈ ਤਾਂ ਇਸਦਾ ਮੁਕਾਬਲਾ ਕਰਨ ਲਈ ਮੁਢਲੇ ਤੌਰ ‘ਤੇ ਸੁਰੱਖਿਆ ਵਜੋਂ ਸਾਡੀ ਚਮੜੀ (Skin) ਅਤੇ ਸ੍ਰੀਰ ਅੰਦਰਲੀਆਂ ਰੇਸ਼ੇਦਾਰ ਝਿੱਲੀਆਂ (Mucus Membrane) ਸਹਾਈ ਹੁੰਦੀਆਂ ਹਨ। ਚਮੜੀ ਖੁਦ ਇੱਕ ਸਥੂਲ ਢਾਲ ਦੀ ਤਰ੍ਹਾਂ ਹੈ ਜੋ ਸਾਡੇ ਅੰਦਰਲੇ ਅਤਿ ਜ਼ਰੂਰੀ ਅੰਗਾਂ ਲਈ ਸੁਰੱਖਿਆ ਕਵਚ ਹੈ। ਇਸਦੇ ਵਿੱਚੋਂ ਰਿਸਣ ਵਾਲੇ ਪਦਾਰਥ (ਚਿਕਨਾਹਟ ਤੇ ਪਸੀਨਾ) ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਤੇਜ਼ਾਬੀ ਮਾਦਾ ਰੋਗਾਣੂ-ਨਾਸ਼ਕ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ “ਲਾਈਜ਼ੋਜਾਈਮ (Lysozyme)” ਨਾਂਅ ਦਾ ਇੱਕ ਪਦਾਰਥ ਪਾਇਆ ਜਾਂਦਾ ਹੈ ਜੋ ਰੋਗਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। ਸੰਨ 1922 ਵਿੱਚ Alexander Flemming ਜਦੋਂ ਬੈਕਟੀਰੀਆ ਉੱਪਰ ਖੋਜ ਕਰ ਰਿਹਾ ਸੀ ਤਾਂ ਅਚਾਨਕ ਉਸਨੂੰ ਛਿੱਕ ਆ ਗਈ। ਛਿੱਕ ਨਾਲ ਉਸਦੇ ਨੱਕ ਦਾ ਨਜ਼ਲਾ ਜਦੋਂ ਸਾਹਮਣੇ ਪਈ ਬੈਕਟੀਰੀਆ ਦੀ ਕਲਚਰ-ਪਲੇਟ ਵਿੱਚ ਡਿੱਗਿਆ ਤਾਂ ਇਹ ਵੇਖਕੇ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਸਾਰੇ ਬੈਕਟੀਰੀਆ ਮਰ ਚੁੱਕੇ ਸਨ। ਇਸ ਗੱਲ ਤੋਂ ਪ੍ਰਭਾਵਿਤ ਹੋ ਕਿ ਉਸਨੇ ਨੱਕ ਦੇ ਨਜ਼ਲੇ ਦੀ ਪੜਤਾਲ ਤੋਂ ਇਹ ਪਤਾ ਲਗਾਇਆ ਕਿ ਕੁਦਰਤੀ ਤੌਰ ‘ਤੇ ਹੀ ਸਾਡੇ ਸ੍ਰੀਰਕ ਰਿਸਾਵਾਂ ਵਿੱਚ ਇਹ ਬੈਕਟੀਰੀਆ-ਵਿਰੋਧੀ ਪਦਾਰਥ ਪਾਇਆ ਜਾਂਦਾ ਹੈ ਜਿਸਦਾ ਨਾਮ ਉਸਨੇ “ਲਾਈਜ਼ੋਜ਼ਾਈਮ” ਰੱਖ ਦਿੱਤਾ। ਇਹ ਲਾਈਜ਼ੋਜ਼ਾਈਮ ਤੇ ਤੇਜ਼ਾਬੀ ਮਾਦਾ ਕੁਦਰਤ ਨੇ ਮਨੁੱਖੀ ਸ੍ਰੀਰ ਦੇ ਹਰ ਉਸ ਦੁਆਰ ‘ਤੇ ਰੱਖਿਆ ਹੋਇਆ ਹੈ ਜਿੱਥੋਂ ਦੀ ਵੀ ਕੋਈ ਰੋਗਾਣੂ ਪ੍ਰਵੇਸ਼ ਕਰ ਸਕਦਾ ਹੈ। ਜਿਵੇਂ ਕਿ ਮੂੰਹ, ਅੱਖਾਂ, ਨੱਕ, ਕੰਨ, ਗੁੱਦਾ ਤੇ ਜਣਨ ਅੰਗਾਂ ਵਿੱਚ। ਅਗਰ ਕੋਈ ਰੋਗਾਣੂ ਮੂੰਹ ਰਾਹੀਂ ਸ੍ਰੀਰ ਦੇ ਅੰਦਰ ਦਾਖਲ ਹੋ ਜਾਵੇ ਤਾਂ ਬੁਲ੍ਹਾਂ ਤੋਂ ਲੈ ਕੇ ਗੁੱਦਾ ਤੱਕ ਉਸਨੂੰ ਅਣਸੁਖਾਵੇਂ ਮਹੌਲ ‘ਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਮੂੰਹ ਦੇ ਥੁੱਕ ਵਿਚਲੇ ਲਾਈਜ਼ੋਜ਼ਾਈਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਤੋਂ ਅੱਗੇ ਟਾਂਸਿਲ ਹਨ ਜੋ ਇਸ ਪ੍ਰਵੇਸ਼ ਦੁਆਰ ‘ਤੇ ਦੋ ਗਾਰਡ ਬਣਕੇ ਗਲ਼ੇ ਦੇ ਦੋਨਾਂ ਪਾਸੇ ਖੜ੍ਹੇ ਹਨ ਅਤੇ ਰੋਗਾਣੂ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਦਬੋਚ ਲੈਂਦੇ ਹਨ। ਅਗਰ ਫ਼ਿਰ ਵੀ ਕੋਈ ਰੋਗਾਣੂ ਇਨ੍ਹਾਂ ਪੜਾਵਾਂ ਨੂੰ ਪਾਰ ਕਰਕੇ ਮਿਹਦੇ ਤੱਕ ਪਹੁੰਚਦਾ ਹੈ ਤਾਂ ਓਥੇ HCl ਤੇਜ਼ਾਬ ਉਸਨੂੰ ਖ਼ਤਮ ਕਰਨ ਲਈ ਤਿਆਰ ਬੈਠਾ ਹੈ। ਉਸ ਤੋਂ ਅੱਗੇ ਅੰਤੜੀਆਂ ਵਿੱਚ ਵੀ ਟਾਂਸਿਲ ਵਰਗੀਆਂ ਲਿੰਫ਼ਨੋਡਸ ਉਸਨੂੰ ਮਾਰ ਮੁਕਾਉਂਦੀਆਂ ਹਨ। ਹੁਣ ਅਗਰ ਕੋਈ ਜ਼ਹਿਰੀਲਾ ਪਦਾਰਥ ਜਾਂ ਰੋਗਾਣੂ ਅੰਤੜੀਆਂ ਤੱਕ ਬਚ ਵੀ ਜਾਂਦਾ ਹੈ ਤਾਂ ਬੰਦੇ ਨੂੰ ਦਸਤ ਲੱਗ ਜਾਂਦੇ ਹਨ ਜਿਸ ਵਿੱਚ ਵਹਿ ਕੇ ਉਹ ਸ੍ਰੀਰ ਵਿੱਚੋਂ ਬਾਹਰ ਆ ਜਾਂਦਾ ਹੈ। ਇਹ ਵੀ ਇੱਕ ਕੁਦਰਤੀ ਪ੍ਰਕਿਰਿਆ ਹੈ।

ਇਸੇ ਤਰ੍ਹਾਂ ਅਗਰ ਕੋਈ ਰੋਗਾਣੂ ਨੱਕ ਰਾਹੀਂ ਸ੍ਰੀਰ ਅੰਦਰ ਦਾਖਲ ਹੋਣ ਲੱਗੇ ਤਾਂ ਰਸਤੇ ਵਿੱਚ ਨੱਕ ਦੇ ਵਾਲ, ਐਡੀਨਾਈਡ ਗਿਲਟੀਆਂ ਅਤੇ ਸਾਹ ਨਾਲੀ ਦੀ ਝਿੱਲੀ ਦਾ ਰਿਸਾਓ ਇਸ ਪ੍ਰਕਾਰ ਦਾ ਹੈ ਕਿ ਉਸਨੂੰ ਬਾਹਰ ਕੱਢਣ ਦੇ ਸਮਰੱਥ ਹਨ (ਛਿੱਕ, ਖਾਂਸੀ ‘ਤੇ ਬਲਗ਼ਮ ਦੇ ਰਾਹੀਂ)। ਇਹੀ ਬਚਾਓ ਪ੍ਰਣਾਲੀ ਸ੍ਰੀਰ ਦੇ ਬਾਕੀ ਦੇ ਪ੍ਰਵੇਸ਼-ਦੁਆਰਾਂ ‘ਤੇ ਵੀ ਪਾਈ ਜਾਂਦੀ ਹੈ।

ਦੂਜੇ ਦਰਜੇ ਦਾ ਬਚਾਓ

ਸੋਧੋ

ਅਗਰ ਕੋਈ ਤਾਕਤਵਰ ਰੋਗਾਣੂ ਮੂੰਹ ਤੋਂ ਅੰਤੜੀਆਂ ਤੱਕ ਦੇ ਬਚਾਓ ਨੂੰ ਪਾਰ ਕਰਦਾ ਹੋਇਆ ਲਹੂ-ਪ੍ਰਣਾਲੀ ਤੱਕ ਪਹੁੰਚ ਜਾਂਦਾ ਹੈ ਤਾਂ ਫ਼ਿਰ ਦੂਜੇ ਦਰਜੇ ਦਾ ਬਚਾਓ-ਅਮਲਾ ਆਪਣੀ ਡਿਊਟੀ ਸੰਭਾਲਦਾ ਹੈ। ਸਾਡੇ ਲਹੂ ਵਿੱਚ ਚਿੱਟੇ-ਕਣ (W.B.C.) ਇਸ ਕੰਮ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਓਨ੍ਹਾਂ ਦਾ ਕੰਮ ਦਾਖਲ ਹੋਏ ਰੋਗਾਣੂ ਨੂੰ ਜਾਂ ਤਾਂ ਨਿਗਲ ਜਾਣ (Phagocytosis) ਦਾ ਹੈ ਜਾਂ ਫ਼ਿਰ ਆਪਣੇ ਜਹਿਰੀਲੇ ਰਸਾਓ ਨਾਲ ਮਾਰ-ਮੁਕਾਉਣ ਦਾ। ਇਨ੍ਹਾਂ ਚਿੱਟੇ-ਕਣਾਂ ਦੀ ਗਿਣਤੀ ਕਿਸੇ ਵੀ ਤਾਕਤਵਰ ਰੋਗਾਣੂ ਦੇ ਲਹੂ-ਪ੍ਰਣਾਲੀ ਵਿੱਚ ਦਾਖਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਵਧ ਜਾਂਦੀ ਹੈ। ਬਹੁਗਿਣਤੀ ਵਿੱਚ ਹਮਲਾ ਕਰਕੇ ਇਹ ਰੋਗਾਣੂਆਂ ਦੀ ਵਧ ਰਹੀ ਗਿਣਤੀ ਦਾ ਸਾਹਮਣਾ ਕਰਦੇ ਹਨ। ਇਸ ਮੁਕਾਬਲੇ ਦੌਰਾਨ ਕੁਝ ਚਿੱਟੇ-ਕਣ ਖੁਦ ਵੀ ਮਾਰੇ ਜਾਂਦੇ ਹਨ।

ਕਿਸੇ ਵੀ ਇਨਫ਼ੈਕਸ਼ਨ ਹੋਣ ‘ਤੇ ਬੁਖਾਰ ਹੋ ਜਾਣਾ ਵੀ ਇਸੇ ਬਚਾਓ-ਪੜਾਅ ਦਾ ਇੱਕ ਹਿੱਸਾ ਹੈ, ਜਿਸਨੂੰ ਕਿ ਅਸੀਂ ਬਿਮਾਰੀ ਸਮਝ ਲੈਂਦੇ ਹਾਂ ਅਤੇ ਤੁਰੰਤ ਬੁਖਾਰ ਦੀ ਦਵਾਈ ਖਾ ਕੇ ਬੁਖਾਰ ਉਤਾਰ ਲੈਣ ਨੂੰ ਅਕਲਮੰਦੀ ਸਮਝ ਬੈਠਦੇ ਹਾਂ। ਅਸਲ ਵਿੱਚ ਇਨਫ਼ੈਕਸ਼ਨ ਦੌਰਾਨ ਜੋ ਬੁਖਾਰ ਆਉਂਦਾ ਹੈ ਉਹ ਸਾਡਾ ਦੁਸ਼ਮਣ ਨਹੀਂ ਸਗੋਂ ਦੋਸਤ ਹੈ। ਬੁਖਾਰ ਚੜ੍ਹਨ ਦਾ ਇੱਕ ਖ਼ਾਸ ਮਕਸਦ ਹੁੰਦਾ ਹੈ। ਬੁਖਾਰ ਚੜ੍ਹਨ ਭਾਵ ਸ੍ਰੀਰ ਦਾ ਤਾਪਮਾਨ ਜ਼ਿਆਦਾ ਹੋਣ ਨਾਲ ਰੋਗਾਣੂਆਂ ਦੀ ਕਾਰਜ-ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਉਹ ਜਲਦੀ ਖ਼ਤਮ ਹੋ ਜਾਂਦੇ ਹਨ। ਪਰ ਅਸੀਂ ਫ਼ਟਾ-ਫ਼ਟ ਬੁਖਾਰ ਦੀ ਗੋਲੀ ਖਾ ਕੇ ਕੁਦਰਤ ਦੇ ਇਸ ਬਚਾਓ ਤਰੀਕੇ ਵਿੱਚ ਵਿਘਨ ਪਾ ਦਿੰਦੇ ਹਾਂ। ਜਿਸਦੇ ਨਾਲ ਰੋਗ ਹੋਰ ਵੀ ਗੁੰਝਲਦਾਰ ਬਣ ਜਾਂਦਾ ਹੈ।

ਤੀਜੇ ਦਰਜੇ ਦਾ ਬਚਾਓ

ਸੋਧੋ

ਅਗਰ ਕੋਈ ਮਹਾਂ ਬਲੀ ਰੋਗਾਣੂ ਚਿੱਟੇ ਕਣ। ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸਦਾ ਪ੍ਰਜਣਨ ਹੋਣ ਨਾਲ ਉਸਦੀ ਗਿਣਤੀ ਵਧਦੀ ਹੀ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਓ ਹਰਕਤ ਵਿੱਚ ਆਉਂਦਾ ਹੈ। ਚਿੱਟੇ-ਕਣਾਂ ਵਿੱਚੋਂ ਹੀ ਇੱਕ ਖਾਸ ਕਿਸਮ ਦੇ ਸੈੱਲ ਹੁੰਦੇ ਹਨ ਜਿੰਨ੍ਹਾਂ ਨੂੰ B-Lymphocytes ਕਿਹਾ ਜਾਂਦਾ ਹੈ। ਉਹ ਆਮ ਕਣਾਂ ਦੀ ਤਰ੍ਹਾਂ ਰੋਗਾਣੂ ਨੂੰ ਨਿਗਲਦੇ ਨਹੀਂ ਹਨ ਬਲਕਿ ਉਹ ਹਮਾਲਵਰ ਰੋਗਾਣੂ ਦੀ ਬਣਤਰ ਅਤੇ ਸੁਭਾਅ ਨੂੰ ਸਮਝਣ ਉਪਰੰਤ ਆਪਣੇ ਵਿੱਚੋਂ ਖਾਸ ਉਸੇ ਰੋਗਾਣੂ ਦੀਆਂ ਵਿਰੋਧੀ ਐਂਟੀਬੌਡੀਜ਼ ਛੱਡਦੇ ਹਨ। ਜੋ ਕਿ ਰੋਗਾਣੂ ‘ਤੇ ਸਿੱਧਾ ਵਾਰ ਕਰਦੀਆਂ ਹਨ ‘ਤੇ ਉਸਨੂੰ ਨਕਾਰਾ ਬਣਾ ਕੇ ਰੱਖ ਦਿੰਦੀਆ ਹਨ। ਨਾ ਸਿਰਫ਼ ਉਹ ਵਰਤਮਾਨ ਰੋਗਾਣੂ ਦਾ ਹੀ ਵਿਰੋਧ ਕਰਦੀਆਂ ਹਨ ਬਲਕਿ ਮਰੀਜ਼ ਦੇ ਖੂਨ ਵਿੱਚ ਉਹ ਉਸਦੇ ਠੀਕ ਹੋ ਜਾਣ ਤੋਂ ਬਾਅਦ ਵੀ ਲੋੜੀਂਦੀ ਮਾਤਰਾ ਵਿੱਚ ਹਾਜ਼ਰ ਰਹਿੰਦੀਆਂ ਹਨ ਤਾਂ ਜੋ ਭਵਿੱਖ ਵਿੱਚ ਇਸ ਨਸਲ ਦੇ ਕਿਸੇ ਹੋਰ ਰੋਗਾਣੂ ਦੇ ਹਮਲੇ ਹੋਣ ਤੋਂ ਤੁਰੰਤ ਬਾਅਦ ਉਸਦਾ ਕਿਨਾਰਾ ਕਰ ਦਿੱਤਾ ਜਾਵੇ। ਇਸ ਤਰ੍ਹਾਂ ਇਹ ਐਂਟੀਬੌਡੀਜ਼ ਉਮਰ ਭਰ ਲਈ ਸਾਨੂੰ ਅਜਿਹੇ ਬੈਕਟੀਰੀਆ ਤੋਂ ਸੁਰੱਖਿਅਤ ਰੱਖਦੀਆਂ ਹਨ।

ਹਵਾਲੇ

ਸੋਧੋ