ਇੰਨੂੰ
ਪੁਰਾਣੇ ਕੱਪੜੇ ਜਾਂ ਕਣਕ ਦੇ ਨਾੜ ਜਾਂ ਮੁੰਜ ਨੂੰ ਪਹੀਏ ਵਾਂਗ ਗੋਲ ਕਰ ਕੇ ਤੇ ਉਸ ਨੂੰ ਰੱਸੀ ਨਾਲ ਜਾਂ ਰੰਗ ਬਰੰਗੇ ਸੂਤ ਨਾਲ ਮੜ੍ਹ ਕੇ/ਨਗੰਦ ਕੇ ਸਿਰ ਉਪਰ ਭਾਰ ਰੱਖਣ ਤੋਂ ਪਹਿਲਾਂ ਰੱਖੀ ਜਾਂਦੀ ਵਸਤ ਨੂੰ ਇੰਨੂੰ ਕਹਿੰਦੇ ਹਨ। ਇੰਨੂੰ ਨੂੰ ਕਈ ਈਨੂੰ, ਕਈ ਇਲਾਕਿਆਂ ਵਿਚ ਬਿੰਨੂੰ/ਬਿੰਨਾ/ਖੇਨੂੰ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਕਈ ਕਈ ਇਨੂੰ ਦਾਜ ਵਿਚ ਦਿੱਤੇ ਜਾਂਦੇ ਸਨ। ਇੰਨੂੰ ਦੀ ਵਰਤੋਂ ਘੜਿਆਂ ਨਾਲ ਪਾਣੀ ਢੋਣ ਸਮੇਂ, ਖੇਤ ਬਲ੍ਹਣੀ ਵਿਚ ਲੱਸੀ/ਪਾਣੀ ਲੈ ਕੇ ਜਾਣ ਸਮੇਂ, ਟੋਕਰੇ ਨਾਲ ਗੋਹਾ-ਕੂੜਾ ਕਰਨ ਸਮੇਂ, ਬਿਲਡਿੰਗ ਲਈ ਇੱਟਾਂ ਢੋਣ ਸਮੇਂ, ਕੁੰਡਿਆਂ ਵਿਚ ਗਾਰਾ ਤੇ ਸੀਮਿੰਟ ਢੋਣ ਸਮੇਂ ਕੀਤੀ ਜਾਂਦੀ ਸੀ। ਪਹਿਲੇ ਸਮਿਆਂ ਵਿਚ ਸਿਰ ਉਪਰ ਰੱਖ ਕੇ ਜੋ ਵੀ ਵਸਤ ਢੋਈ ਜਾਂਦੀ ਸੀ, ਉਸ ਸਮੇਂ ਸਿਰ ਉਪਰ ਪਹਿਲਾਂ ਇੰਨੂੰ ਰੱਖਿਆ ਜਾਂਦਾ ਸੀ।
ਇੰਨੂੰ ਗੋਲ ਹੁੰਦਾ ਹੈ ਜਿਸ ਦਾ ਛੇ ਕੁ ਇੰਚ ਵਿਆਸ ਹੁੰਦਾ ਹੈ। ਵਿਚਾਲੇ ਤੋਂ ਖੋਲਾ ਹੁੰਦਾ ਹੈ। ਦਾਜ ਦਾ ਇੰਨੂੰ ਕਣਕ ਦੇ ਨਾੜ/ਮੁੰਜ ਨੂੰ ਰੰਗਦਾਰ ਸੂਤ ਦੀ ਰੱਸੀ ਨਾਲ ਨਗੰਦ ਕੇ ਬਣਾਇਆ ਜਾਂਦਾ ਸੀ। ਇੰਨੂੰ ਦੀ ਚੌੜਾਈ ਵਾਲੇ ਪਾਸੇ ਕਈ ਸ਼ੁਕੀਨ ਮੁਟਿਆਰਾਂ ਪੁੱਠੀਆਂ ਕਰਕੇ ਕੌਡੀਆਂ ਜਾਂ ਸਿਤਾਰੇ ਜੜ੍ਹ ਲੈਂਦੀਆਂ ਸਨ। ਕਈ ਮੁਟਿਆਰਾਂ ਲੋਗੜੀ ਦੇ ਫੁੱਲ ਬਣਾ ਕੇ 4/5 ਕੁ ਡੋਰਾਂ ਨਾਲ ਬੰਨ੍ਹ ਕੇ ਇੰਨੂੰ ਨਾਲ ਲਮਕਾ ਲੈਂਦੀਆਂ ਸਨ। ਜਦ ਇਹ ਇੰਨੂੰ ਸਿਰ 'ਤੇ ਰੱਖੇ ਜਾਂਦੇ ਸਨ ਤਾਂ ਇਹ ਫੁੱਲਾਂ ਵਾਲੀਆਂ ਡੋਰਾਂ ਮੁਟਿਆਰਾਂ ਦੀਆਂ ਧੌਣਾਂ ’ਤੇ ਲਟਕਦੀਆਂ ਹੁੰਦੀਆਂ ਸਨ। ਆਮ ਵਰਤੋਂ ਵਾਲੇ ਇੰਨੂੰ ਪੁਰਾਣੇ ਕੱਪੜਿਆਂ ਦੇ ਉਪਰ ਸਣ ਦੀ ਰੱਸੀ ਵਲ੍ਹੇਟ ਕੇ ਬਣਾਏ ਜਾਂਦੇ ਸਨ।
ਹੁਣ ਇੰਨੂੰ ਦਾਜ ਦਾ ਹਿੱਸਾ ਨਹੀਂ ਰਹੇ। ਘਰ ਘਰ ਨਲਕੇ ਜਾਂ ਵਾਟਰ ਵਰਕਸ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ। ਇਸ ਲਈ ਮੁਟਿਆਰਾਂ ਦਾ ਘੜਿਆਂ ਹੇਠ ਇੰਨੂੰ ਰੱਖ ਕੇ ਪਾਣੀ ਢੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਲੱਸੀ ਦੀ ਥਾਂ ਲੋਕ ਹੁਣ ਚਾਹ ਪੀਂਦੇ ਹਨ। ਗੋਹਾ ਕੂੜ, ਕਰਨ ਸਮੇਂ, ਇੱਟਾਂ, ਗਾਰਾ, ਸੀਮਿੰਟ ਢੋਣ ਸਮੇਂ ਮਜ਼ਦੂਰ ਜ਼ਰੂਰ ਇੰਨੂੰ ਦੀ ਵਰਤੋਂ ਕਰਦੇ ਹਨ ਪਰ ਇਹ ਇੰਨੂੰ ਪੁਰਾਣੇ ਕੱਪੜਿਆਂ ਦੇ ਅਤੇ ਬੜੇ ਆਕਾਰ ਦੇ ਬਣੇ ਹੁੰਦੇ ਹਨ। ਇੰਨੂੰ ਦੀ ਪ੍ਰਧਾਨਤਾ ਦਾ ਯੁੱਗ ਹੁਣ ਖਤਮ ਹੋ ਗਿਆ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.