ਔਲੂ
ਹਲਟ ਦੇ ਪਾੜਛੇ/ਨੁਸਾਰ ਦਾ ਪਾਣੀ ਜਿਸ ਪੱਕੇ ਕੁੰਡ ਵਿਚ ਆ ਕੇ ਪੈਂਦਾ ਸੀ, ਉਸ ਨੂੰ ਔਲੂ ਕਹਿੰਦੇ ਸਨ। ਕਈ ਇਲਾਕਿਆਂ ਵਿਚ ਚੁਬੱਚਾ ਕਹਿੰਦੇ ਸਨ। ਕਈਆਂ ਵਿਚ ਛੋਟਾ ਹੌਜ ਵੀ ਕਹਿੰਦੇ ਸਨ। ਪਹਿਲਾਂ-ਪਹਿਲਾਂ ਤਾਂ ਪਾੜਛੇ ਦਾ ਪਾਣੀ ਸਿੱਧਾ ਹੀ ਖਾਲ ਵਿਚ ਪੈਂਦਾ ਸੀ। ਫੇਰ ਜਿਹੜੇ ਖੂਹ ਪਿੰਡ ਦੇ ਨੇੜੇ ਲੱਗੇ ਹੁੰਦੇ ਸਨ, ਉਨ੍ਹਾਂ ਖੂਹਾਂ 'ਤੇ ਔਲੂ ਬਣਾਏ ਜਾਣ ਲੱਗੇ। ਪਾਣੀ ਫੇਰ ਔਲੂ ਵਿਚੋਂ ਦੀ ਹੋ ਕੇ ਖਾਲ ਵਿਚ ਜਾਂਦਾ ਸੀ। ਹੌਲੀ-ਹੌਲੀ ਫੇਰ ਸਾਰੇ ਖੂਹਾਂ 'ਤੇ ਔਲੂ ਬਣਾਉਣ ਦਾ ਰਿਵਾਜ ਚਲ ਪਿਆ।ਔਲੂ ਦੇ ਕਈ ਲਾਭ ਸਨ।ਔਲੂ ਵਿਚ ਹਮੇਸ਼ਾ ਪਾਣੀ ਖੜ੍ਹਾ ਰਹਿੰਦਾ ਸੀ। ਜਦ ਖੂਹ ਨਹੀਂ ਵੀ ਚਲਦਾ ਸੀ, ਉਸ ਸਮੇਂ ਔਲੂ ਵਿਚ ਖੜ੍ਹੇ ਪਾਣੀ ਨੂੰ ਪਸ਼ੂਆਂ ਨੂੰ ਪਿਆਇਆ ਜਾਂਦਾ ਸੀ। ਜੰਗਲੀ ਪੰਛੀ ਪਾਣੀ ਪੀਂਦੇ ਰਹਿੰਦੇ ਸਨ। ਚਲਦੇ ਖੂਹ ਸਮੇਂ ਔਲੂ ਦੀ ਕੰਧ ਉਪਰ ਬੈਠ ਕੇ ਜਨਾਨੀਆਂ ਘਰ ਦੇ ਭਾਰੇ ਕੱਪੜੇ ਜਿਵੇਂ ਦੁਪੱਟੇ, ਖੇਸ, ਦੌਲੇ, ਚੁਤਹੀਆਂ, ਦਰੀਆਂ ਆਦਿ ਧੋ ਲੈਂਦੀਆਂ ਸਨ।[1]
ਔਲੂ ਆਮ ਤੌਰ 'ਤੇ ਦੋ ਕੁ ਫੁੱਟ ਲੰਮਾ, ਡੇਢ ਕੁ ਫੁੱਟ ਚੌੜਾ ਤੇ ਡੇਢ ਕੁ ਫੁੱਟ ਡੂੰਘਾ ਬਣਾਇਆ ਜਾਂਦਾ ਸੀ। ਪਾੜਛੇ ਦਾ ਪਾਣੀ ਜਿਸ ਥਾਂ ’ਤੇ ਆ ਕੇ ਡਿੱਗਦਾ ਸੀ,ਉਸ ਥਾਂ ਦੋ ਕੁ ਫੁੱਟ ਡੂੰਘਾ ਟੋਆ ਪੁੱਟਿਆ ਜਾਂਦਾ ਸੀ। ਉਸ ਟੋਏ ਵਿਚ ਇੱਟਾਂ ਤੇ ਸੀਮਿੰਟ ਨਾਲ ਔਲੂ ਦੀ ਉਸਾਰੀ ਕੀਤੀ ਜਾਂਦੀ ਸੀ। ਔਲੂ ਦੀਆਂ ਉਪਰਲੀਆਂ ਕੰਧਾਂ ਆਮ ਤੌਰ 'ਤੇ ਔਲੂ ਦੀ ਪਾਣੀ ਦੀ ਪੱਧਰ ਤੋਂ 7/8 ਕੁ ਇੰਚ ਉੱਚੀਆਂ ਹੁੰਦੀਆਂ ਸਨ। ਪਾੜਛੇ ਦੇ ਮੂੰਹ ਦਾ ਅਖੀਰਲਾ ਹਿੱਸਾ ਔਲੂ ਦੀ ਪਿਛਲੀ ਕੰਧ ਵਿਚ ਫਿੱਟ ਕੀਤਾ ਜਾਂਦਾ ਸੀ। ਔਲੂ ਦੇ ਜਿਸ ਹਿੱਸੇ ਵਿਚੋਂ ਪਾਣੀ ਖਾਲ ਵਿਚ ਡਿੱਗਦਾ ਸੀ ਉਹ ਹਿੱਸਾ ਨੀਵਾਂ ਹੋਣ ਕਰਕੇ ਪਾਣੀ ਫੁਰਤੀ ਨਾਲ ਔਲੂ ਵਿਚੋਂ ਦੀ ਹੁੰਦਾ ਹੋਇਆ ਖਾਲੇ ਵਿਚ ਚਲਿਆ ਜਾਂਦਾ ਸੀ। ਇਸ ਤਰ੍ਹਾਂ ਔਲੂ ਉਸਾਰਿਆ ਜਾਂਦਾ ਸੀ।
ਹੁਣ ਖੂਹ ਹੀ ਨਹੀਂ ਰਹੇ। ਇਸ ਲਈ ਔਲੂ ਕਿਥੋਂ ਰਹਿਣੇ ਸਨ ? ਹੁਣ ਤਾਂ ਟਿਊਬਵੈੱਲ ਦੇ ਔਲੂ ਬਣਦੇ ਹਨ ਜਿਹੜੇ ਖੂਹਾਂ ਦੇ ਔਲੂਆਂ ਨਾਲੋਂ ਜ਼ਿਆਦਾ ਲੰਮੇ, ਚੌੜੇ ਅਤੇ ਡੂੰਘੇ ਹੁੰਦੇ ਹਨ।[2]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.