ਕਰਤਾਰ ਸਿੰਘ (ਪ੍ਰੋਫੈਸਰ)
ਪ੍ਰੋਫ਼ੈਸਰ ਕਰਤਾਰ ਸਿੰਘ ਇੱਕ 'ਕੀਰਤਨੀਆ ‘/ 'ਕੀਰਤਨਕਾਰ'/ਗੁਰਬਾਣੀ ਦਾ ਗਾਇਕ ਸੀ।ਉਹ ਪ੍ਰਸਿੱਧ ਸੰਸਥਾਵਾਂ ਵਿੱਚ ਗੁਰਮਤਿ ਸੰਗੀਤ (ਗੁਰਬਾਣੀ ਸੰਗੀਤ)ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ (ਭਾਰਤੀ ਸ਼ਾਸਤਰੀ ਸੰਗੀਤ) ਦਾ ਇੱਕ ਅਧਿਆਪਕ ਵੀ ਸੀ।
ਕਰਤਾਰ ਸਿੰਘ (ਪ੍ਰੋਫੈਸਰ) | |
---|---|
ਜਨਮ | [1][2] ਅੰਮ੍ਰਿਤਸਰ | 3 ਅਪ੍ਰੈਲ 1928
ਮੌਤ | 2 ਜਨਵਰੀ 2022[2] ਅੰਮ੍ਰਿਤਸਰ | (ਉਮਰ 93)
ਕਿੱਤਾ | ਕੀਰਤਨਕਾਰ,ਲੇਖਕ,ਅਧਿਆਪਕ (ਗੁਰਮਤ ਸੰਗੀਤ) |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤ |
ਸਿੱਖਿਆ | M.Mus.ਸੰਗੀਤ ਭਾਸਕਰ ( ਗਾਇਕ ਤੇ ਵਾਦਕ) 1967[2] |
ਅਲਮਾ ਮਾਤਰ | ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੇ ਪਰਯਾਗ ਸੰਗੀਤ ਸਮਿਤੀ ਅਲਾਹਬਾਦ[2] |
ਕਾਲ | 1941-2022 |
ਸ਼ੈਲੀ | ਗੁਰਬਾਣੀ ਸੰਗੀਤ , ਗੁਰਮਤ ਸੰਗੀਤ |
ਸਰਗਰਮੀ ਦੇ ਸਾਲ | 1941-2022 |
ਪ੍ਰਮੁੱਖ ਕੰਮ | ਗੁਰਬਾਣੀ ਸੰਗੀਤ ਦਰਪਣ"(2007), ਗੁਰਮਤ ਸੰਗੀਤ ਦਰਪਣ ( ਭਾਗ ਪਹਿਲਾ) (2007), ਗੁਰਮਤ ਸੰਗੀਤ ਦਰਪਣ ( ਭਾਗ ਦੂਜਾ)(2009),"ਗੁਰਮਤ ਸੰਗੀਤ ਦਰਪਣ ( ਭਾਗ ਤੀਜਾ)" (2010)[3] |
ਪ੍ਰਮੁੱਖ ਅਵਾਰਡ | ਪਦਮ ਸ਼੍ਰੀ 2021 ਅਤੇ ਸੰਗੀਤ ਅਕੈਡਮੀ ਫੈਲੋਸ਼ਿਪ ਟੈਗੋਰ ਰਤਨ ਸਨਮਾਨ 2012[2] |
ਬੱਚੇ | ਪੋਤਰਾ ਜਸਪ੍ਰੀਤ ਸਿੰਘ |
ਮਾਪੇ | ਅਤਰ ਸਿੰਘ (ਪਿਤਾ) ਤੇ ਹਰਨਾਮ ਕੌਰ (ਮਾਤਾ) |
ਉਸ ਨੇ ਗੁਰਮਤਿ ਸੰਗੀਤ 'ਤੇ ਕਈ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਗੁਰਬਾਣੀ ਦੇ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਨਿਰਧਾਰਤ 'ਰਾਗ' ਵਿੱਚ ਗਾਉਣ ਲਈ ਸ਼ਬਦ ਰੀਤਾਂ ਸ਼ਾਮਲ ਹਨ ।
ਉਸ ਨੇ ਪਰੰਪਰਾਗਤ ਗੁਰਮਤਿ ਸੰਗੀਤ ਦੀ ਪੁਨਰ-ਸੁਰਜੀਤੀ ਪ੍ਰਤੀ ਮਹੱਤਵਪੂਰਨ ਯੋਗਦਾਨ ਪਾਇਆ।2021 ਵਿੱਚ ਉਸ ਨੂੰ ਪਦਮ ਸ਼੍ਰੀ (ਭਾਰਤ ਗਣਰਾਜ ਦਾ ਚੌਥਾ-ਉੱਚ ਨਾਗਰਿਕ ਪੁਰਸਕਾਰ) ਨਾਲ ਸਨਮਾਨਿਆ ਗਿਆ।
ਸ਼ੁਰੂਆਤੀ ਜੀਵਨ
ਸੋਧੋਪ੍ਰੋਫੈਸਰ ਕਰਤਾਰ ਸਿੰਘ ਦਾ ਜਨਮ 3 ਅਪ੍ਰੈਲ 1928 ਨੂੰ ਪਿੰਡ ਘੁਮਾਣਕੇ, ਉਸ ਵਕਤ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਬੀਬੀ ਹਰਨਾਮ ਕੌਰ ਅਤੇ ਭਾਈ ਅਤਰ ਸਿੰਘ ਦੇ ਘਰ ਹੋਇਆ। ਉਸ ਨੇ ਆਪਣੇ ਪਿੰਡ ਨੇੜੇ ਭਾਈ ਫੇਰੂ ਸਰਕਾਰੀ ਮਿਡਲ ਸਕੂਲ ਤੋਂ ਮਿਡਲ ਤੱਕ ਪੜ੍ਹਾਈ ਕੀਤੀ।[4]
ਗੁਰਬਾਣੀ ਕੀਰਤਨ ਸਿਖਲਾਈ
ਸੋਧੋਉਸਨੇ ਸਕੂਲੀ ਪੜ੍ਹਾਈ ਦੇ ਨਾਲ 13 ਸਾਲ ਦੀ ਛੋਟੀ ਉਮਰ (1941) ਵਿੱਚ ਗਿਆਨੀ ਗੁਰਚਰਨ ਸਿੰਘ ਜੀ ਤੋਂ "ਕੀਰਤਨ" ਸਿੱਖਣਾ ਸ਼ੁਰੂ ਕੀਤਾ ਜੋ ਉਸ ਵਕਤ ਗੁਰਦਵਾਰਾ ਸੱਚੀ ਦਾੜ੍ਹੀ ਵਿਖੇ ਗ੍ਰੰਥੀ ਤੇ ਤਬਲਾ ਵਾਦਕ ਸਨ। ਫਿਰ ਭਾਈ ਸੁੰਦਰ ਸਿੰਘ ਜੀ ਕਸੂਰ ਵਾਲੇ ਦੀ ਸਰਪ੍ਰਸਤੀ ਵਿੱਚ "ਕੀਰਤਨ" ਕਰਨਾ ਸਿੱਖਣਾ ਸ਼ੁਰੂ ਕੀਤਾ ।ਬਾਅਦ ਵਿੱਚ ਰਬਾਬੀ ਭਾਈ ਕਰਮਾ (ਭਾਈ ਚਾਂਦ ਦੇ ਚੇਲੇ) ਦੇ ਨਾਲ ਸਾਥੀ ਵਜੋਂ ਕੀਰਤਨ ਕਰਕੇ ਆਪਣੇ ਗੁਰਬਾਣੀ ਗਾਇਨ ਨੂੰ ਵਧੀਆ ਬਣਾਇਆ। ਭਾਈ ਚਾਂਦ - ਭਾਈ ਮਰਦਾਨਾ ਜੀ ਦੇ ਸਿੱਧੇ ਵੰਸ਼ਜ ਸਨ।
18 ਸਾਲ ਦੀ ਉਮਰੇ ਸੰਨ 1945 ਵਿੱਚ ਕਰਤਾਰ ਸਿੰਘ ਨੇ ਆਪਣੇ ਜਥੇ/ਸਮੂਹ ਨਾਲ ਗੁਰਦੁਆਰਾ ਸਿੰਘ ਸਭਾ, ਪਿੰਡ ਰੇਨਾਲਾ ਖੁਰਦ, ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਵਿਖੇ ਆਪਣਾ ਪਹਿਲੇ ਪਰਦਰਸ਼ਨ ਨਾਲ, ਸੰਗਤ ਵਿੱਚ ਕੀਰਤਨ ਕਰਨਾ ਅਰੰਭ ਕੀਤਾ ਜੋ ਲਗਭਗ 1 ਸਾਲ ਜਾਰੀ ਰਿਹਾ। 1946 ਵਿੱਚ ਗੁਜਰਾਂਵਾਲਾ ਸਿੰਘ ਸਭਾ ਗੁਰਦਵਾਰਾ ਵਿਖੇ ਕੀਰਤਨ ਦੀ ਡਿਊਟੀ ਵੀ ਨਿਬਾਹੀ।ਕੁਝ ਮਹੀਨਿਆਂ ਬਾਅਦ, ਭਾਰਤ ਦੀ ਵੰਡ ਦੀ ਭਿਆਨਕ ਘਟਨਾ ਨੇ 1947 ਵਿੱਚ ਉਸਨੂੰ ਭਾਰਤ ਪਰਵਾਸ ਕਰਨ ਲਈ ਮਜ਼ਬੂਰ ਕੀਤਾ।
ਵੰਡ ਤੋਂ ਬਾਅਦ ਦਾ ਜੀਵਨ
ਸੋਧੋਬਦਕਿਸਮਤੀ ਨਾਲ, 1947 ਵਿੱਚ ਭਾਰਤ ਦੀ ਵੰਡ ਦੌਰਾਨ ਹੋਈ ਹਿੰਸਾ ਵਿੱਚ ਕਰਤਾਰ ਸਿੰਘ ਨੇ ਆਪਣੇ ਪਿਤਾ ਸਮੇਤ ਬਹੁਤ ਸਾਰੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ।
ਭਾਰਤ ਜਾਣ ਤੋਂ ਬਾਅਦ, ਉਹ ਥੋੜ੍ਹੇ ਸਮੇਂ ਲਈ ਕਰਨਾਲ (ਹਰਿਆਣਾ) ਵਿਖੇ ਕੁਝ ਸਾਲ ਰੁਕੇ ਤੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਤੇ ਫਿਰ ਜਲੰਧਰ ਅਤੇ ਲੁਧਿਆਣਾ ਵਿਖੇ ਵੱਖ ਵੱਖ ਗੁਰਦੁਆਰਿਆਂ ਵਿਖੇ ਨਿਯਮਿਤ ਤੌਰ 'ਤੇ ਕੀਰਤਨ ਕਰਦੇ ਰਹੇ।
ਕਰਤਾਰ ਸਿੰਘ ਦੀ ਜ਼ਿੰਦਗੀ ਦਾ ਮੋੜ 1950 ਦੇ ਆਸ-ਪਾਸ ਆਇਆ, ਜਦੋਂ ਉਹ ਜਲੰਧਰ ਵਿੱਚ ਹਰਵਲਭ ਸੰਗੀਤ ਸੰਮੇਲਨ (1875 ਤੋਂ ਸ਼ੁਰੂ ਭਾਰਤੀ ਸ਼ਾਸਤਰੀ ਸੰਗੀਤ ਦੇ ਵਿਸ਼ਵ ਦੇ ਸਭ ਤੋਂ ਪੁਰਾਣੇ ਤਿਉਹਾਰ, ) ਵਿੱਚ ਸ਼ਾਮਲ ਹੋਇਆ।
ਪ੍ਰੋ: ਸਿੰਘ ਦੇ ਅਨੁਸਾਰ, 1950 ਦਾ ਇਹ ਸੁਭ ਅਵਸਰ ਉਸ ਦੇ ਜੀਵਨ ਦੀ ਕਾਇਆ ਕਲਪ ਵਾਲਾ ਤਜਰਬਾ ਸੀ ਜਿਸ ਤੋਂ ਉਸ ਦਾ ਭਾਰਤੀ ਸ਼ਾਸਤਰੀ ਸੰਗੀਤ ਦੇ ਯੰਤਰਾਂ, ਖਾਸ ਤੌਰ 'ਤੇ ਤਾਨਪੂਰਾ, ਭਾਰਤੀ ਹਾਰਪ ਅਤੇ ਹੋਰ ਰਾਹੀਂ 'ਸੰਗੀਤ ਸਾਧਨਾ' ਵਿੱਚ ਜੀਵਨ ਭਰ ਦਾ ਸਫ਼ਰ ਸ਼ੁਰੂ ਹੋਇਆ। ਉਸ ਦਾ ਪਰੰਪਰਾਗਤ ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰਨ ਦਾ ਜਨੂੰਨ ਇਸ ਸਫਰ ਦਾ ਸਿਖਰਲਾ ਪੜਾਅ ਸੀ।
ਹਿੰਦੁਸਤਾਨੀ ਕਲਾਸੀਕਲ ਸੰਗੀਤ ਸਿੱਖਣਾ
ਸੋਧੋਹਰਵੱਲਭ ਸੰਗੀਤ ਸੰਮੇਲਨ ਵਿੱਚ ਸੰਗੀਤ ਦੇ ਯੰਤਰ ਤਾਨਪੁਰੇ ਦੀ ਪ੍ਰਧਾਨਤਾ ਦੇਖਣ ਦੇ ਪ੍ਰਭਾਵ ਤੋਂ ਬਾਅਦ, ਉਸਨੇ ਉਸਤਾਦ ਜਸਵੰਤ ਸਿੰਘ ਭਾਵੜਾ ਜੀ, ਭਾਈ ਦਲੀਪ ਸਿੰਘ ਜੀ ਅਤੇ ਪੰਡਿਤ ਬਲਵੰਤ ਰਾਏ ਜੈਸਵਾਲ ਜੀ (ਪੰਡਿਤ ਵਿਨਾਇਕ ਰਾਓ ਪਟਵਰਧਨ ਜੀ ਦੇ ਚੇਲੇ) ਦੀ ਅਗਵਾਈ ਹੇਠ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਗਾਇਕੀ ਤੇ ਵਾਦਨ ਦੇ ਵੱਖ-ਵੱਖ ਰੂਪਾਂ ਵਿੱਚ ਤੇ ਸ਼ਾਸਤਰੀ ਸੰਗੀਤ ਦੇ ਯੰਤਰਾਂ, ਖਾਸ ਤੌਰ 'ਤੇ ਤਾਨਪੂਰਾ, ਭਾਰਤੀ ਹਾਰਪ , ਅਤੇ ਹੋਰ ਬਾਰੇ ਸੰਗੀਤ ਦੀ ਸਿੱਖਿਆ ਲੈਣੀ ਅਰੰਭੀ ਤੇ ਪਰਪੱਕ ਕੀਤੀ।
ਨਾਲ ਹੀ ਉਸ ਨੇ ਸੰਗੀਤ ਦੀਆਂ ਗਾਇਕ ਤੇ ਵਾਦਕ ਦੋਵੇਂ ਧਾਰਨਾਵਾਂ ਵਿੱਚ ਸਾਲ 1967 ਵਿੱਚ ,ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਪਰਯਾਗ ਸੰਗੀਤ ਸਮਿਤੀ ਅਲਾਹਬਾਦ ਰਾਹੀਂ ਐਮ.ਮਿਊਜ਼ਿਕ ਦੀ ਡਿਗਰੀ ਸੰਗੀਤ ਭਾਸਕਰ ਹਾਸਲ ਕਰ ਲੀਤੀ।[3]
ਕਿੱਤਾਕਾਰੀ
ਸੋਧੋਪ੍ਰੋ: ਕਰਤਾਰ ਸਿੰਘ ਨੇ ਆਪਣੇ ਜਥੇ/ਸਮੂਹ ਨਾਲ 1946 (ਵੰਡ ਤੋਂ ਪਹਿਲਾਂ ਦੇ ਭਾਰਤ) ਅਤੇ ਬਾਅਦ ਵਿਚ ਕਰਨਾਲ, ਜਲੰਧਰ ਤੇ ਲੁਧਿਆਣਾ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਤਕਰੀਬਨ 22 ਸਾਲ ਕੀਰਤਨ ਕੀਤਾ।ਉਸਨੇ ਆਪਣੇ ਅਗਲੇ ਤੀਹ (30) ਸਾਲ ਵੱਖ-ਵੱਖ ਸੰਸਥਾਵਾਂ ਵਿੱਚ ਸੰਗੀਤ ਸਿਖਾਉਣ ਵਿੱਚ ਬਿਤਾਏ। ਉਸਨੇ ਮਾਲਵਾ ਸੈਂਟਰਲ ਕਾਲਜ (1968-71) [3], ਅਤੇ ਗੁਰੂ ਨਾਨਕ ਗਰਲਜ਼ ਕਾਲਜ (1971-1997) [3], ਦੋਵੇਂ ਲੁਧਿਆਣਾ ਸਥਿਤ, ਵਿਖੇ ਪੜ੍ਹਾਇਆ।
ਉਸ ਦੇ ਵਿਦਿਆਰਥੀਆਂ ਨੇ ਪੂਰੇ ਭਾਰਤ ਵਿੱਚ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੇ ਯੁਵਕ ਮੇਲਿਆਂ ਵਿੱਚ ‘ਸ਼ਬਦ ਗਾਇਣ’ ਅਤੇ ਹੋਰ ਸੰਗੀਤ ਮੁਕਾਬਲਿਆਂ ਵਿੱਚ ਅਣਗਿਣਤ ਪ੍ਰਸ਼ੰਸਾ ਪ੍ਰਾਪਤ ਕੀਤੀ।
ਪ੍ਰੋ: ਸਿੰਘ ਨੇ ਸੰਗੀਤ ਭਾਰਤੀ ਇੰਸਟੀਚਿਊਟ , ਲੁਧਿਆਣਾ (ਅਰੰਭ ਲਗਭਗ 1966) ਵਿੱਚ ਡਾਇਰੈਕਟਰ ਵਜੋਂ; ਫਿਰ ਗੁਰਮਤਿ ਸੰਗੀਤ ਅਕੈਡਮੀ (ਐਸ.ਜੀ.ਪੀ.ਸੀ.), ਅਨੰਦਪੁਰ ਸਾਹਿਬ (ਅਰੰਭ ਲਗਭਗ 1999) ਵਿੱਚ ਡਾਇਰੈਕਟਰ ਵਜੋਂ ਅਤੇ ਨਾਲ ਹੀ ਪ੍ਰੋ: ਕਰਤਾਰ ਸਿੰਘ ਗੁਰਮਤਿ ਸੰਗੀਤ ਵਿਦਿਆਲਿਆ, ਫਗਵਾੜਾ ( ਅਰੰਭ 2015) ਵਿੱਚ ਡਾਇਰੈਕਟਰ ਵਜੋਂ ਸੇਵਾਵਾਂ ਨਿਬਾਹੀਆਂ।
ਪ੍ਰੋ: ਸਿੰਘ ਦੀ ਰਹਿਨੁਮਾਈ ਵਿੱਚ ਇਨ੍ਹਾਂ ਸੰਸਥਾਵਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮੱਤ (ਗੁਰਬਾਣੀ) ਸੰਗੀਤ ਸ਼ੈਲੀ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਉਪਰੋਕਤ ਤੋਂ ਇਲਾਵਾ ਉਸ ਨੇ ਨਿਮਨਲਿਖਿਤ ਕਈ ਅਹੁਦਿਆਂ 'ਤੇ ਨਾਲੋ-ਨਾਲ ਸੇਵਾ ਕੀਤੀ।, ਉਸਨੇ 2000 ਤੋਂ ਸ੍ਰੀ ਦਰਬਾਰ ਸਾਹਿਬ ( ਹਰਿਮੰਦਰ ਸਾਹਿਬ) , ਅੰਮ੍ਰਿਤਸਰ ਵਿਖੇ ਕੀਰਤਨ ਸਬ ਕਮੇਟੀ (ਰਾਗੀ ਜਥਿਆਂ ਦੀ ਚੋਣ ਦਾ ਕੰਮ) ਦੇ ਮੈਂਬਰ ਵਜੋਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੁਰਮਤਿ ਸੰਗੀਤ ਵਿਭਾਗ ਦੇ ਗੁਰਮਤਿ ਸੰਗੀਤ ਫੈਕਲਟੀ ਅਤੇ ਸਲਾਹਕਾਰ ਕਮੇਟੀ ਦੇ ਮੈਂਬਰ, 2010 ਤੋਂ ਇਸ਼ਮੀਤ ਸਿੰਘ ਸੰਗੀਤ ਸੰਸਥਾ, ਲੁਧਿਆਣਾ (ਪੰਜਾਬ ਸਰਕਾਰ) ਦੀ ਗਵਰਨਿੰਗ ਬਾਡੀ ਦੇ ਨਾਮਜ਼ਦ ਮੈਂਬਰ; ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ- ਨਾਮਜ਼ਦ ਬਾਹਰੀ ਮਾਹਿਰ , ਫਤਿਹਗੜ੍ਹ ਸਾਹਿਬ ਵਿਖੇ ਪ੍ਰਦਰਸ਼ਨ ਕਲਾ ਦੀ ਫੈਕਲਟੀ (2017-2019); ਆਲ ਇੰਡੀਆ ਰੇਡੀਓ, ਜਲੰਧਰ ਦੀ ਸਥਾਨਕ ਆਡੀਸ਼ਨ ਕਮੇਟੀ ਦੇ ਮੈਂਬਰ (1996 ਤੋਂ 1999);, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ,ਸੰਗੀਤ ਕੰਟਰੋਲ ਬੋਰਡ 'ਤੇ ਬਾਹਰੀ ਮਾਹਿਰ, (2007-2009); ਅਤੇ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਅਤੇ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਲਈ ਪ੍ਰੀਖਿਆਕਾਰ ਦੇ ਪਦਾਂ ਤੇ ਸੇਵਾ ਨਿਭਾਈ।
ਅੱਜ ਵੀ, ਪ੍ਰੋ: ਸਿੰਘ ਦੀ ਅਗਵਾਈ ਹੇਠ ਸੰਗੀਤ ਸਿੱਖਣ ਦੇ ਕਈ ਦਹਾਕਿਆਂ ਬਾਅਦ, ਉਸ ਦੇ ਵਿਦਿਆਰਥੀ ਨਿਰਧਾਰਿਤ ਰਾਗਾਂ ਵਿੱਚ 'ਗੁਰਬਾਣੀ ਕੀਰਤਨ' ਗਾਉਣ ਦਾ ਅਭਿਆਸ ਅਤੇ ਪ੍ਰਚਾਰ ਕਰਨਾ ਜਾਰੀ ਰੱਖਦੇ ਹਨ।[5]
ਪ੍ਰਾਪਤੀਆਂ ਅਤੇ ਪੁਰਸਕਾਰ
ਸੋਧੋਉਸ ਵੱਖ ਵੱਖ ਅਦਾਰਿਆਂ ਵਿੱਚ ਦਿੱਤੀਆਂ ਸੇਵਾਵਾਂ ਰਾਹੀਂ 2000 ਤੋਂ ਵੱਧ ਸਿਖਿਆਰਥੀਆਂ ਨੂੰ ਕੇਵਲ ਸੰਗੀਤ ਸਿਖਲਾਈ ਹੀ ਨਹੀਂ ਦਿੱਤੀ ਬਲਕਿ ਕਈ ਨਰਿੰਦਰ ਸਿੰਘ ਬਨਾਰਸੀ ਵਰਗੇ ਗੁਰਬਾਣੀ ਦੇ ਨਿਪੁੰਨ ਰਾਗੀ ਤੇ ਗਾਇਕ ਵੀ ਪੈਦਾ ਕੀਤੇ ਜੋ ਅਕਸਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਪ੍ਰਦਰਸ਼ਨ ਦੌਰਾਨ ਉਸ ਦੀ ਸੰਗਤ ਵੀ ਕਰਦੇ ਸਨ।[3]ਉਸ ਦੇ ਕਈ ਵਿਦਿਆਰਥੀ ਵੱਖ ਵੱਖ ਗੁਰਦੁਆਰਿਆਂ ਵਿੱਚ ਰਾਗੀ ਦੀ ਸੇਵਾ ਕਰ ਰਹੇ ਹਨ (ਖਾਸ ਕਰਕੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦਿਲਰੁਬਾ ਤੇ ਸੰਗਤ ਕਰਨ ਵਾਲੇ ਅੱਠ ਕੀਰਤਨਕਾਰਾਂ ਵਿੱਚੋਂ 7 [3]ਉਸ ਦੇ ਵਿਦਿਆਰਥੀ ਹਨ),ਤੇ ਕਈ ਸੰਸਥਾਵਾਂ ਵਿੱਚ ਗੁਰਮਤ ਕੀਰਤਨ ਸਿਖਾ ਰਹੇ ਹਨ।[6]ਉਸ ਦਾ ਗਾਇਨ ਯੂ ਟਿਊਬ ਜਾਂ ਸਾਂਊਡ ਕਲਾਊਡ ਵਰਗੀਆਂ ਵੈੱਬਸਾਈਟਾਂ ਤੇ ਬਿਨਾਂ ਕੋਈ ਫ਼ੀਸ ਦੇ ਸੁਣਿਆ ਜਾ ਸਕਦਾ ਹੈ।
ਕਿਤਾਬ ਪ੍ਰਕਾਸ਼ਨ
ਸੋਧੋਪ੍ਰੋ: ਕਰਤਾਰ ਸਿੰਘ ‘ਗੁਰਮਤਿ ਸੰਗੀਤ’ ਅਤੇ ‘ਭਾਰਤੀ ਸੰਗੀਤ’ ਦੋਹਾਂ ਦੇ ਮਾਹਿਰ ਸਨ। ਉਸਨੇ ‘ਗੁਰਮਤਿ ਸੰਗੀਤ’ ਉੱਤੇ ਸੱਤ (7) ਪ੍ਰਸਿੱਧ ਪੁਸਤਕਾਂ [3]ਲਿਖੀਆਂ, ਅਰਥਾਤ,
1. ਗੁਰਬਾਣੀ ਸੰਗੀਤ ਦਰਪਣ;
2. ਗੁਰੂ ਅੰਗਦ ਦੇਵ ਸੰਗੀਤ ਦਰਪਣ;
3. ਗੁਰਮਤਿ ਸੰਗੀਤ ਦਰਪਣ ਭਾਗ-ਪਹਿਲਾ;
4. ਗੁਰਮਤਿ ਸੰਗੀਤ ਦਰਪਣ ਭਾਗ-2
5. ਗੁਰਮਤਿ ਸੰਗੀਤ ਦਰਪਣ ਭਾਗ-3
6. ਗੁਰੂ ਤੇਗ ਬਹਾਦਰ ਸੰਗੀਤ ਦਰਪਣ (ਅੰਗਰੇਜ਼ੀ ਅਤੇ ਪੰਜਾਬੀ ਵਿੱਚ) ਅਤੇ
7. ਭਗਤ ਬਾਣੀ ਸੰਗੀਤ ਦਰਪਣ,
ਇਨ੍ਹਾਂ ਪੁਸਤਕਾਂ ਵਿੱਚ ਵੱਖ-ਵੱਖ ‘ਸ਼ੁਧ ਰਾਗਾਂ’ ਅਤੇ ‘ਮਿਸ਼ਰਤ ਰਾਗਾਂ’ ਵਿੱਚ 2,000 ਤੋਂ ਵੱਧ ਸ਼ਬਦ ਰੀਤਾਂ ਦੀਆਂ ਰਾਗ ਅਨੁਸਾਰ ਸ੍ਵਰ ਲਿਪੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਿਤਾਬਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ), ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ, ਅਤੇ ਦੁਨੀਆ ਭਰ ਵਿੱਚ ਇਨ੍ਹਾਂ ਦੀਆਂ ਲਗਭਗ 50,000 ਕਾਪੀਆਂ ਛਾਪੀਆਂ/ਵਿਕੀਆਂ ਹਨ। ਬਦਕਿਸਮਤੀ ਨਾਲ, ਉਨ੍ਹਾਂ ਦੀ ਆਖਰੀ ਪੁਸਤਕ ਗੁਰੂ ਨਾਨਕ ਸੰਗੀਤ ਦਰਪਣ 'ਤੇ ਕੰਮ ਅਧੂਰਾ ਰਹਿ ਗਿਆ ਹੈ। ਉਨ੍ਹਾਂ ਦੀ ਪਹਿਲੀ ਪੁਸਤਕ ਗੁਰਬਾਣੀ ਸੰਗੀਤ ਦਰਪਣ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 12 ਰਾਗਾਂ ਵਿੱਚ ਅਤੇ ਰਾਗ ਭੂਪਾਲੀ, ਬਾਗੇਸ਼੍ਰੀ, ਭੀਮਪਾਲਸੀ ਆਦਿ ਵਰਗੀਆਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ 12 ਰਾਗਾਂ ,ਜਿਨ੍ਹਾਂ ਨੂੰ ਵਿਦਿਆਰਥੀਆਂ ਅਤੇ ਸੰਗੀਤ ਦੇ ਕਲਾਕਾਰਾਂ ਦੁਆਰਾ ਸਮਝਣਾ ਆਸਾਨ ਸੀ , ਦੀਆਂ 162 ਸ਼ਬਦ-ਰੀਤਾਂ ਦੀਆਂ ਸ੍ਵਰ ਲਿਪੀ ਰਚਨਾਵਾਂ ਦਰਜ ਹਨ।ਇਸ ਪੁਸਤਕ ਦੇ 4 ਸੰਸਕਰਨ ਪਹਿਲਾਂ ਹੀ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ।
ਆਪਣੀ ਸਾਰੀ ਉਮਰ “ਗੁਰਮਤਿ” ਕਦਰਾਂ-ਕੀਮਤਾਂ ‘ਤੇ ਕਾਇਮ ਰਹਿੰਦਿਆਂ ਪ੍ਰੋ: ਸਿੰਘ ਨੇ ਆਪਣੀਆਂ ਸੰਗੀਤ ਰਚਨਾਵਾਂ ਦਾ ਕੋਈ ਵਪਾਰਕ ਲਾਭ ਜਾਂ ਆਪਣੇ ਦੁਆਰਾ ਲਿਖੀਆਂ ਪੁਸਤਕਾਂ ਦੀ ਵਿਕਰੀ ਤੋਂ ਕੋਈ ਰਾਇਲਟੀ ਨਹੀਂ ਲਈ।[4]
ਪੁਰਸਕਾਰ ਅਤੇ ਮਾਨਤਾਵਾਂ
ਸੋਧੋਗੁਰਮਤਿ ਸੰਗੀਤ ਦੀ ਪਰੰਪਰਾਗਤ ਕਲਾ ਨੂੰ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਦੇ ਜੀਵਨ ਭਰ ਦੇ ਯੋਗਦਾਨ ਲਈ, ਉਨ੍ਹਾਂ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ
ਪਦਮ ਸ਼੍ਰੀ (2021) ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤਾ ਗਿਆ, [4][7]
ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਰਾਗੀ ਅਵਾਰਡ (2016)[3], ਅਤੇ
ਸਰਬੱਤ ਦਾ ਭਲਾ (ਮਨੁੱਖਤਾ ਦੀ ਭਲਾਈ), ਦੁਬਈ (ਯੂ.ਏ.ਈ.) ਵੱਲੋਂ ਵਿਸ਼ੇਸ਼ ਪੁਰਸਕਾਰ (2014),
ਮਾਨਯੋਗ ਰਾਜਪਾਲ (ਪੱਛਮੀ ਬੰਗਾਲ) ਦੁਆਰਾ ਸੰਗੀਤ ਨਾਟਕ ਅਕਾਦਮੀ (2012) ਦੁਆਰਾ ਪ੍ਰਦਾਨ ਕੀਤਾ ਗਿਆ ਸੰਗੀਤ (ਟੈਗੋਰ) ਰਤਨਾ ਪੁਰਸਕਾਰ (ਫੈਲੋਸ਼ਿਪ), [3][8]
ਸਿੱਖ ਲਾਈਫਟਾਈਮ ਅਚੀਵਮੈਂਟ ਅਵਾਰਡ (2011) ਲੰਡਨ (ਯੂ.ਕੇ.), [3]
ਪੰਜਾਬੀ ਯੂਨੀਵਰਸਿਟੀ, ਪਟਿਆਲਾ (2011) ਤੋਂ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ।[3]
ਸ਼੍ਰੋਮਣੀ ਰਾਗੀ ਪੁਰਸਕਾਰ (2009) ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ,
ਭਾਰਤ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ ਸੰਗੀਤ ਨਾਟਕ ਅਕਾਦਮੀ ਅਵਾਰਡ (2008), [3][9]
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਇੱਕ ਪੀ.ਐਚ.ਡੀ. ਪ੍ਰੋ: ਕਰਤਾਰ ਸਿੰਘ ਜੀ ਨਾਲ ਸਬੰਧਿਤ ਨਿਮਨਲਿਖਤ ਵਿਸ਼ੇ 'ਤੇ ਸੰਪੂਰਨ ਕੀਤਾ ਗਿਆ ਹੈ- “ਸੰਗੀਤ ਅਚਾਰੀਆ ਪ੍ਰੋ: ਕਰਤਾਰ ਸਿੰਘ ਦਾ ਗੁਰਮਤਿ ਸੰਗੀਤ ਪਰੰਪਰਾ ਵਿੱਚ ਯੋਗਦਾਨ ਅਤੇ ਵਿਸ਼ਲੇਸ਼ਣਾਤਮਕ ਅਧਿਐਨ ।
ਤੰਤੀ ਸਾਜਾਂ ਰਾਹੀਂ ਰਵਾਇਤੀ ਗਾਇਨ ਨੂੰ ਪੁਨਰ ਸੁਰਜੀਤ ਕਰਨਾ
ਸੋਧੋਪ੍ਰੋ ਕਰਤਾਰ ਸਿੰਘ ਦਾ ਗੁਰੂ ਸਾਹਿਬਾਨ ਰਾਹੀਂ ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਗਾਇਨ ਨੂੰ ਪ੍ਰਚੱਲਤ ਕਰਣ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ।ਨਾਲ ਹੀ ਤੰਤੀ ਸਾਜਾਂ ਰਾਹੀ ਗੁਰਬਾਣੀਕੀਰਤਨ ਸੁਰਜੀਤ ਕਰਨ ਵਿੱਚ ਊਨ੍ਹਾਂ ਦਾ ਇਤਨਾ ਸਨਮਾਨ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਤੰਤੀ ਸਾਜਾਂ ਰਾਹੀਂ ਕੀਰਤਨ ਪ੍ਰਪਾਟੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ 6 ਮਾਰਚ 2006 ਨੂੰ ਪੁਨਰ ਸੁਰਜੀਤ ਦਾ ਉਦਘਾਟਨ ਉਨ੍ਹਾਂ ਦੇ ਤਾਨਪੁਰਾ ਦੀ ਵਰਤੋਂ ਨਾਲ ਕੀਰਤਨ ਪ੍ਰਦਰਸ਼ਨ ਰਾਹੀਂ ਕਰਵਾਇਆ।[10]
ਨਿਵੇਕਲੀ ਸ਼ੈਲੀ ਤੇ ਸੰਗੀਤਕ ਖੋਜ
ਸੋਧੋਪ੍ਰੋ ਕਰਤਾਰ ਸਿੰਘ ਨੇ ਕੀਰਤਨ ਗਾਇਨ ਵਿੱਚ ਹਮੇਸਾ ਗੁਰਬਾਣੀ ਸ਼ਬਦ ਦੀ ਪ੍ਰਧਾਨਤਾ ਮੁੱਖ ਰੱਖਣ ਨੂੰ ਨਾ ਕਿ ਰਾਗ , ਸੰਗੀਤਕ ਲੈ ਜਾਂ ਤਾਲ ਦੇ ਹਾਵੀ ਹੋਣ ਨੂੰ ਆਪਣੇ ਗਾਇਨ ਤੇ ਸੰਗੀਤ ਸਿਖਲਾਈ ਦਾ ਅੰਗ ਬਣਾਇਆ। ਨਾਲ ਹੀ ਉਹ ਹਰ ਪ੍ਰਦਰਸ਼ਨ ਵਿੱਚ ਨਿਵੇਕਲੀਆਂ ਤੇ ਮੁਸ਼ਕਲ ਰਹੁ-ਰੀਤਾਂ ਨੂੰ ਸਾਮਲ ਕਰਨ ਨੂੰ ਤਰਜੀਹ ਦੇਂਦੇ ਸਨ।ਉਨ੍ਹਾਂ ਨੇ ਆਪਣੀਆਂ ਪੁਸਤਕਾਂ ਵਿੱਚ ਕਈ ਮੁਸ਼ਕਲ ਤਾਲ ਜਿਵੇਂ ਸਵਾ ,ਪੌਣ, ਡੇੜ ਮਾਤਰਾ ਵਾਲੇ ਤਾਲਾਂ ਵਾਲੀਆਂ ਰਹੁਰੀਤਾਂ ਦੀਆਂ ਸ੍ਵਰ ਲਿਪੀਆਂ ਦਰਜ ਕੀਤੀਆਂ ਹਨ।ਨਾਲ ਹੀ ਇਨ੍ਹਾਂ ਰਚਨਾਵਾਂ ਨੂੰ ਗਾ ਕੇ ਆਪਣੇ ਗਾਇਨ ਨੂੰ ਅਮੀਰ ਬਣਾਇਆ।[1] ਇਹ ਸਭ ਉਨ੍ਹਾਂ ਦੇ ਮੱਧ-ਕਾਲੀਨ ਪੰਡਤ ਲੋਚਨ , ਪੰਡਤ ਵਿਠਲ ਵਰਗੇ ਗਾਇਕਾਂ ,ਪੰਡਤ ਵਿਸ਼ਨੂੰ ਨਰਾਇਣ ਭਟਖੰਡੇ, ਪੰਡਤ ਵਿਨਾਇਕ ਰਾਓ ਪਟਵਰਧਨ ਵਰਗੇ ਮਾਡਰਨ ਸੰਗੀਤ ਅਚਾਰੀਆ , ਭਾਈ ਗਿਆਨ ਸਿੰਘ ਐਬਟਾਬਾਦ, ਪ੍ਰੋ ਤਾਰਾ ਸਿੰਘ ਵਰਗੇ ਗੁਰਮਤ ਸੰਗੀਤ ਲਿਖਾਰੀਆਂ ਦੇ ਗੰਭੀਰ ਅਧਿਐਨ ਕਰਨ ਦੀ ਰੁਚੀ ਨਾਲ ਹੀ ਕਿਰਿਆਵੰਤ ਹੋ ਸਕਿਆ। [5]
ਮੌਤ
ਸੋਧੋ2 ਜਨਵਰੀ 2022 ਨੂੰ ਲੁਧਿਆਣੇ ਦੇ ਇੱਕ ਹਸਪਤਾਲ ਵਿੱਚ ਲਗਭਗ 6 ਮਹੀਨੇ ਦੇ ਇਲਾਜ ਪਿਛੋਂ 93 ਵਰੇ 9 ਮਹੀਨੇ ਦੀ ਉਮਰ ਭੋਗ ਕੇ ਉਸ ਦੀ ਮੌਤ ਹੋ ਗਈ।
ਹਵਾਲੇ
ਸੋਧੋ- ↑ 1.0 1.1 Singh, Kartar (2007). Gurmat Sangeet Darpan Part-1. Dharam Parchar Committee SGPC Amritsar.
- ↑ 2.0 2.1 2.2 2.3 2.4 "Gurmat Sangeet Legend prof Kartar Singh dies at 93". Retrieved 11 March 2022.
- ↑ 3.00 3.01 3.02 3.03 3.04 3.05 3.06 3.07 3.08 3.09 ਖਾਲਸਾ, ਨਿਰੰਜਨ ਕੌਰ (2014). "ਰੀਨਾਇਸੈਂਸ ਆਫ ਸਿੱਖ ਡੀਵੋਸ਼ਨਲ ਮਿਊਜ਼ਿਕ , ਮੈਮੋਰੀ,ਆਈਡੈਂਟਿਟੀ,ਆਰਥੋਪਰੈਕਸੀ" (PDF). ਪੀ.ਐਚ.ਡੀ. ਲਈ ਮਿਸ਼ੀਗਨ ਯੂਨੀਵਰਸਿਟੀ ਯੂ ਐਸ ਏ ਨੂੰ ਸਮਰਪਣ ਕੀਤਾ ਥੀਸਿਸ: 101, 114, 148, 228 – via ਡੀਪਬਲਿਊ ਲਾਇਬਰੇਰੀ.
- ↑ 4.0 4.1 4.2 Service, Tribune News. "Prof Kartar Singh: A great exponent of Gurmat Sangeet". Tribuneindia News Service (in ਅੰਗਰੇਜ਼ੀ). Retrieved 2022-03-12.
- ↑ 5.0 5.1 Singh, Jaspreet. "Sangeet Tapasavee, Sangeet Sadhak, Sangeet Acharya Prof. Kartar Singh". Retrieved 24 February 2022.
- ↑ Service, Tribune News. "Nonagenarian Gurmat Sangeet legend does city proud". Tribuneindia News Service (in ਅੰਗਰੇਜ਼ੀ). Archived from the original on 2022-03-13. Retrieved 2022-03-13.
- ↑ Service, Tribune News. "Ludhiana DC hands over Padma Shri to 'Gurmat Sangeet' legend Prof Kartar Singh". Tribuneindia News Service (in ਅੰਗਰੇਜ਼ੀ). Retrieved 2022-03-12.
- ↑ Sangeet Natak Akadami 2012-13 Annual Report (PDF). New Delhi: Sangeet Natak Akadami , Govt. Of India. 2013. pp. 10–11.
SANGEET NATAK AKADEMI TAGORE SAMMAN …SANGEET NATAK AKADEMI TAGORE RATNA …49 Kartar Singh
- ↑ Sangeet Natak Akademy 2008-09 Annual Report (PDF). New Delhi: Sangeet Natak Akademy ,Govt. Of India. 2009. p. 7.
AWARDS Other Traditional/Folk/Tribal Dance/Music/Theatre …Kartar Singh
- ↑ "Tradition Revived at Golden Temple ,The Tribune, Chandigarh, India - Punjab". www.tribuneindia.com. Retrieved 2022-03-13.
ਬਾਹਰੀ ਕੜੀਆਂ
ਸੋਧੋਯੂ ਟਿਊਬ ਤੇ ਪ੍ਰੋ ਕਰਤਾਰ ਸਿੰਘ ਦੀਆਂ ਲਗਭਗ 50 ਬੰਦਸ਼ਾਂ ਦਾ ਲਿੰਕ ਸਾਂਊਡ ਕਲਾਊਡ ਤੇ ਪ੍ਰੋ ਕਰਤਾਰ ਸਿੰਘ ਦੀਆਂ ਰਚਨਾਵਾਂ ਦੇ ਸੈਟ ਦੀ ਵੰਨਗੀ