ਕਾਕਾ ਪਰਤਾਪੀ ਮਾਲਵੇ ਦੀ ਇੱਕ ਲੋਕ ਗਾਥਾ ਹੈ। 19ਵੀਂ ਸਦੀ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੋਪੋਂ ਵਿਖੇ ਵਾਪਰੀ।[1] ਇਸ ਪ੍ਰੇਮ ਕਹਾਣੀ ਨੂੰ ਈਸ਼ਰ ਸਿੰਘ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਗੋਕਲ ਚੰਦ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਰਾਹੀਂ ਬਿਆਨ ਕੀਤਾ ਹੈ। ਪਰਤਾਪੀ ਗੋਪਾਲੇ ਸੁਨਿਆਰ ਦੀ ਰੂਪਮਤੀ ਧੀ ਸੀ।

ਕਹਾਣੀ ਸੋਧੋ

ਲੋਪੋਂ ਪਿੰਡ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ, ਜਿਨ੍ਹਾਂ ਵਿਚੋਂ ਪਰਤਾਪੀ ਇੱਕ ਸੋਹਣੀ ਮੁਟਿਆਰ ਸੀ, ਪਿੰਡੋਂ ਬਾਹਰ ਢੱਕੀ ਵਿੱਚ ਤੀਆਂ ਪਾ ਰਹੀਆਂ ਸਨ। ਲੋਪੋਂ ਦੇ ਨਾਲ਼ ਲਗਦੇ ਪਿੰਡ ਰੁਪਾਲੋਂ ਦੇ ਸਰਦਾਰਾਂ ਦਾ ਛੈਲ-ਛਬੀਲਾ ਗੱਭਰੂ, ਜ਼ੈਲਦਾਰ ਕਾਹਨ ਸਿੰਘ ਦਾ ਪੁੱਤਰ ਕਾਕਾ ਕਿਰਪਾਲ ਸਿੰਘ ਚੀਨੀ ਘੋੜੀ 'ਤੇ ਅਸਵਾਰ ਸ਼ਿਕਾਰ ਖੇਡਦਾ ਖੇਡਦਾ ਢੱਕੀ ਵੱਲ ਆ ਨਿਕਲਿਆ, ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ। ਹਾਸਿਆਂ ਤੇ ਮਖੌਲਾਂ ਦੀ ਛਹਿਬਰ ਲੱਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਤ ਲਿਆ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਦਲੇਲ ਗੁੱਜਰ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ। ਉਸ ਨੇ ਮੁਟਿਆਰਾਂ ਪਾਸੋਂ ਬੜੀ ਮੁਸ਼ਕਲ ਨਾਲ ਖਹਿੜਾ ਛੁਡਾਇਆ। ਕਾਕੇ ਨੇ ਪਰਤਾਪੀ ਬਾਰੇ ਭੋਲੀ ਨਾਲ ਗੱਲ ਕਰ ਲਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਕਾਕੇ ਬਾਰੇ ਗੱਲਾਂ ਕਰ ਰਹੀ ਸੀ। ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸੁਲਘਦੀ ਪਈ ਸੀ:

(ਇਸ ਕਹਾਣੀ ਨੂੰ ਗੁਰਦਿੱਤ ਸਿੰਘ ਨੇ ਇੰਝ ਬਿਆਨ ਕੀਤਾ ਹੈ।)

ਕੋਈ ਆਖੇ ਨੱਢੀ, ਨੀ ਮੇਰੇ ਵੱਲ ਵੇਖਦਾ ਸੀ

ਕੋਈ ਆਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ

ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ਼ ਸੈਨਤਾਂ ਦੇ

ਵੱਟੀ ਜਾਂ ਘੂਰੀ ਤਾਂ ਤੜੱਕ ਨੀਵੀਂ ਪਾ ਗਿਆ।

ਕੋਈ ਆਖੇ ਟੇਢੀ ਨਿਗ੍ਹਾ ਝਾਕਦਾ ਸੀ ਮੇਰੇ ਵੱਲ

ਸਾਹਮਣੇ ਮੈਂ ਝਾਕੀ ਜਦੋਂ ਅੱਖ ਨੀ ਚੁਰਾ ਗਿਆ।[2]

ਹਵਾਲੇ ਸੋਧੋ

  1. "ਕਾਕਾ-ਪਰਤਾਪੀ : ਲੋਕ ਕਹਾਣੀ (ਪੰਜਾਬੀ ਕਹਾਣੀ)". www.punjabikahani.punjabi-kavita.com. Retrieved 2024-02-03.
  2. ਮਾਦਪੁਰੀ, ਸੁਖਦੇਵ. "ਪੰਜਾਬ ਦੇ ਲੋਕ ਨਾਇਕ/ਕਾਕਾ ਪਰਤਾਪੀ - ਵਿਕੀਸਰੋਤ". pa.wikisource.org. Retrieved 2024-02-03.