ਕੱਚੀਆਂ ਕੋਠੀਆਂ
ਕੱਚੇ ਘਰਾਂ ਦੀਆਂ ਛੱਤਾਂ ਹੇਠ ਕੱਚੀਆਂ ਕੰਧਾਂ ਨਾਲ, ਕੱਚੀਆਂ ਇੱਟਾਂ ਨਾਲ ਜਾਂ ਤੂੜੀ ਮਿੱਟੀ ਦੀਆਂ ਬਣਾਈਆਂ ਕੰਧਾਂ ਨਾਲ ਅਨਾਜ ਰੱਖਣ ਲਈ, ਗੁੜ, ਸ਼ੱਕਰ ਰੱਖਣ ਲਈ, ਕੱਪੜੇ-ਲੀੜੇ ਆਦਿ ਰੱਖਣ ਲਈ ਬਣਾਈ ਗਈ ਬੁਖਾਰੀ ਨੂੰ ਕੱਚੀ ਕੋਠੀ ਕਹਿੰਦੇ ਹਨ। ਵਿਆਹਾਂ ਦੀ ਬਚੀ ਹੋਈ ਮਠਾਈ ਵੀ ਇਨ੍ਹਾਂ ਕੋਠੀਆਂ ਵਿਚ ਰੱਖੀ ਜਾਂਦੀ ਸੀ।
ਆਮ ਤੌਰ 'ਤੇ ਘਰ ਦਾ ਉਹ ਹਿੱਸਾ ਜਿਹੜਾ ਵਰਤੋਂ ਵਿਚ ਘੱਟ ਆਉਂਦਾ ਸੀ, ਉਥੇ ਕੱਚੀਆਂ ਕੋਠੀਆਂ ਬਣਾਈਆਂ ਜਾਂਦੀਆਂ ਸਨ। ਕੋਠੀਆਂ ਆਮ ਤੌਰ 'ਤੇ 7 ਕੁ ਫੁੱਟ ਦੀ ਉਚਾਈ ਦੀਆਂ, ਦੋ ਢਾਈ ਕੁ ਫੁੱਟ ਦੀ ਚੌੜਾਈ ਦੀਆਂ ਤੇ 7 ਕੁ ਫੁੱਟ ਦੀ ਲੰਬਾਈ ਦੀਆਂ ਬਣਾਈਆਂ ਜਾਂਦੀਆਂ ਸਨ। ਕਈ ਪਰਿਵਾਰ ਇਨ੍ਹਾਂ ਦੇ ਵਿਚਾਲੇ ਕੰਧ ਬਣਾ ਕੇ ਦੋ ਕੋਠੀਆਂ ਵੀ ਬਣਾ ਲੈਂਦੇ ਸਨ। ਕਈ ਪਰਿਵਾਰ ਵਿਚਾਲੇ ਛੱਤ ਪਾ ਕੇ ਦੋ ਮੰਜਲੀਆਂ ਕੋਠੀਆਂ ਵੀ ਬਣਾ ਲੈਂਦੇ ਸਨ। ਕੋਠੀਆਂ ਧਰਤੀ ਤੋਂ ਇਕ ਕੁ ਫੁੱਟ ਉੱਚੀਆਂ ਕਰ ਕੇ ਬਣਾਈਆਂ ਜਾਂਦੀਆਂ ਸਨ ਤਾਂ ਜੋ ਹੇਠੋਂ ਕੋਠੀ ਵਿਚ ਸਲਾਬ ਨਾ ਆਵੇ। ਹੇਠੋਂ ਡੇਢ ਕੁ ਫੁੱਟ ਦੀ ਦੂਰੀ ਰੱਖ ਕੇ ਕੱਚੀਆਂ ਇੱਟਾਂ ਨਾਲ ਕੋਠੀ ਦੇ ਕਈ ਪੈਰ ਬਣਾਏ ਜਾਂਦੇ ਸਨ। ਇਨ੍ਹਾਂ ਪੈਰਾਂ ਉਪਰ ਪਤਲੀਆਂ ਸੋਟੀਆਂ ਅਤੇ ਸਲਵਾੜ ਦੇ ਕਾਨੇ ਰੱਖ ਕੇ ਉਪਰ ਅਤੇ ਹੇਠਾਂ ਤੋਂ ਤੂੜੀ ਮਿੱਟੀ ਨਾਲ ਚੰਗੀ ਤਰ੍ਹਾਂ ਲਿੱਪ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਹ ਕੋਠੀ ਦਾ ਬੇਸ/ਫਰਸ਼ ਬਣ ਜਾਂਦਾ ਸੀ। ਫੇਰ ਇਸ ਫਰਸ਼ ਦੇ ਦੋਵੇਂ ਸਿਰਿਆਂ ’ਤੇ ਕੱਚੀਆਂ ਇੱਟਾਂ ਨਾਲ ਜਾਂ ਤੂੜੀ ਮਿੱਟੀ ਨਾਲ ਕੰਧਾਂ ਬਣਾਈਆਂ ਜਾਂਦੀਆਂ ਸਨ। ਮੁਹਰਲੇ ਪਾਸੇ ਵੀ ਲੱਕੜ ਦੀ ਦਰਵਾਜ਼ੀ ਲਾਉਣ ਲਈ ਦੋ ਕੁ ਫੁੱਟ ਲੰਮੀ ਤੇ ਦੋ ਕੁ ਫੁੱਟ ਉੱਚੀ ਜਗ੍ਹਾ ਛੱਡ ਕੇ ਕੰਧ ਉਸਾਰੀ ਜਾਂਦੀ ਸੀ। ਜੇਕਰ ਦੋ ਮੰਜ਼ਿਲੀ ਕੋਠੀ ਬਣਾਉਣੀ ਹੁੰਦੀ ਸੀ ਤਾਂ ਦੋਵੇਂ ਮੰਜ਼ਲਾਂ ਵਿਚ ਦਰਵਾਜ਼ੀਆਂ ਲਾਉਣ ਲਈ ਜਗ੍ਹਾ ਛੱਡੀ ਜਾਂਦੀ ਸੀ। ਜਦ ਇਹ ਕੰਧਾਂ 7 ਕੁ ਫੁੱਟ ਦੀਆਂ ਬਣ ਜਾਂਦੀਆਂ ਸਨ ਫੇਰ ਇਸ ਉਪਰ ਵੀ ਸੋਟੀਆਂ ਅਤੇ ਸਲਵਾੜ ਦੇ ਕਾਨੇ ਰੱਖ ਕੇ ਛੱਤ ਪਾ ਦਿੱਤੀ ਜਾਂਦੀ ਸੀ। ਇਸ ਛੱਤ ਨੂੰ ਵੀ ਹੇਠੋਂ ਅਤੇ ਉਪਰੋਂ ਤੂੜੀ ਮਿੱਟੀ ਨਾਲ ਚੰਗੀ ਤਰ੍ਹਾਂ ਲਿੱਪ ਦਿੱਤਾ ਜਾਂਦਾ ਸੀ। ਕੋਠੀਆਂ ਦੇ ਅੰਦਰ ਅਤੇ ਬਾਹਰ ਫੇਰ ਤੂੜੀ ਮਿੱਟੀ ਉਪਰ ਨਿਰੀ ਮਿੱਟੀ ਲਾਈ ਜਾਂਦੀ ਸੀ। ਫੇਰ ਪਾਂਡੂ ਮਿੱਟੀ ਦਾ ਪਰੋਲਾ ਫੇਰਿਆ ਜਾਂਦਾ ਸੀ। ਕਈ ਕੋਠੀਆਂ ਉਪਰ ਵੇਲ ਬੂਟੇ ਵੀ ਪਾਏ ਜਾਂਦੇ ਸਨ। ਹੋਰ ਡਿਜ਼ਾਈਨ ਵੀ ਬਣਾਏ ਜਾਂਦੇ ਸਨ।
ਹੁਣ ਤਕਰੀਬਨ ਪੰਜਾਬ ਦੇ ਬਹੁਤੇ ਘਰ ਪੱਕੇ ਹਨ।ਘਰਾਂ ਦੀਆਂ ਕੰਧਾਂ ਵਿਚ ਕੱਪੜੇ ਆਦਿ ਰੱਖਣ ਲਈ ਅਲਮਾਰੀਆਂ ਬਣਾਈਆਂ ਜਾਂਦੀਆਂ ਸਨ। ਬਕਸਿਆਂ ਵਾਲੇ ਬੈੱਡ ਬਣਾਏ ਜਾਂਦੇ ਹਨ। ਗਾਡਰਜ਼ ਦੀਆਂ ਅਲਮਾਰੀਆਂ ਘਰਾਂ ਵਿਚ ਰੱਖੀਆਂ ਜਾਂਦੀਆਂ ਹਨ। ਦਾਣੇ ਰੱਖਣ ਲਈ ਲੋਹੇ ਦੇ ਢੋਲ ਹਨ। ਹੁਣ ਪੰਜਾਬ ਦੇ ਕੁਝ ਪਛੜੇ ਵਰਗਾਂ ਦੇ ਪਰਿਵਾਰਾਂ ਦੇ ਕੱਚੇ ਘਰਾਂ ਵਿਚ ਹੀ ਕੱਚੀਆਂ ਕੋਠੀਆਂ ਪਾਈਆਂ ਹੋਈਆਂ ਤੁਹਾਨੂੰ ਮਿਲਣਗੀਆਂ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. p. 413. ISBN 978-93-82246-99-2.