ਖ਼ਾਮੋਸ਼ ਪਾਣੀ
ਖਾਮੋਸ਼ ਪਾਣੀ 2003 ਵਿੱਚ ਬਣੀ ਇੱਕ ਪੰਜਾਬੀ ਫ਼ਿਲਮ ਹੈ। ਦੇਸ਼ ਦੇ ਬਟਵਾਰੇ ਨੂੰ ਲੈ ਕੇ ਪਹਿਲਾਂ ਵੀ ਕਈ ਫ਼ਿਲਮਾਂ ਬਣੀਆਂ ਹਨ, ਜਿਹਨਾਂ ਵਿੱਚ ਬਟਵਾਰੇ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ ਪਰ ਇਸ ਫ਼ਿਲਮ ਵਿੱਚ ਇਸ ਦਰਦ ਨੂੰ ਔਰਤ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਇਸ ਲੜੀ ਵਿੱਚ ਪਾਕਿਸਤਾਨ ਮੂਲ ਦੀ ਨਿਰਦੇਸ਼ਿਕਾ ਸਬੀਹਾ ਸੁਮਰ ਦੀ ਇਹ ਫ਼ਿਲਮ ਸ਼ਾਇਦ ਪਹਿਲੀ ਅਜਿਹੀ ਫ਼ਿਲਮ ਹੈ, ਜਿਸ ਨੂੰ ਪਾਕਿਸਤਾਨ ਵਿੱਚ ਜਨਮੀ ਇੱਕ ਔਰਤ ਨੇ ਪਾਕਿਸਤਾਨ ਦੇ ਹੀ ਇੱਕ ਪਿੰਡ ਵਿੱਚ ਬਣਾਇਆ ਹੈ। ਸਾਬੀਹਾ ਦੀ ਇਸ ਫ਼ਿਲਮ ਨੂੰ ਹੁਣ ਤੱਕ ਚੌਦਾਂ ਅੰਤਰਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ।[1] ਇਹਨਾਂ ਵਿੱਚ ਬੈਸਟ ਐਕਟਰ ਫੀਮੇਲ ਅਤੇ ਬੈਸਟ ਡਾਇਰੈਕਸ਼ਨ ਦੇ ਅਵਾਰਡ ਵੀ ਸ਼ਾਮਿਲ ਹਨ।
ਖਾਮੋਸ਼ ਪਾਣੀ | |
---|---|
ਨਿਰਦੇਸ਼ਕ | ਸਬੀਹਾ ਸੁਮਰ |
ਲੇਖਕ | ਪਰੋਮਿਤਾ ਵੋਹਰਾ |
ਸਿਤਾਰੇ | ਕਿਰਨ ਖੇਰ, ਸ਼ਿਲਪਾ ਸ਼ੁਕਲਾ, ਆਮਿਰ ਮਲਿਕ |
ਸੰਗੀਤਕਾਰ | ਅਰਜੁਨ ਸੇਨ, ਮਦਨ ਗੋਪਾਲ ਸਿੰਘ, ਅਰਸ਼ਦ |
ਰਿਲੀਜ਼ ਮਿਤੀ | 2004 |
ਮਿਆਦ | 105 ਮਿੰਟ |
ਦੇਸ਼ | ਪਾਕਿਸਤਾਨ / ਫ਼ਰਾਂਸ / ਜਰਮਨੀ |
ਕਥਾਨਕ
ਸੋਧੋਫ਼ਿਲਮ ਦੀ ਕਹਾਣੀ 1979 ਵਿੱਚ ਪਾਕਿਸਤਾਨ ਦੇ ਇੱਕ ਪਿੰਡ ਚਰਖੀ ਵਿੱਚ ਵਾਪਰਦੀ ਹੈ, ਜਿੱਥੇ ਇੱਕ ਅਧਖੜ ਵਿਧਵਾ ਆਇਸ਼ਾ ਆਪਣੇ ਜਵਾਨ ਬੇਟੇ ਸਲੀਮ ਦੇ ਨਾਲ ਰਹਿੰਦੀ ਹੈ। 1947 ਦੇ ਰੌਲਿਆਂ ਵੇਲੇ ਜਦੋਂ ਪਾਕਿਸਤਾਨ ਦੇ ਸਿੱਖ ਪਰਵਾਰ ਉੱਜੜ ਕੇ ਆਉਣ ਤੋਂ ਪਹਿਲਾਂ ਆਪਣੀਆਂ ਕੁੜੀਆਂ ਨੂੰ ਇੱਜਤ ਦੇ ਵਾਸਤੇ ਖੂਹਾਂ ਵਿੱਚ ਕੁੱਦ ਜਾਣ ਲਈ ਕਹਿ ਰਹੇ ਸਨ ਤਾਂ ਇੱਕ ਸਿੱਖ ਕੁੜੀ ਖੂਹ ਦੀ ਮੌਣ ਤੋਂ ਭੱਜ ਗਈ ਸੀ ਅਤੇ ਇੱਕ ਮੁਸਲਮਾਨ ਨੌਜਵਾਨ ਨੇ ਉਸਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਪਹਿਲਾਂ ਉਸ ਦਾ ਧਰਮ ਬਦਲ ਕੇ ਉਸ ਦਾ ਨਾਂ ਆਇਸ਼ਾ ਰੱਖ ਦਿੱਤਾ ਸੀ। ਉਸ ਦਾ ਮਰਹੂਮ ਪਤੀ ਫੌਜ ਵਿੱਚ ਸੀ ਤੇ ਉਸ ਦੀ ਪੈਨਸ਼ਨ ਨਾਲ ਅਤੇ ਪਿੰਡ ਦੀਆਂ ਕੁੜੀਆਂ ਨੂੰ ਕੁਰਆਨ ਵਿੱਚ ਸਬਕ ਦੇ ਕੇ ਉਹ ਆਪਣਾ ਗੁਜ਼ਾਰਾ ਚਲਾਉਂਦੀ ਹੈ। ਪਿੰਡ ਦੇ ਲੋਕਾਂ ਨਾਲ ਉਹਦੀ ਸੋਹਣੀ ਬਣਦੀ ਹੈ। ਉਹ ਖੂਹ ਤੇ ਪਾਣੀ ਲੈਣ ਕਦੇ ਨਹੀਂ ਜਾਂਦੀ ਸਗੋਂ ਗੁਆਂਢ ਦੀਆਂ ਕੁੜੀਆਂ ਤੋਂ ਪਾਣੀ ਮੰਗਵਾਉਂਦੀ ਹੈ। ਸਾਬਕਾ ਪ੍ਰਧਾਨ ਮੰਤਰੀ ਜੁਲਫਿਕਾਰ ਅਲੀ ਭੁੱਟੋ ਨੂੰ ਨਵੇਂ ਫੌਜੀ ਡਿਕਟੇਟਰ, ਜਨਰਲ ਜ਼ਿਆ ਉਲ ਹੱਕ ਵਲੋਂ ਫਾਂਸੀ ਲਗਾ ਦੇਣ ਕਰ ਕੇ ਅਮੀਨ ਡਾਕੀਆ ਅਤੇ ਕੁਝ ਹੋਰ ਪਿੰਡ ਦੇ ਲੋਕ ਪਰੇਸ਼ਾਨ ਹਨ। ਜ਼ਿਆ ਉਲ ਹੱਕ ਵਲੋਂ ਚਲਾਈ ਪਾਕਿਸਤਾਨ ਦੇ ਇਸਲਾਮੀਕਰਨ ਦੀ ਮੁਹਿੰਮ ਦੇ ਤਹਿਤ ਇੱਕ ਕੱਟੜ ਇਸਲਾਮਿਕ ਗਰੁੱਪ ਦੇ ਦੋ ਕਾਰਕੁੰਨ ਪਿੰਡ ਦੇ "ਚੌਧਰੀ" ਦੇ ਸਹਿਯੋਗ ਨਾਲ ਪਿੰਡ ਵਿੱਚ ਕੱਟੜਵਾਦੀ ਮਹਿੰਮ ਚਲਾਉਣ ਲਈ ਆਉਂਦੇ ਹਨ। ਪਿੰਡ ਦੇ ਵੱਡੀ ਉਮਰ ਲੋਕ, ਉਨ੍ਹਾਂ ਦੇ ਅਸਹਿਣਸ਼ੀਲਤਾ ਅਤੇ ਕੱਟੜਵਾਦੀ ਵਤੀਰੇ ਨੂੰ ਨਫਰਤ ਕਰਦੇ ਹਨ ਪਰ ਉਹ ਜਲਦੀ ਹੀ ਪਿੰਡ ਦੇ ਨੌਜਵਾਨਾਂ ਵਿੱਚ ਅਧਾਰ ਬਣਾ ਲੈਂਦੇ ਹਨ ਤੇ ਸਲੀਮ ਵੀ ਉਨ੍ਹਾਂ ਦੇ ਧੱਕੇ ਚੜ੍ਹ ਜਾਂਦਾ ਹੈ। ਉਹ ਉਸਨੂੰ ਡਰਾ ਵਡਿਆ ਕੇ ਰਾਵਲਪਿੰਡੀ ਵਿੱਚ ਇੱਕ ਸਿਆਸੀ ਜਲਸੇ ਵਿੱਚ ਲਿਜਾਣ ਵਿੱਚ ਕਾਮਯਾਬ ਹੋ ਜਾਂਦੇ ਹਨ ਜਿਥੇ ਜਿਹਾਦ ਲਈ ਭੜਕਾਊ ਤਕਰੀਰਾਂ ਹੁੰਦੀਆਂ ਹਨ। ਸਲੀਮ ਆਪਣੀ ਪ੍ਰੇਮਿਕਾ ਕੁੜੀ ਜ਼ੁਬੈਦਾ ਨੂੰ ਛੱਡ ਦਿੰਦਾ ਹੈ ਅਤੇ ਆਪਣੀ ਮਾਂ ਤੋਂ ਵੀ ਦੂਰ ਹੋ ਜਾਂਦਾ ਹੈ। ਆਇਸ਼ਾ ਉਸ ਨੂੰ ਨਿਰਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਨਾਕਾਮ ਰਹਿੰਦੀ ਹੈ।
ਸਿੱਖ ਧਾਰਮਿਕ ਯਾਤਰੀਆਂ ਦਾ ਇੱਕ ਛੋਟਾ ਜਿਹਾ ਗਰੁੱਪ ਪਿੰਡ ਚਰਖੀ ਆਉਂਦਾ ਹੈ, ਜੋ 1947 ਵਿੱਚ ਭਾਰਤ ਦੀ ਵੰਡ ਸਮੇਂ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ। ਉਨ੍ਹਾਂ ਨੂੰ ਰਲਿਆ ਮਿਲਿਆ ਪ੍ਰਤੀਕਰਮ ਮਿਲਦਾ ਹੈ। ਇੱਕ ਸਿੱਖ ਸ਼ਰਧਾਲੂ ਇਧਰ ਰਹਿ ਗਈ ਆਪਣੀ ਭੈਣ ਨੂੰ ਲੱਭਣਾ ਚਾਹੁੰਦਾ ਹੈ। ਅਮੀਨ ਉਸ ਦੀ ਮਦਦ ਕਰਨਾ ਚਾਹੁੰਦਾ ਹੈ। ਉਹ ਉਸਨੂੰ ਦੱਸਦਾ ਹੈ ਆਇਸ਼ਾ ਕਦੇ ਉਸ ਖੂਹ ਤੇ ਪਾਣੀ ਭਰਨ ਨਹੀਂ ਜਾਂਦੀ, ਉਹੀ ਉਸ ਦੀ ਭੈਣ ਹੋ ਸਕਦੀ ਹੈ। ਉਸ ਲਈ ਪਾਣੀ ਲਿਜਾਣ ਵਾਲੀਆਂ ਕੁੜੀਆਂ ਦੇ ਮਗਰ ਜਾ ਕੇ ਉਸ ਦੇ ਘਰ ਪਹੁੰਚਣ ਦੀ ਤਰਕੀਬ ਵੀ ਦੱਸ ਦਿੰਦਾ ਹੈ। ਅਖੀਰ ਉਹ ਆਪਣੀ ਭੈਣ ਨੂੰ ਆਇਸ਼ਾ ਵਜੋਂ ਲਭ ਲੈਂਦਾ ਹੈ ਅਤੇ ਉਸਨੂੰ ਵੀਰੋ ਕਹਿ ਕੇ ਆਪਣੇ ਮਰ ਰਹੇ ਪਿਤਾ ਦੀ ਇੱਕ ਵਾਰ ਉਸਨੂੰ ਮਿਲ ਲੈਣ ਦੀ ਇੱਛਾ ਦੀ ਗੱਲ ਕਰਦਾ ਹੈ। ਪਰ ਉਹ ਹੁਣ ਆਪਣਾ ਰਿਸ਼ਤਾ ਪ੍ਰਵਾਨ ਨਾ ਕਰਨ ਵਿੱਚ ਹੀ ਸਿਆਣਪ ਸਮਝਦੀ ਹੈ। ਇਸੇ ਵਕਤ ਸਲੀਮ ਵੀ ਆ ਜਾਂਦਾ ਹੈ ਅਤੇ 'ਵੀਰੋ' ਕਹਿ ਕੇ ਆਪਣੀ ਮਾਂ ਨੂੰ ਪੁਕਾਰਦਾ ਸੁਣ ਲੈਂਦਾ ਹੈ ਅਤੇ ਆਪਣੀ ਮਾਂ ਦੇ ਮੁਸਲਿਮ ਹੋਣ ਤੇ ਸ਼ੱਕ ਕਰਨ ਲੱਗਦਾ ਹੈ। ਦਹਿਸ਼ਤ ਦੇ ਨਵੇਂ ਬਣ ਰਹੇ ਮਾਹੌਲ ਵਿੱਚ ਕੁੜੀਆਂ ਆਇਸ਼ਾ ਲਈ ਪਾਣੀ ਲਿਆਉਣ ਤੋਂ ਇਨਕਾਰ ਕਰ ਦਿੰਦੀਆਂ ਹਨ। ਇਸ ਤਰ੍ਹਾਂ ਸਥਿਤੀ ਬੇਹੱਦ ਵਿਗੜ ਜਾਂਦੀ ਹੈ। ਅੰਤ ਵਿੱਚ ਆਇਸ਼ਾ ਉਸੇ ਖੂਹ ਵਿੱਚ ਛਾਲ ਮਾਰ ਦੇਣ ਲਈ ਮਜਬੂਰ ਹੋ ਜਾਂਦੀ ਹੈ, ਜਿਸ ਦੀ ਮੌਣ ਤੋਂ ਉਹ 1947 ਵਿੱਚ ਭੱਜ ਗਈ ਸੀ। ਵੰਡ ਦੇ ਬਾਅਦ ਦੀ ਤਰਾਸਦੀ ਨਾਲ ਜੂਝ ਰਹੀ ਆਇਸ਼ਾ ਅਤੇ ਉਸ ਦੇ ਕੱਟੜਪੰਥੀਆਂ ਦੁਆਰਾ ਵਰਗਲਾ ਲਏ ਗਏ ਬੇਟੇ ਸਲੀਮ ਦੀ ਸਥਿਤੀ ਨੂੰ ਇਸ ਫ਼ਿਲਮ ਵਿੱਚ ਨਿਰਦੇਸ਼ਕ ਨੇ ਬਖੂਬੀ ਫ਼ਿਲਮਾਇਆ ਹੈ। ਫ਼ਿਲਮ ਦੀ ਸਟਾਰਕਾਸਟ ਵਿੱਚ ਕਾਫ਼ੀ ਦਮ ਹੈ। ਕਿਰਨ ਖੇਰ ਨੇ ਆਇਸ਼ਾ ਦੇ ਰੋਲ ਨੂੰ ਜੀਵੰਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਆਮਿਰ ਮਲਿਕ ਨੇ ਸਲੀਮ ਅਤੇ ਸ਼ਿਲਪਾ ਸ਼ੁਕਲਾ ਨੇ ਜੁਬੈਦਾ ਦੇ ਰੋਲ ਵਿੱਚ ਆਪਣੀ ਜਬਰਦਸਤ ਅਦਾਕਾਰੀ ਨਾਲ ਸਭਨਾਂ ਦਾ ਧਿਆਨ ਖਿੱਚਿਆ ਹੈ। ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਜੰਮੀ ਸਾਬਿਹਾ ਸੁਮਰ ਨੇ ਆਪਣੀ ਇਸ ਫ਼ਿਲਮ ਨੂੰ ਪੂਰਾ ਕਰਨ ਵਿੱਚ ਚਾਰ ਸਾਲ ਦਾ ਲੰਬਾ ਵਕਤ ਇਸ ਲਈ ਲਗਾ ਦਿੱਤਾ ਸੀ ਕਿ ਫੰਡ ਦੀ ਕਮੀ ਦੀ ਵਜ੍ਹਾ ਨਾਲ ਕਈ ਵਾਰ ਫ਼ਿਲਮ ਦੀ ਸ਼ੂਟਿੰਗ ਵਿੱਚ ਵਿੱਚ ਹੀ ਰੋਕ ਦੇਣੀ ਪਈ ਸੀ। ਇਹ ਪੰਜਾਬੀ ਫ਼ਿਲਮ ਉਨ੍ਹਾਂ ਦਰਸ਼ਕਾਂ ਨੂੰ ਆਪਣੀ ਵੱਲ ਖਿੱਚਣ ਦਾ ਦਮ ਰੱਖਦੀ ਹੈ, ਜਿਹਨਾਂ ਨੇ ਵੰਡ ਦੇ ਦਰਦ ਨੂੰ ਹੰਢਾਇਆ ਹੈ ਜਾਂ ਜਿਹਨਾਂ ਨੂੰ ਲਕੀਰ ਤੋਂ ਹਟਕੇ ਬਣੀਆਂ ਫ਼ਿਲਮਾਂ ਵੇਖਣਾ ਪਸੰਦ ਹੈ।
ਲੇਖਕ
ਸੋਧੋਪਰੋਮਿਤਾ ਵੋਹਰਾ
ਕਲਾਕਾਰ
ਸੋਧੋ- ਕਿਰਨ ਖੇਰ
- ਆਮਿਰ ਮਲਿਕ
- ਸ਼ਿਲਪਾ ਸ਼ੁਕਲਾ
- ਸਰਫਰਾਜ ਅਨਸਾਰੀ
- ਅਦਨਾਨ ਸ਼ਾਹ
- ਸਲਮਾਨ ਸ਼ਾਹਿਦ
ਨਿਰਦੇਸ਼ਿਕਾ
ਸੋਧੋਸਬੀਹਾ ਸੁਮਰ
ਸੰਗੀਤਕਾਰ
ਸੋਧੋਅਰਜੁਨ ਸੇਨ
ਮਦਨ ਗੋਪਾਲ ਸਿੰਘ
ਅਰਸ਼ਦ