ਖੁਰਦਪੁਰ

ਜਲੰਧਰ ਜ਼ਿਲ੍ਹੇ ਦਾ ਪਿੰਡ

ਖੁਰਦਪੁਰ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ।[1]

ਖੁਰਦਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਆਦਮਪੁਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਇਤਿਹਾਸ

ਸੋਧੋ

ਆਦਮ ਪੁਰ ਦੋਆਬਾ ਨਾਲ ਖਹਿੰਦੀ ਬਿਸਤ ਦੋਆਬ ਨਾਲ ਜੁੜਵਾਂ, ਹੁਣ ਆਦਮਪੁਰ ਨਾਲ ਗਲਵਕੜੀ ਪਾਈ ਬੈਠੇ,ਪਹਿਲ-ਪਲੱਕੜੇ ਗ਼ਦਰੀ ਸ਼ਹੀਦਾਂ ਦੇ ਪਿੰਡ ਖੁਰਦ ਪੁਰ ਦੀ ਮੋੜ੍ਹੀ, ਕਰੀਬ ਚਾਰ ਸਦੀਆਂ ਪਹਿਲਾਂ,ਅਟਵਾਲ ਜੱਟਾਂ ਨੇ ਗੱਡੀ ਸੀ। ਅਟਵਾਲ ਜੱਟਾਂ ਦੇ ਪੁਰਖੇ, ਮਾਲਵੇ ਦੇ ਧੜਵੈਲ ਰਾਜਾ ਮਹਿਰਾਜ ਦੇ ਉਸ ਕੁਨਬੇ ਵਿਚੋਂ ਗਿਣਦੇ ਹਨ, ਜਿਹੜੇ ਆਪਣੇ ਕਬੀਲੇ ਨਾਲ ਆਪਣੀਆਂ ਲੋੜਾਂ-ਥੋੜਾਂ ਤਹਿਤ, ਮੱਧ ਏਸ਼ੀਆ ਤੋਂ ਸਿੰਧ-ਰਾਜਸਥਾਨ ਹੁੰਦੇ ਹੋਏ ਮਾਲਵੇ ਵਿਚ ਆ ਟਿਕੇ ਸਨ।ਇਤਿਹਾਸਕਾਰ ਸਰ ਡੇਂਜਲਸ ਇਬਟਸਨ ਅਟਵਾਲ ਜੱਟਾਂ ਦਾ ਪਿਛੌਕੜ ਇੱਠਵਾਲ ਜਾਂ ਉੱਠਵਾਲ ਘਰਾਣਾ ਦੱਸਦਾ ਹੈ। ਅਟਵਾਲ ਖੁਦ ਨੁੰ ਸੂਰਜਬੰਸੀ ਰਾਜਪੂਤਾਂ ਦੇ ਉਸ ਧੜੇ ਤੋਂ ਉੱਗਮੇ ਹੋਏ ਮੰਨਦੇ ਹਨ, ਜਿਸਦੇ ਆਗੂ ਮਹਿਰਾਜ ਨੂੰ ਘੋੜੇ ਦੀ ਬਜਾਏ ਊਠ ਦੀ ਸਵਾਰੀ ਕਰਨ ਕਰਕੇ ਉੱਠਵਾਲ ਤਲੱਖਸ ਮਿਲਿਆ। ਹੌਲੀ-ਹੌਲੀ ਬਦਲਦੀ ਬੋਲ-ਚਾਲ ਅਤੇ ਸਬਦ ਬਣਤਰ ਤੇ ਸਥਾਨ ਤਬਦੀਲੀ-ਦਰ-ਤਬਦੀਲੀ ਨਾਲ ਇਸ ਕੁਨਬੇ ਦਾ ਨਾਂ ਉੱਠਵਾਲ ਤੋਂ ਊਂਟਵਾਲ ਤੇ ਫਿਰ ਵਿਗੜਦਾ-ਸੰਵਰਦਾ ਅਟਵਾਲ ਪਕੇਰਾ ਹੋ ਗਿਆ।

ਸਮੇਂ ਮੂਜ਼ਬ ਅਟਵਾਲ ਜੱਟ ਜਲ ਸੋਮਿਆ ਅਤੇ ਚਰਗਾਹਾਂ ਦੀ ਭਾਲ 'ਚ ਦੋਆਬਾ ਵੱਲ ਆਏ ਸਨ। ਪਹਿਲਾਂ ਉਨ੍ਹਾਂ ਨੇ ਸੰਧਵਾਂ-ਫਰਾਲਾ, ਫਗਵਾੜਾ-ਮਾਹਿਲਪੁਰ ਸੜਕ, ਵਿਖੇ ਟਿਕਵਾਂ ਵਸੇਬਾ ਕੀਤਾ। ਮਗਰੋਂ; ਉਨ੍ਹਾਂ ਦੀ ਇੱਕ ਪੂਰ ਜਲੰਧਰ ਜ਼ਿਲੇ ਦੇ ਚਿੱਟੀ ਪਿੰਡ ਨੂੰ ਧਾਅ ਗਈ। ਦੂਜੀ,ਪਹਿਲਾਂ ਖੁਰਦਪੁਰ ਲਾਗਲੇ ਧੀਰੋਵਾਲ (ਘੀਰੋਵਾਲ) ਕੋਲ ਆ ਬੈਠੀ ਪਰ ਉਥੇ ਪੈਰ ਨਾ ਟਿਕਣ ਕਾਰਨ ਉਹਨਾਂ ਲੋਕਾਂ ਉਸ ਖਾਲੀ ਥਾਂ ਖੁਰਦਪੁਰ ਆ ਬੰਨਿਆ ਜਿਥੇ ਜਲ-ਸੀਰਾਂ ਆਪ-ਮੁਹਾਰੇ ਫੁੱਟਦੀਆਂ ਸਨ। ਇਸ ਧਿਰ ਦੇ ਆਗੂਆ ਦੇ ਨਾਂਅ ਹਰੀਆ ਅਤੇ ਭੰਗਾ ਸਨ। ਭੰਗਾ ਬੇਔਲਾਦ ਫੋਤ ਹੋ ਗਿਆ। ਹਰੀਏ ਦੀ ਅਗਲੀ ਪੀੜ੍ਹੀ ਵਿਚੋਂ ਹੋਏ ਸੱਤ ਪੁੱਤਰਾਂ ਦੇ ਨਾਂਅ ਉੱਤੇ ਇਸ ਖੇੜੇ ਦੀਆਂ ਸੱਤ ਪੱਤੀਆਂ ਬਣੀਆਂ। ਸਿੱਖ ਮਿਸਲਾਂ ਵੇਲੇ, ਆਦਮਪੁਰ ਦੇ ਧੜਵੈਲ ਪਠਾਣਾ ਕਾਰਨ ਇਥੇ ਇੱਕ ਕੱਚੀ ਗੜ੍ਹੀ ਵੀ ਤਾਮੀਰ ਕਰਵਾਈ ਗਈ ਸੀ, ਜਿਹੜੀ ਇਸ ਪਿੰਡ ਦੀ ਉਸ ਵੇਲੇ ਦੀ ਜੰਗੀ ਮਹੱਤਤਾ ਦੱਸਦੀ ਹੈ। ਮਗਰੋਂ; ਇਸੇ ਜੁਝਾਰ ਬਿਰਤੀ ਨੇ ਜੰਗਿ-ਏ-ਆਜ਼ਾਦੀ ਅਤੇ ਹੋਰ ਲਹਿਰਾਂ ਵਿੱਚ ਸਿਰਲੱਥ ਯੋਧਿਆਂ ਨੂੰ ਜਨਮ ਦਿੱਤਾ। ਜੋ ਕਿ ਇਹ ਹਨ-

  1. ਕਾਮਾਗਾਟਾਮਾਰੂ ਕਾਂਡ: ਬਿਧੀ ਸਿੰਘ, ਊਧਮ ਸਿੰਘ, ਮੇਲਾ ਸਿੰਘ ਅਤੇ ਸਰੂਪ ਸਿੰਘ।
  2. ਗ਼ਦਰ ਪਾਰਟੀ: ਸ਼ਹੀਦ ਬਲਵੰਤ ਸਿੰਘ, ਸ਼ਹੀਦ ਰੰਗਾ ਸਿੰਘ ਅਤੇ ਗ਼ਦਰੀ ਲਛਮਣ ਸਿੰਘ।
  3. ਗੁਰਦਵਾਰਾ ਸੁਧਾਰ ਲਹਿਰ: ਭਾਈ ਸੰਤਾ ਸਿੰਘ, ਹਜ਼ਾਰਾ ਸਿੰਘ, ਹਰੀ ਸਿੰਘ, ਬੋਘ ਸਿੰਘ, ਲਾਲ ਸਿੰਘ, ਪਿਰਥੀ ਸਿੰਘ, ਬਾਵਾ ਸਿੰਘ, ਮੋਹਣ ਸਿੰਘ ਅਤੇ ਜਥੇਦਾਰ ਲਛਮਣ ਸਿੰਘ ਤੇ ਪ੍ਰਤਾਪ ਸਿੰਘ, ਭਾਈ ਵਰਿਆਮ ਸਿੰਘ, ਕਰਤਾਰ ਸਿੰਘ, ਦਲੀਪ ਸਿੰਘ, ਪ੍ਰੀਤਮ ਸਿੰਘ, ਖੜਕ ਸਿੰਘ, ਠਾਕੁਰ ਸਿੰਘ, ਅੱਛਰ ਸਿੰਘ, ਦਰਸ਼ਨ ਸਿੰਘ, ਹਜ਼ਾਰਾ ਸਿੰਘ ਅਤੇ ਬੋਧ ਸਿੰਘ।
  4. ਬਾਰਾਂ ਪੱਥਰ: ਫੌਜਦਾਰ ਪਿਸ਼ੋਰਾ ਸਿੰਘ।
  5. ਬੱਬਰ ਅਕਾਲੀ ਲਹਿਰ: ਬੱਬਰ ਜੋਗਿੰਦਰ ਸਿੰਘ, ਊਧਮ ਸਿੰਘ ਅਤੇ ਅੱਛਰ ਸਿੰਘ।
  6. ਆਜ਼ਾਦ ਹਿੰਦ ਫੌਜ: ਸ਼ਹੀਦ ਜਗਤ ਸਿੰਘ, ਗੁਰਚਰਨ ਸਿੰਘ, ਊਧੋ ਸਿੰਘ, ਹਰਦਿਆਲ ਸਿੰਘ ਅਤੇ ਲ਼ਛਮਣ।
  7. ਕਮਿਊਨਿਸਟ ਇਨਕਲਾਬੀ: ਕਾ.ਚੰਨਣ ਸਿੰਘ ਅਤੇ ਊਧਮ ਸਿੰਘ। ਇਹਨਾਂ ਸੂਰਮਿਆਂ ਨੇ ਸੁਤੰਤਰਤਾ ਸੰਗਰਾਮ ਵਿਚ ਬੇਹੱਦ ਸੂਹਾ ਹਿੱਸਾ ਪਾਇਆ ਸੀ।
  8. ਉਪਰੋਕਤ ਤੋਂ ਬਿਨਾਂ ਇਸ ਨਗਰ ਦੇ 5 ਸਪੂਤ ਪੰਜਾਬੀ ਸੂਬਾ ਮੋਰਚਾ ਵਿਚ ਅਤੇ ਦੋ ਐਮਰਜੰਸੀ ਵੇਲੇ ਜੇਲ੍ਹ ਗਏ। ਇਹੀ ਨਹੀਂ, ਇਸਦੇ ਦਰਜਨ ਭਰ ਹੋਰ ਨਾਇਕਾਂ ਨੇ ਲੋਕਾਂ ਅਤੇ ਆਹਲਾ ਵਤਨ ਹਿੱਤ, ਸਮੇਂ-ਸਮੇਂ, ਸੰਗਰਾਮੀ ਫਰਜ਼ ਨਿਭਾਇਆ। ਖੁਰਦਪੁਰ ਦੇ ਇਹਨਾਂ ਸਾਰੇ ਜਾਇਆਂ ਕਾਰਨ ਇਸ ਪਿੰਡ ਨੂੰ 52 ਕੌਮੀ ਪਰਵਾਨਿਆ ਦਾ ਗਰਾਂ ਕਿਹਾ ਜਾਂਦਾ ਹੈ।

ਸਿਖਿਆ

ਸੋਧੋ

ਇੱਕ ਖਾਸ ਗੱਲ ਹੋਰ: ਗ਼ਦਰੀ ਦੇਸ਼ ਭਗਤਾਂ ਨੇ, ਇਸ ਸੋਚ ਅਧੀਨ ਕਿ ਜੇ ਲੋਕ ਖਾਸ ਕਰ ਕੁੜੀਆਂ-ਚਿੜੀਆਂ ਪੜ੍ਹ-ਲਿਖ ਜਾਣਗੀਆਂ ਤਾਂ ਆਜ਼ਾਦੀ ਦੀ ਜੰਗ ਬੇਹੱਦ ਵੇਗ ਫੜੇਗੀ ਅਤੇ ਗੁਲਾਮ ਭਾਰਤ ਦੀ ਜਲਦੀ ਬੰਦ ਖਲਾਸੀ ਹੋਵੇਗੀ, ਇਥੇ ਨਿਰੋਲ ਲੜਕੀਆਂ ਦਾ ਸਕੂਲ ਖੋਹਲਿਆ। ਉਦੋਂ ਪੰਜਾਬ ਵਿਚ ਲੜਕੀਆ ਦੇ ਚਾਰ ਸਕੂਲ ਖੋਹਲੇ ਗਏ, ਜਿਹਨਾਂ ਨੂੰ ਗ਼ਦਰ ਪਾਰਟੀ ਵਲੋਂ ਮੁਕੰਮਲ ਮਾਲੀ ਅਤੇ ਨੈਤਿਕ ਮਦਦ ਆਉਂਦੀ ਸੀ, ਦੋ ਮਾਲਵੇ ਵਿਚ ਅਤੇ ਦੋ ਦੋਆਬੇ ਵਿਚ: ਵੱਡਾ ਨੰਗਲ, ਬਲਾਕ ਮਾਹਿਲਪੁਰ (ਹੁਸ਼ਿਆਰਪੁਰ) ਅਤੇ ਦੂਜਾ ਇਸੇ ਖੁਰਦਪੁਰ (ਜਲੰਧਰ) ਵਿਚ। ਇੱਥੋਂ ਦੇ ਵਾਸ਼ਿੰਦੇ ਪਹਿਲਾਂ ਤੋਂ ਹੀ ਪੜਾਕੂ ਰਹੇ ਹਨ। ਭਲਿਆਂ-ਵੇਲੀ ਗੁਰਮੁਖੀ ਅੱਖਰ ਗਿਆਨ ਨਿਰਮਲਾ ਸਾਧ ਗਿਆਨੀ ਸ਼ਮੀਰ ਸਿੰਘ ਦਿੰਦਾ ਸੀ ਅਤੇ ਉਰਦੂ-ਫਾਰਸੀ ਦੇ ਅੱਖਰ ਉਠਾਲਣੇ ਮੌ.ਬਰਕਤ ਉੱਲਾ ਦੱਸਦਾ ਸੀ, ਜਿਹਨਾਂ ਬਦੌਲਤ ਕੁੱਝ ਸਰਕਾਰੀ ਕਾਮੇ ਬਣੇ ਅਤੇ ਕੁੱਝ-ਇੱਕ ਵਿਦੇਸ਼ੀ ਉਡਾਰੀ ਮਾਰ ਗਏ। ਗ਼ਦਰੀਆਂ ਦਾ ਸਕੂਲ ਪਹਿਲਾਂ ਭਾਈ ਵਰਿਆਮ ਦੇ ਘਰ ਸ਼ੁਰੂ ਕੀਤਾ ਗਿਆ ਸੀ। ਮਗਰੋਂ ਬੱਬਰ ਲਹਿਰ ਵਾਲੇ ਠਾਕੁਰ ਸਿੰਘ ਭੋਜੋਵਾਲ, ਜਿਹੜਾ ਕਿ ਬੱਬਰਾਂ ਦੇ ਥਿੰਕ-ਟੈਂਕ ਮਾਸਟਰ ਮੋਤਾ ਸਿੰਘ ਪਤਾਰਾ ਦਾ ਨਜ਼ਦੀਕੀ ਸੀ, ਨੇ ਇਥੇ ਨਹਿਰ ਨਾਲ ਜੁੜਵੀਂ, ਮੁੱਖ ਸੜਕ ਉੱਤੇ ਵਾਕਿਆ, ਅਲਾਟ ਹੋਈ ਆਪਣੀ ਬੇਹੱਦ ਕੀਮਤੀ ਜ਼ਮੀਨ ਦੇਸ਼ ਭਗਤਾਂ ਦੇ ਨਾਂਅ ਸਕੂਲ ਖੋਹਲਣ ਹਿੱਤ ਦੇ ਦਿੱਤੀ, ਜਿਥੇ ਅੱਜ ਦਾ ਗ਼ਦਰੀ ਸ਼ਹੀਦ ਰੰਗਾ ਸਿੰਘ-ਬਲਵੰਤ ਸਿੰਘ ਯਾਦਗਰੀ ਵੱਡਾ ਸਕੂਲ ਹੈ।  

ਸੱਭ ਤੋਂ ਪਹਿਲਾਂ ਇਥੋਂ ਦੀ ਹੀ ਇੱਕ ਬਹੂ ਬੀਬੀ ਕਰਤਾਰ ਕੌਰ ਪਤਨੀ ਭਾਈ ਬਲਵੰਤ ਸਿੰਘ ਆਪਣੀਆਂ ਦੋ ਨਿੱਕੜੀਆਂ ਧੀਆਂ ਊਧਮ ਕੌਰ ਅਤੇ ਨਿਰੰਜਣ ਕੌਰ ਨਾਲ ਅਤਿ ਜੌਖ਼ਮ ਹਾਲਤਾਂ ਵਿੱਚ ਵੈਨਕੂਵਰ ਪੁੱਜੀਆਂ ਸਨ, ਉਹਨੀਂ ਵੇਲੀਂ, ਜਦ ਹਿੰਦੀਆਂ ਨੂੰ ਆਪਣੇ ਟੱਬਰ ਕੈਨੇਡਾ ਲਿਜਾਣ ਦੀ ਖੁੱਲ ਨਹੀਂ ਸੀ।

ਹਵਾਲੇ

ਸੋਧੋ