ਗਾਡੀਆ ਲੋਹਾਰ (ਜਾਂ ਗਾਡੀ-ਲੁਹਾਰ) ਰਾਜਸਥਾਨ, ਭਾਰਤ ਇੱਕ ਟੱਪਰੀਵਾਸ ਕਬੀਲਾ ਹੈ। ਇਹ ਲੋਕ ਵੀ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਵੀ ਮਿਲਦੇ ਹਨ। ਇਹ ਟੋਲੀਆਂ ਵਿੱਚ ਘੁਮੱਕੜ ਜੀਵਨ ਬਤੀਤ ਕਰਦੇ ਹਨ ਅਤੇ ਆਪਣਾ ਸਾਰਾ ਸਾਮਾਨ ਗੱਡੀਆਂ ਉੱਤੇ ਲੱਦ ਕੇ ਰਖਦੇ ਹਨ। ਇਹ ਲੋਹਾਰਾ ਕੰਮ ਕਰਦੇ ਹਨ। ਇਸੇ ਲਈ ਇਨ੍ਹਾਂ ਨੂੰ 'ਗਾਡੀ ਲੋਹਾਰ' ਕਿਹਾ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਪੰਜਾਬ ਵਿੱਚ 'ਗੱਡੀਆਂ ਵਾਲੇ' ਕਿਹਾ ਜਾਂਦਾ ਹੈ। ਛੋਟੇ ਮੋਟੇ ਖੇਤੀ ਸੰਦਾਂ ਦੀ ਰਿਪੇਅਰ ਚਿਮਟੇ, ਤੱਕਲੇ, ਖੁਰਚਣੇ ਬਣਾਉਣਾ, ਬੱਠਲਾਂ, ਬਾਲਟੀਆਂ ਨੂੰ ਥੱਲੇ ਅਤੇ ਡੱਬਿਆਂ, ਪੀਪਿਆਂ ਨੂੰ ਢੱਕਣ ਲਾਉਣੇ ਇਨ੍ਹਾਂ ਦੇ ਮੁੱਖ ਕੰਮ ਹੈ। ਇਨ੍ਹਾਂ ਦਾ ਪਿਛੋਕੜ ਰਾਜਸਥਾਨ ਦੇ ਸ਼ਹਿਰ ਚਿਤੌੜਗੜ੍ਹ ਦਾ ਹੈ।

ਮਾਰਵਾੜ ਦੇ ਗਾਡੀਆ ਲੋਹਾਰ ਟੱਪਰੀਵਾਸ ਕਬੀਲੇ ਦੀ ਇੱਕ ਕੁੜੀ ਰਤਲਾਮ ਜ਼ਿਲ੍ਹੇ ਵਿੱਚ ਇੱਕ ਪਿੰਡ ਦੇ ਬਾਹਰਵਾਰ ਖੁੱਲੇ ਅਸਮਾਨ ਹੇਠ ਰਸੋਈ ਦਾ ਕੰਮ ਕਰ ਰਹੀ ਹੈ

ਅਨਿਸ਼ਚਿਤ ਭਵਿੱਖ ਦੀ ਲਟਕਦੀ ਤਲਵਾਰ

ਸੋਧੋ

ਪਿੰਡਾਂ 'ਚ ਆਪਣੀਆਂ ਬੈਲ ਗੱਡੀਆਂ ਨੂੰ ਕਾਫ਼ਲੇ ਦੇ ਰੂਪ 'ਚ ਲੈ ਕੇ ਘੁੰਮਣ ਵਾਲੇ ਇਨ੍ਹਾਂ ਲੋਕਾਂ ਨੂੰ ਪੰਜਾਬ 'ਚ 'ਗੱਡੀਆਂ ਵਾਲੇ' ਸ਼ਬਦ ਨਾਲ ਪੁਕਾਰਿਆ ਜਾਂਦਾ ਹੈ। ਪਿੰਡਾਂ 'ਚ ਇਨ੍ਹਾਂ ਦਾ ਅਧਾਰ ਹੁਣ ਘਟ ਚੁੱਕਾ ਹੈ। ਪਰ ਫਿਰ ਵੀ ਘਰਾਂ ਦੇ ਚੁੱਲਿਆਂ ਦੀ ਸਵਾਹ ਕੱਢਣ ਵਾਲੀਆਂ ਕੜਛੀਆਂ, ਚਿਮਟੇ, ਤੱਕਲੇ, ਖੁਰਚਣੇ, ਬੱਠਲ ਰਿਪੇਅਰ ਕਰਨੇ, ਡੱਬਿਆਂ, ਪੀਪਿਆਂ ਨੂੰ ਢੱਕਣ ਲਾਉਣਾ ਇਨ੍ਹਾਂ ਦਾ ਮੁੱਖ ਕੰਮ ਜਾਰੀ ਹੈ। ਇਨ੍ਹਾਂ ਦਾ ਪਿਛੋਕੜ ਰਾਜਸਥਾਨ ਦੇ ਸ਼ਹਿਰ ਚਿਤੌੜਗੜ੍ਹ ਨਾਲ ਜੁੜਦਾ ਹੈ। ਇਨ੍ਹਾਂ ਦੇ ਜੀਵਨ 'ਤੇ ਚਾਨਣਾ ਪਾ ਰਹੀ ਹੈ ਇਹ ਖਾਸ ਰਿਪੋਰਟ। ਰਾਜਸਥਾਨ 'ਚ ਅਮਿਟ ਰਹਿਣ ਵਾਲੇ ਮਹਾਰਾਣਾ ਪ੍ਰਤਾਪ ਦੀ ਅਕਬਰ ਕੋਲੋਂ ਹੋਈ ਹਾਰ ਤੋਂ ਬਾਅਦ ਇਹ ਲੋਕ ਆਪਣੇ ਘਰਾਂ ਨੂੰ ਤਿਆਗ ਕਬੀਲਿਆਂ ਦੇ ਰੂਪ 'ਚ ਆਏ ਦੱਸੇ ਜਾਂਦੇ ਹਨ। ਇਸਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਹਿੱਤ ਕਿਰਪਾਲ ਕਜ਼ਾਕ ਦੁਆਰਾ ਸੰਪਾਦਿਤ ਕਿਤਾਬ 'ਗਾਡੀ ਲੁਹਾਰ ਕਬੀਲੇ ਦਾ ਸੱਭਿਆਚਾਰ' ਰਾਹੀਂ ਵੀ ਕੀਤੀ ਗਈ। ਕੁਝ ਸਦੀਆਂ ਪਹਿਲਾਂ ਗਾਡੀ ਲੁਹਾਰ ਰਾਜਪੂਤ ਸ਼ਾਨੋ-ਸ਼ੌਕਤ ਨਾਲ ਆਪਣੀ ਮੁੱਖ ਧਾਰਾ ਨਾਲੋਂ ਟੁੱਟ ਗਏ ਸਨ। ਆਪਣੀ ਜਨਮ ਭੋਇ ਨੂੰ ਤਿਆਗ ਕੇ ਟੱਪਰੀਵਾਸ ਕਬੀਲੇ ਦੇ ਰੂਪ 'ਚ ਪ੍ਰਵਰਤਿਤ ਹੋ ਗਏ ਸਨ। ਸਿੱਟੇ ਵਜੋਂ ਇਨ੍ਹਾਂ ਵੱਲੋਂ ਮੁਗਲ ਸ਼ਾਸ਼ਕਾਂ ਨਾਲ ਲੰਮੀ ਲੜਾਈ ਲੜਨ ਬਦਲੇ ਯੋਧਿਆਂ ਨੇ ਖਾਨਾਬਦੋਸ਼ੀ ਨੂੰ ਆਪਣੇ ਨਸੀਬਾਂ ਨਾਲ ਜੋੜ ਲਿਆ ਹੈ। ਉਸ ਤੋਂ ਪਹਿਲਾਂ ਇਹ ਲੋਕ ਰਾਜਪੂਤਾਂ ਦੀਆਂ ਉਚ ਜਾਤੀਆਂ 'ਚੋਂ ਸਮਝੇ ਜਾਂਦੇ ਸਨ। ਇਹ ਲੋਕ ਆਪਣੇ-ਆਪ ਨੂੰ ਮਹਾਰਾਣਾ ਪ੍ਰਤਾਪ ਸਿੰਘ ਦੇ ਪੈਰੋਕਾਰ ਸਮਝਦੇ ਹਨ, ਜਿਸ ਸਬੰਧੀ ਇਤਿਹਾਸਕ ਹਵਾਲੇ ਵੀ ਦਿੱਤੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਇਨ੍ਹਾਂ ਦਾ ਪ੍ਰਣ ਹੈ। ਚਿਤੌੜ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਵਕਾਰ ਫਿਰ ਪ੍ਰਾਪਤ ਨਾ ਕੀਤਾ ਜਾ ਸਕੇ। ਮਹਾਰਾਣਾ ਪ੍ਰਤਾਪ ਦੇ ਨਾਲ ਜੁੜੇ ਰਾਜਪੂਤਾਂ ਨੇ ਇਸ ਅਹਿਦ ਦੀ ਪੂਰਤੀ ਲਈ ਹੀ ਘਰ-ਬਾਰ ਤਿਆਗੇ ਸਨ। ਆਪਣੇ ਪਰਿਵਾਰ ਸਮੇਤ ਜੰਗਲਾਂ 'ਚ ਰਹਿ ਕੇ (ਮੁਗਲ ਸ਼ਾਸ਼ਕਾਂ) ਵਿਰੁੱਧ ਲੜੀ ਲੰਬੀ ਲੜਾਈ ਨੂੰ ਇਹ ਹਾਰ ਗਏ ਸਨ ਤੇ ਇਨ੍ਹਾਂ ਦਾ ਵਕਾਰ ਗੁਆਚ ਗਿਆ ਸੀ। ਪਰ ਇਤਿਹਾਸਕਾਰਾਂ ਅਨੁਸਾਰ ਵੀ ਰਾਜਪੂਤ ਲੋਕ ਅਕਬਰ ਤੋਂ ਹਾਰਨ ਉਪਰੰਤ ਆਪਣੀ ਅਣਖ ਆਬਰੂ ਦੀ ਦੁਬਾਰਾ ਪ੍ਰਾਪਤੀ ਤੱਕ ਚਿਤੌੜ ਦੀ ਮਿੱਟੀ ਨੂੰ ਨਾ ਛੂਹਣ ਲਈ ਵਚਨਬੱਧ ਹੋ ਗਏ ਸਨ। ਉਨ੍ਹਾਂ ਦਾ ਖੁਫ਼ੀਆ ਐਲਾਨ ਸੀ, ਜਦੋਂ ਤੱਕ ਚਿਤੌੜ 'ਚ ਗੁਆਚਿਆ ਵਕਾਰ ਬਹਾਲ ਨਹੀਂ ਹੋ ਜਾਂਦਾ, ਉਹ ਉਦੋਂ ਤੱਕ ਟਿਕ ਕੇ ਨਹੀਂ ਬੈਠਣਗੇ। ਕਾਫ਼ਲਿਆਂ 'ਚ ਘੁੰਮਦੇ ਰਹਿਣਗੇ ਤੇ ਕਿਸੇ ਤੋਂ ਮੰਗ ਕੇ ਨਹੀਂ ਖਾਣਗੇ। ਹੁਣ ਤੱਕ ਇਹ ਛੋਟਾ-ਮੋਟਾ ਤਰਖਾਣਾਂ, ਲੁਹਾਰਾਂ ਕੰਮ ਕਰਕੇ ਆਪਣਾ ਡੰਗ ਟਪਾ ਰਹੇ ਹਨ। ਰਾਣਾ ਪ੍ਰਤਾਪ ਨੇ ਰਾਜਪੂਤਾਂ ਦੀਆਂ ਖਿਲਰੀਆਂ ਸ਼ਕਤੀਆਂ ਨੂੰ ਇਕੱਠਾ ਕਰਨ ਦਾ ਕੰਮ ਆਰੰਭਿਆ। ਉਸਨੇ ਰਾਜਪੂਤ ਕੌਮ 'ਚ ਨਵੀਂ ਰੂਹ ਫੂਕੀ। ਰਾਣਾ ਪ੍ਰਤਾਪ ਦੇ ਮਨਾਹੀਆ ਨਿਯਮਾਂ ਦੀ 'ਗੱਡੀਆਂ' ਵਾਲੇ ਅੱਜ ਵੀ ਪਾਲਣਾ ਕਰ ਰਹੇ ਹਨ। ਜਿਵੇਂ:- - ਮੇਵਾੜ ਦੀ ਸੁਤੰਤਰਤਾ ਤੱਕ, ਰਾਜ ਮਹਿਲਾਂ ਦਾ ਤਿਆਗ। - ਪੰਜ ਧਾਤੂ- ਸੋਨਾ, ਚਾਂਦੀ, ਤਾਂਬਾ, ਪਿੱਤਲ ਅਤੇ ਕਹਿੰ ਦੇ ਬਰਤਨਾਂ ਦੀ ਭੋਜਨ ਸਮੇਂ ਵਰਤੋਂ ਦੀ ਮਨਾਹੀ। - ਪਲੰਘਾਂ ਦੀ ਸੇਜ-ਵਰਜਨਾ - ਦਾੜ੍ਹੀ-ਮੁੱਛ ਕਤਰਨੀਂ ਵਰਜਿਤ - ਯੁੱਧ ਨਗਾਰੇ ਦੀ ਵਰਤੋਂ ਮਨ੍ਹਾ ਇਤਿਹਾਸ ਅਨੁਸਾਰ ਮੇਵਾੜ ਦੀ ਅਕਬਰ ਦੁਆਰਾ ਕੀਤੀ ਤਬਾਹੀ ਦੀ ਹਾਲਤ ਵੇਖ ਕੇ ਰਾਣਾ ਪ੍ਰਤਾਪ ਦੇ ਮਨ 'ਚ ਅਕਹਿ ਪੀੜਾ ਉਠਦੀ ਸੀ। ਦੁਬਾਰਾ ਜਿੱਤ ਦੀ ਲਾਲਸਾ ਨੂੰ ਲੈ ਕੇ ਟੁੱਟ ਚੁੱਕੇ ਲੋਕਾਂ ਨੇ ਕਮਲਮੀਰ ਕਿਲ੍ਹੇ 'ਚ ਇਕੱਠ ਕੀਤਾ। ਗੁਰੀਲਾ ਫੌਜ ਲਈ ਵੱਡੇ ਪੱਧਰ 'ਤੇ ਭਰਤੀ ਆਰੰਭੀ। ਭਰਤੀ ਦੌਰਾਨ ਪ੍ਰਤਾਪ ਵੱਲੋਂ ਸ਼ਰਤ ਰੱਖੀ ਗਈ ਕਿ ਜੋ ਯੋਧਾ ਲੜਨਾ ਚਾਹੁੰਦਾ ਹੈ, ਉਹ ਘਰ-ਬਾਰ ਛੱਡ ਕੇ ਮੇਰੇ ਕੋਲ ਆਵੇ। 'ਗੱਡੀਆਂ ਵਾਲਿਆਂ' ਲੋਕਾਂ ਦੇ ਵਡੇਰੇ ਰਾਣਾ ਪ੍ਰਤਾਪ ਵੱਲੋਂ ਬਣਾਈ ਜਾ ਰਹੀ ਫੌਜ 'ਚ ਸ਼ਾਮਲ ਹੋ ਗਏ। 1975 'ਚ ਚਿਤੌੜਗੜ੍ਹ ਵਿੱਚ ਹੋਈ ਗੱਡੀ ਲੁਹਾਰ ਸੇਵਾ ਸੰਗ ਕਨਵੈਨਸ਼ਨ ਦੌਰਾਨ ਰਾਮ ਸਿੰਘ, ਜੀ ਕੇ ਪਵਾਰ, ਮਹਿੰਦਰਾ ਸਕਸੈਨਾ, ਬੀ ਡੀ ਸ਼ਰਮਾ ਆਦਿ ਨੇ ਵੀ ਆਪਣੀਆਂ ਲਿਖਤਾਂ 'ਚ ਇਨ੍ਹਾਂ ਦੇ ਸਬੰਧ ਰਾਣਾ ਪ੍ਰਤਾਪ ਨਾਲ ਜੁੜਦੇ ਹੋਣ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਇਲਾਵਾ ਕਬੀਲਾ ਬਜ਼ੁਰਗਾਂ ਦੇ ਦੱਸਣ ਅਨੁਸਾਰ ਲੁਹਾਰਗ੍ਹੜ ਵਿੱਚ ਰਹਿਣ ਵਾਲੇ ਗਾਡੀ ਲੁਹਾਰ ਰਾਜਪੂਤਾਂ ਨੇ ਚਿਤੌੜਗੜ੍ਹ ਦੇ ਸ਼ਾਸ਼ਕਾਂ ਲਈ ਕਈ ਤਰ੍ਹਾਂ ਦੇ ਹਥਿਆਰ ਬਣਾਉਣ ਦਾ ਕੰਮ ਵੀ ਕੀਤਾ ਹੈ, ਜਿਨ੍ਹਾਂ 'ਚ ਵਿਸ਼ੇਸ਼ ਤੌਰ 'ਤੇ ਤੋਪਾਂ ਦਾ ਨਾਂ ਲਿਆ ਜਾਂਦਾ ਹੈ। 1. ਕੰਕਰਪਾਨੀ, 2. ਧੁਰਧਾਨੀ ਇਹ ਦੋਵੇਂ ਤੋਪਾਂ ਅਕਬਰ ਚਿਤੌੜਗੜ੍ਹ ਨੂੰ ਜਿੱਤ ਲੈਣ ਉਪਰੰਤ ਵੀ ਨਾਲ ਨਹੀਂ ਲਿਜਾ ਸਕਿਆ। ਹੋਰ ਬਹੁਤ ਕੁਝ ਲੁੱਟਣ ਦੇ ਨਾਲ ਉਹ 'ਸ਼ਿਆਮ ਚੈਰਾਗ' ਅਤੇ 'ਰਣਜੀਤ ਨਗਾਰਾ' ਵੀ ਨਾਲ ਲੈ ਗਿਆ ਸੀ। ਗੱਡੀਆਂ ਵਾਲੇ ਕਬੀਲੇ ਦੇ ਲੋਕ ਇਸਨੂੰ ਕਲੰਕ ਦੇ ਰੂਪ 'ਚ ਮੰਨਦੇ ਹਨ, ਕਿਉਂਕਿ ਕਬੀਲੇ ਦੇ ਪੁਰਖੇ ਉਸ ਸਮੇਂ ਲੋਹਗੜ੍ਹ ਦੀ 'ਲਖੋਦਾ ਬਾਰੀ' ਵਿਚੋਂ ਭੱਜ ਨਿਕਲੇ ਸਨ, ਜਿਸ ਸਮੇਂ ਜੈਮਲ ਅਤੇ ਪੱਤੋ, ਅਕਬਰ ਦੇ ਵਿਰੁੱਧ ਵੱਡਾ ਜੰਗ ਲੜ ਰਹੇ ਸਨ। ਮੰਨਿਆ ਜਾਂਦਾ ਹੈ ਕਿ ਇਹ ਲੋਕ ਕਾਇਰਤਾ ਨਾ ਵਿਖਾਉਂਦੇ ਤਾਂ ਅਕਬਰ ਦੀ ਜਿੱਤ ਨੂੰ ਕੁਰਬਾਨੀ ਦੇ ਕੇ ਠੱਲ੍ਹਿਆ ਜਾ ਸਕਦਾ ਸੀ। ਅੰਤ ਵਿੱਚ ਹਾਲਤ ਇਹ ਬਣੇ ਕਿ ਇੱਜ਼ਤ, ਅਣਖ ਮੁਗਲਾਂ ਹੱਥੀਂ ਦੇਣ ਦੀ ਬਜਾਏ ਰਾਜਪੂਤ ਔਰਤਾਂ, ਮੁਟਿਆਰਾਂ, ਬੱਚੇ, ਇਕ-ਇਕ ਕਰਕੇ ਅੱਗ 'ਚ ਭਸਮ ਹੋ ਗਏ। ਮੇਵਾੜ ਦੇ ਉਚ ਘਰਾਣੇ ਰਾਜਪੂਤ ਅੱਜ ਵੀ ਗੱਡੀਆਂ ਵਾਲਿਆਂ ਨੂੰ ਆਪਣੇ ਸਮਾਜਿਕ ਭਾਈਚਾਰੇ ਵਿੱਚ ਸਤਿਕਾਰਤ ਥਾਂ ਨਹੀਂ ਦਿੰਦੇ। ਸਾਕਾਦਾਰੀ ਵਟਾਦਰਾ ਤਾਂ ਦੂਰ ਦੀ ਗੱਲ ਹੁੱਕੇ ਪਾਣੀ ਦੀ ਸਾਂਝ ਨੂੰ ਵੀ ਵਰਜਿਤ ਸਮਝਦੇ ਹਨ। ਚਿਤੌੜ ਤੋਂ ਭੱਜਣ ਸਮੇਂ ਰਾਜਪੂਤਾਂ, ਲੁਹਾਰਾਂ ਦੀਆਂ ਔਰਤਾਂ 'ਤੇ ਬੱਚੇ 'ਜੌਹਰ' ਦੀ ਰਸਮ 'ਚ ਭਸਮ ਹੋ ਗਏ ਤਾਂ ਰਾਣਾ ਪ੍ਰਤਾਪ ਦੇ ਜੰਗ ਲੜਨ ਤੱਕ ਰਾਜਪੂਤ ਲੁਹਾਰਾਂ ਨੇ ਜਿੱਥੇ ਪਿੰਡਾਂ ਵਿੱਚ ਪਨਾਹ ਲਈ, ਉਥੇ ਪਿੰਡਾਂ 'ਚ ਰਹਿੰਦੀਆਂ ਨੀਵੀਂ ਕੁਲ ਦੀਆਂ ਇਸਤਰੀਆਂ (ਸ਼ੂਦਰ ਤਾਂ ਨਹੀਂ ਸਨ) ਪਰ ਖਾਤੀ ਤੇਲੀ ਸਨ, ਨਾਲ ਵਿਆਹ ਕਰਵਾਏ। ਵਿਆਹ ਉਪਰੰਤ ਪੈਦਾ ਹੋਈ ਔਲਾਦ ਨੂੰ ਨੀਵੀਂ ਕੁਲ ਵਾਲੀ ਸਮਝਿਆ ਗਿਆ। ਅਜਿਹੇ ਖਿੰਡਰੇ ਪਰਿਵਾਰਾਂ ਨੂੰ ਕਬੀਲਾ ਇਕਾਈ 'ਚ ਪਰੋਇਆ ਗਿਆ। ਦੂਸਰਾ ਕਾਰਨ ਕਿੱਤੇ ਨਾਲ ਸਬੰਧਤ ਹੈ, ਮੁਢਲੇ ਦਿਨਾਂ 'ਚ ਰਾਣਾ ਪ੍ਰਤਾਪ ਤੋਂ ਬਾਅਦ ਲੋਕਾਂ ਨੇ ਲੁਹਾਰੇ ਕੰਮ ਦੇ ਨਾਲ 'ਖੁਰ ਪਲਟਾ' ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਰਾਜਪੂਤ ਸਮੁਦਾਇ ਇਸਨੂੰ ਅਤਿ ਦਰਜੇ ਦਾ ਨੀਵਾਂ ਕੰਮ ਸਮਝਦੀ ਸੀ। ਇਸ ਕਰਕੇ ਉਚ ਵਰਗ ਨਾਲੋਂ ਸਾਕਾਦਾਰੀ ਟੁੱਟ ਗਈ, ਜਿਸ ਨਾਲ ਕੁਝ ਪਾਬੰਦੀਆਂ ਵੀ ਉਭਰੀਆਂ। ਜਿਵੇਂ:- - ਉਚ ਕੁੱਲ ਨਾਲ ਸਬੰਧਤ ਕਿਸੇ ਵੀ ਖੂਹ ਤੋਂ ਪਾਣੀ ਭਰਨਾ। - ਸਾਂਝੇ ਭੋਜ ਵਿੱਚ ਹਿੱਸਾ ਲੈਣਾ। - ਮੰਦਰ ਵਿੱਚ ਜਾਣਾ - ਬ੍ਰਾਹਮਣ ਨੂੰ ਦਾਨ ਦੇਣਾ - ਉਚ-ਕੁਲੀਨ ਵਰਗ ਨਾਲ ਸਾਕਾਦਾਰੀ ਵਟਾਂਦਰਾ ਕਰਨਾ। - ਉਚ-ਕੁਲੀਨ ਹਿੰਦੂ ਰਾਜਪੂਤਾਂ ਦੇ ਬਰਾਬਰ ਬੈਠਣਾ। ਇਸ ਤਰ੍ਹਾਂ ਰਾਜਪੂਤਾਂ 'ਚ ਗੱਡੀਆਂ ਵਾਲੇ ਕਬੀਲੇ ਦਾ ਵਖਰੇਵਾਂ ਹੋਇਆ। ਸਿੱਟੇ ਵਜੋਂ ਇਨ੍ਹਾਂ ਲੁਹਾਰਾ ਕਿੱਤੇ ਦੇ ਨਾਲ ਬਲਦਾਂ ਦਾ ਵਪਾਰ ਵੀ ਅਪਣਾ ਲਿਆ।

ਗੱਡੀਆਂ ਵਾਲਿਆਂ ਦੇ ਕਬੀਲੇ 'ਚ ਮੁੱਖ ਤੌਰ 'ਤੇ 9 ਗੋਤਾਂ ਦਾ ਨਾਂ ਪ੍ਰਚੱਲਿਤ ਹੈ। ਜਿਵੇਂ ਸਾਂਖਲੇ, ਸੋਲੰਕੀ, ਚੌਹਾਨ, ਰਾਠੌਰ, ਪਰਮਾਰ, ਪੜਿਆਰ, ਥੌੜਾਣੇ, ਡਾਬੀ, ਗਹਿਲੋਤ। ਇਸ ਤੋਂ ਇਲਾਵਾ ਕਬੀਲੇ ਦੇ ਲੋਕ ਹੋਰ ਗੋਤਾਂ ਦੇ ਨਾਵਾਂ ਦੀ ਪੁਸ਼ਟੀ ਵੀ ਦਿੰਦੇ ਹਨ। ਜਿਵੇਂ ਹਾਂਕਲੇ, ਸਜਾਰਲੇ, ਕੁੰਬਾਣੀ, ਅਹੋਤਰੇ, ਜਹਾਣੀ, ਲਛਾਣੀ, ਮੈਲੋਥ, ਗੋਪਾਲਲੇ, ਦੁਦਾਣੀ। ਇਨ੍ਹਾਂ 'ਚੋਂ ਅੱਠ ਗੋਤਾਂ ਦੀਆਂ ਸਬ-ਗੋਤਰਾਂ ਵੀ ਹਨ। ਜਿਵੇਂ ਬੌੜਾਣੇ-ਅੱਜਾਣੀ, ਦਾਮਾ, ਦੁਧਾਣੀ, ਘੋਸੂਲਾਠ, ਹਰੀਕਾਠ ਹਰੀਕਾਣੀ, ਇੱਦ, ਜਰਾਮ, ਖਚਰਾਨੀ, ਕਲਾਵਤ, ਨਦਾਨ, ਮਲਾਨੀ, ਮਨਾਵਤ, ਸੁਜਾਨੀ, ਖੀਚੀ। ਚੌਹਾਨ- ਭਦਾਨੀ, ਬਿਲਾਨੀ, ਕੁਦੀਚਾ, ਲਖਾਣੀ, ਪੀਰਵਤ, ਰੀਬਾਨੀ, ਰਖਤਾਰਾ। ਚਾਵਰਡਾ- ਚੰਦਾਵਤ, ਗਹਿਲੋਤ- ਗੋਧ੍ਹਾ, ਸਿਸੋਦੀਆ, ਪਰਿਹਾਰ-(ਪੜਿਹਾਰ) ਬਲਭੁੱਕ, ਮਨੀਗਰ, ਕਿਸ਼ਨੀ, ਕੁਭਾਨੀ। ਪੰਵਾਰ- ਪਰਮਾਰ, ਰਾਠੌਰ- ਅਮਰਾਨੀ, ਹਿਕਾਰਾ, ਨੰਦੀ, ਰਾਠੌਰ। ਸਾਂਖਲੇ- ਭਗਾਨੀ, ਭਗਦੀ, ਧੰਨਾਨੀ, ਹਿੰਮਤਾਨੀ, ਕਲਿਆਣੀ, ਮੁਖਾਨੀ, ਮਥਾਨੀ, ਪੈਮਾਨੀ। ਸੋਲੋਕੀ- ਸਿਸਾਵਤ, ਵਿਜਾਨੀ, ਭਾਕਰਨ, ਦੇਵਾਨੀ, ਮਦਰਾਨੀ, ਮਦਰਾਰਾ, ਪਰਕਾਨੀ, ਪਟਾਨੀ। ਡਾਬੀ- ਕੋਈ ਨਹੀਂ।

ਵਿਆਹ ਰਸਮਾਂ

ਸੋਧੋ

ਕਬੀਲੇ ਦੀਆਂ ਬਹੁਤੀਆਂ ਰਸਮਾਂ ਹਿੰਦੂ ਰੀਤੀ-ਰਿਵਾਜਾਂ ਦੇ ਨੇੜੇ ਹਨ। ਜਿਵੇਂ ਫੇਰਿਆਂ ਸਮੇਂ ਅਗਨੀ ਨੂੰ 'ਦੇਵਤਾ' ਮੰਨ ਕੇ ਵਿਆਹ ਦਾ ਅਹਿਦ ਕਰਨਾ। ਵਿਆਹ ਸਬੰਧੀ ਨੌਂ ਗੋਤਰ ਮੁਖੀਆਂ ਦੀ ਸ਼ੁਰੂਆਤ ਕੁੜਮਾਈ ਸਮੇਂ ਤੋਂ ਹੀ ਆਰੰਭ ਹੁੰਦੀ ਹੈ। ਭਾਵੇਂ ਕੁੜਮਾਈ ਦੀਆਂ ਕੁਝ ਰਸਮਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦੇ ਅਗੇਤਰ 'ਚ ਮੁਖੀਆਂ ਦੀ ਹਾਜ਼ਰੀ ਲਾਜ਼ਮੀ ਨਹੀਂ। ਕੁੜਮਾਈ ਰਸਮਾਂ ਵਿਆਹ ਦੇ ਭਿੰਨ-ਭਿੰਨ ਰੂਪਾਂ ਅਨੁਸਾਰ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ। ਕਬੀਲੇ 'ਚ ਪੰਜ ਪ੍ਰਕਾਰ ਦੇ ਵਿਆਹ ਹੁੰਦੇ ਹਨ, ਜਿਨ੍ਹਾਂ 'ਚੋਂ ਵਟਾਂਦਰੇ ਦਾ ਰੂਪ ਵਧੇਰੇ ਪ੍ਰਚੱਲਤ ਹੈ। - ਬ੍ਰਹਮ ਰੂਪ- ਜਿਸ 'ਚ ਮਾਪਿਆਂ ਵੱਲੋਂ ਨੇਕ ਇਨਸਾਨੀ ਨੂੰ ਸੱਦਾ ਦੇਣਾ ਅਤੇ ਕੱਪੜਿਆਂ, ਗਹਿਣੇ ਸਮੇਤ ਧੀ ਉਸਦੇ ਹਵਾਲੇ ਕਰ ਦੇਣੀ। - ਰਾਕਸ਼ਸ਼ ਰੂਪ- ਕੰਨਿਆ ਨੂੰ ਉਧਾਲ ਕੇ ਲੈ ਜਾਣਾ। - ਅਸਰਾ ਰੂਪ - ਵਰ ਦੇ ਸਾਕ ਸਬੰਧੀਆਂ ਕੋਲੋਂ ਧੰਨ ਜਾਂ ਹੋਰ ਵਸਤੂ ਲੈਣੀ। - ਅਰਸ਼ਾ ਰੂਪ - ਵਟਾਂਦਰਾ ਪ੍ਰਣਾਲੀ 'ਤੇ ਆਧਾਰਿਤ। - ਗੰਧਰਵ ਵਿਆਹ - ਮੁੰਡੇ ਕੁੜੀ ਦੀ ਪਸੰਦ 'ਤੇ ਆਧਾਰਿਤ। - ਪਰਜਾਪਤੀ ਰੂਪ - ਕੋਈ ਉਚੇਰੀ ਬੰਦਸ਼ ਨਹੀਂ। - ਦੇਵਾ ਰੂਪ- ਕੰਨਿਆ ਦੇ ਪਿਤਾ ਵੱਲੋਂ ਕੰਨਿਆ ਦਾਨ ਕਰਨੀ।

ਪਿਸ਼ਾਚ ਵਿਆਹ

ਸੋਧੋ

ਜਿਹੜੀ ਕੰਨਿਆ ਦਾ ਜਬਰੀ ਸਤ ਭੰਗ ਕੀਤਾ ਗਿਆ ਹੋਵੇ, ਉਸਨੂੰ ਪਤਨੀ ਦੇ ਰੂਪ 'ਚ ਸਵੀਕਾਰ ਕਰਨਾ। ਗੱਡੀਆਂ ਵਾਲਿਆਂ ਦੇ ਕਬੀਲੇ 'ਚ ਅਸੁਰਾ, ਪਰਜਾਪਤੀ ਤੇ ਦੇਵਾ ਰੂਪ ਤੋਂ ਬਿਨਾ ਬਾਕੀ ਸਾਰੇ ਵਿਆਹ ਰੂਪ ਪ੍ਰਚੱਲਤ ਹਨ। ਇਸ ਤੋਂ ਇਲਾਵਾ 'ਪੇਟਭੂਣੀ' ਵਿਆਹ ਪ੍ਰਥਾ ਵੀ ਪ੍ਰਚੱਲਤ ਹੈ, ਜਿਸ ਵਿੱਚ ਦੋ ਵੱਖ-ਵੱਖ ਗੋਤਰਾਂ ਦੀਆਂ ਗਰਭਵਤੀ ਔਰਤਾਂ ਹੋਣ ਵਾਲੀ ਸੰਤਾਨ ਬਾਰੇ ਵਿਆਹ ਦਾ ਫ਼ੈਸਲਾ ਕਰ ਲੈਂਦੀਆਂ ਹਨ। ਉਹ ਬੱਚਾ ਭਾਵੇਂ ਅੰਗਹੀਣ, ਨਿਖੱਟੂ ਆਦਿ ਜੋ ਵੀ ਹੋਵੇ, ਵਿਆਹ ਉਸ ਨਾਲ ਹੀ ਹੁੰਦਾ ਹੈ।

ਗਹਿਣੇ

ਸੋਧੋ

ਗੱਡੀਆਂ ਵਾਲਿਆਂ ਦੇ ਕਬੀਲਿਆਂ 'ਚ ਵਰਤੇ ਜਾਂਦੇ ਗਹਿਣੇ: ਗਹਿਣੇ (ਪੰਜਬੀ 'ਚ) ਅਹਿਲੀ - ਹੰਸਲੀ ਕਾਂਠਲੀ - ਹੱਸ ਟਾਕੂ - ਕੈਂਠਾ ਟਾਡੀਆ - ਡੋਲਾ ਕੰਗਣ ਬੌਰੀਆ - ਮੀਢੀ ਜੰਜੀਰ ਬੁੱਕਲੀ - ਸੋਨ ਦੰਦ ਥੋਪਲਾ (ਲਾਂਵੰਗ) -ਪਤਾਸਾ ਲੌਂਗ ਚੂੰਡੋ - ਸਿਰ ਦੀਆਂ ਸੂਈਆਂ ਟੀਕੌਰ - ਟਿੱਕਾ ਚੂੜ - ਕੰਗਣ ਸੁਰਕੀਆਂ - ਨੱਥ ਕੜੇ - ਗੋਖੜੂ ਕਲੀਪ - ਕਲਿੱਪ ਨੌਂ ਗੁੱਛਾ - ਸ਼ਿੰਗਾਰ ਪੱਟੀ ਮੂੰਦੀ/ ਛੱਲਾ - ਮੁੰਦਰੀ

ਨਿਆਂ

ਸੋਧੋ

ਗੱਡੀਆਂ ਵਾਲਿਆਂ ਦੇ ਜਨਜੀਵਨ ਵਿੱਚ ਪੰਚਾਇਤ ਦਾ ਦਖਲ ਬਹੁਤ ਮਹੱਤਵਪੂਰਨ ਹੈ। ਪੰਚਾਇਤ ਦੀ ਚੋਣ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਪਿਤਾ-ਪੁਰਖੀ, ਸਰਬਸੰਮਤੀ ਰਾਹੀਂ। ਜਿਸਦੇ ਪੁਰਖੇ ਬੇਦਾਗ਼ ਪੰਚ ਰਹੇ ਹੋਣ ਉਸਨੂੰ ਪਿਤਾ-ਪੁਰਖੀ ਰਾਹੀਂ ਪੰਚ ਬਣਨ ਨੂੰ ਪਹਿਲ ਦਿੱਤੀ ਜਾਂਦੀ ਹੈ। ਕਿਸੇ ਵਡੇਰੇ ਦੀ ਮੌਤ ਉਪਰੰਤ ਹੀ ਪੰਚ ਚੁਣਿਆ ਜਾ ਸਕਦਾ ਹੈ, ਪਰ ਜੇਕਰ ਬਾਕੀ ਅੱਠ ਗੋਤਰਾਂ ਨੂੰ ਕੋਈ ਇਤਰਾਜ ਨਾ ਹੋਵੇ। ਪੰਚ ਦੀ ਸ਼ਕਤੀ ਹੇਠ ਲਿਖੀਆਂ ਸ਼ਰਤਾਂ 'ਤੇ ਰੱਦ ਹੋ ਸਕਦੀ ਹੈ। ਵਿਭਚਾਰੀ ਸਾਬਤ ਹੋਣ 'ਤੇ, ਰਿਸ਼ਵਤ ਲੈਣ ਦਾ ਦੋਸ਼ੀ ਹੋਣ 'ਤੇ, ਬੁਲਾਵੇ 'ਤੇ ਲਗਾਤਾਰ ਹਾਜ਼ਰ ਨਾ ਹੋਣ 'ਤੇ, ਤਲਾਕ ਦੇਣ 'ਤੇ, ਪੱਖਪਾਤੀ ਹੋਣ 'ਤੇ, ਉਧਾਲੇ 'ਚ ਸ਼ਾਮਲ ਹੋਣ 'ਤੇ, ਕਤਲ ਕਰਨ 'ਤੇ, ਪੰਚ ਦੀ ਮੌਤ ਹੋ ਜਾਣ 'ਤੇ। ਇਸ ਉਪਰੰਤ ਅੱਠ ਗੋਤਰਾਂ ਦੇ ਪੰਚ ਨੌਂ ਪਰਿਵਾਰਾਂ ਦੇ ਮੁਖੀਏ ਕਿਸੇ ਵੀ ਯੋਗ ਵਿਅਕਤੀ ਦੀ ਤਲਾਸ਼ ਕਰ ਸਕਦੇ ਹਨ। ਪੰਚਾਇਤੀ ਕਾਰਵਾਈ ਦਾ ਕੰਮ ਸੌਂਪ ਸਕਦੇ ਹਨ ਤੇ ਇਹ ਪੰਚਾਇਤ ਤਲਾਕ, ਕਤਲ, ਕਰੇਵਾ, ਉਧਾਲਾ, ਰਖੇਲ ਸਬੰਧੀ, ਵਟਾਂਦਰ ਸਾਕ ਸਬੰਧੀ, ਪਿਆਰ ਵਿਆਹ ਸਬੰਧੀ, ਕਰਜ਼ਾ ਨਾ ਮੋੜਨ ਸਬੰਧੀ, ਚੋਰੀ ਆਦਿ ਸਬੰਧੀ ਕੋਈ ਵੀ ਬੱਚਾ ਬਜ਼ੁਰਗ ਇਛੁਕ ਨਿਆਂ ਦੀ ਆਸ ਰੱਖ ਸਕਦਾ ਹੈ। ਇਨ੍ਹਾਂ ਦਾ ਕੋਈ ਕੇਸ ਥਾਣਿਆਂ ਕਚਹਿਰੀਆਂ 'ਚ ਨਹੀਂ ਜਾਂਦਾ। ਪੰਚਾਇਤ ਹੀ ਹਾਈਕੋਰਟ ਤੱਕ ਨਿਆਂ ਕਰਦੀ ਹੈ। ਕਿਸੇ ਫ਼ੈਸਲੇ ਲਈ ਇਕੱਠੀ ਹੋਈ ਪੰਚਾਇਤ 'ਚ ਚਾਰ ਧਿਰਾਂ ਦੀ ਹਾਜ਼ਰੀ ਜ਼ਰੂਰੀ ਹੈ:- ਪੰਚ, ਫਰਿਆਦੀ, ਦੋਸ਼ੀ ਧਿਰ, ਕਬੀਲੇ ਦੇ ਲੋਕ। ਗੱਡੀਆਂ ਵਾਲਿਆਂ ਦੇ ਵੱਡੇ ਫ਼ੈਸਲੇ ਅੱਗੇ ਅਤੇ ਪਾਣੀ ਨਾਲ ਹੁੰਦੇ ਹਨ। ਪੰਚਾਂ ਵੱਲੋਂ ਦੋਹਾਂ ਧਿਰਾਂ ਅੱਗੇ ਅੱਗ ਦੇ ਮਘਦੇ ਕੋਇਲੇ ਰੱਖ ਕੇ ਮਿਥਿਆ ਪੈਂਡਾ ਤਹਿ ਕਰਨ ਲਈ ਕਿਹਾ ਜਾਂਦਾ ਹੈ। ਕਬੀਲੇ ਦਾ ਵਿਸ਼ਵਾਸ ਹੈ ਕਿ ਅਗਨੀ ਨਿਰਪੱਖ ਦੇਵਤਾ ਹੈ। ਇਸ ਲਈ ਝੂਠੇ ਵਿਅਕਤੀ ਦੇ ਹੱਥ, ਸੱਚੇ ਵਿਅਕਤੀ ਦੇ ਹੱਥਾਂ ਨਾਲੋਂ ਪਹਿਲਾਂ ਸੜਨ ਲੱਗ ਜਾਂਦੇ ਹਨ। ਇਸ ਤਰ੍ਹਾਂ ਹੀ ਦੋਹਾਂ ਧਿਰਾਂ ਨੂੰ ਇੱਕ ਤੋਂ ਪੰਜ ਵਾਰੀ ਤੱਕ ਡੂੰਘੇ ਪਾਣੀ 'ਚ ਡੁਬਕੀ ਲਾਉਣ ਨੂੰ ਕਿਹਾ ਜਾਂਦਾ ਹੈ। ਕਬੀਲੇ ਦਾ ਵਿਸ਼ਵਾਸ ਹੈ ਕਿ ਜਲ ਦੇਵਤਾ ਝੂਠੀ ਧਿਰ ਨੂੰ ਪਨਾਹ ਨਹੀਂ ਦਿੰਦਾ। ਝੂਠੀ ਧਿਰ ਨੂੰ ਪਾਣੀ ਦੀ ਸਤਹਿ ਤੋਂ ਉਪਰ ਧੱਕ ਦਿੰਦਾ ਹੈ। ਕਬੀਲੇ ਦੇ ਸੰਕਟਮਈ ਫ਼ੈਸਲੇ ਇਸ ਵਿਧੀ ਰਾਹੀਂ ਕੀਤੇ ਜਾਂਦੇ ਹਨ।

ਗੱਡੀਆਂ ਵਾਲਿਆਂ ਦੇ ਨਾਵਾਂ 'ਚ ਵਿਲੱਖਣ ਰੂਪ ਹੀ ਹੈ। ਇਹ ਕਿਸੇ ਪੁਰਸ਼ ਦੇ ਨਾਂ ਨਾਲ ਰਾਮ ਅਤੇ ਕਿਸੇ ਇਸਤਰੀ ਦੇ ਨਾਂ ਨਾਲ ਦੇਵੀ ਜਾਂ ਬਾਈ ਨਹੀਂ ਜੋੜਦੇ।

ਮਰਦਾਂ ਦੇ ਨਾਂ

ਸੋਧੋ

ਫੁਲਾ, ਬਾਰੀਆ, ਪੋਹਲਾ, ਕਾਤੀਆ, ਕਾਂਸੀ, ਧਾਰੂ, ਭੂਕਾ, ਜੰਗੀਆਂ, ਮੋਮਨਾ, ਬਾਠਲੀਆ, ਫੋਟੂ, ਗੋਕਲ, ਰੰਗੀਆ, ਜਾਮਣੀਆ, ਬਜੀਰ, ਸੰਤੂ, ਰੂਪਾ, ਪੂਮੀ, ਸੀਪੀ, ਮਾਜੀਆ, ਰਣੀਆ, ਬਖੀਆ, ਨਾਨੀਆ, ਲੂਗਾ।

ਔਰਤਾਂ ਦੇ ਨਾਂ

ਸੋਧੋ

ਚਾਂਦਨੀ, ਅਪਲੀ, ਬੁਦਨੀ, ਕਾਕੋ, ਬਿਜਲੀ, ਗੁੰਚੀ, ਪਰਪਾਈ, ਮਾਖੀ, ਡੋਲੀ, ਕਾਂਚੀ, ਫੂਲੋ, ਰੋਸ਼ਨੀ, ਰੱਤੀ, ਬਿੰਦੋ, ਕਾਜਲੀ, ਰੂਪੋ, ਧਾਰੀ, ਸ਼ੀਲੋ, ਸਾਨੂੰ, ਫੁਲਝੜੀ, ਅੱਕੀ, ਜ਼ਾਡੀ, ਭੂਕੋ, ਲੋਵੋ, ਮੂਰਤੀ ਆਦਿ ਨਾਂ ਪ੍ਰਚੱਲਤ ਹਨ।

ਜਣੇਪਾ

ਸੋਧੋ

ਗੱਡੀਆਂ ਵਾਲਿਆਂ ਦੀ ਜਣੇਪਾ ਪ੍ਰਕਿਰਿਆ ਵੱਖਰੀ ਕਿਸਮ ਦੀ ਹੈ ਕਿਉਂਕਿ ਬੱਚੇ ਦੇ ਜਨਮ ਸਮੇਂ ਮਾਂ ਦੇਖ-ਰੇਖ ਲਈ ਕਬੀਲੇ ਤੋਂ ਬਾਹਰੋਂ ਕਿਸੇ ਔਰਤ ਦੀ ਜਿਵੇਂ ਦਾਈ, ਨਰਸ, ਡਾਕਟਰ ਨੂੰ ਬੁਲਾਉਣ 'ਤੇ ਮਨਾਹੀ ਹੈ। ਜਣੇਪੇ ਸਮੇਂ ਇਸਤਰੀ ਨੂੰ ਬੈਲ-ਗੱਡੀ ਹੇਠ ਧਰਤੀ 'ਤੇ ਲਿਟਾ ਕੇ ਉਸਦੇ ਹੱਥ ਪਹੀਏ ਦੇ ਗਜਾਂ ਨੂੰ ਪਵਾ ਦਿੱਤੇ ਜਾਂਦੇ ਹਨ। ਪੈਰ ਦੂਸਰੇ ਪਹੀਏ ਦੇ ਗਜਾਂ ਵਿਚੋਂ ਬਾਹਰ ਕੱਢ ਦਿੱਤੇ ਜਾਂਦੇ ਹਨ। ਦੋਹਾਂ ਨੂੰ ਕੱਪੜੇ ਨਾਲ ਬੰਨ ਦਿੱਤਾ ਜਾਂਦਾ ਹੈ। ਇਸਤਰੀ ਨੇੜੇ ਚਾਕੂ, ਛੁਰੀ ਜਾਂ ਲੋਹੇ ਦਾ ਕੋਈ ਤੇਜ਼ਧਾਰ ਔਜ਼ਾਰ ਰੱਖਣ ਦੀ ਰਵਾਇਤ ਹੈ, ਜੇਕਰ ਬਰਸਾਤ ਹੋਵੇ ਤਾਂ ਮੰਜੇ 'ਤੇ ਲਿਟਾਇਆ ਜਾਂਦਾ ਹੈ। ਮੰਜੀ ਨੂੰ ਲੋਹੇ ਦੀ ਸੰਗਲੀ ਨਾਲ ਗੱਡੀ ਨੂੰ ਜਿੰਦਰਾ ਮਾਰ ਦਿੱਤਾ ਜਾਂਦਾ ਹੈ। ਔਰਤ ਨੇ ਬਿਨਾ ਕਿਸੇ ਦੂਸਰੀ ਔਰਤ ਦੀ ਮਦਦ ਦੇ ਬੱਚਾ ਪੈਦਾ ਕਰਨਾ ਹੁੰਦਾ ਹੈ। ਬੜੀਆਂ ਔਰਤਾਂ ਨੇ ਫ਼ਖਰ ਨਾਲ ਦੱਸਿਆ ਵੀ ਕੇ ਉਨ੍ਹਾਂ ਨੇ ਇੱਕ ਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦਿੱਤਾ ਹੈ। ਜਣੇਪੇ ਸਮੇਂ ਰੌਲਾ ਪਾਉਣਾ, ਪਾਣੀ ਮੰਗਣਾ, ਜਣੇਪੇ ਮਗਰੋਂ ਇੱਕ ਪਹਿਰ ਕੁਝ ਖਾਣਾ, ਮੋਇਆ ਬੱਚਾ ਜੇ ਪੈਦਾ ਹੋਏ ਤਾਂ ਮੂੰਹ ਦੇਖਣ ਦੀ ਜ਼ਿੱਦ ਕਰਨਾ, ਕਬੀਲਾ ਸ਼ਾਖ ਨੂੰ ਨੀਵਾਂ ਦਿਖਾਉਣਾ ਸਮਝਿਆ ਜਾਂਦਾ ਹੈ। ਨਵੇਂ ਜਨਮੇਂ ਬੱਚੇ ਦੀ ਔਲ ਅਨਾਜ ਦੇ ਦਾਣੇ ਪਾ ਕੇ ਗੱਡੀ ਹੇਠ ਹੀ ਨੱਪ ਦੇਣ ਦਾ ਰਿਵਾਜ ਹੈ। ਨਵੇਂ ਜਨਮੇਂ ਬੱਚੇ ਨੂੰ ਤਾਗੜੀ ਬੰਨਦੇ ਹਨ, ਜਿਸ ਵਿੱਚ ਕਾਲਾ ਧਾਗਾ, ਪੈਸੇ, ਚਾਂਦੀ ਦਾ ਢੋਲਣ, ਘੁੰਗਰੂ ਆਦਿ ਹੁੰਦੇ ਹਨ। ਲੜਕੀ ਨੂੰ ਕਿਸੇ ਵਡੇਰੀ ਔਰਤ ਅਤੇ ਲੜਕੇ ਨੂੰ ਕਿਸੇ ਬਜ਼ੁਰਗ ਤੋਂ ਗੁੜਤੀ ਦਿਵਾਈ ਜਾਂਦੀ ਹੈ। ਮਾਵਾਂ ਤਿੰਨ ਸਾਲ ਦੀ ਉਮਰ ਤੱਕ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ। ਜਿਹੜੀ ਗੱਡੀ 'ਚ ਬੱਚਾ ਨਵਾਂ ਜਨਮਿਆ ਹੋਵੇ, ਉਸ 'ਤੇ ਸਿਰਕੀ ਜਾਂ ਤਰਪਾਲ ਤਾਣ ਲਈ ਜਾਂਦੀ ਹੈ। ਜਿੱਥੋਂ ਬਾਹਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਗੱਡੀ 'ਚ ਬੱਚਾ ਜਨਮਿਆ ਹੈ। ਇਹ ਸਿਹਤ ਸਹੂਲਤਾਂ ਸਰਕਾਰੀ ਜਾਂ ਪ੍ਰਾਈਵੇਟ ਨਹੀਂ ਲੈਂਦੇ ਤੇ ਨਾ ਹੀ ਸਰਕਾਰਾਂ ਨੇ ਕਦੀ ਇਨ੍ਹਾਂ ਵੱਲ ਧਿਆਨ ਦਿੱਤਾ ਹੈ।

ਪ੍ਰਫੁੱਲਤ ਰਾਜ ਹੁੰਦਿਆਂ ਕਬੀਲਿਆਂ 'ਚ ਕਿਉਂ ਰਹਿੰਦੇ ਹਨ?

ਸੋਧੋ

ਚਿਤੌੜਗੜ੍ਹ ਦੀ ਹਾਰ ਤੋਂ ਬਾਅਦ ਪੁਰਖਿਆਂ ਨੇ ਇੱਜ਼ਤ ਆਬਰੂ ਗੁਆਚੀ ਹੋਈ ਸਮਝਿਆ। ਉਸਦੀ ਬਹਾਲੀ ਤੱਕ ਨਾ ਟਿਕਣ ਦਾ ਫ਼ੈਸਲਾ ਕੀਤਾ ਸੀ, ਜਿਸ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਵਡੇਰਿਆਂ ਦਾ ਪ੍ਰਣ ਨਿਭਾ ਰਹੇ ਹਨ। ਜਿਹੜਾ ਉਨ੍ਹਾਂ ਘੁੰਮਦੇ ਰਹਿਣ ਲਈ ਐਲਾਨਿਆ ਹੈ ਕਿਉਂਕਿ ਇੱਕ ਥਾਂ ਟਿਕਾਣਾ ਬਣਨ ਉਪਰੰਤ ਘਰ ਨਾਲ ਮੋਹ ਪੈਦਾ ਹੋ ਜਾਂਦਾ ਹੈ ਤੇ ਵਕਾਰ ਬਹਾਲੀ ਦਾ ਮਿਸ਼ਨ ਛੁਟ ਜਾਵੇਗਾ। ਭਾਵੇਂ ਵਕਾਰ ਗੁਆਚਿਆ ਸੈਂਕੜੇ ਸਾਲ ਗੁਜ਼ਰ ਗਏ ਹਨ, ਪਰ ਇਨ੍ਹਾਂ ਨੂੰ ਆਧੁਨਿਕ ਯੁੱਗ 'ਚ ਵਕਾਰ ਦੀ ਬਹਾਲੀ ਦੀ ਉਡੀਕ ਹੈ। ਵਕਾਰ ਦੀ ਬਹਾਲੀ ਤੱਕ ਛੱਤ ਹੇਠ ਨਾ ਟਿਕਣਾ ਇਨ੍ਹਾਂ ਦਾ ਪ੍ਰਣ ਹੈ।

ਵੋਟ ਕਿਉਂ ਨਹੀਂ

ਸੋਧੋ

ਗੱਡੀਆਂ ਵਾਲੇ ਕਬੀਲਿਆਂ ਦੀ ਰਹਿਣਗਾਹ ਭਾਰਤ ਵਰਗੇ ਵਿਕਸਤ ਦੇਸ਼ ਦੇ ਸੂਬਿਆਂ 'ਚ ਹੈ। ਪਰ ਪੱਕੇ ਨਾਗਰਿਕ ਹੋਣ ਦਾ ਪ੍ਰਮਾਣ ਪੱਤਰ ਨਹੀਂ ਬਣਾਉਂਦੇ, ਨਾ ਉਨ੍ਹਾਂ ਕਦੀ ਇਸਦੀ ਅੱਜ ਤੱਕ ਵਰਤੋਂ ਕੀਤੀ ਹੈ। ਵੋਟ ਲਈ ਪਹਿਲਾ ਮਸਲਾ ਤਾਂ ਉਨ੍ਹਾਂ ਦੇ ਪੱਕੇ ਰਿਹਾਇਸ਼ੀ ਟਿਕਾਣੇ ਨਹੀਂ ਹਨ। ਕਨੂੰਨ ਅਨੁਸਾਰ ਵੋਟ ਬਣਾਉਣ ਲਈ ਰਿਹਾਇਸ਼ ਦੇ ਸਬੂਤ ਪੇਸ਼ ਕਰਨੇ ਪੈਂਦੇ ਹਨ। ਪਰ ਇਨ੍ਹਾਂ ਕਦੀ ਟਿਕ ਨਹੀਂ ਬੈਠਣਾ ਹੁੰਦਾ। ਦੂਸਰਾ ਗੱਡੀਆਂ ਵਾਲੇ ਲੋਕਾਂ ਦਾ ਮੁੱਢ ਕਦੀਮੋਂ ਨਿਯਮ ਹੈ ਕਿ ਸਥਾਨਕ ਲੋਕਾਂ ਨਾਲ ਵਰਤਾਓ ਨਹੀਂ ਰੱਖਣਾ। ਇਨ੍ਹਾਂ ਦੀ ਇਲਾਕੇ ਦੇ ਲੋਕਾਂ ਨਾਲ ਸਾਂਝ ਨਹੀਂ ਬਣਦੀ। ਇਨ੍ਹਾਂ ਦਾ ਇਹ ਸਿਧਾਂਤ ਹੈ। ਇਹ ਲੋਕਾਂ ਕੋਲੋਂ ਕੋਈ ਨਿੱਜੀ ਲਾਭ ਨਹੀਂ ਲੈਂਦੇ। ਵੋਟ ਬਣਾ ਕੇ ਲਾਭ ਦੇਣਾ ਵੀ ਇਨ੍ਹਾਂ ਦੀ ਵਿਚਾਰਧਾਰਾ ਦੇ ਖਿਲਾਫ਼ ਹੈ। ਇਹ ਖ਼ੁਦ ਨੂੰ ਗਰੀਬ ਦਰਸਾਉਂਦੇ ਹੋਏ 'ਵੋਟ' ਪਾਉਣ ਤੇ ਬਣਾਉਣ ਤੋਂ ਟਾਲਾ ਵੱਟਦੇ ਹਨ। ਪੰਜਾਬ ਰਾਜ ਅੰਦਰ ਪ੍ਰਾਇਮਰੀ ਸਿੱਖਿਆ ਲਾਜ਼ਮੀ ਹੋਣ ਦੀ ਗੱਲ ਤੋਂ ਗੱਡੀਆਂ ਵਾਲੇ ਬੇਖਬਰ ਹਨ। ਸਰਕਾਰ ਕਰੋੜਾਂ ਰੁਪਿਆ ਸਲਾਨਾ ਰਾਜ 'ਚ ਸ਼ਾਖਰ ਮੁਹਿੰਮ ਨੂੰ ਸਫ਼ਲ ਬਣਾਉਣ 'ਤੇ ਲਾ ਰਹੀ ਹੈ। ਪਰ ਇਹ ਲੋਕ ਸਰਕਾਰੀ ਨੀਤੀਆਂ 'ਚ ਪਰੋਏ ਨਹੀਂ ਗਏ ਕਿਉਂਕਿ ਇਨ੍ਹਾਂ ਦੇ ਬੱਚੇ ਅੱਜ ਵੀ ਪੜ੍ਹਨ ਲਿਖਣ ਤੋਂ ਵਾਂਝੇ ਹਨ। ਜੇਕਰ ਇਨ੍ਹਾਂ ਨੂੰ ਬੱਚੇ ਪੜ੍ਹਾਉਣ ਬਾਰੇ ਪੁੱਛੀਏ ਤਾਂ ਇਨ੍ਹਾਂ ਦਾ ਘੜਿਆ-ਘੜਾਇਆ ਜਵਾਬ ਹੁੰਦਾ ਹੈ ਅਸੀਂ ਤਾਂ ਪੁਰਖਿਆਂ ਵਾਲਾ ਕੰਮ ਹੀ ਕਰਨਾ ਹੈ, ਪੜ੍ਹਾਈ ਸਾਡੇ ਕਿਸ ਕੰਮ? ਦੂਸਰੇ ਪਾਸੇ ਸਮੇਂ ਦੀਆਂ ਸਰਕਾਰਾਂ ਦਾ ਇਨ੍ਹਾਂ ਪ੍ਰਤੀ ਵਤੀਰਾ ਸੰਜੀਦਗੀ ਵਾਲਾ ਨਹੀਂ। ਜੇਕਰ ਸਰਕਾਰੀ ਪੱਧਰ 'ਤੇ ਨਿਰਣਾ ਲਿਆ ਜਾਵੇ ਤਾਂ ਇਨ੍ਹਾਂ ਨੂੰ ਛੱਤਾਂ ਹੇਠ ਵਸੇਬਾ ਕਰਵਾ ਕੇ ਸਮਾਜਿਕ ਬਰਾਬਰੀ 'ਚ ਲਿਆਂਦਾ ਜਾ ਸਕਦਾ ਹੈ। ਪਰ ਵਿਚਾਰੇ ਗੱਡੀਆਂ ਵਾਲਿਆਂ ਦੀ ਕੋਈ ਕੀ ਜਾਣੇ। ਆਪਣੇ ਪੁਰਖਿਆਂ ਦੇ ਕਿੱਤੇ ਨੂੰ ਅੱਜ ਉਹ ਅਜਿਹੇ ਹਾਲਾਤਾਂ 'ਚ ਵੀ ਤਿਆਗਣ ਦਾ ਹੀਆ ਨਹੀਂ ਕਰਦੇ, ਜਦੋਂ ਕਿ ਉਹ ਅਤਿ ਮੰਦੇ ਦੇ ਦੌਰ 'ਚੋਂ ਗੁਜ਼ਰ ਰਹੇ ਹਨ। ਹੁਣ ਪਿੰਡਾਂ 'ਚ ਬਲਦਾਂ ਦੇ ਵਪਾਰ ਦਾ ਕਾਰੋਬਾਰ ਤਹਿਸ-ਨਹਿਸ ਹੋ ਗਿਆ ਕਿਉਂਕਿ ਰਾਜ ਦੇ ਪਿੰਡਾਂ 'ਚ ਟਰੈਕਟਰਾਂ ਦੀ ਭਰਮਾਰ ਹੋਣ ਕਾਰਨ ਖੇਤੀ ਦੇ ਕੰਮ ਨਾਲੋਂ ਬਲਦਾਂ ਦਾ ਨਾਤਾ ਟੁੱਟ ਚੁੱਕਾ ਹੈ। ਇਹੋ ਵਪਾਰ ਹੀ ਇਨ੍ਹਾਂ ਦੀ ਆਰਥਿਕਤਾ ਦਾ ਸਹਾਰਾ ਹੁੰਦਾ ਹੈ। ਦੂਸਰੇ ਪਿੰਡਾਂ ਦੇ ਚੁਲ੍ਹਿਆਂ 'ਚ ਵਰਤੀ ਜਾਂਦੀ ਅੱਗ ਕੱਢਣ ਵਾਲੀ ਕੜਛੀ, ਚਿਮਟਾ, ਖੁਰਚਣੀ ਨੂੰ ਮੁੱਢੋਂ ਹੀ ਗੈਸਾਂ ਦੇ ਚੁੱਲ੍ਹਿਆਂ ਨੇ ਖ਼ਤਮ ਕਰ ਦਿੱਤਾ, ਜਿਸ ਬਦਲੇ ਆਟਾ, ਸਬਜ਼ੀਆਂ ਇਨ੍ਹਾਂ ਦੀਆਂ ਔਰਤਾਂ ਵਟਾਂਦਰਾ ਕਰਕੇ ਡੰਗ ਟਪਾਉਂਦੀਆਂ ਸਨ। ਭਾਵੇਂ ਇਹ ਗੁਆਚੇ ਵਕਾਰ ਦੀ ਬਹਾਲੀ ਲਈ ਕੋਈ ਯਤਨ ਨਹੀਂ ਵੀ ਕਰ ਰਹੇ, ਪਰ ਵਡੇਰਿਆਂ ਦੇ ਅਸੂਲਾਂ ਨੂੰ ਕਾਇਮ ਰੱਖਣਾ ਹੀ ਮੁਨਾਸਬ ਸਮਝਦੇ ਹਨ। ਕੁਝ ਬਣਨ ਦੀ ਗੱਲ 'ਤੇ ਇਹੋ ਜਵਾਬ ਮਿਲਦਾ ਹੈ ਕਿ ਅਜਿਹਾ ਹੋਣ ਨਾਲ ਉਹ ਕਬੀਲੇ ਦੀਆਂ ਰਵਾਇਤਾਂ ਨਾਲੋਂ ਟੁੱਟ ਜਾਣਗੇ। ਜੇਕਰ ਸਵਾਲ ਪੁੱਛਿਆ ਕੇ ਤੁਹਾਡਾ ਕਾਰੋਬਾਰ ਤਾਂ ਆਉਣ ਵਾਲੇ ਸਮੇਂ ਵਿੱਚ ਨਹੀਂ ਰਹਿਣਾ, ਬੱਚੇ ਕੀ ਕਰਨਗੇ ਦੇ ਜਵਾਬ 'ਚ ਉਨ੍ਹਾਂ ਦੀ ਖਾਮੋਸ਼ੀ ਨਹੀਂ ਟੁੱਟਦੀ। ਜਵਾਬ ਇਕੋ ਹੀ ਅਸੀਂ ਕੀ ਲੈਣਾ ਇਨ੍ਹਾਂ ਕੰਮਾਂ ਤੋਂ। ਸਾਡੇ ਕੋਲ ਬੱਚੇ ਨੂੰ ਕੁਝ ਬਣਾਉਣ ਲਈ ਪੈਸੇ ਨਹੀਂ, ਕਿਵੇਂ ਬਣਾਵਾਂਗੇ। ਭਾਵੇਂ ਗੱਡੀਆਂ ਵਾਲੇ ਕਦੇ-ਕਦਾਈ ਮੀਟ ਤੇ ਹੋਰ ਸਵਾਦਿਸ਼ਟ ਭੋਜਨ ਛਕਦੇ ਹਨ, ਪਰ ਇਨ੍ਹਾਂ ਦੇ ਤਰੀਕੇ ਕੁਝ ਸਾਡੇ ਸਮਾਜ ਅਨੁਸਾਰ ਉਲਟੇ ਹਨ। ਉਸਦਾ ਕਾਰਨ ਹੈ ਕਿ ਚਿਤੌੜ ਦੀ ਹਾਰ ਤੋਂ ਬਾਅਦ ਵਡੇਰਿਆਂ ਨੇ ਸੋਨੇ, ਚਾਂਦੀ, ਕਹਿੰ, ਪਿੱਤਲ ਦੇ ਬਰਤਨਾਂ 'ਚ ਖਾਣ 'ਤੇ ਮਨਾਹੀ ਕੀਤੀ ਸੀ। ਉਸ ਸਮੇਂ ਮਿੱਟੀ ਦੇ ਬਰਤਨਾਂ ਤੇ ਹੁਦ ਲੋਹ ਬਰਤਨਾਂ 'ਚ ਖਾਣਾ ਖਾਣ ਕਰਕੇ ਇਨ੍ਹਾਂ ਦੇ ਤਰੀਕੇ ਵੀ ਅਲੱਗ ਹਨ। ਭੋਜਨ 'ਚ ਤਿਆਰ ਹੁੰਦਾ ਮੀਟ ਪੂਰੀ ਤਰ੍ਹਾਂ ਪਕਾਇਆ ਨਹੀਂ ਹੁੰਦਾ, ਜਿਸਨੂੰ ਇਹ ਸਿਹਤ ਤੰਦਰੁਸਤ ਰੱਖਣ ਦਾ ਰਾਜ ਦੱਸਦੇ ਹਨ। ਉਨ੍ਹਾਂ ਦਾ ਰਹਿਣ-ਸਹਿਣ ਵੀ ਅਲੱਗ ਕਿਸਮ ਦਾ ਅਤੇ ਰੀਤੀ-ਰਿਵਾਜ ਵੀ ਵੱਖਰੇ ਹੋਣ ਕਾਰਨ ਇਨ੍ਹਾਂ ਦਾ ਖਾਣਾ ਵੀ ਅਲੱਗ ਤਰ੍ਹਾਂ ਦਾ ਹੈ। ਇਹ ਕੁਦਰਤ 'ਤੇ ਯਕੀਨ ਰੱਖਦੇ ਹਨ। ਭੋਜਨ ਦਾ ਤਰੀਕਾ ਨਹੀਂ ਬਦਲਦੇ। ਗੱਡੀਆਂ ਵਾਲਿਆਂ ਦੀ ਰਹਿਤਲ ਭਾਵੇਂ ਰਾਜਸਥਾਨੀ ਰੰਗਣ ਵਾਲੀ ਹੈ, ਪਰ ਪਹਿਰਾਵੇ 'ਚ ਬੜਾ ਅੰਤਰ ਹੈ। ਗੱਡੀਆਂ ਵਾਲੇ ਮਰਦਾਂ ਦਾ ਪਹਿਰਾਵਾ ਜਿੱਥੇ ਘੱਟ ਭੜਕੀਲਾ ਹੈ, ਉਥੇ ਔਰਤਾਂ ਦੀ ਚੋਲੀ ਘੱਗਰੀ ਸ਼ੋਖ ਰੰਗਾਂ, ਕੌਡੀਆਂ, ਸਿਤਾਰਿਆਂ, ਫੂੰਦਿਆਂ ਨਾਲ ਸਜਾਈ ਹੁੰਦੀ ਹੈ। ਇਸਤਰੀ ਪਹਿਰਾਵੇ ਦਾ ਚਿੱਟਾ ਰੰਗ ਉਦਾਸੀ ਅਤੇ ਸੋਗ ਨਾਲ ਸਬੰਧਤ ਸਮਝਿਆ ਜਾਂਦਾ ਹੈ। ਉਥੇ ਇਸ ਰੰਗ ਨੂੰ ਮਰਦਾਂ 'ਚ ਸਿਆਣਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੱਜ-ਵਿਆਹੀ ਔਰਤ ਲਈ ਅੱਧੀ ਬਾਂਹ ਵਾਲੀ ਕੁੜਤੀ ਪਹਿਨਣੀ ਜ਼ਰੂਰੀ ਸਮਝੀ ਜਾਂਦੀ ਹੈ। ਕੁਆਰੀਆਂ ਕੁੜੀਆਂ ਲਈ ਪੂਰੀ ਬਾਂਹ ਵਾਲੀ ਕੁੜਤੀ ਪਹਿਨਣੀ ਜ਼ਰੂਰੀ ਹੈ, ਪਰ ਘੱਗਰੀ ਦੀ ਬਣਤਰ 'ਚ ਕੋਈ ਅੰਤਰ ਨਹੀਂ ਹੁੰਦਾ। ਵਿਧਵਾ ਇਸਤਰੀਆਂ ਸਧਾਰਨ ਕੁੜਤੀ ਹੀ ਪਹਿਨ ਸਕਦੀਆਂ ਹਨ। ਔਰਤਾਂ ਮਰਦਾਂ ਲਈ ਨੰਗੇ ਪੈਰੀਂ ਤੁਰਨਾ ਮਨ੍ਹਾ ਹੈ। ਪਰ ਪੰਜਾਬੀ ਜੁੱਤੀ (ਦੇਸੀ ਜੁੱਤੀ) ਪਹਿਨਣਾ ਜ਼ਰੂਰੀ ਹੈ। ਭਾਵੇਂ ਇਸ ਪਹਿਰਾਵੇ ਦਾ ਪੰਜਾਬੀ ਫੋਕ ਨਾਲ ਦੂਰ-ਨੇੜੇ ਦਾ ਕੋਈ ਸਬੰਧ ਨਹੀਂ ਹੈ, ਪਰ ਪੰਜਾਬੀ ਲੋਕ ਇਸਨੂੰ ਫੋਕ ਨਜ਼ਰੀਏ ਨਾਲ ਵੇਖਦੇ ਹਨ। ਇਨ੍ਹਾਂ ਲੋਕਾਂ ਨੇ ਆਪਣੀ ਦਿੱਖ ਨੂੰ ਵਖਰੇਵੇਂ 'ਚ ਵਿਖਾਉਣ ਲਈ ਹੀ ਅਜਿਹਾ ਢੰਗ ਤਿਆਰ ਕੀਤਾ ਹੈ। ਪਰ ਉਚ ਕਬੀਲੇ ਰਾਜਪੂਤਾਂ ਨਾਲੋਂ ਇਨ੍ਹਾਂ ਆਪਣੇ ਪਹਿਰਾਵੇ 'ਚ ਵਖਰੇਵਾਂ ਜ਼ਰੂਰ ਕਰ ਲਿਆ ਹੈ।

ਮੌਤ ਸੰਸਕਾਰ

ਸੋਧੋ

ਗਾਡੀ ਲੁਹਾਰ ਕਬੀਲੇ ਦੀਆਂ ਮੌਤ ਦੀਆਂ ਰਸਮਾਂ ਹਿੰਦੂ ਸਮਾਜ ਦੀਆਂ ਕੁੱਝ ਕਿਰਿਆਵਾਂ ਨੂੰ ਛੱਡ ਕੇ ਬਾਕੀ ਦੀਆਂ ਕਾਫੀ ਭਿੰਨ ਸਨ। ਗਾਡੀ ਲੁਹਾਰ ਕਬੀਲੇ ਦੇ ਲੋਕ ਬੈਲ ਨੂੰ ਯਮ ਮੰਨਦੇ ਹਨ। ਕਬੀਲੇ ਦੇ ਲੋਕਾਂ ਦੁਆਰਾ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਬੀਲੇ ਵਿੱਚ ਹੋਣ ਵਾਲੀ ਮੌਤ ਤੋਂ ਪਹਿਲਾਂ ਬੈਲਾਂ ਨੂੰ ਅਗਾਊਂ ਆਭਾਸ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬੈਲ ਚਾਰਾ ਨਹੀਂ ਖਾਂਦੇ ਅਤੇ ਉਹਨਾ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਮੌਤ ਹੋਣ ਤੇ ਦੇਹ ਨੂੰ ਭੁੰਜੇ ਲਿਟਾ ਦਿੱਤਾ ਜਾਂਦਾ ਹੈ। ਜਿਸ ਪਰਿਵਾਰ ਵਿੱਚ ਮੌਤ ਹੋਈ ਹੁੰਦੀ ਹੈ ਉਸ ਪਰਿਵਾਰ ਦੇ ਕੱਚੇ ਭਾਂਡੇ ਮੂਧੇ ਮਾਰ ਦਿੱਤੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਸਬੰਧਿਤ ਪਰਿਵਾਰ ਲਈ ਪ੍ਰਥਮ ਕਾਰਜ ਨੌਂ ਗੋਤਰ ਪੰਚਾਂ ਨੂੰ ਇੱਕਠੇ ਕਰਨਾ ਹੁੰਦਾ ਹੈ। ਬਾਕੀ ਦੀਆਂ ਮੌਤ ਰਸਮਾਂ ਨੌਂ ਗੋਤਰ ਪੰਚਾਂ ਦੀ ਹਾਜ਼ਰੀ ਵਿੱਚ ਸੰਪੰਨ ਕੀਤੀਆਂ ਜਾਂਦੀਆਂ ਹਨ। ਮੌਤ ਨਾਲ ਸਬੰਧਿਤ ਪਰਿਵਾਰ ਵਿੱਚ ਪਹਿਲੀ ਰਾਤ ਅੱਗ ਬਾਲੀ ਨਹੀਂ ਜਾਂਦੀ। ਪਰਿਵਾਰ ਦੇ ਬਾਕੀ ਸਬੰਧੀ ਅਤੇ ਕਬੀਲਾ ਪੰਚ ਕਿਸੇ ਹੋਰ ਪਰਿਵਾਰ ਕੋਲ ਭੋਜਨ ਕਰਦੇ ਹਨ। ਮ੍ਰਿਤਿਕ ਦੇਹ ਅਤੇ ਅਫ਼ਸੋਸ ਵਿੱਚ ਬੈਠੇ ਵਿਅਕਤੀਆਂ ਥੱਲੇ ਕੱਪੜਾ ਵਿਛਾਉਣਾ ਮਨ੍ਹਾ ਹੈ। ਇਸ ਸਮੇਂ ਇੱਕਠੇ ਹੋਏ ਪੰਚਾਂ ਅਤੇ ਕਬੀਲੇ ਦੇ ਲੋਕਾਂ ਦੁਆਰਾ ਹੁੱਕਾ ਪੀਤਾ ਜਾਂਦਾ ਹੈ। ਮ੍ਰਿਤੂ ਹੋਣ ਅਤੇ ਅਗਨੀ ਦਾਹ ਦੇ ਸਮੇਂ ਤੱਕ ਨਿਮਨ ਘਟਨਾਵਾਂ ਅਸ਼ੁਭ ਮੰਨੀਆਂ ਜਾਂਦੀਆਂ ਹਨ। -ਵਾਣਿਆ (ਅਸਥਾਈ ਡੇਰੇ) ਵਿੱਚ ਡੰਗਰ ਦੀ ਮੌਤ ਹੋਣੀ -ਮੋਜੂਦਾ ਕਬੀਲਾ ਜੁੱਟ ਵਿੱਚ ਬੱਚੇ ਦਾ ਜਨਮ ਲੈਣਾ -ਸੂਰਜ ਅਤੇ ਚੰਦਰਮਾ ਨੂੰ ਗ੍ਰਹਿਨ ਲੱਗਣਾ -ਮੀਂਹ ਅਤੇ ਗੜੇ ਪੇਣੇ -ਕਬੀਲਾ ਕੁੱੜੀ ਦਾ ਉਧਲਣਾ -ਸੱਪ ਦਾ ਦਿੱਸਣਾ -ਮੋਜੂਦਾ ਕਬੀਲਾ ਜੁੱਟ ਵਿੱਚ ਗਰਭਪਾਤ ਹੋਣਾ ਜਾਂ ਕਰਨਾ ਮ੍ਰਿਤਕ ਦੇਹ ਨੂੰ ਜਮੀਨ ਤੇ ਲਿਟਾਉਂਦੇ ਹੋਏ ਚੁਫੇਰੇ ਹਲਦੀ ਦੀ ਰੇਖਾ ਖਿੱਚ ਦਿੱਤੀ ਜਾਂਦੀ ਹੈ ਤਾਂ ਕੀ ਕੀੜਾ ਮਕੋੜਾ ਨੇੜੇ ਜਾਣ ਤੋਂ ਰੋਕਿਆ ਜਾ ਸਕੇ। ਮ੍ਰਿਤਕ ਦੇਹ ਨੂੰ ਨਿੰਮ,ਸੁਹਾਵਣੇ ਜਾਂ ਬੇਰੀ ਦੇ ਪੱਤਰਾਂ ਨਾਲ ਢੱਕਣ ਦੀ ਪ੍ਰਥਾ ਹੈ।

ਆਰਥਿਕ ਹਾਲਤ

ਸੋਧੋ

ਵਰਤਮਾਨ ਦੌਰ ਅੰਦਰ ਇਸ ਕਬੀਲੇ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਗਈ ਹੈ। ਇਸ ਦਾ ਮੁੱਖ ਕਾਰਨ ਮਸ਼ੀਨੀ ਵਸਤਾਂ ਦੀ ਵਰਤੋਂ ਵੱਧ ਹੋ ਜਾਣਾ ਅਤੇ ਕੋਲੇ,ਲੋਹੇ ਦਾ ਮਹਿੰਗਾ ਹੋ ਜਾਣਾ ਹੈ।

ਸਿਹਤ ਸਮੱਸਿਆਵਾਂ

ਸੋਧੋ

ਗਾਡੀ ਲੁਹਾਰ ਕਬੀਲੇ ਦੇ ਲੋਕਾਂ ਨੂੰ ਘਰ ਦੀ ਸਹੂਲਤ ਨਾ ਹੋਣ,ਲਗਾਤਾਰ ਧੂੰਏਂ ਅਤੇ ਸੇਕ ਵਿੱਚ ਕੰਮ ਕਰਨ,ਖੁਰਾਕ ਦਾ ਪੱਧਰ ਨੀਵਾਂ ਹੋਣ,ਗਰੀਬੀ ਅਤੇ ਅਨਪੜ੍ਹਤਾ ਕਰਕੇ ਸਿਹਤ ਦੀਆਂ ਅਣਗਿਣਤ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ।

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  • < ਗਾਡੀਆ ਲੁਹਾਰ ਕਬੀਲੇ ਦਾ ਸਭਿਆਚਾਰ, ਕਿਰਪਾਲ ਕਜ਼ਾਕ, ਪਬਲੀਕੇੇਸ਼ਨ ਬਿਓੂਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,2005>

,ਗਾਡੀਆ ਲੋਹਾਰ, ਬਾਜ਼ੀਗਰ,ਸ਼ਿਕਲੀਕਰ