ਗਿਆਨੀ ਮਾਨ ਸਿੰਘ ਝੌਰ
ਗਿਆਨੀ ਮਾਨ ਸਿੰਘ 'ਝੌਰ'[1] ਇੱਕ ਕਥਾਵਾਚਕ ਸਨ। ਇਨ੍ਹਾਂ ਨੇ ਪੂਰੇ ਵਿਸ਼ਵ ਭਰ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ।[2]
ਗਿਆਨੀ ਮਾਨ ਸਿੰਘ ਝੌਰ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਲਈ ਪ੍ਰਸਿੱਧ | ਪ੍ਰਸਿੱਧ ਕਥਾਵਾਚਕ |
ਜੀਵਨ ਸਾਥੀ | ਸ਼੍ਰੀਮਤੀ ਈਸ਼ਰ ਕੌਰ |
ਬੱਚੇ | 1) ਪੂਰਨ ਸਿੰਘ ਯੂ.ਕੇ. (ਪਲੇਠਾ ਪੁੱਤਰ)
2) ਕ੍ਰਿਸ਼ਨਾਂ (ਬੇਟੀ) 3) ਪ੍ਰੋ. ਵਰਿੰਦਰ ਸਿੰਘ (ਪੁੱਤਰ) |
ਪਿਤਾ | ਸਰਦਾਰ ਭਾਗ ਸਿੰਘ |
ਪਰਿਵਾਰ | 1) ਉੱਤਮ ਸਿੰਘ (ਛੋਟਾ ਭਰਾ) 2) ਕੁਲਜੀਤ ਸਿੰਘ (ਛੋਟਾ ਭਰਾ) |
ਜੀਵਨ
ਸੋਧੋਗਿਆਨੀ ਮਾਨ ਸਿੰਘ 'ਝੌਰ'[1] ਜੀ ਦਾ ਜਨਮ ਪਿੰਡ ਬਰਿਆਰ, ਜ਼ਿਲ੍ਹਾ ਗੁਰਦਸਪੁਰ ਵਿੱਚ ਪਿਤਾ ਸਰਦਾਰ ਭਾਗ ਸਿੰਘ ਦੇ ਘਰ ਹੋਇਆ। ਆਪ ਜੀ ਦੇ ਦੋ ਛੋਟੇ ਭਰਾ ਉੱਤਮ ਸਿੰਘ ਅਤੇ ਕੁਲਜੀਤ ਸਿੰਘ ਸਨ। ਆਪ ਜੀ ਦੀ ਧਰਮ ਪਤਨੀ ਦਾ ਨਾਮ ਸ਼੍ਰੀਮਤੀ ਈਸ਼ਰ ਕੌਰ ਸੀ, ਜਿਨ੍ਹਾਂ ਦੀ ਕੁੱਖੋਂ ਤਿੰਨ ਬੱਚਿਆਂ ਨੇ ਜਨਮ ਲਿਆ। ਆਪ ਜੀ ਦੇ ਪਲੇਠੇ ਪੁੱਤਰ ਦਾ ਨਾਮ ਸ. ਪੂਰਨ ਸਿੰਘ ਸੀ। ਜਿਹੜੇ ਬਾਅਦ ਵਿੱਚ ਪੂਰਨ ਸਿੰਘ ਯੂ.ਕੇ. (ਵਿਦਵਾਨ/ ਪੰਜਾਬੀ ਲੇਖਕ) ਦੇ ਨਾਮ ਨਾਲ਼ ਜਗਤ ਵਿੱਚ ਪ੍ਰਸਿੱਧ ਹੋਏ। ਪੂਰਨ ਸਿੰਘ ਤੋਂ ਬਾਅਦ ਬੇਟੀ ਕ੍ਰਿਸ਼ਨਾ ਅਤੇ ਪੁੱਤਰ ਵਰਿੰਦਰ ਸਿੰਘ (ਪ੍ਰੋ. ਵਰਿੰਦਰ ਸਿੰਘ, ਜੋ ਕਿ ਰੂਪਾਂਤਰ, ਤ੍ਰੈ ਮਾਸਿਕ ਪੰਜਾਬੀ ਰਸਾਲੇ ਦੇ ਸਾਬਕਾ ਸੰਪਾਦਕ ਸਨ।) ਨੇ ਜਨਮ ਲਿਆ।[2]
ਵਿਆਹ, ਕ੍ਰਾਂਤੀਕਾਰੀ ਸੋਚ ਅਤੇ ਗੁਰਮਤਿ ਵੱਲ ਝੁਕਾਅ
ਸੋਧੋਆਪ ਜੀ ਦੇ ਪਿਤਾ ਅਫ਼ਰੀਕਾ ਜਾਣ ਚਾਹੁੰਦੇ ਸਨ, ਜਿਸ ਕਾਰਨ ਆਪ ਜੀ ਦਾ ਵਿਆਹ ਪੰਦਰਾਂ- ਸੋਲਾਂ ਸਾਲ ਦੀ ਉਮਰ ਵਿੱਚ, ਏਨੀ ਕੁ ਉਮਰ ਦੀ ਲੜਕੀ ਨਾਲ ਕਰ ਦਿੱਤਾ ਗਿਆ। ਇਹ ਲੜਕੀ ਦਾ ਨਾਮ ਈਸ਼ਰ ਕੌਰ ਸੀ, ਜੋ ਕਿ ਬਖਤਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਸ. ਹਾਕਮ ਸਿੰਘ ਦੀ ਪਲੇਠੀ ਧੀ ਸੀ। ਆਪ ਜੀ ਦੇ ਵਿਆਹ ਤੋਂ ਬਾਅਦ ਥੋੜੇ ਹੀ ਸਮੇਂ ਮਗਰੋਂ ਆਪ ਦੇ ਪਿਤਾ ਜੀ ਅਫ਼ਰੀਕਾ ਨੂੰ ਚਲੇ ਗਏ। ਉਨ੍ਹਾਂ ਦੇ ਪੁੱਜਣ ਦੀ ਖ਼ਬਰ ਤਕ ਨਾ ਆਈ। ਉਹ ਅਫ਼ਰੀਕਾ ਜਾਂਦਿਆਂ ਹੀ (ਓਥੇ ਪੁੱਜ ਕੇ ਜਾਂ ਜਹਾਜ਼ ਵਿੱਚ ਹੀ) ਬਿਮਾਰ ਹੋ ਗਏ ਅਤੇ ਇਸ ਸੰਸਾਰ ਤੋਂ ਵਿਦਾ ਹੋ ਗਏ।
ਕ੍ਰਾਂਤੀ ਤੋਂ ਗੁਰਮਤਿ ਵੱਲ
ਪਹਿਲੇ ਸੰਸਾਰ-ਯੁੱਧ ਦੇ ਮੱਧ-ਪੂਰਬੀ ਦੇਸ਼ਾਂ ਵਿੱਚ ਹੋਣ ਵਾਲੇ ਹਿੱਸੇ ਨੂੰ ਪੰਜਾਬ ਦੇ ਲੋਕ 'ਬਸਰੇ ਦੀ ਲਾਮ' (ਜਾਂ ਲੜਾਈ) ਦਾ ਨਾਂ ਦਿੰਦੇ ਹਨ। ਆਪ ਜੀ ਦੇ ਸਹੁਰਾ ਸਾਹਿਬ ਅਤੇ ਆਪ ਦੋਵੇਂ, ਬਸਰੇ ਵਿੱਚ ਲੜ ਰਹੀ ਸੈਨਾ ਵਿੱਚ ਭਰਤੀ ਹੋ ਗਏ। ਜੰਗ ਮੁੱਕ ਜਾਣ ਪਿੱਛੋਂ, ਮਰਨੋਂ ਬਚੇ ਹੋਏ ਸੈਨਿਕਾਂ ਨੂੰ ਘਰੀਂ ਭੇਜ ਦਿੱਤਾ ਗਿਆ। ਆਪ ਦੋਵੇਂ ਵੀ ਆ ਗਏ। ਸੈਨਿਕ ਸੇਵਾ ਵਿੱਚੋਂ ਕਮਾਏ ਹੋਏ ਪੈਸਿਆਂ ਨਾਲ ਆਪ ਜੀ ਨੇ ਸ਼ਾਹੂਕਾਰ ਦਾ ਉਹ ਸਾਰਾ ਕਰਜ਼ਾ ਲਾਹਿਆ, ਜਿਹੜਾ ਆਪ ਜੀ ਦੇ ਪਿਤਾ ਜੀ ਨੇ ਪੁੱਤਰ ਦੀ ਸ਼ਾਦੀ ਅਤੇ ਅਫ਼ਰੀਕਾ ਜਾਣ ਦੇ ਸਮੁੰਦਰੀ ਕਿਰਾਏ ਲਈ ਲਿਆ ਸੀ । ਆਪ ਜੀ ਨੂੰ ਕੋਈ ਕੰਮ-ਕਾਰ ਜਾਂ ਹੁਨਰ ਨਹੀਂ ਸੀ ਆਉਂਦਾ। ਬਰਿਆਰਾਂ ਵਾਲਾ ਘਰ ਢਹਿ ਗਿਆ ਹੋਇਆ ਸੀ। ਆਪ ਜੀ ਦੇ ਸਹੁਰੇ ਵਾਲਿਆਂ ਕੋਲ ਨਾ ਏਡਾ ਵੱਡਾ ਘਰ ਸੀ ਅਤੇ ਨਾ ਹੀ ਏਨੀ ਕਮਾਈ ਸੀ ਕਿ ਉਹ ਆਪਣੇ ਧੀ, ਜਵਾਈ ਅਤੇ ਉਸ ਦੇ ਦੋ ਭਰਾਵਾਂ ਲਈ ਕਾਰੋਬਾਰ ਅਤੇ ਸਿਰ-ਲੁਕਾਅ ਦਾ ਪ੍ਰਬੰਧ ਕਰ ਸਕਦੇ।[2]
ਆਪ ਕਦੇ ਖੋਜਪੁਰ ਜਾਂਦੇ ਅਤੇ ਕਦੇ ਬਖ਼ਤਪੁਰ ਆ ਜਾਂਦੇ। ਇਸ ਆਵਾਜਾਈ ਵਿੱਚ ਆਪ ਨੂੰ ਗੁਰਦਾਸਪੁਰ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਸੀ। ਇਸ ਆਵਾਜਾਈ ਨੇ ਆਪ ਨੂੰ ਗੁਰਦਾਸਪੁਰ ਦੇ ਬਾਹਰਵਾਰ ਸ. ਤੇਜਾ ਸਿੰਘ ‘ਸੁਤੰਤਰ’ (ਅਲੂਣਿਆਂ ਵਾਲੇ) ਦਾ ਭਾਸ਼ਣ ਸੁਣਨ ਦਾ ਸੁਅਵਸਰ ਦੇ ਦਿੱਤਾ। ਆਪ ਜੀ ਨੂੰ ਇਉਂ ਲੱਗਾ ਕਿ ਇਹ ਸੁਹਣੀਆਂ ਗੱਲਾਂ ਕਰਨ ਵਾਲਾ ਇਨਸਾਨ ਬੇਸਹਾਰਾ ਲੋਕਾਂ ਦੀ ਬਾਂਹ ਫੜਨ ਦੀ ਭਾਵਨਾ ਵੀ ਰੱਖਦਾ ਹੈ ਅਤੇ ਯੋਗਤਾ ਵੀ। ਆਪ ਨੇ ਲੈਕਚਰ ਖ਼ਤਮ ਹੋਣ ਉੱਤੇ ਸ. ਤੇਜਾ ਸਿੰਘ 'ਸੁਤੰਤਰ' ਜੀ ਨੂੰ ਮਿਲਣ ਦੀ ਹਿੰਮਤ ਕਰ ਲਈ ਅਤੇ ਆਪਣੀ ਹਾਲਤ ਦੱਸੀ। ਸ. ਤੇਜਾ ਸਿੰਘ ਜੀ ਨੇ ਕਿਹਾ, “ਮੈਂ ਆਪਣੇ ਪਿੰਡ ਅਲੂਣੇ ਵਿੱਚ ਆਪਣੀ ਜ਼ਮੀਨ ਉੱਤੇ ‘ਅਕਾਲ ਗੜ੍ਹ’ਨਾਂ ਦਾ ਇੱਕ ਆਸ਼ਰਮ ਜਾਂ ਨਿੱਕਾ ਜਿਹਾ ਮੁਹੱਲਾ ਬਣਾਉਣਾ ਚਾਹੁੰਦਾ ਹਾਂ। ਤੁਸੀਂ ਚਾਹੋ ਤਾਂ ਓਥੇ ਆ ਕੇ ਵੱਸ ਸਕਦੇ ਹੋ।”
ਬਰਿਆਰਾਂ ਵਾਲੇ ਢੱਠੇ ਜਿਹੇ ਘਰ ਵਿੱਚੋਂ ਛਤੀਰੀਆਂ, ਬਾਲੇ ਅਤੇ ਇੱਕ ਬਹੁਤ ਵੱਡਾ ਅਤੇ ਲੱਕੜੀ ਦੇ ਡੀਜ਼ਾਈਨ ਨਾਲ ਸ਼ਿੰਗਾਰਿਆ ਹੋਇਆ ਭਾਰਾ ਜਿਹਾ ਦਰਵਾਜ਼ਾ, ਗੱਡੇ ਉੱਤੇ ਲੱਦ ਕੇ ਅਕਾਲ ਗੜ੍ਹ (ਅਲੂਣੇ) ਲੈ ਆਂਦਾ ਗਿਆ। ਕੁਝ ਦਿਨਾਂ ਵਿੱਚ ਹੀ ਇੱਕ ਨਿੱਕਾ ਜਿਹਾ ਘਰ ਬਣ ਗਿਆ ਅਤੇ ਆਪ ਪਤਨੀ ਸਾਹਿਤ ਅਕਾਲ ਗੜ੍ਹ ਦੇ ਵਸਨੀਕ ਬਣ ਗਏ। ਆਪ ਦੇ ਦੋਨੋਂ ਭਰਾ, ਆਪ ਦੇ ਸਹੁਰੇ ਪਿੰਡ, ਬਖ਼ਤਪੁਰ ਰਹੇ ਕਿਉਂਕਿ ਉਹ ਛੋਟੇ ਸਨ। ਅਕਾਲ ਗੜ੍ਹ ਦਾ ਵਿਵੇਕ ਆਸ਼ਰਮ ਉਹਨਾਂ ਦੇ ਯੋਗ ਨਹੀਂ ਸੀ। ਉਹਨਾਂ ਦੀ ਉਮਰ ਪੜ੍ਹਨ ਦੀ ਸੀ। ਪਰ ਉਹ ਪੜ੍ਹ ਨਾ ਸਕੇ। ਉਹ ਕਦੀ ਕਦੀ ਘਰੋਂ (ਬਖ਼ਤਪੁਰੋਂ) ਤੁਰ ਕੇ ਖੋਜੇਪੁਰ ਆ ਜਾਂਦੇ ਅਤੇ ਆਪ ਦੀ ਸੱਸ ਉਹਨਾਂ ਨੂੰ ਲੈ ਕੇ ਆਉਣ ਲਈ ਕਈ ਕੋਹਾਂ ਦਾ ਮੋੜਵਾ ਪੈਂਡਾ ਕਰਦੇ।
ਸ. ਤੇਜਾ ਸਿੰਘ ‘ਸੁਤੰਤਰ’ ਜੀ ਨੇ ਆਪਣੇ ਜਥੇ ਦਾ ਨਾਂ ‘ਬਬੇਕੀ ਜਥਾ' (ਵਿਵੇਕੀ ਜਥਾ) ਰੱਖਿਆ ਸੀ । ਉਹਨਾਂ ਦੇ ਜਥੇ ਵਿੱਚ ਹੋਰ ਕੁਝ ਲੋਕਾਂ ਦੇ ਨਾਲ ਸ. ਗੁਰਮੁਖ ਸਿੰਘ ‘ਮੁਸਾਫ਼ਰ’ ਵੀ ਸ਼ਾਮਲ ਸਨ । ਜਦੋਂ ਅੰਗਰੇਜ਼ੀ ਸਰਕਾਰ ਨੇ ਸਿੱਖਾਂ ਲਈ ਗਾਤਰੇ ਵਾਲੀ ਕਿਰਪਾਨ ਦੀ ਆਗਿਆ ਦੇ ਕੇ ਵੱਡੀ ਕਿਰਪਾਨ ਰੱਖਣਾ ਗ਼ੈਰ-ਕਾਨੂੰਨੀ ਬਣਾ ਦਿੱਤਾ, ਉਦੋਂ ਸ. ਤੇਜਾ ਸਿੰਘ ਜੀ ਨੇ ਬਬੇਕੀ ਜਥੇ ਦੇ ਹਰ ਇਸਤਰੀ-ਪੁਰਸ਼ ਮੈਂਬਰ ਲਈ ਛੋਟੀ ਅਤੇ ਵੱਡੀ ਦੋਵੇਂ ਕਿਰਪਾਨ ਰੱਖਣ ਦਾ ਨੇਮ ਬਣਾ ਦਿੱਤਾ। ਆਪ ਦੀ ਪਤਨੀ ਨੇ ਕਈ ਸਾਲ ਦੋ ਕਿਰਪਾਨਾਂ ਧਾਰਨ ਕਰੀ ਰੱਖੀਆਂ। ਸਰਕਾਰ ਨੇ ਸਾਰੇ ਬਬੇਕੀ ਜਥੇ ਨੂੰ ਕਾਨੂੰਨ ਵਿਰੋਧੀ ਕਰਾਰ ਦੇ ਕੇ ਸਭ ਦੇ ਵਾਰੰਟ ਜਾਰੀ ਕਰ ਦਿੱਤੇ। ਇਹ ਜਥਾ ਗੁਰੂ ਕੇ ਬਾਗ਼ ਆਦਿਕ ਮੋਰਚਿਆਂ ਵਿੱਚ ਹਿੱਸਾ ਲੈਣ ਦੀ ਥਾਂ ਹੁਣ ਲੁਕ-ਛਿਪ ਕੇ ਆਜ਼ਾਦੀ ਦੀ ਲੜਾਈ ਦਾ ਸੁਨੇਹਾ ਦੇਣ ਲੱਗ ਪਿਆ।
ਅੰਤ ਉਹੋ ਹੋਇਆ, ਜੋ ਹੋਣਾ ਸੀ । ਇੱਕਾ-ਦੁੱਕਾ ਕਰ ਕੇ ਜਥੇ ਦੇ ਮੈਂਬਰ ਗ੍ਰਿਫ਼ਤਾਰ ਹੁੰਦੇ ਗਏ। ਇਸਤ੍ਰੀ ਮੈਂਬਰਾਂ ਨੂੰ ਛੱਡ ਦਿੱਤਾ ਜਾਂਦਾ ਰਿਹਾ ਅਤੇ ਮਰਦ ਮੈਂਬਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਰਹੀਆਂ। ਆਪ ਜੀ ਨੂੰ ਡੇਢ ਸਾਲ ਦੀ ਸਜ਼ਾ ਦੇ ਕੇ ਮੁਲਤਾਨ ਜੇਲ੍ਹ ਵਿੱਚ ਘੱਲ ਦਿੱਤਾ ਗਿਆ। ਜੇਲ੍ਹਾਂ ਵਿੱਚ ਸਖ਼ਤੀ ਵਰਤੀ ਜਾਂਦੀ ਸੀ ਤਾਂ ਜੁ ਇਹ ਕੈਦੀ ਮੁਆਫ਼ੀ ਮੰਗ ਕੇ ਅੱਗੇ ਤੋਂ ਆਜ਼ਾਦੀ ਦੀ ਲੜਾਈ ਵਿੱਚੋਂ ਬਾਹਰ ਹੋ ਜਾਣ। ਆਪ ਦੱਸਦੇ ਹੁੰਦੇ ਸਨ ਕਿ ਉਹਨਾਂ ਦੇ ਹੱਥ ਪੱਥਰਾਂ ਉੱਤੇ ਰੱਖ ਕੇ ਹੱਥਾਂ ਦੇ ਉਤਲੇ ਪਾਸੇ ਉਂਗਲਾਂ ਦੇ ਜੋੜਾਂ ਉੱਤੇ ਡੰਡੇ ਮਾਰੇ ਜਾਂਦੇ ਸਨ। ਆਪ ਜੀ ਦੀਆਂ ਦੋਹਾਂ ਹੱਥਾਂ ਦੀਆਂ ਅੱਠ ਉਂਗਲਾਂ ਸਦਾ ਲਈ ਟੇਢੀਆਂ ਹੋ ਗਈਆਂ ਹੋਈਆਂ ਸਨ।
ਸ. ਤੇਜਾ ਸਿੰਘ ਜੀ ਗ੍ਰਿਫ਼ਤਾਰੀ ਤੋਂ ਬਚਣ ਲਈ ਭਾਰਤੋਂ ਬਾਹਰ ਚਲੇ ਗਏ। ਉਹ ਇਟਲੀ ਅਤੇ ਰੂਸ ਆਦਿਕ ਦੇਸ਼ਾਂ ਵਿੱਚ ਰਹਿ ਕੇ ਜਦੋਂ ਆਪਣੇ ਪਰਿਵਾਰ ਨੂੰ ਦੇਸ਼ੋਂ ਕੱਢ ਕੇ ਲੈ ਜਾਣ ਲਈ ਆਏ, ਉਦੋਂ ਉਹ ਪਕੜੇ ਗਏ ਅਤੇ ਉਮਰ ਕੈਦ ਦੀ ਸਜ਼ਾ ਦੇ ਕੇਂ ਉਹਨਾਂ ਨੂੰ ਕੈਂਬਲਪੁਰ ਦੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਦੇਸ਼ ਦੀ ਆਜਾਦੀ ਪਿੱਛੋਂ ਨਹਿਰੂ ਜੀ ਦੀ ਸਰਕਾਰ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ।
ਅਕਾਲ ਗੜ੍ਹ ਵਿੱਚ ਮੇਰੇ ਆਪ ਜੀ ਦਾ ਸ. ਤੇਜਾ ਸਿੰਘ ਸੁਤੰਤਰ ਜੀ ਨਾਲ ਕੁਝ ਕੁ ਸਾਲਾਂ ਦਾ ਵਸੇਬਾ ਉਹਨਾਂ ਲਈ ਵਰਦਾਨ ਹੋ ਨਿੱਬੜਿਆ। ਸ. ਤੇਜਾ ਸਿੰਘ ਜੀ ਗੁਰਬਾਣੀ ਦੇ ਧੁਰੰਧਰ ਵਿਦਵਾਨ ਸਨ। ਇਸ ਦੇ ਨਾਲ-ਨਾਲ ਉਹਨਾਂ ਕੋਲ ਪਾਰਖੂ ਅੱਖ ਵੀ ਸੀ। ਉਹਨਾਂ ਮੇਰੇ ਆਪ ਜੀ ਦੀ ਹੈਰਾਨਕੁੰਨ ਚੇਤਾ-ਸ਼ਕਤੀ ਅਤੇ ਕੀਲ ਲੈਣ ਵਾਲੀ ਭਾਸ਼ਣ ਕਲਾ ਨੂੰ ਪਛਾਣ ਲਿਆ। ਆਪਣੇ ਅਤੁੱਟ ਵਿੱਦਿਆ ਭੰਡਾਰ ਦੇ ਦਰਵਾਜ਼ੇ ਉਹਨਾਂ ਨੇ ਆਪ ਜੀ ਲਈ ਖੋਲ੍ਹ ਦਿੱਤੇ। ਆਪ ਜੀ ਗੁਰਬਾਣੀ ਦੇ ਉੱਚ-ਕੋਟੀ ਦੇ ਵਿਦਵਾਨ ਬਣ ਗਏ ਅਤੇ ਆਪਣੇ ਵਿੱਦਿਆ-ਦਾਤਾ ਦੇ ਨਾਂ ਦਾ ਪਿਛੋਕੜ ਵੀ ਆਪਣੇ ਨਾਂ ਨਾਲ ਜੋੜ ਲਿਆ, ਹੁਣ ਗਿਆਨੀ ਮਾਨ ਸਿੰਘ 'ਸੁਤੰਤਰ' ਕਰ ਕੇ ਜਾਣੇ ਜਾਣ ਲੱਗ ਪਏ।
ਜਦੋਂ ਆਪ ਜੀ ਮੁਲਤਾਨ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ, ਉਦੋਂ ਨਾ ਤਾਂ ਅਕਾਲ ਗੜ੍ਹ ਹੀ ਬਾਕੀ ਸੀ ਅਤੇ ਨਾ ਹੀ 'ਸੁਤੰਤਰ' ਜੀ ਦੇਸ਼ ਵਿੱਚ ਸਨ । ਇਹ ਹਾਲਤ ਸੀ ਕਿ 'ਛੁਟੇ ਅਸੀਰ ਤੋ ਕਿਆ ਦੇਖਾ, ਵੁਹ ਸ਼ਾਖ਼ ਹੀ ਨਾ ਰਹੀ ਜਿਸ ਪੇ ਕਿ ਆਸ਼ੀਆਨਾ ਥਾ'। ਇਸ ਹਾਲਤ ਵਿੱਚ ਵੀ ਸੁਧਾਰ ਹੋ ਗਿਆ। ਪਿੰਡ ਝੌਰ, ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਵਿਅਕਤੀਆਂ ਦਾ ਬਬੇਕੀ ਜਥੇ ਨਾਲ ਸੰਬੰਧ ਸੀ। ਉਹ ਸੁਤੰਤਰ ਜੀ ਨਾਲ ਮੋਰਚਿਆਂ ਉੱਤੇ ਵੀ ਗਏ ਸਨ। ਜਦੋਂ ਆਪ ਜੀ ਰਿਹਾਅ ਹੋ ਕੇ ਆਏ ਤਾਂ ਝੌਰਾਂ ਦੇ ਲੋਕਾਂ ਨੇ ਆਪ ਜੀ ਨੂੰ ਆਪਣੇ ਪਿੰਡ ਆ ਰਹਿਣ ਦੀ ਸਲਾਹ ਦਿੱਤੀ। ਅਕਾਲ ਗੜ੍ਹ ਦੇ ਉੱਜੜੇ ਘਰ ਦੀਆਂ ਕੁਝ ਚੀਜ਼ਾਂ, ਕੜੀਆਂ ਬਾਲੇ ਅਤੇ ਉਹੀ ਡੀਜ਼ਾਈਨਦਾਰ ਵੱਡਾ ਦਰਵਾਜ਼ਾ ਗੱਡੇ ਦੀ ਸਵਾਰੀ ਕਰ ਕੇ ਝੌਰੀਂ ਆ ਗਿਆ। ਬਾਕੀ ਦਾ ਸਾਰਾ ਜੀਵਨ ਆਪ ਨੇ ਝੌਰਾਂ ਵਿੱਚ ਗੁਜ਼ਾਰਿਆ ਅਤੇ ਹੌਲੀ ਹੌਲੀ ਗਿਆਨੀ ਮਾਨ ਸਿੰਘ 'ਝੌਰ' ਕਰਕੇ ਜਾਣੇ ਜਾਣ ਲੱਗ ਪਏ। ਝੌਰਾਂ ਵਿੱਚ ਹੀ ਆਪ ਜੀ ਦੇ ਬੱਚਿਆਂ ਦੇ ਜਨਮ ਹੋਏ। ਆਪ ਜੀ ਦੇ ਭਰਾਵਾਂ ਦੇ ਵਿਆਹ ਵੀ ਇਥੇ ਆ ਜਾਣ ਪਿੱਛੋਂ ਹੋਏ। ਝੌਰਾਂ ਵਿੱਚ ਇੱਕ ਸਕੂਲ ਆਪ ਜੀ ਦੇ ਨਾਂ ਨਾਲ ਜੁੜਿਆ ਹੋਇਆ ਹੈ ਅਤੇ ਆਪ ਜੀ ਦੇ ਉੱਦਮ ਨਾਲ ਝੌਰਾਂ ਦਾ ਰੇਲਵੇ ਸਟੇਸ਼ਨ ਵੀ ਬਣਿਆ ਹੋਇਆ ਹੈ।
ਆਪ ਮਹਾਨ ਗੁਰਮਤਿ-ਵੇਤਾ ਸ.ਤੇਜਾ ਸਿੰਘ ‘ਸੁਤੰਤਰ’ਦੀ ਕ੍ਰਿਪਾ ਦੇ ਪਾਤਰ ਸਨ। ਗੁਰਮਤਿ ਦੀ ਵਿਆਖਿਆ ਆਪ ਜੀ ਦਾ ਕਾਰੋਬਾਰ ਬਣ ਗਿਆ। ਇਸੇ ਕਾਰੋਬਾਰ ਦੇ ਸਹਾਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ। ਨਿਰਾ ਗੁਜ਼ਾਰਾ ਹੀ ਨਹੀਂ, ਸਗੋਂ ਭਵਿੱਖ ਦੇ ਉੱਜਲ ਸੁਪਨਿਆਂ ਦਾ ਸਹਾਰਾ ਵੀ। ਆਪ ਜੀ ਆਪਣੇ ਕਿਸੇ ਬੱਚੇ ਨੂੰ ਆਪਣੇ ਵਾਲੇ ਕਾਰੋਬਾਰ ਵਿੱਚ ਪਾਉਣਾ ਨਹੀਂ ਸਨ ਚਾਹੁੰਦੇ। ਆਪ ਜੀ ਦੇ ਪੁੱਤਰ ‘ਪੂਰਨ ਸਿੰਘ ਯੂ.ਕੇ.’ਨੂੰ ਅਪਾਰ ਚੇਤਾ-ਸ਼ਕਤੀ ਅਤੇ ਭਾਸ਼ਣ-ਕਲਾ ਆਪ ਜੀ ਕੋਲੋਂ ਹੀ ਮਿਲੀ।
ਹਵਾਲੇ
ਸੋਧੋ- ↑ 1.0 1.1 Gurmat Gaddi Raah (2023-06-13), Biography Of Giani Maan Singh Jhor !! ਜੀਵਨ ਸਫ਼ਰ ਗਿਆਨੀ ਮਾਨ ਸਿੰਘ ਝੌਰ !! ਭਾਈ ਮਿਹਰਬਾਨ ਸਿੰਘ ਪਾਣੀਪਤ, retrieved 2024-09-24
- ↑ 2.0 2.1 2.2 2.3 ਰੂਪਾਂਤਰ ਪੰਜਾਬੀ ਰਸਾਲਾ, ਪੂਰਨ ਸਿੰਘ ਵਿਸ਼ੇਸ਼ (ਸਿਲਵਰ ਜੁਬਲੀ) ਅੰਕ, ਅੰਕ 100 (ਅਪ੍ਰੈਲ-ਜੂਨ 2019), ਸੰਪਾਦਕ: ਧਿਆਨ ਸਿੰਘ ਸ਼ਾਹ ਸਿਕੰਦਰ