ਗੁਰਮੁਖੀ ਲਿਪੀ ਦੀ ਸੰਰਚਨਾ
ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਹੈ। ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ। ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਨਾਮਕਰਨ
ਸੋਧੋਗੁਰਮੁਖੀ ਲਿਪੀ ਦੇ ਨਾਮਕਰਨ ਅਤੇ ਅਰੰਭ ਬਾਰੇ ਇਹ ਵਿਸ਼ਵਾਸ ਪ੍ਰਚਲਿਤ ਰਿਹਾ ਹੈ ਕਿ ਇਹ ਗੁਰੂਆਂ ਦੇ ਪਵਿੱਤਰ ਮੁੱਖ ਤੋਂ ਨਿਕਲੀ। ਇਸੇ ਕਾਰਨ ਇਸ ਦਾ ਨਾਮ ਗੁਰਮੁਖੀ ਪਿਆ। ਦਰਅਸਲ ਭਾਸ਼ਾ ਦੀ ਉਤਪਤੀ ਵਾਂਗ ਲਿਪੀ ਦੇ ਅਰੰਭ ਅਤੇ ਨਾਮਕਰਨ ਬਾਰੇ ਵੀ ਵੱਖ- ਵੱਖ ਕੌਮਾਂ ਵਿੱਚ ਧਾਰਮਿਕ ਵਿਸ਼ਵਾਸ ਪ੍ਰਚਲਿਤ ਰਹੇ ਹਨ। ਮਿਸਰ ਵਾਸੀ ਆਪਣੀ ਲਿਪੀ ਨੂੰ ‘ਬੋਬ’ ਦੇਵਤੇ ਦੁਆਰਾ ਰਚੀ ਦੱਸਦੇ ਹਨ। ਯਹੂਦੀਆਂ ਦਾ ਯਕੀਨ ਸੀ ਕਿ ਉਹਨਾਂ ਦੀ ਲਿਪੀ ਖ਼ੁਦਾ ਨੇ ਖ਼ੁਦ ਮੂਸਾ ਨੂੰ ਲਿਖਤੀ ਦੱਸੀ ਸੀ। ਯੂਨਾਨੀ ਲੋਕ ਆਪਣੀ ਲਿਪੀ ਨੂੰ ‘ਕੈਡਮਸ’ ਦੇਵਤੇ ਦੀ ਬਣਾਈ ਆਖਦੇ ਹਨ। ਹਿੰਦੋਸਤਾਨੀ ਲੋਕ ਆਪਣੀ ਸਭ ਤੋਂ ਪੁਰਾਣੀ ਲਿਪੀ ਨੂੰ ‘ਬਰ੍ਹਮਾ’ ਦੀ ਕ੍ਰਿਤ ਦੱਸਦੇ ਹਨ। ਇਵੇਂ ਸੰਸਕ੍ਰਿਤ ਨੂੰ ‘ਦੇਵ ਭਾਸ਼ਾ’ ਮੰਨਣ ਵਾਲੇ ਆਪਣੀ ਲਿਪੀ ਨੂੰ ਦੇਵਨਾਗਰੀ ਆਖਦੇ ਹਨ ਤੇ ਫਿਰ ਇਹ ਕੋਈ ਅਲੋਕਾਰ ਗੱਲ ਨਹੀਂ ਹੈ, ਜੇ ਪੰਜਾਬੀ ਲੋਕ ਆਪਣੀ ਭਾਸ਼ਾ ਦੀ ਲਿਪੀ ਨੂੰ ‘ਗੁਰੂ ਦੇ ਮੁੱਖੋਂ’ ਨਿਕਲੀ ਲਿਪੀ ਕਹਿੰਦੇ ਹਨ। ਹਾਂ ਇਹ ਅਟੱਲ ਸਚਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਲਿਖਤੀ ਰੂਪ, ਗੁਰਮੁਖੀ ਲਿਪੀ ਵਿੱਚ ਹੀ ਦਿੱਤਾ ਗਿਆ। ਗੁਰੂ ਸਾਹਿਬਾਨ ਨੇ ਉਸ ਵੇਲੇ ਪ੍ਰਚਲਿਤ ਲਿਪੀ ਵਿੱਚ ਸੁਧਾਰ ਕਰ ਕੇ, ਉਸ ਨੂੰ ਗੁਰਬਾਣੀ ਦੇ ਲਿਖਣ ਯੋਗ ਬਣਾਉਣ ਦਾ ਸ਼ਲਾਘਾਯੋਗ ਮਹਾਨ ਕਾਰਜ ਕੀਤਾ। ਇਸੇ ਕਾਰਨ ਇਸ ਦਾ ਨਾਮ ਗੁਰਮੁਖੀ ਲਿਪੀ ਪੈ ਗਿਆ।
ਇਤਿਹਾਸ
ਸੋਧੋਅਰੰਭ ਵਿੱਚ ਗੁਰਮੁਖੀ ਲਿਪੀ ਵਿੱਚ ਪੈਂਤੀ ਅੱਖਰ ਸਨ। ‘ੳ’ ਤੋਂ ਲੈ ਕੇ ‘ੜ’ ਤੱਕ ਸੱਤ ਸਤਰਾਂ ਵਿੱਚ ਪੰਜ-ਪੰਜ ਅੱਖਰ ਸਨ।
ਤਰਤੀਬ ਅਤੇ ਸੰਰਚਨਾ
ਸੋਧੋਇਹ ਸ਼ਾਇਦ ਇੱਕੋ-ਇੱਕ ਅਜਿਹੀ ਲਿਪੀ ਹੈ, ਜੋ ਕਿ ‘ੳ’ ਤੋਂ ਅਰੰਭ ਹੁੰਦੀ ਹੈ ‘ਅ’ ਤੋਂ ਨਹੀਂ ਜਦ ਕਿ ਦੇਵਨਾਗਰੀ, ਰੋਮਨ, ਅਰਬੀ-ਫ਼ਾਰਸੀ, ਗ੍ਰੀਕ ਆਦਿ ਲਿਪੀਆਂ ‘ਅ’ ਤੋਂ ਸ਼ੁਰੂ ਹੁੰਦੀਆਂ ਹਨ।[1] ‘ਊੜੇ’ (ੳ) ਨੂੰ ਪਹਿਲ ਦੇਣ ਪਿੱਛੇ ਇੱਕ ਨਜ਼ਰੀਆ ਤਾਂ ਇਹ ਪੇਸ਼ ਕੀਤਾ ਜਾਂਦਾ ਹੈ ਕਿ ਇਸ ਪਿੱਛੇ ‘1ਓਅੰਕਾਰ’ ਦੀ ਮਾਨਤਾ ਕਾਰਜਸ਼ੀਲ ਸੀ। ਦੂਜਾ ਅਹਿਮ ਕਾਰਨ ਧੁਨੀ-ਵਿਗਿਆਨਿਕ ਹੈ। ਇਸ ਵੱਲ ਵੀ ਖ਼ਾਸ ਧਿਆਨ ਦੇਣ ਦੀ ਲੋੜ ਹੈ। ਕਿਸੇ ਵੀ ਲਿਪੀ ਦੇ ਲਿਪਾਂਕਾਂ (ਅੱਖਰਾਂ) ਦੇ ਤਿੰਨ ਗੁਣ ਲਾਜ਼ਮੀ ਹੁੰਦੇ ਹਨ:
- ਹਰ ਲਿਪਾਂਕ ਜਾਂ ਲਿਪੀ-ਚਿੰਨ੍ਹ ਦਾ ਕੋਈ ਨਾ ਕੋਈ ਨਾਮ ਹੁੰਦਾ ਹੈ। ਜਿਵੇਂ ਊੜਾ, ਆੜਾ, ਈੜੀ ਜਾਂ ਏ.ਬੀ.ਸੀ.
- ਹਰ ਲਿਪਾਂਕ ਦੀ ਕੋਈ ਨਾ ਕੋਈ ਸ਼ਕਲ ਵੀ ਹੁੰਦੀ ਹੈ। ਜਿਵੇਂ (ੳ), (ਅ) ਅਤੇ (ੲ)
- ਹਰ ਲਿਪਾਂਕ ਦੀ ਕੋਈ ਨਾ ਕੋਈ ਧੁਨੀ ਜਾਂ ਅਵਾਜ਼ ਵੀ ਹੁੰਦੀ ਹੈ। ਜਿਵੇਂ (ਕ), (ਖ), (ਗ) ਆਦਿ।
ਧੁਨੀ ਵਿਉਂਤ ਦਾ ਮਸਲਾ
ਸੋਧੋਜਦੋਂ ਕਿਸੇ ਲਿਪੀ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਭਾਸ਼ਾ ਦੀ ਧੁਨੀ ਵਿਉਂਤ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਆਦਰਸ਼ ਸਥਿਤੀ ਤਾਂ ਇਹ ਹੁੰਦੀ ਹੈ ਕਿ ਹਰੇਕ ਲਿਪਾਂਕ ਨਾਲ ਕੇਵਲ ਇੱਕ ਹੀ ਨਿਖੇੜੂ ਧੁਨੀ ਸੰਬੰਧਿਤ ਹੋਵੇ, ਪਰ ਅਜਿਹੀ ਸਥਿਤੀ ਹਮੇਸ਼ਾ ਕਾਇਮ ਨਹੀਂ ਰਹਿੰਦੀ। ਜਿੱਥੋਂ ਤੱਕ ਗੁਰਮੁਖੀ ਲਿਪੀ ਚਿੰਨ੍ਹਾਂ ਦੀ ਤਰਤੀਬ ਦਾ ਸੰਬੰਧ ਹੈ, ਇਸ ਵਿੱਚ ਧੁਨੀ-ਵਿਗਿਆਨਿਕ ਨੇਮਾਂ ਨੂੰ ਅਪਣਾਇਆ ਗਿਆ ਹੈ। ਗੁਰਮੁਖੀ ਲਿਪੀ ਦੀ ਬਣਤਰ ਵਿੱਚ ਸਭ ਤੋਂ ਪਹਿਲਾਂ ਸ੍ਵਰ ਵਾਹਕ ਲਿਪੀ ਚਿੰਨ੍ਹ ਹਨ। ਸ੍ਵਰ ਉਚਾਰ-ਖੰਡ ਵਿੱਚ ਕੇਂਦਰੀ ਮਹੱਤਵ ਦਾ ਧਾਰਨੀ ਹੈ, ਜਦੋਂ ਕਿ ਵਿਅੰਜਨ ਦੁਜੈਲੇ ਮਹੱਤਵ ਵਾਲਾ ਤੱਤ ਹੈ। ਇਸ ਲਈ ਕੇਂਦਰੀ ਤੱਤ ਦਾ ਪਹਿਲਾਂ ਆਉਣਾ ਜ਼ਰੂਰੀ ਸੀ। (ੳ, ਅ ਤੇ ੲ) ਦੀ ਆਪਣੀ ਤਰਤੀਬ ਵੀ ਧੁਨੀ-ਵਿਉਂਤ ਦੇ ਨੁਕਤੇ ਤੋਂਤਰਕ ਸੰਗਤ ਹੈ। ਇਹ ਤਰਤੀਬ ਉਚਾਰਨ ਸਥਾਨ ਦੀ ਵਿਉਂਤ ਅਨੁਸਾਰ ਹੈ। (ੳ) ਪਿਛਲੇ ਸ੍ਵਰ ਦਾ ਵਾਹਕ ਚਿੰਨ੍ਹ ਹੈ। ਇਸੇ ਤਰ੍ਹਾਂ ਹੀ ਕਵਰਗ, ਚਵਰਗ, ਟਵਰਗ, ਤਵਰਗ ਤੇ ਪਵਰਗ ਆਦਿ ਵਿਅੰਜਨ ਲਿਪੀ ਚਿੰਨ੍ਹਾਂ ਦੀ ਤਰਤੀਬ ਵੀ ਉਚਾਰਨ ਸਥਾਨ ਅਨੁਸਾਰ ਹੈ। ਹੁਣ ਮਸਲਾ ਗੁਰਮੁਖੀ ਲਿਪੀ ਦੀ ਪਹਿਲੀ ਪਾਲ ਵਿੱਚ ‘ਸ’ ਤੇ ‘ਹ’ ਦਾ ਹੈ। ਇਹ ਗੱਲ ਤਾਂ ਸਰਬਪ੍ਰਵਾਨਿਤ ਹੈ ਕਿ ਹੋਰਨਾਂ ਭਾਰਤੀ ਲਿਪੀਆਂ ਵਾਂਗ ਗੁਰਮੁਖੀ ਲਿਪੀ ਦਾ ਨਿਕਾਸ ਵੀ ‘ਬ੍ਰਹਮੀ’ ਤੋਂ ਹੋਇਆ। ਪ੍ਰੀਤਮ ਸਿੰਘਦਾ ਖ਼ਿਆਲ ਹੈ ਕਿ ਗੁਰਮੁਖੀ ਦਾ ‘ਹ’ ਅੱਖਰ ‘ਹਾਹੇ’ ਦੇ ਬ੍ਰਹਮੀ ਵਾਲੇ ਚਿੰਨ੍ਹ ਤੋਂ ਹੀ ਵਿਗਸਿਆ ਹੋਇਆ ਹੈ, ਪਰ ਕਿਉਂਕਿ ਇਹ ਪੰਜਾਬੀ ਉਚਾਰਨ ਦੀ ਸੁਰ ਨੂੰ ਲਿਖਤ ਰਾਹੀਂ ਪ੍ਰਗਟਾਉਣ ਦੇ ਕੰਮ ਵੀ ਆਉਂਦਾ ਹੈ, ਇਸ ਲਈ ਇਸ ਦੀ ਵਰਤੋਂ ਲਿਖਾਰੀਆਂ ਨੂੰ ਔਖਾ ਕਰਦੀ ਰਹੀ। ਮਸਲਨ ਜੇ ਇੱਕ ਜਾਣਾ ‘ਅਵਹਿ’ ਲਿਖ ਕੇ ਰਾਜ਼ੀ ਸੀ, ਤਾਂ ਦੂਜਾ ਇਸ ਨੂੰ ‘ਆਵੈ’ ਲਿਖਣਾ ਪਸੰਦ ਕਰਦਾ ਸੀ। ਇਸ ਲਈ ਇਸ ਅੱਖਰ ਨੂੰ ਅੰਤਲੇ ਭਾਗ ਵਿੱਚੋਂ ਚੁੱਕ ਕੇ ਪਹਿਲੀ ਪਾਲ ਦੇ ਅੰਤ ਵਿੱਚ ਟਿਕਾ ਦਿੱਤਾ ਗਿਆ। ‘ਸੱਸੇ’ ਦੀ ਕਹਾਣੀ ਈੜੀ ਨਾਲ ਮੇਲ ਖਾਂਦੀ ਹੈ। ਦੇਵਨਾਗਰੀ ਦਾ ‘ਸ’ ਬ੍ਰਹਮੀ ਦੇ ‘ਸ’ ਤੋਂ ਵਿਗਸਿਆ ਹੋਇਆ ਹੈ, ਪਰ ਗੁਰਮੁਖੀ ਨੇ ਇਸ ਨੂੰ ਆਪਣੀ ਵਰਨਮਾਲਾ ਵਿੱਚ ਕੋਈ ਥਾਂ ਨਹੀਂ ਦਿੱਤੀ ਅਤੇ ਉਸ ਦੀ ਥਾਂ ਜਿਹੜਾ ਅੱਖਰ-ਚਿੰਨ੍ਹ ਅਪਣਾਇਆ, ਉਸ ਨੂੰ ‘ਬ੍ਰਹਮੀ’ ਤੇ ਉਸ ਤੋਂ ਵਿਗਸੀਆਂ ਇਸ ਇਲਾਕੇ ਦੀਆਂ ਹੋਰ ਲਿਪੀਆਂ ਵਿੱਚ ‘ਸ਼’ ਧੁਨੀ ਲਈ ਸਮਰਪਿਤ ਕੀਤਾ ਹੋਇਆ ਸੀ। ਮਸਲਨ ਸ਼ਾਰਦਾ ਵਿੱਚ ‘ਸ’ ਅੱਖਰ ‘ਸ਼’ ਦਾ ਉਚਾਰਨ ਹੀ ਪ੍ਰਗਟਾਉਂਦਾ ਹੈ। ਇਸ ਲਈ ਇਹ ‘ਸ਼’ ਧੁਨੀ ਵਾਲਾ ਪੁਰਾਣਾ ਚਿੰਨ੍ਹ ਲੈ ਕੇ, ਇਸ ਨੂੰ ‘ਸ’ ਧੁਨੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਵਰਨਮਾਲਾ ਦੀ ਪਹਿਲੀ ਪਾਲ ਵਿੱਚ ਚੌਥੀ ਥਾਂ ਉੱਤੇ ਟਿਕਾ ਦਿੱਤਾ। ਬ੍ਰਹਮੀ ਤੋਂ ਵਿਗਸਿਆ ‘ਖ’ ਵੀ ਗੁਰਮੁਖੀ ਨੇ ਬਦਲਵੇਂ ਰੂਪ ਵਿੱਚ ਅਪਣਾਇਆ ਹੈ। ਇਸ ਨੂੰ ਪੇਟ-ਚੀਰਵੇਂ ‘ਸ਼’ ਦੀ ਥਾਂ ਟਿਕਾ ਕੇ, ਇਸ ਤੋਂ ‘ਖ’ ਧੁਨੀ ਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ। ਅੰਤਲਾ ਅਤੇ ਨਵ-ਵਰਗ ਮਿਲਵੇਂ-ਜੁਲਵੇਂ ਵਿਅੰਜਨ ਲਿਪੀ ਚਿੰਨ੍ਹਾਂ ਨੂੰ ਪ੍ਰਗਟਾਉਂਦਾ ਜਾਂ ਉਹਨਾਂ ਦਾ ਵਾਹਨ ਬਣਦਾ ਹੈ। ਭਾਵੇਂ ਇੱਕ ਨਾ ਖ਼ੁਸ਼ਗਵਾਰ ਤੱਥ ਇਹ ਵੀ ਹੈ ਕਿ ਗੁਰਮੁਖੀ ਲਿਪੀ ਦੀ ਵਰਤੋਂ ਵਿਵਾਦ ਦਾ ਵਿਸ਼ਾ ਬਣਦੀ ਰਹੀ ਹੈ, ਐਪਰ ਹਕੀਕਤ ਇਹ ਹੈ ਕਿ ਹੋਰਨਾਂ ਲਿਪੀਆਂ ਵਾਂਗ ਗੁਰਮੁਖੀ ਲਿਪੀ ਵੀ ਇੱਕ ਲੰਮੇ ਇਤਿਹਾਸਿਕਕਾਲ ਦੌਰਾਨ ਵਿਕਸਿਤ ਹੋਈ ਹੈ ਅਤੇ ਇਸ ਦਾ ਮੂਲ ਸ੍ਰੋਤ ਬ੍ਰਹਮੀ ਲਿਪੀ ਹੈ। 10ਵੀਂ-11ਵੀਂ ਸਦੀ ਤੋਂ ਇਸ ਖਿਤੇ ਦੀ ਲਿਪੀ ਲਈ ਭੱਟਛਰੀ, ਸਿਧ ਮਾਤ੍ਰਿਕਾ ਤੇ ਸ਼ਾਰਦਾ ਆਦਿ ਨਾਮ ਪ੍ਰਚਲਿਤ ਸਨ, ਪਰ ਗੁਰੂ ਸਾਹਿਬਾਨ ਵੱਲੋਂ ਇਸ ਲਿਪੀ ਨੂੰ ਇੱਕ ਸਥਾਨਿਕ ਲਿਪੀ ਵਜੋਂ ਅਪਣਾਉਣ ਅਤੇ ਇਸ ਲਿਪੀ ਨੂੰ ਗੁਰਬਾਣੀ ਲਈ ਵਰਤਣ ਕਾਰਨ, ਇਸ ਦਾ ਨਾਮ ਗੁਰਮੁਖੀ ਪੈ ਗਿਆ। ਇਹ ਪ੍ਰਸ਼ਨ ਵੀ ਲਗਪਗ ਨਜਿੱਠਿਆ ਹੋਇਆ ਹੈ ਕਿ ਪੰਜਾਬੀ ਜ਼ੁਬਾਨ ਦੀਆਂ ਵਿਸ਼ੇਸ਼ ਧੁਨੀਆਂ ਦੇ ਪ੍ਰਗਟਾਉਣ ਲਈ ਗੁਰਮੁਖੀ ਹੀ ਇੱਕੋ-ਇੱਕ ਢੁੱਕਵੀਂ ਲਿਪੀ ਹੈ। ਇਹ ਲਿਪੀ ਪੰਜਾਬੀ ਭਾਸ਼ਾ ਲਈ ਲੰਮੇ ਸਮੇਂ ਤੋਂ ਵਰਤੋਂ ਵਿੱਚ ਆ ਰਹੀ ਹੈ ਤੇ ਅੱਜ ਜਦੋਂ ਭਾਰਤ ਦੇ ਪੰਜਾਬ ਪ੍ਰਾਂਤ ਵਿੱਚ ਇਸ ਨੂੰ ਰਾਜਸੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਅਤੇ ਇਹ ਉਚੇਰੀ ਸਿੱਖਿਆ ਦਾ ਮਾਧਿਅਮ ਹੈ ਤਾਂ ਇਸ ਵਰਤੋਂ ਲਈ ਗੁਰਮੁਖੀ ਨੂੰ ਹੀ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ।
ਵਰਤੋਂ ਦੇ ਨੇਮ
ਸੋਧੋਇਕ ਭਾਸ਼ਾ ਦਾ ਵਰਤਾਰਾ ਦੂਜੀ ਭਾਸ਼ਾ ਨਾਲੋਂ ਭਿੰਨ ਹੁੰਦਾ ਹੈ। ਭਾਵੇਂ ਇਹ ਭਿੰਨਤਾ ਕੁਝ ਨਿਯਮਾਂ ਦੇ ਅੰਤਰਗਤ ਹੀ ਹੁੰਦੀ ਹੈ, ਇੱਕ ਭਾਸ਼ਾ ਭਾਵੇਂ ਦੂਜੀ ਭਾਸ਼ਾ ਨਾਲ ਪਰਿਵਾਰਕ ਅਤੇ ਬਣਤਰਾਤਮਕ ਪੱਧਰ ’ਤੇ ਕਿੰਨੀ ਵੀ ਨੇੜੇ ਕਿਉਂ ਨਾ ਹੋਵੇ। ਇਸ ਲਈ ਭਾਸ਼ਾ ਲਈ ਇਹ ਇੱਕ ਆਦਰਸ਼ਕ ਸਥਿਤੀ ਹੋਵੇਗੀ ਕਿ ਹਰ ਭਾਸ਼ਾ ਦਾ ਕੋਈ ਆਪਣਾ ਲਿਖਣ-ਪਰਬੰਧ ਹੋਵੇ ਪਰ ਇਸ ਪਰਕਾਰ ਦੀ ਸਥਿਤੀ ਅਜੇ ਤੱਕ ਨਹੀਂ ਭਾਵ ਹਰ ਭਾਸ਼ਾ ਦੀ ਆਪੋ ਆਪਣੀ ਲਿਪੀ ਮੌਜੂਦ ਨਹੀਂ। ਭਾਸ਼ਾਵਾਂ ਦੀ ਗਿਣਤੀ ਦੀ ਇੱਕ ਲੰਬੀ ਸੂਚੀ ਹੈ ਪਰ ਲਿਪੀਆਂ ਦੀ ਸੂਚੀ ਸੀਮਤ ਹੈ। ਭਾਵੇਂ ਹਰ ਇੱਕ ਭਾਸ਼ਾ ਦੀ ਆਪਣੀ ਇੱਕ ਲਿਪੀ ਘੜੀ ਜਾ ਸਕਦੀ ਹੈ। ਪੰਜਾਬੀ ਭਾਸ਼ਾ ਨੂੰਲਿਖਤ ਵਿੱਚ ਲਿਆਉਣ ਲਈ ਮੋਟੇ ਤੌਰ ’ਤੇ ਦੋ ਲਿਪੀਆਂ ਦੀ ਵਰਤੋਂ ਕੀਤੀ ਜਾਂਦੀ ਹੈ: ਗੁਰਮੁਖੀ ਅਤੇ ਪਰਸ਼ੋ-ਅਰੈਬਿਕ। ਇਨ੍ਹਾਂ ਦੀ ਵਰਤੋਂ ਦਾ ਕਾਰਨ ਰਾਜਨੀਤਕ ਹੈ ਕਿਉਂਕਿ ਪੰਜਾਬੀ ਭਾਸ਼ੀ ਲੋਕ ਦੋ ਦੇਸ਼ਾਂ ਵਿੱਚ ਵੰਡੇ ਹੋਏ ਹਨ। ਗੁਰਮੁਖੀ ਨੂੰ ਪੰਜਾਬੀ ਭਾਸ਼ਾ ਦੇ ਲਿਖਣ ਲਈ ਪੂਰਬੀ ਪੰਜਾਬ ਵਿੱਚ ਵਰਤਿਆ ਜਾਂਦਾ ਹੈ। ਗੁਰਮੁਖੀ ਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਮੂਲ ਚਿੰਨ੍ਹਾਂ ਦੀ ਗਿਣਤੀ ਪੈਂਤੀ ਹੈ। ਇਸ ਲਿਪੀ ਨੂੰ ਖੱਬੇ ਤੋਂ ਸੱਜੇ ਵੱਲ ਲਿਖਿਆ ਜਾਂਦਾ ਹੈ। ਇਸ ਵਿੱਚ (ੳ, ਅ ਤੇ ੲ) ਸਵਰ-ਵਾਹਕ ਚਿੰਨ੍ਹ ਹਨ। ਇਨ੍ਹਾਂ ਚਿੰਨ੍ਹਾਂ ਵਿੱਚ ‘ੳ ਅਤੇ ੲ’ ਦਾ ਆਪਣਾ ਕੋਈ ਉਚਾਰਨ ਨਹੀਂ ਹੈ ਪਰ ਇਨ੍ਹਾਂ ਚਿੰਨ੍ਹਾਂ ਨਾਲ ਨੌਂ ਦੂਜੈਲੇ ਲਿਪੀ ਚਿੰਨ੍ਹ ਲੱਗ ਕੇ 10 ਸਵਰ ਧੁਨੀਆਂ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦੂਜੈਲੇ ਲਿਪੀ ਚਿੰਨ੍ਹਾਂ ਨੂੰ ਲਗ ਜਾਂ ਮਾਤਰਾ ਵੀ ਕਿਹਾ ਜਾਂਦਾ ਹੈ। ਇਹ ਮਾਤਰਾਵਾਂ ਇਸ ਪਰਕਾਰ ਹਨ; ੳ (ਉ, ਊ, ਓ) ਅ (ਆ, ਐ, ਔ) ਅਤੇ ੲ (ਇ, ਈ, ਏ)। (ਇ ਅ ਉ)ਲਘੂ ਸਵਰਾਂ ਦੇ ਸੂਚਕ ਹਨ ਜਦੋਂ ਕਿ ਬਾਕੀ ਦੀਰਘ ਸਵਰਾਂ ਦੇ ਸੂਚਕ ਹਨ। ਗੁਰਮੁਖੀ ਲਿਪੀ ਉਚਾਰਨ (ਸਥਾਨ) ’ਤੇ ਅਧਾਰਤ ਹੈ ਜਿਹਨਾਂ ਧੁਨੀਆਂ ਦਾ ਉਚਾਰਨ ਮੂੰਹ ਦੇ ਪਿਛਲੇ ਪਾਸੇ ਤੋਂ ਹੁੰਦਾ ਹੈ ਉਹਨਾਂ ਦਾ ਲਿਪੀ ਵਿੱਚ ਪਹਿਲਾ ਸਥਾਨ ਅਤੇ ਤਰਤੀਬਵਾਰ ਇਹ ਮੂੰਹ ਦੇ ਅੱਗੇ ਵੱਲ ਨੂੰ ਵੱਧਦਾ ਜਾਂਦਾ ਹੈ, ਜਿਵੇਂ: ਕ (ਮੂੰਹ ਦੇ ਪਿਛੇ ਕੰਠੀ), ਚ (ਉਸ ਤੋਂ ਅੱਗੇ ਤਾਲਵੀ), ਟ (ਸਖਤ ਤਾਲੂ), ਤ (ਦੰਤੀ) ਅਤੇ ਪ (ਦੋ ਹੋਂਠੀ) ਹੈ। ਇੱਕ ਵਰਗ ਦੀਆਂ ਧੁਨੀਆਂ ਲਈ ਇੱਕ ਪਾਲ ਹੈ ਜਿਵੇਂ (ਕ, ਖ, ਗ, ਙ) ਕੰਠੀ ਅਤੇ (ਪ, ਫ, ਬ, ਮ) ਦੋ ਹੋਂਠੀ। ਇਹੀ ਤਰਤੀਬਸਵਰਾਂ ਦੇ ਉਚਾਰਨ ’ਤੇ ਲਾਗੂ ਹੁੰਦੀ ਹੈ। ਅਜੋਕੀ ਪੂਰਬੀ ਪੰਜਾਬੀ ਵਿਚੋਂ ਸਘੋਸ਼ ਮਹਾਂ-ਪਰਾਣ ਧੁਨੀਆਂ (ਘ, ਝ, ਢ, ਧ ਤੇ ਭ) ਅਲੋਪ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਉਚਾਰਨ ਸੁਰ ਵਿੱਚ ਬਦਲ ਗਿਆ ਹੈ ਪਰ ਇਹ ਲਿਪੀ ਚਿੰਨ੍ਹ ਗੁਰਮੁਖੀ ਵਿੱਚ ਸ਼ਾਮਲ ਹਨ।[2] (ਞ ਤੇ ਙ) ਦੋ ਨਾਸਕੀ ਧੁਨੀਆਂ ਲਈ ਵਰਤੇ ਜਾਂਦੇ ਹਨ। ਇਹ ਧੁਨੀਆਂ ਬੋਲਚਾਲ ਵਿੱਚ ਤਾਂ ਕਿਤੇ ਕਿਤੇ ਵਰਤੀਆਂ ਜਾਂਦੀਆਂ ਹਨ ਪਰ ਅਜੋਕੀ ਲਿਖਤ ਵਿੱਚ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪੰਜਾਬੀ ਵਿੱਚ (ਹ, ਵ ਤੇ ਰ) ਤਿੰਨ ਧੁਨੀਆਂ ਹਨ ਜਿਹਨਾਂ ਦੀ ਵਰਤੋਂ ਮੂਲ ਰੂਪ ਵਿੱਚ ਵੀ ਹੁੰਦੀ ਹੈ। ਦੁਜੈਲੇ ਰੂਪ ਵਿੱਚ ਵੀ ਹੁੰਦੀ ਹੈ। ਦੂਜੈਲੇ ਰੂਪ ਵਿੱਚ ਇਹ ਦੂਜੇ ਲਿਪੀ ਚਿੰਨ੍ਹਾਂ ਦੇ ਪੈਰਾਂ ਵਿੱਚ ਲਿਖੇ ਜਾਂਦੇ ਹਨ। ਬਿੰਦੀ,ਟਿੱਪੀ ਅਤੇ ਅੱਧਕ ਤਿੰਨ ਹੋਰ ਚਿੰਨ੍ਹ ਹਨ ਜੋ ਦੂਜੇ ਲਿਪੀ ਚਿੰਨ੍ਹਾਂ ਨਾਲ ਵਰਤੇ ਜਾਂਦੇ ਹਨ। ਟਿੱਪੀ: ਦੁੱਤ ਵਿਅੰਜਨ ਤੇ ਨਾਸਿਕਤਾ ਲਈ, ਬਿੰਦੀ: ਨਾਸਿਕਤਾ ਲਈ ਅਤੇ ਅੱਧਕ ਦੁੱਤ ਵਿਅੰਜਨ ਲਈ ਵਰਤਿਆ ਜਾਂਦਾ ਹੈ। (ਹ) ਧੁਨੀ ਦੀ ਵਰਤੋਂ ਕੁਝ ਉਪਭਾਸ਼ਾਵਾਂ ਵਿੱਚ ਸ਼ਬਦ ਦੇ ਸ਼ੁਰੂ ਵਿੱਚ ਕੀਤੀ ਜਾਂਦੀ ਹੈ। ਬਾਦ ਵਿੱਚ ਇਹ ਸੁਰ ਵਿੱਚ ਬਦਲ ਜਾਂਦੀ ਹੈ। ਸ਼ਬਦ-ਜੋੜਾਂ ਨੂੰ ਤਰਕਸੰਗਤ ਬਣਾਉਣ ਲਈ ਪੰਜਾਬੀ ਧੁਨੀ-ਵਿਉਂਤ ਅਤੇ ਲਿਪੀ ਚਿੰਨ੍ਹਾਂ ਦੇ ਵਰਤਾਰਿਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਹਵਾਲੇ
ਸੋਧੋ- ↑ ਬੂਟਾ ਸਿੰਘ ਬਰਾੜ. "ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ)". ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
{{cite web}}
:|access-date=
requires|url=
(help); Missing or empty|url=
(help) - ↑ ਬਲਦੇਵ ਸਿੰਘ ਚੀਮਾ. "ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼". ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
{{cite web}}
:|access-date=
requires|url=
(help); Missing or empty|url=
(help)