ਗੁਰਮੁੱਖ ਸਿੰਘ ਲਲਤੋਂ
ਗੁਰਮੁੱਖ ਸਿੰਘ ਲਲਤੋਂ (3 ਦਸੰਬਰ 1888 -13 ਮਾਰਚ 1977) ਦਾ ਜਨਮ ਪਿਤਾ ਹੁਸਨਾਕ ਸਿੰਘ ਦੇ ਘਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਖੁਰਦ ਵਿਖੇ ਹੋਇਆ। ਮੁੱਢਲੀ ਪੜ੍ਹਾਈ ਪਿੰਡ ਵਿੱਚ ਕਰਨ ਤੋਂ ਬਾਅਦ ਆਪ ਨੂੰ ਮਿਸ਼ਨ ਸਕੂਲ ਲੁਧਿਆਣਾ ਵਿਖੇ ਪੜ੍ਹਨ ਲਈ ਪਾ ਦਿੱਤਾ ਗਿਆ।
ਗੁਰਮੁੱਖ ਸਿੰਘ ਲਲਤੋਂ |
---|
ਉੱਚ ਵਿੱਦਿਆ ਅਤੇ ਕਾਮਾਗਾਟਾਮਾਰੂ
ਸੋਧੋਉੱਚ ਵਿੱਦਿਆ ਅਤੇ ਰੁਜ਼ਗਾਰ ਵਾਸਤੇ ਆਪ ਹਾਂਗਕਾਂਗ ਹੁੰਦੇ ਹੋਏ ਕਾਮਾਗਾਟਾਮਾਰੂ ਜਹਾਜ਼ ਰਾਹੀਂ 23 ਮਾਰਚ 1913 ਨੂੰ ਵੈਨਕੂਵਰ (ਕੈਨੇਡਾ) ਨੇੜੇ ਪੁੱਜੇ। ਇੰਗਲੈਂਡ ਅਤੇ ਕੈਨੇਡਾ ਦੀਆਂ ਸਰਕਾਰਾਂ ਦੀ ਸਾਮਰਾਜੀ ਸਾਜ਼ਿਸ ਦੇ ਸਿੱਟੇ ਵਜੋਂ ਉੱਥੋਂ ਦੀ ਪੁਲੀਸ ਨੇ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਸੀ। ਮੁਸਾਫ਼ਰਾਂ ‘ਤੇ ਅਗਨ ਬੋਟਾਂ ਰਾਹੀਂ ਜਲ ਹੱਲਾ ਬੋਲਿਆ ਗਿਆ ਜਿਸਦਾ ਮੁਸਾਫ਼ਰਾਂ ਨੇ ਪੱਥਰ ਦੇ ਕੋਲਿਆਂ ਨਾਲ ਡਟ ਕੇ ਮੁਕਾਬਲਾ ਕੀਤਾ। ਇਸ ਟਾਕਰੇ ਵਿੱਚ ਗੁਰਮੁੱਖ ਸਿੰਘ ਮੋਹਰੀ ਸਫ਼ਾਂ ਵਿੱਚ ਸਨ। ਇਨ੍ਹਾਂ ਪਰਖ ਦੀਆਂ ਘੜੀਆਂ ਦੌਰਾਨ ਹੀ ਆਪ ਗ਼ਦਰ ਪਾਰਟੀ ਦੇ ਮੈਂਬਰ ਬਣੇ। ਵਾਪਸੀ ‘ਤੇ ਜਹਾਜ਼ ਬਜਬਜ ਘਾਟ ਕਲਕੱਤਾ ਵਿਖੇ ਲੱਗਿਆ। ਅੰਗਰੇਜ਼ ਹਕੂਮਤ ਨੇ 19 ਯਾਤਰੀਆਂ ਨੂੰ ਮਾਰ ਦਿੱਤਾ ਜਦੋਂਕਿ 9 ਮੁਸਾਫ਼ਰ ਫੱਟੜ ਹੋ ਗਏ। ਗੁਰਮੁੱਖ ਸਿੰਘ ਨੂੰ ਅਲੀਪੁਰ ਜੇਲ੍ਹ ਵਿੱਚ ਡੱਕੀ ਰੱਖਿਆ ਗਿਆ। ਰਿਹਾਈ ਉੱਪਰੰਤ ਪਿੰਡ ਵਿੱਚ ਜੂਹਬੰਦੀ ਕਰ ਦਿੱਤੀ ਗਈ ਜਿਸ ਨੂੰ ਟਿੱਚ ਜਾਣਦੇ ਹੋਏ ਆਪ ਅੰਗਰੇਜ਼ ਸਾਮਰਾਜ ਦਾ ਤਖ਼ਤਾ ਪਲਟਾਉਣ ਲਈ ਹਥਿਆਰਬੰਦ ਗ਼ਦਰ ਵਿੱਚ ਕੁੱਦ ਪਏ।
ਅਜ਼ਾਦੀ ਦੀ ਲੜਾਈ
ਸੋਧੋ1915 ਵਿੱਚ ਆਪ ਕਰਤਾਰ ਸਿੰਘ ਸਰਾਭਾ ਨਾਲ ਲਾਹੌਰ ਤੋਂ ਫੜੇ ਗਏ ਅਤੇ ਆਪ ਨੂੰ ਬਾਮੁਸ਼ੱਕਤ ਉਮਰ ਕੈਦ ਲਈ ਕਾਲੇ ਪਾਣੀ ਭੇਜ ਦਿੱਤਾ ਗਿਆ। 1922 ਦੀ ਜੇਲ ਬਦਲੀ ਮੌਕੇ ਆਪ ਨੇ ਤ੍ਰਿਚਨਾਪੱਲੀ (ਤਾਮਿਲਨਾਡੂ) ਨੇੜੇ ਚੱਲਦੀ ਰੇਲਗੱਡੀ ‘ਚੋਂ ਸਣੇ ਹੱਥਕੜੀਆਂ ਛਾਲ ਮਾਰ ਦਿੱਤੀ ਅਤੇ ਗੁਪਤ ਰੂਪ ਵਿੱਚ ਅਫ਼ਗ਼ਾਨਸਿਤਾਨ ਪੁੱਜ ਕੇ ਅੰਗਰੇਜ਼ਾਂ ਖ਼ਿਲਾਫ਼ ਯੁੱਧ ਦੀ ਤਿਆਰੀ ਵਿੱਚ ਜੁਟ ਗਏ। ਰੂਸ (ਸੋਵੀਅਤ ਯੂਨੀਅਨ) ਵਿੱਚ ਆਏ 1917 ਦੇ ਇਨਕਲਾਬ ਦੇ ਪੂਰੀ ਦੁਨੀਆ ਵਿੱਚ ਪਏ ਪ੍ਰਭਾਵ ਅਧੀਨ ਆਪ 1925 ਵਿੱਚ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ ਅਤੇ ਵੱਖ-ਵੱਖ ਮੁਲਕਾਂ ਵਿੱਚ ਘੁੰਮਦੇ ਹੋਏ ਆਪ ਭਾਰਤ ਦੀ ਮੁਕਤੀ ਲਈ ਜੂਝਦੇ ਰਹੇ।
ਗ਼ਦਰ ਦੀ ਮੁੜ ਜਥੇਬੰਦੀ
ਸੋਧੋ1928 ਵਿੱਚ ਗ਼ਦਰ ਦੀ ਮੁੜ ਜਥੇਬੰਦੀ ਲਈ ਆਪ ਅਮਰੀਕਾ ਗਏ। 1934 ਤੋਂ ‘ਕੇਸ਼ੋ ਰਾਮ’ ਦੇ ਨਾਂ ਹੇਠ ਜੂਝਦੇ ਕਿਸਾਨੀ ਮੋਰਚੇ ਅਤੇ ਕਿਰਤੀ ਪਾਰਟੀ ਦੀ ਅਗਵਾਈ ਕੀਤੀ। 1935 ਵਿੱਚ ਇਸ ਪਾਰਟੀ ਦੇ ਸਕੱਤਰ ਬਣੇ ਅਤੇ ਪਾਰਟੀ ਦੇ 2 ਪਰਚਿਆਂ ‘ਕਿਰਤੀ’ ਅਤੇ ‘ਲਾਲ ਢੰਡੋੋਰਾ’ ਦੇ ਇੰਚਾਰਜ ਵੀ ਰਹੇ। ਇਨ੍ਹਾਂ ਨੂੰ 1936 ਵਿੱਚ ਮੁੜ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁੜ ਕਾਲੇ ਪਾਣੀ ਭੇਜ ਦਿੱਤਾ ਗਿਆ। ਆਪ ਨੇ ਰਿਹਾਈ ਵੇਲੇ ਤਕ ਵੱਖ-ਵੱਖ ਜੇਲ੍ਹਾਂ ਵਿੱਚ ਰਹਿ ਕੇ ਬਾਮੁਸ਼ੱਕਤ ਕੈਦ ਕੱਟੀ ਅਤੇ ਕੈਦੀਆਂ ਦੀ ਭਲਾਈ ਲਈ ਚੱਲੇ ਜੇਲ੍ਹ ਘੋਲਾਂ ਦੀ ਅਗਵਾਈ ਕੀਤੀ। 1947 ਵਿੱਚ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਨਿਕਲਣਾ ਪਿਆ ਪਰ ਬਾਬਾ ਗੁਰਮੁੱਖ ਸਿੰਘ ਨੇ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਮੌਜੂਦਾ ਸਾਮਰਾਜੀ ਜਗੀਰੂ ਪ੍ਰਬੰਧ ਦਾ ਖ਼ਾਤਮਾ ਕਰਨ ਤੇ ਨਵਾਂ-ਨਰੋਆ ਲੋਕ ਜਮਹੂਰੀ ਰਾਜ ਪ੍ਰਬੰਧ ਸਿਰਜਣ ਲਈ 1948 ਤੋਂ 52 ਤਕ ਗੁਪਤ ਵਾਸ ਕੱਟਦਿਆਂ ਅਨੇਕਾਂ ਲੋਕ ਘੋਲਾਂ ਦੀ ਉਸਾਰੀ ਕੀਤੀ। 1959 ਵਿੱਚ ਕਿਸਾਨ ਮੋਰਚੇ ਦੀ ਰਹਿਨੁਮਾਈ ਕੀਤੀ। 1962 ਵਿੱਚ ਹਿੰਦ-ਚੀਨ ਜੰਗ ਸਮੇਂ ਆਪ ਨੂੰ ਮੁੜ ਜੇਲ ਵਿੱਚ ਡੱਕ ਦਿੱਤਾ ਗਿਆ। 1967 ਤੋਂ 77 ਤਕ ਆਪ ਨੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਦੀ ਉਸਾਰੀ ਕਰਵਾਈ।
ਸਦੀਵੀ ਵਿਛੋੜਾ
ਸੋਧੋਆਖ਼ਰ 13 ਮਾਰਚ 1977 ਨੂੰ ਆਪ ਦੇਸ਼ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ।