ਕੁੰਡੇ/ਸੁਨਹਿਰੇ ਵਿਚ ਜਿਸ ਲੱਕੜ ਦੇ ਸੋਟੇ ਨਾਲ ਲੂਣ, ਮਿਰਚ, ਮਸਾਲਾ ਆਦਿ ਰਗੜਿਆ ਜਾਂਦਾ ਹੈ, ਉਸ ਨੂੰ ਘੋਟਣਾ ਕਹਿੰਦੇ ਹਨ। ਘੋਟਣੇ ਦੀ ਵਰਤੋਂ ਚਟਣੀ ਕਰਨ, ਠੰਡਿਆਈ ਰਗੜਣ, ਭੰਗ ਘੋਟਣ, ਦੁਆਈਆਂ ਰਗੜਣ ਅਤੇ ਹੋਰ ਕਈ ਕਿਸਮਾਂ ਦੀਆਂ ਵਸਤਾਂ ਰਗੜਣ ਲਈ ਕੀਤੀ ਜਾਂਦੀ ਹੈ।

ਘੋਟਣਾ ਆਮ ਤੌਰ 'ਤੇ ਚਾਰ ਕੁ ਫੁੱਟ ਤੱਕ ਲੰਮਾ ਹੁੰਦਾ ਹੈ। ਇਹ ਗੁਲਾਈਦਾਰ ਬਣਾਇਆ ਜਾਂਦਾ ਹੈ ਤਾਂ ਜੋ ਅਸਾਨੀ ਨਾਲ ਹੱਥ ਵਿਚ ਫੜ ਕੇ ਵਰਤਿਆ ਜਾ ਸਕੇ। ਘੋਟਣਾ ਵਿਸ਼ੇਸ਼ ਤੌਰ 'ਤੇ ਨਿੰਮ ਦੀ ਲੱਕੜ ਦਾ ਬਣਾਇਆ ਜਾਂਦਾ ਹੈ ਕਿਉਂ ਜੋ ਨਿੰਮ ਦੀ ਲੱਕੜ ਬਹੁਤ ਸਾਰੀਆਂ ਬਿਮਾਰੀਆਂ ਲਈ ਗੁਣਕਾਰੀ ਹੈ। ਨਿਹੰਗ ਸਿੰਘਾਂ ਦੇ ਭੰਗ ਰਗੜਣ ਵਾਲੇ ਘੋਟਣੇ ਦੀ ਲੰਬਾਈ ਆਮ ਤੌਰ 'ਤੇ ਛੇ ਕੁ ਫੁੱਟ ਦੀ ਹੁੰਦੀ ਹੈ ਜਿਸ ਨਾਲ ਉਨ੍ਹਾਂ ਨੇ ਘੁੰਗਰੂ ਵੀ ਬੰਨ੍ਹੇ ਹੁੰਦੇ ਹਨ। ਘੋਟਣੇ ਤੋਂ ਕਈ ਵੇਰ ਭੂੰਡ ਆਸ਼ਕਾਂ ਨੂੰ ਕੁੱਟਣ ਦਾ ਕੰਮ ਵੀ ਲਿਆ ਜਾਂਦਾ ਹੈ। ਕਈ ਨੂੰਹਾਂ ਆਪਣੀ ਅੜਬ ਸੱਸ ਦੀ ਅੜਬਾਈ ਕੱਢਣ ਲਈ ਵੀ ਘੋਟਣੇ ਦੀ ਵਰਤੋਂ ਕਰ ਲੈਂਦੀਆਂ ਸਨ/ਹਨ। ਪੁਲਸ ਵਾਲੇ ਵੀ ਕਿਸੇ ਦੋਸ਼ੀ ਤੋਂ ਦੋਸ਼ ਮੰਨਵਾਉਣ ਲਈ ਘੋਟਣੇ ਦੀ ਵਰਤੋਂ ਕਰਦੇ ਹਨ।

ਹੁਣ ਬਾਜ਼ਾਰ ਵਿਚੋਂ ਲੂਣ, ਮਿਰਚ, ਮਸਾਲੇ ਪੀਸੇ ਹੋਏ ਮਿਲ ਜਾਂਦੇ ਹਨ। ਠੰਡਿਆਈ ਲੋਕ ਪੀਣੋਂ ਹੱਟ ਗਏ ਹਨ। ਚਟਣੀ ਬਹੁਤ ਘੱਟ ਖਾਂਦੇ ਹਨ। ਨਿਹੰਗ ਸਿੰਘ ਜ਼ਰੂਰ ਆਪਣੀ ਭੰਗ ਘੋਟਣੇ ਨਾਲ ਘੋਟਦੇ ਹਨ। ਘੋਟਣੇ ਦੀ ਵਰਤੋਂ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਈ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.