ਜਾਪੁ ਸਾਹਿਬ ਪਾਵਨ ਬਾਣੀ ਦੇ ਸਿਰਲੇਖ ਤੋਂ ਵਿੱਦਤ (ਪ੍ਰਗਟ) ਹੈ ‘ਸ੍ਰੀ ਜਾਪੁ ਸਾਹਿਬ’ ਪਾਤਿਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਇਹ ਦਸਮ ਗ੍ਰੰਥ ਦੀ ਮੁੱਢਲੀ ਬਾਣੀ ਹੈ। ਇਸ ਦੀ ਕਾਵਿਕ ਬਣਤਰ ਗਣਿਕ ਛੰਦਾ-ਬੰਦੀ ‘ਤੇ ਆਧਾਰਤ ਹੈ ਅਤੇ ਇਸ ਦੇ ਕੁਲ 199 ਛੰਦ ਹਨ। ਇਸ ਵਿੱਚ ਹੇਠ ਲਿਖੇ ਛੰਦਾਂ ਦੀ ਵਰਤੋਂ ਕੀਤੀ ਮਿਲਦੀ ਹੈ:

  1. ਛਪੈ ਛੰਦ 1 ਵਾਰੀ
  2. ਭੁਜੰਗ ਪ੍ਰਯਾਤ ਛੰਦ 6 ਵਾਰੀ
  3. ਚਾਚਰੀ ਛੰਦ 5 ਵਾਰੀ
  4. ਚਰਪਟ ਛੰਦ 2 ਵਾਰੀ
  5. ਰੂਆਲ ਛੰਦ 1 ਵਾਰੀ
  6. ਮਧੁਭਾਰ ਛੰਦ 2 ਵਾਰੀ
  7. ਭਗਵਤੀ ਛੰਦ 2 ਵਾਰੀ
  8. ਰਸਾਵਲ ਛੰਦ 1 ਵਾਰੀ
  9. ਹਰਿਬੋਲਮਨਾ ਛੰਦ 1 ਵਾਰੀ
  10. ਏਕ ਅਛਰੀ ਛੰਦ 1 ਵਾਰੀ

ਬੋਲੀ

ਸੋਧੋ

'ਸ੍ਰੀ ਜਾਪੁ ਸਾਹਿਬ ਦੀ ਬੋਲੀ ਸਾਧ-ਭਾਸ਼ਾ ਅਤੇ ਫ਼ਾਰਸੀ ਦਾ ਅਦਭੁਤ ਮਿਸ਼ਰਣ ਹੈ। ਫ਼ਾਰਸੀ ਅਤੇ ਬ੍ਰਜ ਦੇ ਕਈ ਸ਼ਬਦਾਂ ਦੇ ਸੁਮੇਲ ਤੋਂ ਕਈ ਸੁਆਦਲੇ ਸਮਾਸੀ ਸ਼ਬਦ-ਜੁੱਟ ਬਣਾਏ ਹੋਏ ਹਨ। ਇਸ ਭਾਸ਼ਾਈ ਸਾਂਝ ਦੁਆਰਾ ਇਹ ਸੋਝੀ ਦਿੱਤੀ ਹੋਈ ਹੈ ਕਿ ਸਾਰੀਆਂ ਭਾਸ਼ਾਵਾਂ ਪ੍ਰਭੂ-ਉਸਤਤਿ ਲਈ ਵਰਤੇ ਜਾਣ ਦੀਆਂ ਅਧਿਕਾਰੀ ਹਨ, ਇਹਨਾਂ ਵਿੱਚ ਦੇਸ ਜਾਂ ਨਸਲ ਦੇ ਆਧਾਰ ‘ਤੇ ਵਿਤਕਰਾ ਕਰਨਾ ਨਿਰਮੂਲ ਹੈ। ਇਸ ਬਾਣੀ ਦੀ ਸ਼ਬਦ-ਬਣਤਰ ਅਤੇ ਸ਼ਬਦ-ਜੜਤ ਬੜੀ ਸਰਲ ਅਤੇ ਸੁਰੀਲੀ ਹੈ। ਇਸ ਦੀ ਛੰਦ-ਚਾਲ ਪਹਾੜੀ ਨਦੀ ਦੇ ਤੀਬਰ ਵੇਗ ਵਾਂਗ ਰਾਗਾਤਮਿਕ ਹੈ। ਵੱਖ ਵੱਖ ਬੋਲੀਆਂ ਦੇ ਵੰਨ-ਸਵੰਨੇ ਸ਼ਬਦਾਂ ਦੀ ਵੱਖ ਵੱਖ ਛੰਦਾਂ-ਬੰਦੀ ਵਿੱਚ ਵਰਤੋਂ ਪਾਠਕ ਦੀ ਸੁਰਤੀ ਨੂੰ ਕੀਲ ਰੱਖਦੀ ਹੈ। ਸ਼ੁਰੂ ਸ਼ੁਰੂ ਵਿੱਚ ਇਹ ਬਾਣੀ ਕਠਨ ਲੱਗਦੀ ਹੈ, ਪਰ ਜਿਉਂ ਜਿਉਂ ਪਾਠ-ਅਭਿਆਸ ਸਦਕਾ ਇਸ ਦੇ ਸ਼ਬਦ ਮੂੰਹ ‘ਤੇ ਚੜ੍ਹਦੇ ਜਾਂਦੇ ਹਨ, ਇਹ ਸੁਖੈਨ ਲੱਗਣ ਲੱਗ ਪੈਂਦੀ ਹੈ ਅਤੇ ਬਹੁਤ ਛੇਤੀ ਕੰਠਾਗਰ ਹੋ ਜਾਂਦੀ ਹੈ। ਜਿਵੇ:

ਕਿ ਸਰਬੱਤ੍ਰ ਜਾਹੋ॥113॥
ਕਿ ਸਰਬੰ ਕਲੀਮੈ॥
ਕਿ ਪਰਮੰ ਫਹੀਮੈ॥120॥
ਸਮਸਤੁਲ ਜੁਬਾਂ ਹੈਂ॥155॥
ਸਦੈਵਲ ਅਕਾਮ ਹੈਂ॥127॥
ਸਮਸਤੁਲ ਕਲਾਮ ਹੈਂ॥150॥
ਹਮੇਸੁਲ ਅਭੇਖ ਹੈਂ॥157॥
ਕਿ ਸਰਬੁਲ ਗਵੰਨ ਹੈਂ॥
ਹਮੇਸੁਲ ਰਵੰਨ ਹੈਂ॥156॥
ਰੁਜੂਅਲ ਨਿਧਾਨੈਂ॥123॥

ਵਿਸ਼ਾ ਅਕਾਲ ਪੁਰਖ

ਸੋਧੋ

ਸ੍ਰੀ ਜਾਪੁ ਸਾਹਿਬ ਦਾ ਪ੍ਰਮੁੱਖ ਵਿਸ਼ਾ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਹੈ। ਇੱਕ ਅੰਦਾਜ਼ੇ ਮੂਜਬ ਇਸ ਵਿੱਚ ਅਕਾਲ ਪੁਰਖ ਦਾ ਹਜ਼ਾਰ ਤੋਂ ਵੱਧ ਉਪ-ਨਾਮਾਂ ਦੁਆਰਾ ਅਭਿਨੰਦਨ ਕੀਤਾ ਹੋਇਆ ਹੈ। ਇਸ ਦੇ ਅਧਿਐਨ ਅਤੇ ਪਾਠ ਕਰਨ ਨਾਲ ਜਗਿਆਸੂ ਨੂੰ ਵਾਹਦ-ਪ੍ਰਸਤ (ਇਕ ਅਕਾਲ ਪੁਰਖ ਦੇ ਪੁਜਾਰੀ) ਹੋਣ ਦੀ ਪ੍ਰੇਰਨਾ ਮਿਲਦੀ ਹੈ। ਅਕਾਲ ਪੁਰਖ ਦੀ ਬਹੁ-ਗੁਣੀ ਹੋਂਦ-ਹਸਤੀ ਦੇ ਅਹਿਸਾਸ ਦੇ ਨਾਲ ਨਾਲ ਆਪਣੀ ਨਿਗੂਣੀ ਹੋਂਦ-ਹਸਤੀ ਦੀ ਤੁੱਛਤਾ ਦਾ ਵੀ ਅਹਿਸਾਸ ਹੁੰਦਾ ਹੈ ਅਤੇ ਇਸ ਤਰ੍ਹਾਂ ਹਉਮੈ ਦੀ ਨਵਿਰਤੀ ਵਿੱਚ ਮਦਦ ਮਿਲਦੀ ਹੈ। ਇਸ ਦੇ ਪਾਠ ਦੁਆਰਾ ਸਰਬ-ਸ਼ਕਤੀਮਾਨ ਅਤੇ ਸਰਬ-ਗੁਣ-ਸੰਪੂਰਨ ਅਕਾਲ ਪੁਰਖ ਨਾਲ ਸੁਰਤਿ-ਸੰਬੰਧ ਜੁੜਨ ਸਦਕਾ ਮਨ ਨੂੰ ਧੀਰਜ ਅਤੇ ਧੁਰਾਸ ਮਿਲਦਾ ਹੈ।

ਅਨੂਠਾ ਸੰਗ੍ਰਹਿ

ਸੋਧੋ

ਸ੍ਰੀ ਜਾਪੁ ਸਾਹਿਬ ਅਕਾਲ ਪੁਰਖ ਦੇ ਸਰਗੁਣ (ਮਾਇਆ ਦੇ ਤਿੰਨਾਂ ਗੁਣਾਂ-ਸਤੋ, ਰਜੋ, ਤਮੋ-ਵਿਚ ਵਿਆਪਕ) ਅਤੇ ਨਿਰਗੁਣ (ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ) ਦੋਹਾਂ ਸਰੂਪਾਂ ਦੇ ਵਾਚਕ ਸ਼ਬਦਾਂ ਦਾ ਅਨੂਠਾ ਸੰਗ੍ਰਹਿ ਹੈ।

  • ਆਖਣ ਨੂੰ ਭਾਵੇਂ ਇਹ ਦੋਵੇਂ ਸਰੂਪ ਵੱਖਰੇ ਵੱਖਰੇ ਹਨ ਅਤੇ ਵੇਖਣ ਨੂੰ ਪਰਸਪਰ ਵਿਰੋਧੀ ਜਾਪਦੇ ਹਨ, ਪਰ ਅਸਲ ਵਿੱਚ ਇਹ ਆਪਸ ਵਿੱਚ ਤਾਣੇ-ਪੇਟੇ ਵਾਂਗ ਓਤਿ-ਪੋਤਿ ਹਨ:
ਸਰਗੁਣ ਨਿਰਗੁਣ ਥਾਪੈ ਨਾਉ॥
ਦੁਹ ਮਿਲਿ ਏਕੈ ਕੀਨੋ ਠਾਉ॥3॥17॥68॥ (ਪੰਨਾ 387)
  • ਨਿਰਗੁਣ ਬ੍ਰਹਮ ਨੇ ਹੀ ਸੈਵ-ਇੱਛਾ ਅਧੀਨ ‘ਸਰਗੁਣ’ ਹੋ ਕੇ ਇਹ ਦ੍ਰਿਸ਼ਟਮਾਨ ਪਸਾਰਾ ਪਸਾਰਿਆ ਹੋਇਆ ਹੈ ਅਤੇ ਉਹ ਖੁਦ ਇਸ ਅੰਦਰ ਗੁਪਤ ਰੂਪ ਵਿੱਚ ਵਿਆਪਕ ਹੋਇਆ ਪਿਆ ਹੈ। ਉਹ ਜਦੋਂ ਚਾਹੇ, ਦ੍ਰਿਸ਼ਟਮਾਨ ਪਸਾਰੇ ਨੂੰ ਸਮੇਟ ਕੇ ਆਪਣੇ ਨਿਰਗੁਣ ਸਰੂਪ ਵਿੱਚ ਲੀਨ ਕਰ ਲੈਂਦਾ ਹੈ। ਗੁਰਬਾਣੀ ਦੁਆਰਾ ਸੋਝੀ ਹੁੰਦੀ ਹੈ ਕਿ ਉਸ ਨੇ ਕਈ ਵਾਰ ਦ੍ਰਿਸ਼ਟਮਾਨ ਪਸਾਰਾ ਪਸਾਰਿਆ ਅਤੇ ਫਿਰ ਆਪਣੇ ਵਿੱਚ ਲੀਨ ਕੀਤਾ ਹੈ:
ਜਬ ਉਦਕਰਖ ਕਰਾ ਕਰਤਾਰਾ॥
ਪ੍ਰਜਾ ਧਰਤ ਤਬ ਦੇਹ ਅਪਾਰਾ॥
ਜਬ ਆਕਰਖ ਕਰਤ ਹੋ ਕਬਹੂੰ॥
ਤੁਮ ਮੈ ਮਿਲਤ ਦੇਹ ਧਰ ਸਭਹੂੰ॥13॥ (ਬੇਨਤੀ ਚੌਪਈ)
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥7॥10॥ (ਪੰਨਾ 276)
ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ॥
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥81॥ (ਸ੍ਰੀ ਜਾਪੁ ਸਾਹਿਬ)
  • ਇਸ ਲਈ ‘ਨਿਰਗੁਣ’ ਅਤੇ ‘ਸਰਗੁਣ’ ਅਕਾਲ ਪੁਰਖ ਦੇ ਪਰਸਪਰ ਵਿਰੋਧੀ ਗੁਣ ਨਹੀਂ, ਇਕੋ ਹੀ ਤਸਵੀਰ ਦੇ ਵੱਖ ਵੱਖ ਪਾਸੇ ਹਨ। ਰਹੱਸਵਾਦੀ ਮਹਾਂ-ਪੁਰਖਾਂ ਨੇ ਦ੍ਰਿਸ਼ਟਮਾਨ ਕੁਦਰਤਿ-ਪਸਾਰੇ ਵਿੱਚ ਸਮਾਏ ਹੋਏ ਅਦ੍ਰਿਸ਼ਟ ਕਾਦਰ ਦੀ ਹੋਂਦ-ਹਸਤੀ ਦਾ ਅਨੁਭਵ ਕਰ ਕੇ, ਗੁਣਾਂ ਅਤੇ ਕਰਮਾਂ ਦੇ ਆਧਾਰ ‘ਤੇ ਉਸ ਦੇ ਸਰਗੁਣ ਨਾਮ ਮਿਥ ਕੇ ਉਸ ਦੀ ਸਿਫ਼ਤਿ-ਸਲਾਹ ਕੀਤੀ ਹੈ, ਜਿਵੇ:
ਸਰਬੰ ਕਰਤਾ, ਸਰਬੰ ਹਰਤਾ, ਸਰਬੰ ਪਾਲੇ, ਸਰਬੰ ਕਾਲੇ, ਪਰਮਾਤਮ,
ਸਰਬਾਤਮ, ਤ੍ਰਿਮਾਨ, ਨਿਧਾਨ, ਪ੍ਰਿਥੀਸੈ, ਸੂਰਜ ਸੂਰਜੇ, ਚੰਦ੍ਰ ਚੰਦ੍ਰੇ ਆਦਿ।
  • ਇਸ ਦੇ ਨਾਲ ਹੀ ਉਸ ਦੇ ਨਿਰਗੁਣ ਸਰੂਪ ਦੇ ਨਾਮ ਵੀ ਮਿਥ ਕੇ ਉਸ ਦੀ ਉਸਤਤੀ ਕੀਤੀ ਹੈ। ਨਿਰੰਕਾਰ ਦਾ ਨਿਰਗੁਣ ਸਰੂਪ ਉਸ ਦੀ ਸੁੰਨ-ਸਮਾਧ ਅਵਸਥਾ ਦਾ ਵਾਚਕ ਹੈ। ਉਸ ਦਾ ਇਹ ਸਰੂਪ ਮਨੁੱਖੀ ਕਿਆਸ ਦੀ ਪਹੁੰਚ-ਪਕੜ ਤੋਂ ਬਾਹਰ ਹੈ। ਜਦ ਉਸ ਸਮੇਂ ਨਿਰੰਕਾਰ ਤੋਂ ਬਗੈਰ ਹੋਰ ਕਾਸੇ ਦੀ ਹੋਂਦ ਹੈ ਈ ਨਹੀਂ ਸੀ ਤਾਂ ਫਿਰ ਕੋਈ ਨਿਰੰਕਾਰ ਦੇ ਉਸ ਵੇਲੇ ਦੇ ਸਰੂਪ ਬਾਰੇ ਕੀ ਅਤੇ ਕਿਵੇਂ ਕੁਝ ਕਥਨ ਕਰੇ। ਇਸ ਸਰੂਪ ਬਾਰੇ ‘ਨੇਤਿ ਨੇਤਿ’ ਹੀ ਕਿਹਾ ਜਾ ਸਕਦਾ ਹੈ। ਸੋ, ਨਿਰਗੁਣ ਸਰੂਪ ਦੇ ਵਾਚਕ ਸ਼ਬਦਾਂ ਦੀ ਘਾੜਤ ਕਰਨ ਲਈ ਸ੍ਰੀ ਜਾਪੁ ਸਾਹਿਬ ਦੀ ਬਾਣੀ ਵਿੱਚ ਨਿਸ਼ੇਧ-ਅਰਥਕ ਅਗੇਤਰਾਂ ਅਤੇ ਪਿਛੇਤਰਾਂ ਦੀ ਸਹਾਇਤਾ ਲਈ ਗਈ ਹੈ।ਜਿਵੇ:
  • ਨਿਸ਼ੇਧ-ਅਰਥਕ ਅਗੇਤਰ-ਪਦਾਂ ਵਾਲੇ ਨਾਮ
ਅ- ਅ-ਜੀਤ, ਅ-ਭੀਤ, ਅ-ਦੇਸ, ਅ-ਭੇਸ, ਅ-ਨਾਮ, ਅ-ਕਾਮ, ਆਦਿ।
ਨ੍ਰਿ- ਨ੍ਰਿ-ਨਾਮੇ, ਨ੍ਰਿ-ਕਾਮੇ, ਨ੍ਰਿ-ਧੂਤੇ, ਨ੍ਰਿ-ਸਾਕੇ, ਨ੍ਰਿ-ਬਾਕੇ, ਨ੍ਰਿ-ਦੇਸੇ, ਆਦਿ।
ਅਨ-ਅਨ-ਭੇਖ, ਅਨ-ਭੂਤ, ਅਨਾਤਮ,(ਅਨ+ਆਤਮ ਦੀ ਸੰਧੀ),ਅਨੰਗ (ਅਨ+ਅੰਗ ਦੀ ਸੰਧੀ)
ਨਿਰ-ਨਿਰੁਕਤ (ਨਿਰ+ਉਕਤ ਦੀ ਸੰਧੀ)।
ਨਿ- ਨਿ-ਚਿੰਤ।
ਨ- ਨ ਕਰਮੰ, ਨ ਕਾਏ, ਨ ਰਾਗੇ, ਨ ਰੰਗੇ।
  • ਨਿਸ਼ੇਧ-ਅਰਥਕ ਪਿਛੇਤਰ-ਪਦਾਂ ਵਾਲੇ ਨਾਮ
ਹੀਣ- ਅੰਗ ਹੀਣ।
ਬਿਹੀਨ- ਚਿਤ੍ਰੰ ਬਿਹੀਨੈ।
  • ਇਹਨਾਂ ਦੋਹਾਂ ਕਿਸਮਾਂ ਦੇ (‘ਸਰਗੁਣ’ ਅਤੇ ‘ਨਿਰਗੁਣ’ ਸਰੂਪ ਦੇ ਵਾਚਕ) ਸ਼ਬਦਾਂ ਦੇ ਅਰਥ-ਭਾਵਾਂ ਵਿੱਚ ਅਕਾਲ ਪੁਰਖ ਦੇ ਸਰਗੁਣ ਅਤੇ ਨਿਰਗੁਣ ਸਰੂਪ ਦੇ ਭੇਦ ਕਰਕੇ ਹੀ ਪਰਸਪਰ ਵਿਰੋਧ ਭਾਸਦਾ ਹੈ।ਇਸ ਭੇਦ (ਫ਼ਰਕ) ਦੇ ਰਹੱਸ ਨੂੰ ਸਮਝ ਲੈਣ ਮਗਰੋਂ, ਪਰਸਪਰ ਵਿਰੋਧੀ ਅਰਥ-ਭਾਵ ਸੰਬੰਧਤ ਸਰੂਪ-ਆਧਾਰਤ ਸਥਿਤੀ ਅਨੁਸਾਰ ਬਿਲਕੁਲ ਸਹੀ ਪ੍ਰਤੀਤ ਹੋਣ ਲੱਗਦੇ ਹਨ।ਕੁਝ ਕੁ ਅਜਿਹੇ ਸ਼ਬਦ ਥੱਲੇ ਦਿੱਤੇ ਜਾਂਦੇ ਹਨ:
  • ਸਰਗੁਣ ਸਰੂਪ ਦੇ ਵਾਚਕ ਨਾਮ ਨਿਰਗੁਣ ਸਰੂਪ ਦੇ ਵਾਚਕ ਨਾਮ
ਸਰਬ ਦੇਸੇ ਅਦੇਸੇ, ਨ੍ਰਿਦੇਸੇ
ਅਨੇਕੈ ਸੁ ਏਕੈ
ਸ਼ਰਬ ਭੇਸੇ ਅਭੇਸੇ, ਨ੍ਰਿਭੇਸੇ
ਸਮਸਤੀ ਸਰੂਪੇ, ਸਰਬ ਰੂਪੇ ਅਰੂਪੇ
ਸਰਬ ਰੰਗੇ ਅਰੰਗੇ
ਸਮਸਤਸਤੁ ਧਾਮੰ ਅਧਾਮੰ
ਪਰਮਾਤਮ, ਸਰਬਾਤਮ ਅਨਾਤਮ
ਨਮਸਤੰ ਤ੍ਰਿਬਰਗੇ ਤ੍ਰਿਮੁਕਤ ਬਿਭੂਤ ਹੈਂ
ਨਮੋ ਰਾਜਸੰ ਤਾਮਸੰ ਸਾਤ ਰੂਪੇ

ਕਰਤਾ ਭਰਤਾ ਅਤੇ ਹਰਤਾ

ਸੋਧੋ

ਆਪਣੀ ਰਚਨਾ ਦੇ ਪ੍ਰਸੰਗ ਵਿਚ, ਸਰਗੁਣ-ਬ੍ਰਹਮ ਦੇ ਤਿੰਨ ਪ੍ਰਮੁੱਖ ਗੁਣ ਹਨ। ਉਹ ਆਪਣੀ ਰਚਨਾ ਦਾ ‘ਕਰਤਾ’ (ਕਰਣਹਾਰ), ‘ਭਰਤਾ’ (ਪਾਲਣਹਾਰ) ਅਤੇ ‘ਹਰਤਾ’ (ਲੈਅ ਕਰਨਹਾਰ) ਹੈ। ਸ੍ਰੀ ਜਾਪੁ ਸਾਹਿਬ ਵਿੱਚ ਸਰਗੁਣ ਬ੍ਰਹਮ ਦੇ ਇਹਨਾਂ ਤਿੰਨਾਂ ਗੁਣਾਂ ਦੇ ਵਾਚਕ ਵੱਖ ਵੱਖ ਕਰਮ-ਨਾਮ ਮਿਲਦੇ ਹਨ। ‘ਕਰਤਾ’ ਅਤੇ ‘ਭਰਤਾ’; ਇਹਨਾਂ ਦੋਹਾਂ ਗੁਣਾਂ ਦੇ ਵਾਚਕ ਸ਼ਬਦਾਂ ਦੇ ਅਰਥ-ਭਾਵ ਕਿੲ ਦੂਜੇ ਦੇ ਪੂਰਕ ਹਨ, ਪਰ ‘ਹਰਤਾ’ ਦੇ ਵਾਚਕ ਸ਼ਬਦਾਂ ਦੇ ਅਰਥ-ਭਾਵ ਇਹਨਾਂ ਦੇ ਪਰਸਪਰ ਵਿਰੋਧੀ ਹਨ। ਸਰਗੁਣ ਬ੍ਰਹਮ ਦੇ ‘ਕਰਤਾ’ ਅਤੇ ‘ਭਰਤਾ’ ਵਾਲੇ ਗੁਣ ਜੀਵ ਦੀ ਹੋਂਦ-ਹਸਤੀ ਅਤੇ ਵ੍ਰਿਧੀ ਲਈ ਸਹਾਇਕ ਹੋਣ ਕਾਰਨ ਉਸ ਨੂੰ ਭਾਉਂਦੇ ਹਨ, ਪਰ ਬ੍ਰਹਮ ਦਾ ‘ਹਰਤਾ’ ਵਾਲਾ ਗੁਣ ਜੀਵ ਦੀ ਹੋਂਦ-ਹਸਤੀ ਦਾ ਵਿਨਾਸ਼ਕ ਹੋਣ ਕਾਰਨ ਉਸ ਨੂੰ ਭੈ-ਭੀਤ ਕਰਦਾ ਹੈ, ਇਸ ਲਈ ਉਸ ਨੂੰ ਸ਼ਾਇਦ ਪਸੰਦ ਨਹੀਂ। ਸ਼ਰਗੁਣ ਬ੍ਰਹਮ ਦੇ ਉਪਰੋਕਤ ਤਿੰਨਾਂ ਹੀ ਗੁਣਾਂ ਦਾ ਮੂਲ-ਸ੍ਰੋਤ ਉਸ ਦੀ ‘ਦਇਆ’ ਹੀ ਹੈ। ਅਕਾਲ ਪੁਰਖ ਕਿਸੇ ਵੀ ਜੀਵ ਨੂੰ ਲੈਅ (ਨਾਸ) ਕਰਨ ਸਮੇਂ ਵੀ ਓਨਾ ਹੀ ਦਇਆਲੂ ਹੁੰਦਾ ਹੈ, ਜਿੰਨਾ ਉਸ ਨੂੰ ਪੈਦਾ ਕਰਨ ਅਤੇ ਪ੍ਰਤਿਪਾਲਣ ਸਮੇਂ। ਇਹ ਗੱਲ ਨਿਸਚੈ ਕਰਨ ਯੋਗ ਹੈ ਕਿ ਜੀਵਾਂ ਨੂੰ ਪੈਦਾ ਕਰਨ ਅਤੇ ਉਹਨਾਂ ਦੀ ਪ੍ਰਤਿਪਾਲਣਾ ਕਰਨ ਦਾ ਕਾਰਜ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਮਹੱਤਵਪੂਰਨ ਕਾਰਜ ਉਹਨਾਂ ਨੂੰ ਲੈਅ ਕਰਨ ਦਾ ਹੈ।ਰਤਾ ਸੋਚੀਏ ਕੀ ਜੇ ਕਰਤਾ ਪੁਰਖ ਦੀ ਲੈਅ ਕਰਨ ਵਾਲੀ ਸੱਤਾ ਕੰਮ ਨਾ ਕਰੇ ਤਾਂ ਸੰਸਾਰ ਨਰਕ ਬਣ ਜਾਵੇ।ਇਹ ਕਰਤਾ ਪੁਰਖ ਦੀ ਲੈਅਤਾ-ਸ਼ਕਤੀ ਦਾ ਹੀ ਕਮਾਲ ਹੈ, ਜਿਸ ਸਦਕਾ ਪੁਰਾਣੀ ਜਰਜਰੀ ਹੋ ਚੁੱਕੀ ਰਚਨਾ ਦਾ ਨਾਲੋ ਨਾਲ ਸਫ਼ਾਇਆ ਹੁੰਦਾ ਰਹਿੰਦਾ ਹੈ ਅਤੇ ਉਸ ਦੀ ਥਾਵੇਂ ਨਵੀਂ ਤੇ ਸੱਜਰੀ ਸਿਰਜਣਾ ਰੂਪਮਾਨ ਹੁੰਦੀ ਰਹਿੰਦੀ ਹੈ। ਇਹ ਕਿਆਸ, ਕਿ ਜੀਵਾਂ ਦੀ ਲੈਅਤਾ ਕਰਨ ਵਾਲਾ ਇਹਨਾਂ ਦੀ ਰਚਨਾ ਕਰਨ ਵਾਲੇ ਅਤੇ ਪ੍ਰਤਿਪਾਲਣਾ ਕਰਨ ਵਾਲੇ ਤੋਂ ਵੱਖਰਾ ਕੋਈ ਹੋਰ ਹੈ, ਬਿਲਕੁਲ ਗਲਤ ਹੈ।ਗੁਰਮਤਿ-ਗਿਆਨ ਜਗਿਆਸੂ ਨੂੰ ‘ਅਦੈਵਤਵਾਦ’ ਦਾ ਸਿਧਾਂਤ ਦ੍ਰਿੜ੍ਹ ਕਰਾਉਂਦਾ ਹੈ।‘ਅਦੈਵਤਵਾਦ’ ਤੋਂ ਭਾਵ ਹੈ ਕਿ ਕਰਤਾ ਪੁਰਖ ਤੋਂ ਅੱਡਰੀ ਕੋਈ ਹੋਰ ਹੋਂਦ-ਹਸਤੀ ਹੈ ਈ ਨਹੀਂ।ਸਾਰੀ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਹੋਂਦ ਉਸ ਪਰਮ-ਹੋਂਦ ਦੀ ਹੀ ਅੰਸ ਹੈ ਅਤੇ ਸਾਰੀ ਰਚਨਾ ਦਾ ਕਰਨ ਵਾਲਾ (ਕਰਤਾ), ਭਰਨ ਵਾਲਾ (ਭਰਤਾ) ਅਤੇ ਹਰਨ ਵਾਲਾ (ਹਰਤਾ) ਉਸ ਤੋਂ ਸਿਵਾ ਕੋਈ ਹੋਰ ਨਹੀਂ:

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ
ਤੁਧੁ ਆਪੇ ਸਿਰਜਿ ਸਭ ਗੋਈ॥5॥1॥ (ਪੰਨਾ 11)
ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ
ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ॥21॥ (ਵਾਰ ਵਡਹੰਸ, ਮ.4, ਪੰਨਾ 594)

ਇਸ ‘ਅਦੈਵਤਵਾਦ’ ਦੇ ਸਿਧਾਂਤ ਦੇ ਚਾਨਣ ਵਿੱਚ ਸਾਨੂੰ ਸਮਝ ਪੈਂਦੀ ਹੈ ਕਿ “ਨਮੋ ਅਧਕਾਰੇ, ਨਮੋ ਤੇਜ ਤੇਜੇ” ਅਤੇ “ਨਮੋ ਕਲਹ ਕਰਤਾ, ਨਮੋ ਸਾਤਿ ਰੂਪੇ” ਕਰਤਾ ਪੁਰਖ ਦੇ ਹੀ; ਉਸ ਦੇ ‘ਜਲਾਲ’ ਅਤੇ ‘ਜਮਾਲ’ ਨੂੰ ਨਿਰੂਪਣ ਕਰਨ ਵਾਲੇ, ਕਰਮ-ਨਾਮ ਹਨ। ਸ੍ਰੀ ਜਾਪੁ ਸਾਹਿਬ ਵਿੱਚ ਕਰਤਾ ਪੁਰਖ ਦੇ ਉਪ੍ਰੋਕਤ ਤਿੰਨਾਂ ਹੀ ਗੁਣਾਂ ਦੇ ਲਖਾਇਕ ਕਰਮ-ਨਾਮਾਂ ਦਾ ਵਰਣਨ ਹੈ:

ਕਰਤਾ ਦੇ ਵਾਚਕ ਨਾਮ:-

ਨਮੋ ਸਰਬ ਕਰਤਾ ਨਮੋ ਸਰਬ ਥਾਪੇ ਸਰਬ ਘਾਲਕ ਕਿ ਕਾਰਨ ਕੁਨਿੰਦ ਹੈਂ

ਭਰਤਾ ਦੇ ਵਾਚਕ ਨਾਮ:-

ਸਰਬ ਪਾਲਕ ਕਿ ਰੋਜ਼ੀ ਦਿਹੰਦ ਹੈਂ ਨਮੋ ਸਰਬ ਪੋਖੰ ਨਮੋ ਸਰਬ ਪਾਲੇ ਸਰਬੰ ਪਾਲੇ ਚੱਤ੍ਰ ਚੱਕ੍ਰ ਪਾਲੇ

‘ਹਰਤਾ’ ਦੇ ਵਾਚਕ ਨਾਮ:-

ਨਮੋ ਸਰਬ ਹਰਤਾ ਨਮੋ ਸਰਬ ਖਾਪੇ ਸਰਬ ਕੋ ਪੁਨਿ ਕਾਲ
ਨਮੋ ਸਰਬ ਸੋਖੰ ਨਮੋ ਸਰਬ ਕਾਲੇ ਸਰਬੰ ਕਾਲੇ ਚੱਤ੍ਰ ਚੱਕ੍ਰ ਕਾਲੇ

ਹਵਾਲੇ

ਸੋਧੋ