ਜੰਗ ਜਾਂ ਯੁੱਧ (ਹੋਰ ਪੰਜਾਬੀ ਨਾਂ ਜੁੱਧ, ਸੰਗਰਾਮ ਜਾਂ ਲੜਾਈ ਹਨ) ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ਾਮਲ ਹਨ। ਇਹ ਸਿਆਸੀ ਫ਼ਿਰਕਿਆਂ ਵਿਚਕਾਰ ਇੱਕ ਵਾਸਤਵਿਕ, ਮਿੱਥਿਆ ਅਤੇ ਵਿਸ਼ਾਲ ਹਥਿਆਰਬੰਦ ਬਖੇੜਾ ਹੁੰਦਾ ਹੈ। ਜੰਗ ਕਰਨ ਵਾਸਤੇ ਤਿਆਰ ਕੀਤੀਆਂ ਗਈਆਂ ਤਕਨੀਕਾਂ ਨੂੰ ਜੰਗ-ਨੀਤੀ ਆਖਿਆ ਜਾਂਦਾ ਹੈ। ਜੰਗ ਚਾਲੂ ਨਾ ਹੋਣ ਦੀ ਹਾਲਤ ਨੂੰ ਅਮਨ ਆਖਿਆ ਜਾਂਦਾ ਹੈ।

ਤਾਦਿਉਸਤ ਸਿਪਰੀਅਨ ਦੀ ਦਅ ਵਾਰ (1949), ਇੱਕ ਤਸਵੀਰ ਜਿਸ ਵਿੱਚ ਦੂਜੀ ਸੰਸਾਰ ਜੰਗ ਮਗਰੋਂ ਹੋਇਆ ਪੋਲੈਂਡ ਦੀ ਰਾਜਧਾਨੀ ਦਾ ਉਜਾੜਾ ਵਿਖਾਇਆ ਗਿਆ ਹੈ।

ਸ਼ੁਰੂ ਹੋਣ ਮਗਰੋਂ ਹੋਈਆਂ ਕੁੱਲ ਮੌਤਾਂ ਦੇ ਅਧਾਰ ਉੱਤੇ ਇਤਿਹਾਸ ਦੀ ਸਭ ਤੋਂ ਘਾਤਕ ਜੰਗ ਦੂਜੀ ਸੰਸਾਰ ਜੰਗ ਸੀ ਜੀਹਦੇ 'ਚ 6 ਤੇਂ 8.5 ਕਰੋੜ ਲੋਕ ਮਾਰੇ ਗਏ। ਤੁਲਨਾਤਮਕ ਤੌਰ ਉੱਤੇ ਅਜੋਕੇ ਇਤਿਹਾਸ ਦੀ ਸਭ ਤੋਂ ਵੱਧ ਮਾਰੂ ਜੰਗ ਤੀਹਰੇ ਗੱਠਜੋੜ ਦੀ ਜੰਗ ਸੀ ਜੀਹਦੇ ਵਿੱਚ ਪੈਰਾਗੁਏ ਦੀ ਅਬਾਦੀ ਦਾ ਲਗਭਗ 60% ਹਿੱਸਾ ਮਾਰਿਆ ਗਿਆ। 2003 ਵਿੱਚ ਰਿਚਰਡ ਸਮਾਲੀ ਨੇ ਅਗਲੇ ਪੰਜਾਹ ਸਾਲਾਂ ਦੌਰਾਨ ਮਨੁੱਖਤਾ ਦੀਆਂ ਦਸ ਸਭ ਤੋਂ ਵੱਡੀਆਂ ਔਕੜਾਂ 'ਚੋਂ ਜੰਗ ਨੂੰ ਛੇਵੇਂ ਸਥਾਨ ਉੱਤੇ ਦੱਸਿਆ।[1] ਦੁਨੀਆ ਦੀ ਕਿਸੇ ਵੀ ਜੰਗ ਦੀ ਗੱਲ ਪਰ ਜੰਗ ਨੇ ਮੁਕਦੀ ਨਹੀਂ ਕੀਤੀ, ਉਹ ਗੱਲਬਾਤ ਦੀ ਮੇਜ਼ ਉੱਤੇ ਜਾ ਕੇ ਹੀ ਨਿੱਬੜੀ। ਕਰੋੜਾਂ ਲੋਕਾਂ ਦੀ ਜਾਨ ਦਾ ਖਾਉ ਬਣੀਆਂ ਦੋਵਾਂ ਸੰਸਾਰ ਜੰਗਾਂ ਦਾ ਰਸਮੀ ਅੰਤ ਵੀ ਗੱਲਬਾਤ ਦੀ ਮੇਜ਼ ਉੱਤੇ ਹੀ ਹੋਇਆ। ਪਹਿਲੀ ਸੰਸਾਰ ਜੰਗ ਦਾ ਅੰਤ ‘ਪੈਰਿਸ ਪੀਸ ਕਾਨਫਰੰਸ’ ਵਿੱਚ ਚੱਲੀ ਲੰਮੀ ਗੱਲਬਾਤ ਮਗਰੋਂ 28 ਜੂਨ 1919 ਨੂੰ ਸਹੀਬੰਦ ਹੋਈ ‘ਅਮਨ ਸੰਧੀ’ ਰਾਹੀਂ ਹੋਇਆ। ਇਸੇ ਤਰ੍ਹਾਂ 1945 ਵਿੱਚ ਖ਼ਤਮ ਹੋ ਚੁੱਕੀ ਦੂਜੀ ਸੰਸਾਰ ਜੰਗ ਦਾ ਅੰਤਿਮ ਨਿਬੇੜਾ ਵੀ ਪੈਰਿਸ ਵਿੱਚ ਹੀ ਹੋਈ ਲੰਮੀ ਗੱਲਬਾਤ ਮਗਰੋਂ 10 ਫਰਵਰੀ 1947 ਨੂੰ ਸਹੀਬੰਦ ਕੀਤੀਆਂ ਗਈਆਂ ‘ਪੈਰਿਸ ਅਮਨ ਸੰਧੀਆਂ’ ਰਾਹੀਂ ਹੋਇਆ।[2] ਜੰਗ ਤਬਾਹੀ ਦਾ ਦੂਜਾ ਨਾਮ ਹੈ। ਜੰਗ ਦੀ ਭੱਠੀ ‘ਚ ਗਰੀਬ ਮਾਵਾਂ ਦੇ ਪੁੱਤ ਲੱਖਾਂ ਦੀ ਗਿਣਤੀ ‘ਚ ਬਾਲਣ ਬਣ ਕੇ ਮੱਚਦੇ ਹਨ।[3]


ਹਵਾਲੇਸੋਧੋ

  1. "Top Ten Problems of Humanity for Next 50 Years", Professor R. E. Smalley, Energy & NanoTechnology Conference, Rice University, May 3, 2003.
  2. ਗੁਰਬਚਨ ਸਿੰਘ ਭੁੱਲਰ (2019-03-17). "ਜੰਗ: ਮਾਨਵਘਾਤੀ ਕਹਿਰ". Punjabi Tribune Online (ਹਿੰਦੀ). Retrieved 2019-03-17. 
  3. ਡਾ. ਸੁਰਿੰਦਰ ਮੰਡ (2019-03-18). "ਹਿੰਦ-ਪਾਕਿ ਦੇ ਮਾੜੇ ਸਬੰਧ ਅਤੇ ਦਹਿਸ਼ਤਵਾਦ". Punjabi Tribune Online. Retrieved 2019-03-18.