ਪਸ਼ੂਆਂ ਦੇ ਗਲ ਵਿਚ ਬੰਨ੍ਹਣ ਵਾਲੀ ਤੇ ਖੜਕਣ ਵਾਲੀ ਇਕ ਵਸਤ ਨੂੰ ਟੱਲੀ ਕਹਿੰਦੇ ਹਨ। ਟੱਲੀ ਆਮ ਤੌਰ 'ਤੇ ਵਹਿੜਿਆਂ, ਬਲਦਾਂ, ਝੋਟੀਆਂ, ਮੱਝਾਂ ਅਤੇ ਭੇਡਾਂ ਦੇ ਬੰਨ੍ਹੀ ਜਾਂਦੀ ਸੀ/ਹੈ। ਭੇਡਾਂ ਦੇ ਸਾਰੇ ਇੱਜੜ ਦੇ ਜਦ ਬੰਨ੍ਹੀਆਂ ਟੱਲੀਆਂ ਖੜਕਦੀਆਂ ਹੁੰਦੀਆਂ ਸਨ ਤਾਂ ਇਕ ਅਨੋਖੀ ਹੀ ਸੰਗੀਤ ਦੇ ਲੈ ਹੁੰਦੀ ਸੀ। ਇਕ ਲੋਕ ਵਿਸ਼ਵਾਸ ਹੈ ਕਿ ਟੱਲੀ ਬੰਨ੍ਹੇ ਪਸ਼ੂ ਦੇ ਨੇੜੇ ਮਾੜੀਆਂ ਰੂਹਾਂ ਨਹੀਂ ਆਉਂਦੀਆਂ। ਮੰਦਰਾਂ ਵਿਚ ਪੁਜਾਰੀ ਟੱਲੀਆਂ ਖੜਕਾ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ। ਜੰਗਮ ਸ਼੍ਰੇਣੀ ਦੇ ਸਾਧੂ ਦਰ-ਦਰ ਟੱਲੀਆਂ ਖੜਕਾ ਕੇ ਭਿੱਛਿਆ ਮੰਗਦੇ ਹਨ। ਇਕ ਧਾਰਨਾ ਹੈ ਕਿ ਜੇ ਉਪਰਥਲੀ ਬੱਚੇ ਮਰਦੇ ਰਹਿਣ ਤਾਂ ਨਵੇਂ ਜੰਮੇ ਬੱਚੇ ਦੇ ਗਿੱਟੇ ਨਾਲ ਛੋਟੀ ਜਿਹੀ ਟੱਲੀ ਬੰਨ੍ਹ ਦਿੰਦੇ ਹਨ। ਇਸ ਤਰ੍ਹਾਂ ਬੱਚੇ 'ਤੇ ਟੂਣੇ ਦਾ ਅਸਰ ਨਹੀਂ ਹੁੰਦਾ ਤੇ ਬੱਚਾ ਬਚ ਜਾਂਦਾ ਹੈ।[1]

ਟੱਲੀ ਦਾ ਬੜਾ ਰੂਪ ਟੱਲ ਹੁੰਦਾ ਹੈ। ਟੱਲ ਮੰਦਰਾਂ ਵਿਚ ਬੰਨ੍ਹੇ ਹੁੰਦੇ ਹਨ। ਮੰਦਰਾਂ ਵਿਚ ਪੂਜਾ ਕਰਨ ਸਮੇਂ ਸ਼ਰਧਾਲੂ ਟੱਲ ਖੜਕਾਉਂਦੇ ਹਨ। ਧਾਰਨਾ ਹੈ ਕਿ ਟੱਲ ਖੜਕਣ ਨਾਲ ਸੁੱਤੇ ਦੇਵਤੇ ਜਾਗ ਪੈਂਦੇ ਹਨ ਤੇ ਸ਼ਰਧਾਲੂਆਂ ਦੀ ਪ੍ਰਾਰਥਨਾ ਕਬੂਲ ਹੋ ਜਾਂਦੀ ਹੈ।

ਟੱਲੀ/ਟੱਲ ਦਾ ਖੋਲ ਪਿੱਤਲ ਦੀ ਦੇਗ ਦਾ ਹੁੰਦਾ ਹੈ। ਇਸ ਦੇ ਉਪਰਲੇ ਹਿੱਸੇ ਦੀ ਗੁਲਾਈ ਘੱਟ ਹੁੰਦੀ ਹੈ। ਹੇਠਾਂ ਨੂੰ ਵਧਦੀ ਜਾਂਦੀ ਹੈ। ਖੋਲ ਦੇ ਅੰਦਰਲੇ ਸਿਰੇ ਵਿਚ ਕੁੰਡਾ ਲੱਗਿਆ ਹੁੰਦਾ ਹੈ। ਕੁੰਡੇ ਵਿਚ ਛੋਟੀ ਜਿਹੀ ਸੰਗਲੀ ਨਾਲ ਦੇਗ ਦੀ ਬਣੀ ਇਕ ਛੋਟੀ ਗੋਲੀ ਬੰਨ੍ਹੀ ਹੁੰਦੀ ਹੈ। ਟੱਲੀ/ਟੱਲ ਦੇ ਹਲਾਉਣ ਨਾਲ ਹੀ ਇਹ ਗੋਲੀ ਖੋਲ ਦੇ ਆਸੇ-ਪਾਸੇ ਲੱਗ ਕੇ ਟੁਣਕਦੀ ਹੈ। ਖੋਲ ਦੇ ਉਪਰਲੇ ਹਿੱਸੇ 'ਤੇ ਵੀ ਕੁੰਡਾ ਲੱਗਿਆ ਹੁੰਦਾ ਹੈ। ਇਸ ਕੁੰਡੇ ਵਿਚ ਕੱਪੜੇ ਦਾ ਪੂਝਾਂ ਬੰਨ੍ਹਿਆਂ ਜਾਂਦਾ ਹੈ। ਇਸ ਪੁਝੇਂ ਨੂੰ ਫੜ ਕੇ ਹੀ ਟੱਲੀ/ਟੱਲ ਖੜਕਾਇਆ ਜਾਂਦਾ ਹੈ। ਜੋ ਟੱਲ ਮੰਦਰ ਵਿਚ ਲਾਇਆ ਜਾਂਦਾ ਹੈ, ਉਸ ਟੱਲ ਦੇ ਉਪਰਲੇ ਹਿੱਸੇ ਵਾਲੇ ਕੁੰਡੇ ਵਿਚ ਇਕ ਲੰਮੀ ਸੰਗਲੀ ਪਾ ਕੇ ਮੰਦਰ ਦੀ ਛੱਤ ਨਾਲ ਬੰਨ੍ਹੀ ਜਾਂਦੀ ਹੈ।

ਭੇਡਾਂ ਦੇ ਪਾਈਆਂ ਟੱਲੀਆਂ ਦੀ ਬਣਤਰ ਵੱਖਰੀ ਹੁੰਦੀ ਹੈ। ਇਨ੍ਹਾਂ ਦਾ ਖੋਲ ਨਾਲੀ ਵਰਗਾ ਲੋਹੇ ਦਾ ਪਾਈਪ ਦਾ ਹੁੰਦਾ ਹੈ। ਉਪਰੋਂ ਬੰਦ ਹੁੰਦਾ ਹੈ। ਬੰਦ ਹਿੱਸੇ ਦੇ ਵਿਚਾਲੇ ਕੁੰਡੀ ਲੱਗੀ ਹੁੰਦੀ ਹੈ। ਖੋਲ ਦੇ ਅੰਦਰਲੇ ਹਿੱਸੇ ਵਿਚ ਵੀ ਕੁੰਡੀ ਲੱਗੀ ਹੁੰਦੀ ਹੈ। ਇਸ ਕੁੰਡੀ ਵਿਚ ਛੋਟੀ ਸੰਗਲੀ ਨਾਲ ਜਾਂ ਸਿੱਧੀ ਹੀ ਇਕ ਲੋਹੇ ਦੀ ਦੇਗ ਦੀ ਬਣੀ ਗੋਲੀ ਬੰਨ੍ਹੀ ਹੁੰਦੀ ਹੈ।ਉਪਰਲੀ ਕੁੰਡੀ ਵਿਚ ਰੱਸੀ ਪਾ ਕੇ ਟੱਲੀ ਨੂੰ ਭੇਡ ਦੇ ਗਲ ਨਾਲ ਬੰਨ੍ਹਿਆ ਜਾਂਦਾ ਹੈ। ਵਹਿੜਿਆਂ, ਬਲਦਾਂ, ਝੋਟੀਆਂ, ਮੱਝਾਂ ਦੇ ਭੇਡਾਂ ਵਰਗੀਆਂ ਟੱਲੀਆਂ ਵੀ ਪਾਈਆਂ ਜਾਂਦੀਆਂ ਸਨ। ਪਿੱਤਲ ਦੀਆਂ ਬਣੀਆਂ ਟੱਲੀਆਂ ਵੀ ਪਾਈਆਂ ਜਾਂਦੀਆਂ ਸਨ।

ਹੁਣ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਇਸ ਲਈ ਪੰਜਾਬ ਵਿਚ ਬਲਦ ਹੀ ਬਹੁਤ ਘੱਟ ਰਹਿ ਗਏ ਹਨ। ਭੇਡਾਂ ਵੀ ਹੁਣ ਫਾਜ਼ਿਲਕਾ ਤੇ ਅਬੋਹਰ ਦੇ ਇਲਾਕੇ ਵਿਚ ਹੀ ਕਿਸੇ ਕਿਸੇ ਪਰਿਵਾਰ ਕੋਲ ਹਨ। ਇਸ ਲਈ ਬਲਦਾਂ ਅਤੇ ਭੇਡਾਂ ਦੇ ਟੱਲੀਆਂ ਘੱਟ ਹੀ ਪਾਈਆਂ ਜਾਂਦੀਆਂ ਹਨ। ਹਾਂ ! ਪੰਜਾਬ ਵਿਚ ਮੰਦਰਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਤੇ ਸ਼ਰਧਾਲੂ ਦਿਨ ਰਾਤ ਮੰਦਰਾਂ ਦੇ ਟੱਲ ਜ਼ਰੂਰ ਖੜਕਾਉਂਦੇ ਹਨ।[2]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.