ਡਰਨਾ (ਅੰਗਰੇਜ਼ੀ: scarecrow)(ਹਿੰਦੀ:काकभगौडा) ਜਾਂ ਹੇ-ਮੈਨ ਮਨੁੱਖੀ ਸ਼ਕਲ ਦਾ ਇੱਕ ਪੁਤਲਾ ਹੁੰਦਾ ਹੈ ਜਿਸ ਨੂੰ ਪੁਰਾਣੇ ਕੱਪੜੇ ਪਹਿਨਾ ਕੇ ਖੇਤਾਂ ਵਿੱਚ ਗੱਡ ਦਿੱਤਾ ਜਾਂਦਾ ਹੈ ਤਾਂ ਜੋ ਤੋਤੇ, ਕਾਂ, ਚਿੜੀਆਂ ਆਦਿ ਪੰਛੀ ਉਸਨੂੰ ਬੰਦਾ ਸਮਝਕੇ ਡਰਦੇ ਰਹਿਣ ਅਤੇ ਤਾਜਾ ਬੀਜੀ ਜਾਂ ਪੱਕੀ ਫਸਲ ਦਾ ਨੁਕਸਾਨ ਨਾ ਕਰਨ।[1] ਪੰਛੀ ਇਸ ਨੂੰ ਕੋਈ ਆਦਮੀ ਸਮਝ ਡਰਦੇ (ਜਿਵੇਂ ਇਸ ਦੇ ਨਾਮ ਤੋਂ ਸਪਸ਼ਟ ਹੈ) ਫਸਲ ਦੇ ਨੇੜੇ ਨਹੀਂ ਆਉਂਦੇ।ਪੰਛੀਆਂ ਦੇ ਇਸ ਝੂਠੇ ਅਤੇ ਭੁਲੇਖਾ ਪਾਊ ਬੰਦੇ ਤੋਂ ਪੰਛੀਆਂ ਦਾ ਡਰਨਾ ਹੀ ਇਸਦੇ ਨਾਮ ਡਰਨਾ ਰਖਣ ਦਾ ਕਾਰਣ ਬਣਿਆ।

ਜਾਪਾਨ ਵਿੱਚ ਇੱਕ ਚੌਲਾਂ ਦੇ ਖੇਤ ਵਿੱਚ ਖੜੇ ਕੀਤੇ ਡਰਨੇ

ਖੇਤ ਵਿਚ ਬੀਜੀ ਫਸਲ ਨੂੰ ਅਵਾਰਾ ਪਸ਼ੂਆਂ, ਜਾਨਵਰਾਂ, ਪੰਛੀਆਂ ਦੇ ਉਜਾੜੇ ਤੋਂ ਬਚਾਉਣ ਲਈ, ਡਰਾਉਣ ਲਈ ਖੇਤ ਵਿਚ ਖੜ੍ਹੇ ਕੀਤੇ ਨਕਲੀ, ਬਣਾਉਟੀ ਬਣਾਏ ਬੰਦੇ ਨੂੰ ਡਰਨਾ ਕਿਹਾ ਜਾਂਦਾ ਹੈ। ਡਰਨੇ ਨੂੰ ਕਈ ਇਲਾਕਿਆਂ ਵਿਚ ਕਾਂ ਉਡਾਉਣਾ, ਰਾਖਾ, ਧੜਕਾ ਤੇ ਡਰਾਵਾ ਵੀ ਕਹਿੰਦੇ ਹਨ। ਡਰਨਾ ਬਣਾਉਣ ਲਈ ਕਈ ਸੋਟੀਆਂ ਲਈਆਂ ਜਾਂਦੀਆਂ ਹਨ। ਦੋ ਸੋਟੀਆਂ ਦੀਆਂ ਡਰਨੇ ਦੀਆਂ ਲੱਤਾਂ ਬਣਾ ਕੇ ਉਨ੍ਹਾਂ ਵਿਚ ਪਜਾਮਾ ਜਾਂ ਚਾਦਰਾ ਪਾ ਦਿੱਤਾ ਜਾਂਦਾ ਹੈ। ਲੱਤਾਂ ਦੀਆਂ ਸੋਟੀਆਂ ਦੇ ਉਪਰ ਦੋ ਹੋਰ ਸੋਟੀਆਂ ਬੰਨ੍ਹੀਆਂ ਜਾਂਦੀਆਂ ਹਨ। ਜਿਹੜੀਆਂ ਡਰਨੇ ਦਾ ਧੜ ਤੋਂ ਹੇਠਾਂ ਤੇ ਲੱਤਾਂ ਤੋਂ ਉਪਰ ਦਾ ਹਿੱਸਾ ਬਣਦੀਆਂ ਹਨ। ਇਨ੍ਹਾਂ ਸੋਟੀਆਂ ਦੇ ਉਪਰ ਇਕ ਲੰਮੀ ਸੋਟੀ ਬੰਨ੍ਹੀ ਜਾਂਦੀ ਹੈ, ਜਿਹੜੀ ਹੇਠਾਂ ਬੰਨ੍ਹੀਆਂ ਸੋਟੀਆਂ ਦੇ ਦੋਵੇਂ ਪਾਸੇ ਦੋ ਦੋ ਫੁੱਟ ਬਾਹਰ ਤੱਕ ਹੁੰਦੀ ਹੈ। ਇਹ ਸੋਟੀ ਡਰਨੇ ਦੀਆਂ ਬਾਹਾਂ ਬਣਦੀਆਂ ਹਨ। ਫੇਰ ਇਨ੍ਹਾਂ ਬੰਨ੍ਹੀਆਂ ਹੋਈਆਂ ਸੋਟੀਆਂ ਉਪਰ ਕੁੜਤਾ/ਝੱਗਾ ਪਾਇਆ ਜਾਂਦਾ ਹੈ।[2]

ਉਪਰਲੀ ਸੋਟੀ ਦੇ ਵਿਚਾਲੇ ਇਕ ਛੋਟਾ ਜਿਹਾ ਡੰਡਾ ਬੰਨ੍ਹਿਆ ਜਾਂਦਾ ਹੈ ਜਿਸ ਵਿਚ ਪੁੱਠੀ ਕਰ ਕੇ ਮਿੱਟੀ ਦੀ ਝੱਕਰੀ ਪਾਈ ਜਾਂਦੀ ਹੈ। ਇਹ ਝੱਕਰੀ ਡਰਨੇ ਦਾ ਸਿਰ ਬਣਦੀ ਹੈ। ਝੱਕਰੀ ਉਪਰ ਪੱਗ ਬੰਨ੍ਹੀ ਜਾਂਦੀ ਹੈ। ਇਸ ਤਰ੍ਹਾਂ ਬਣਾਉਟੀ ਬੰਦਾ ਬਣ ਜਾਂਦਾ ਹੈ ਜਿਸ ਨੂੰ ਪਸ਼ੂ, ਪੰਛੀ, ਜਾਨਵਰ ਅਸਲੀ ਬੰਦਾ ਸਮਝ ਕੇ ਖੇਤ ਵਿਚ ਨਹੀਂ ਵੜਦੇ ਸਨ। ਅੱਜ ਵੀ ਤੁਹਾਨੂੰ ਕਿਸੇ ਨਾ ਕਿਸੇ ਖੇਤ ਵਿਚ ਡਰਨਾ ਗੱਡਿਆ ਜ਼ਰੂਰ ਮਿਲ ਜਾਵੇਗਾ।

ਹਵਾਲੇ

ਸੋਧੋ
  1. Lesley Brown (ed.). (2007). "Shorter Oxford English Dictionary on Historical Principles". 6th ed. Oxford: Oxford University Press. ISBN 978-0-19-923324-3.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.