ਕਿੱਕਰ ਦੇ ਰੁੱਖ ਦੇ ਫਲ ਨੂੰ ਤੁੱਕੇ ਕਹਿੰਦੇ ਹਨ। ਤੁੱਕਿਆਂ ਦੀ ਸ਼ਕਲ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਧਾਗੇ ਵਿਚ ਗੋਲ ਫਲੀਆਂ ਪਰੋਈਆਂ ਹੋਣ। ਪਹਿਲੇ ਸਮਿਆਂ ਦੇ ਪਾਏ ਜਾਣ ਵਾਲੇ ਅਚਾਰਾਂ ਵਿਚ ਤੁੱਕਿਆਂ ਦਾ ਅਚਾਰ ਕਾਫੀ ਪਾਇਆ ਜਾਂਦਾ ਸੀ। ਇਹ ਖਾਧਾ ਵੀ ਕਾਫੀ ਜਾਂਦਾ ਸੀ। ਪਰ ਇਸ ਵਿਚ ਤੇਜਾਬੀ ਮਾਦਾ ਜਿਆਦਾ ਹੁੰਦਾ ਹੈ। ਕੱਚੇ ਤੁੱਕੇ ਵੀ ਖਾਧੇ ਜਾਂਦੇ ਹਨ। ਇਹ ਕਈ ਬੀਮਾਰੀਆਂ ਦੇ ਇਲਾਜ ਲਈ ਵੀ ਵਰਤੇ ਜਾਂਦੇ ਹਨ। ਕੱਚੇ ਤੁੱਕੇ ਬੱਕਰੀਆਂ ਦਾ ਮਨ-ਭਾਉਂਦਾ ਖਾਜਾ ਹੈ। ਜਦ ਗਰਮੀ ਦੇ ਮੌਸਮ ਵਿਚ ਕਿੱਕਰਾਂ ਦੇ ਸਾਰੇ ਪੱਤੇ ਝੜ ਜਾਂਦੇ ਹਨ ਤਾਂ ਟਾਹਣੀਆਂ ਦੇ ਸਿਰਿਆਂ ਤੇ ਗੁੱਛਿਆਂ ਦੇ ਰੂਪ ਵਿਚ ਪੀਲੇ ਫੁੱਲ ਆਉਂਦੇ ਹਨ। ਫੇਰ ਗੋਲ ਫਲੀਆਂ ਵਰਗੇ ਤੁੱਕੇ ਲੱਗਦੇ ਹਨ। ਕੱਚੇ ਤੁੱਕਿਆਂ ਦਾ ਰੰਗ ਹਰਾ ਹੁੰਦਾ ਹੈ। ਜਦ ਤੁੱਕੇ ਪੱਕ ਜਾਂਦੇ ਹਨ ਤਾਂ ਇਹ ਕਾਲੇ ਹੋ ਜਾਂਦੇ ਹਨ।

ਹੁਣ ਕਿੱਕਰਾਂ ਦੇ ਨਵੇਂ ਰੁੱਖ ਤਾਂ ਲਾਏ ਹੀ ਨਹੀਂ ਜਾਂਦੇ। ਪੁਰਾਣੀਆਂ ਕਿੱਕਰਾਂ ਹੀ ਕਿਤੇ-ਕਿਤੇ ਖੜ੍ਹੀਆਂ ਹਨ। ਹੁਣ ਦੀ ਪੀੜ੍ਹੀ ਨੇ ਤਾਂ ਤੁੱਕਿਆਂ ਦਾ ਅਚਾਰ ਵੇਖਿਆ ਹੀ ਨਹੀਂ ਹੈ। ਨਾ ਹੀ ਤੁੱਕਿਆਂ ਦਾ ਅਚਾਰ ਹੁਣ ਬਜ਼ਾਰ ਵਿਚੋਂ ਮਿਲਦਾ ਹੈ।[1]

ਅੱਜ ਪਤਾ ਨੀ ਕਿੱਥੋਂ ਸਵੇਰੇ ਸਵੇਰੇ ਤੁੱਕਿਆਂ ਦਾ ਅਚਾਰ ਯਾਦ ਆ ਗਿਆ, ਇੱਕ ਵਾਰ ਤਾਂ ਮੂੰਹ ਚ ਪਾਣੀ ਆ ਗਿਆ। ਕਿੰਨਾ ਕਰਾਰਾ ਜਿਹਾ ਸੁਆਦ ਹੁੰਦਾ ਤੇ ਨਾਲੇ ਕਹਿੰਦੇ ਆ ਸਿਹਤ ਲਈ ਵੀ ਵਧੀਆ ਹੁੰਦਾ ਸੀ। ਅੱਗੇ ਤਾਂ ਹਰੇਕ ਘਰੇ ਤੁੱਕਿਆਂ ਦਾ ਅਚਾਰ ਜ਼ਰੂਰ ਬਣਨਾ, ਕਿਹੜਾ ਮੁੱਲ ਲੈਣੇ ਹੁੰਦੇ ਸੀ, ਬਾਹਰੋਂ ਤੋੜ ਲਿਆਉਣੇ ਤੇ ਧੋ ਸਮਾਰ ਕੇ ਅਚਾਰ ਪਾ ਲੈਣਾ। ਅੰਬ ਤੇ ਤੁੱਕਿਆਂ ਦਾ ਅਚਾਰ ਜ਼ਿਆਦਾ ਮਸ਼ਹੂਰ ਹੁੰਦਾ, ਬਾਕੀ ਮੁੱਲ ਤਾਂ ਕੋਈ ਨੀ ਸੀ ਲੈਂਦਾ, ਬਾਹਲਾ ਹੋਣਾ ਆਂਢ ਗੁਆਂਢ ਤੋਂ ਮੰਗ ਲੈਣਾ।

ਕਿੱਕਰਾਂ ਤਾਂ ਆਮ ਈ ਹੁੰਦੀਆਂ ਪਿੰਡਾਂ ਚ , ਕਾਫ਼ੀ ਕੰਮ ਆਉਂਦੀਆਂ ਸੀ। ਕਿੱਕਰ ਦੀ ਦਾਤਣ ਕਰਨੀ, ਕਿੱਕਰ ਦਾ ਸੱਕ ਵੀ ਸੂਤ ਰੰਗਣ ਨੂੰ ਵਰਤਦੇ ਦੇਖੇ ਆ, ਬੱਕਰੀਆਂ ਨੂੰ ਕਿੱਕਰ ਦੇ ਪੱਤੇ ਜਾਂ ਲੁੰਗ ਪਾਉਣੀ ਤੇ ਤੁੱਕਿਆਂ ਦਾ ਅਚਾਰ। ਸਾਡੇ ਵੀ ਬੱਕਰੀ ਹੁੰਦੀ ਸੀ ਸੋਮਾਂ, ਉਹਨੂੰ ਆਮ ਈ ਕਿੱਕਰ ਦੀਆਂ ਟਾਹਣੀਆਂ ਤੋੜ ਕੇ ਪਾਉਣੀਆਂ। ਮੇਰੀ ਸਹੇਲੀ ਬੀਤੀ ਪੱਕੀ ਮਾਹਰ ਸੀ ਕਿੱਕਰ ਦੀਆਂ ਸੂਲਾਂ ਨਾਲ ਲੋਕਾਂ ਦੇ ਕੰਨ ਬਿੰਨਣ ਦੀ , ਬੱਸ ਇੱਕ ਮੈਂ ਹੀ ਬਚੀ ਸੀ ਸਾਰੇ ਪਿੰਡ ਚੋਂ ਜਿਹਦੇ ਉਹਨੇ ਕੰਨ ਨਾਂ ਬਿੰਨੇ ਹੋਣ। ਸੂਲਾਂ ਨੂੰ ਖੇਡਾਂ ਬਣਾਉਣ ਚ ਵੀ ਵਰਤਦੇ ਤੇ ਗੂੰਦ ਕਿਤਾਬਾਂ ਜੋੜਨ ਨੂੰ।

ਪੂਰਾ ਪੱਕਾ ਪਤਾ ਤਾਂ ਹੈਨੀ ਬਈ ਅਚਾਰ ਬਣਾਉਣ ਦਾ ਤਰੀਕਾ ਕੀ ਸੀ, ਪਰ ਹਰੇਕ ਘਰ ਮਰਤਬਾਨ ਜਾਂ ਚਾਟੀ ਅਚਾਰ ਦੀ ਜ਼ਰੂਰ ਪਈ ਦੇਖੀ ਆ। ਮੱਖਣ ਦਹੀਂ ਤੇ ਅਚਾਰ ਨਾਲ ਰੋਟੀ ਖਾ ਕੇ ਨਾਂ ਕਦੇ ਤੇਜ਼ਾਬ ਬਣਦਾ ਸੀ ਤੇ ਨਾਂ ਈ ਕੋਈ ਗੈਸ, ਲੋਕ ਮਿਹਨਤ ਕਰਕੇ ਰੁੱਖੀ ਮਿੱਸੀ ਖਾ ਕੇ ਵਾਹਿਗੁਰੂ ਕਹਿ ਛੱਡਦੇ।

ਮੇਰੇ ਟਾਈਮ ਦੇ ਉਸ ਨਾਨਕਿਆਂ ਦੇ ਪਿੰਡ ਚ ਸਿੱਧੇ ਸਾਧੇ ਲੋਕ ਸੀ ਤੇ ਜ਼ਿਆਦਾ ਸਬਜ਼ੀਆਂ ਦਾਲਾਂ ਖੇਤਾਂ ਚ ਹੀ ਉਗਾਉਂਦੇ ਤੇ ਵਰਤਦੇ ਸੀ। ਮੇਥੇ ਮੇਥੀ ਸੁਕਾਉਣੀ ,ਸਰੋਂ ਤੇ ਛੋਲਿਆਂ ਦਾ ਸਾਗ ਚੀਰ ਕੇ ਸੁੱਕਾ ਲੈਣਾ ਜਾਂ ਸ਼ਲਗਮਾਂ ਤੇ ਚਿੱਬੜ ਸੁੱਕਾ ਕੇ ਹਾਰ ਜਿਹੇ ਬਣਾ ਕੇ ਟੰਗ ਦੇਣੇ। ਲੋਕ ਕਾਫ਼ੀ ਹੱਦ ਤੱਕ ਆਤਮ ਨਿਰਭਰ ਜਿਹੇ ਹੁੰਦੇ ਸੀ ਤੇ ਆਮ ਈ ਇੱਕ ਦੂਜੇ ਦੇ ਘਰ ਵਾਧੂ ਸਬਜ਼ੀ ਦੇ ਦੇਣੀ ਜਾਂ ਵਟਾ ਲੈਣੀ।

ਹੁਣ ਜਿਹੜੀਆਂ ਚੀਜ਼ਾਂ ਵੱਲ ਮੁੜ ਕੇ ਆਉਣ ਦਾ ਫ਼ੈਸ਼ਨ ਜਿਹਾ ਹੋਇਆ ਪਿਆ, ਜੇ ਦਾਦੀਆਂ ਨਾਨੀਆਂ ਨੂੰ ਪੁੱਛੀਏ, ਇਹ ਉਨਾਂ ਦੇ ਰੋਜ਼ ਦੀਆਂ ਖਾਣ ਵਾਲ਼ੀਆਂ ਚੀਜ਼ਾਂ ਹੁੰਦੀਆਂ ਸੀ। ਮਰਦੇ ਦਮ ਤੱਕ ਭੁੱਜੇ ਮੁਰਮੁਰੇ ਦਾਣੇ ਖਾਣ ਵਾਲੇ ਤੇ ਗੰਨੇ ਚੂਪਣ ਵਾਲੇ ਕੁੱਛ ਤਾਂ ਠੀਕ ਕਰਦੇ ਈ ਸੀ, ਹੁਣ ਮੇਰੇ ਅਰਗੇ ਹਰ ਛੇ ਮਹੀਨੇ ਬਾਅਦ ਦੰਦਾ ਦੇ ਡਾਕਟਰਾਂ ਤੋਂ ਛਿੱਲ ਲੁਆ ਕੇ ਵੀ ਰੋਜ਼ ਤੱਤੇ ਠੰਡੇ ਤੋਂ ਸੀ ਸੀ ਕਰਦੇ ਫਿਰੀ ਜਾਂਦੇ ਆ। ਹੁਣ ਪੂਰਾ ਉਹ ਵਾਲਾ ਜੀਵਨ ਤਾਂ ਵਾਪਸ ਆ ਨੀ ਸਕਦਾ ਪਰ ਉਹਨਾਂ ਦੀ ਸਿਆਣਪ ਤੇ ਲਿਆਕਤ ਦੀਆਂ ਕੁੱਛ ਗੱਲਾਂ ਤਾਂ ਵਰਤ ਕੇ ਲਾਭ ਲੈ ਈ ਸਕਦੇ ਆਂ।

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.