ਤੇਜਾ ਸਿੰਘ ਅਕਰਪੁਰੀ
ਤੇਜਾ ਸਿੰਘ ਅਕਰਪੁਰੀ, ਜਥੇਦਾਰ (1892-1975 ਈਃ) ਗੁਰਦੁਆਰਾ ਸੁਧਾਰ ਲਹਿਰ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਵਾਲੇ ਸਃ ਤੇਜਾ ਸਿੰਘ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨਗਰ ਤੋਂ 13 ਕਿ.ਮੀ. ਉੱਤਰ-ਪੱਛਮ ਵੱਲ ਵਸੇ ਅਕਰਪੁਰਾ ਨਾਂ ਦੇ ਪਿੰਡ ਵਿੱਚ ਸੰਨ 1892 ਈ. ਨੂੰ ਸ. ਪਾਲਾ ਸਿੰਘ ਦੇ ਘਰ ਮਾਈ ਪਰਤਾਪ ਕੌਰ ਦੀ ਕੁੱਖੋਂ ਹੋਇਆ। ਇਹਨਾਂ ਨੇ ਸੰਨ 1911 ਈਃ ਵਿੱਚ ਖ਼ਾਲਸਾ ਕਾਲਜੀਏਟ ਸਕੂਲ, ਅੰਮ੍ਰਿਤਸਰ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਫਿਰ ਫ਼ੌਜ ਵਿੱਚ ਭਰਤੀ ਹੋ ਗਏ। ਸੰਨ 1914 ਈ. ਵਿੱਚ ਫ਼ੌਜ ਦੀ ਨੌਕਰੀ ਛੱਡ ਕੇ ਪੰਜਾਬ ਦੇ ਮਾਲ ਮਹਿਕਮੇ ਵਿੱਚ ਪਟਵਾਰੀ ਲਗ ਗਏ। ਚਾਰ ਸਾਲ ਬਾਅਦ ਜ਼ਿਲ੍ਹੇਦਾਰ ਬਣ ਗਏ। ਪਰ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਨੇ ਇਹਨਾਂ ਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਕਿ ਇਹਨਾਂ ਨੇ ਸੰਨ 1921 ਦੇ ਸ਼ੁਰੂ ਵਿੱਚ ਸਰਕਾਰੀ ਨੌਕਰੀ ਛੱਡ ਦਿੱਤੀ ਅਤੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। 29 ਅਪ੍ਰੈਲ 1921 ਈ. ਨੂੰ ਇਹ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਹੋਇਆ। 13 ਅਕਤੂਬਰ 1923 ਈ. ਨੂੰ ਇਸ ਨੂੰ ਹੋਰ ਅਕਾਲੀ ਆਗੂਆਂ ਅਤੇ ਕਾਰਕੁੰਨਾਂ ਸਹਿਤ ਗ੍ਰਿਫ਼ਤਾਰ ਕਰ ਲਿਆ ਗਿਆ। 27 ਨਵੰਬਰ 1926 ਈ. ਨੂੰ ਜੇਲ੍ਹੋਂ ਮੁਕਤ ਹੁੰਦਿਆਂ ਹੀ ਇਸ ਨੇ ਫਿਰ ਅਕਾਲ ਤਖ਼ਤ ਦੀ ਜੱਥੇਦਾਰੀ ਦਾ ਪਦ ਸੰਭਾਲ ਲਿਆ ਅਤੇ 21 ਜਨਵਰੀ 1930 ਈ. ਤਕ ਉਸੇ ਪਦ ਉਤੇ ਬਣਿਆ ਰਿਹਾ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ, ਮੀਤ ਪ੍ਰਧਾਨ ਅਤੇ ਪ੍ਰਧਾਨ ਰਿਹਾ। ਸੰਨ 1935 ਈ. ਤੋਂ 1938 ਈ. ਤਕ ਇਹ ਨਨਕਾਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਵੀ ਰਿਹਾ।
ਜਥੇਦਾਰ ਤੇਜਾ ਸਿੰਘ ਅਕਰਪੁਰੀ | |
---|---|
ਅਕਾਲ ਤਖ਼ਤ ਸਾਹਿਬ ਦੇ 11ਵੇਂ ਜਥੇਦਾਰ | |
ਦਫ਼ਤਰ ਵਿੱਚ 29 ਅਪ੍ਰੈਲ 1921 – 13 ਅਕਤੂਬਰ 1923 | |
ਦੁਆਰਾ ਨਿਯੁਕਤੀ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ |
ਤੋਂ ਪਹਿਲਾਂ | ਤੇਜਾ ਸਿੰਘ ਭੁਚਰ |
ਤੋਂ ਬਾਅਦ | ਊਧਮ ਸਿੰਘ ਨਾਗੋਕੇ |
ਦਫ਼ਤਰ ਵਿੱਚ 27 ਨਵੰਬਰ 1926 – 21 ਜਨਵਰੀ 1930 | |
ਤੋਂ ਪਹਿਲਾਂ | ਜਵਾਹਰ ਸਿੰਘ ਮਟੂ ਭਾਈਕੇ |
ਤੋਂ ਬਾਅਦ | ਗੁਰਮੁਖ ਸਿੰਘ ਮੁਸਾਫ਼ਿਰ |
ਨਿੱਜੀ ਜਾਣਕਾਰੀ | |
ਜਨਮ | ਤੇਜਾ ਸਿੰਘ 1892 ਬਟਾਲਾ, ਗੁਰਦਾਸਪੁਰ ਜ਼ਿਲ੍ਹਾ |
ਮੌਤ | ਪਿੰਡ ਅਕਰਪੁਰਾ, ਗੁਰਦਾਸਪੁਰ ਜ਼ਿਲ੍ਹਾ | ਨਵੰਬਰ 20, 1975
ਕੌਮੀਅਤ | ਸਿੱਖ |
ਅਲਮਾ ਮਾਤਰ | ਖਾਲਸਾ ਕਾਲਜੀਏਟ ਸਕੂਲ, ਅੰਮ੍ਰਿਤਸਰ |
ਮਸ਼ਹੂਰ ਕੰਮ | ਗੁਰਦੁਆਰਾ ਸੁਧਾਰ ਲਹਿਰ |
ਉਹਨਾਂ ਇੱਕੋ ਸਮੇਂ ਤਿੰਨ-ਤਿੰਨ ਪੰਥਕ ਸੰਸਥਾਵਾਂ ਦਾ ਪ੍ਰਬੰਧ ਹੀ ਨਹੀਂ ਸੰਭਾਲਿਆ ਸਗੋਂ ਉਹਨਾ ਨੇ ਕੌਮ ਨੂੰ ਸੁਚੱਜੀ ਅਗਵਾਈ ਵੀ ਕੀਤੀ। ਜਥੇਦਾਰ ਅਕਰਪੁਰੀ ਦੀਆਂ ਵਿੱਦਿਆ ਦੇ ਖੇਤਰ ਵਿੱਚ ਪੰਥ ਲਈ ਕੀਤੀਆਂ ਪ੍ਰਾਪਤੀਆਂ ਅੱਜ ਵੀ ਲੋਕਾਂ ਮਾਰਗ ਦਰਸ਼ਨ ਕਰਦੀਆਂ ਹਨ। ਉਹਨਾਂ ਨੇ ਆਮ ਲੋਕਾਂ ਦੇ ਹਿੱਤਾਂ ਪ੍ਰਤੀ ਸੰਵੇਦਨਸ਼ੀਲ ਹੁੰਦਿਆਂ ਉਹਨਾਂ ਦੀ ਆਵਾਜ਼ ਨੂੰ ਸਮੇਂ ਦੀਆਂ ਸਰਕਾਰਾਂ ਤਕ ਪਹੁੰਚਾਉਣ ਦੇ ਸੁਹਿਰਦ ਉਪਰਾਲੇ ਕੀਤੇ ਪਰ ਉਹਨਾਂ ਦੀ ਘਾਲ-ਕਮਾਈ ਪੰਥਕ ਹਲਕਿਆਂ ਵਿੱਚ ਅੱਜ ਤਕ ਅਣਗੌਲੀ ਮਹਿਸੂਸ ਕੀਤੀ ਜਾਂਦੀ ਹੈ।
ਸੰਨ 1940 ਈ. ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ ਅਤੇ 10-11 ਫਰਵਰੀ 1940 ਈ. ਵਿੱਚ ਅਟਾਰੀ ਵਿੱਚ ਹੋਈ ਸਰਬ ਹਿੰਦ ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਸੰਨ 1952 ਤੋਂ 1957 ਈ. ਤਕ ਇਹ ਪਹਿਲੀ ਲੋਕ ਸਭਾ ਲਈ ਆਪਣੇ ਜ਼ਿਲ੍ਹੇ ਗੁਰਦਾਸਪੁਰ ਤੋਂ ਚੁਣਿਆ ਗਿਆ। ਉਸ ਤੋਂ ਬਾਅਦ ਇਹ ਸਰਗਰਮ ਰਾਜਨੀਤੀ ਤੋਂ ਵਖਰਾ ਹੋ ਕੇ ਆਪਣੇ ਜੱਦੀ ਪਿੰਡ ਵਿੱਚ ਰਹਿਣ ਲਗ ਗਿਆ ਜਿਥੇ 20 ਨਵੰਬਰ 1975 ਈ. ਨੂੰ ਇਸ ਦਾ ਦੇਹਾਂਤ ਹੋਇਆ।
ਅਕਰਪੁਰੀ ਬਾਰੇ ਪੁਸਤਕ
ਸੋਧੋਜਥੇਦਾਰ ਤੇਜਾ ਸਿੰਘ ਅਕਰਪੁਰੀ ਜੋ ਕਿ ਪੰਥ ਦੀ ਬੁਲੰਦ ਸ਼ਖ਼ਸੀਅਤ ਸਨ ਬਾਰੇਸ ਦਿਲਜੀਤ ਸਿੰਘ ਨੇ ਇੱਕ ਦਸਤਾਵੇਜ਼ੀ ਪੁਸਤਕ ਪ੍ਰਕਾਸ਼ਤ ਕੀਤੀ ਹੈ। ਜਥੇਦਾਰ ਅਕਰਪੁਰੀ ਦੀ ਪੰਥ-ਹਿਤੈਸ਼ੀ ਸ਼ਖ਼ਸੀਅਤ ਦੀ ਸੰਘਰਸ਼ਮਈ ਜੀਵਨੀ ਨੂੰ ਦਿਲਜੀਤ ਸਿੰਘ ਬੇਦੀ ਨੇ ਇਸ ਪੁਸਤਕ ਵਿੱਚ ਬਹੁਤ ਮਿਹਨਤ ਅਤੇ ਖੋਜ ਭਰਪੂਰ ਲਗਨ ਨਾਲ ਕਲਮਬੰਦ ਕੀਤਾ ਹੈ। [1]