ਦ ਯੂਜ਼ੂਅਲ ਸਸਪੈਕਟਸ

ਦ ਯੂਜ਼ੂਅਲ ਸਸਪੈਕਟਸ ਇੱਕ ਅਮਰੀਕੀ ਨਿਓ-ਨੌਇਰ[3] ਰਹੱਸਮਈ ਫ਼ਿਲਮ ਹੈ ਜਿਸਨੂੰ ਬਰਾਇਨ ਸਿੰਗਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਕਹਾਣੀ ਕ੍ਰਿਸਟੋਫ਼ਰ ਮਕਕੁਆਰੀ ਨੇ ਲਿਖੀ ਹੈ। ਇਸ ਫ਼ਿਲਮ ਵਿੱਚ ਮੁੱਖ ਅਦਾਕਾਰ ਸਟੀਫ਼ਨ ਬਾਲਡਵਿਨ, ਗੇਬਰੀਅਲ ਬਾਇਰਨ, ਬੈਨੀਸ਼ੀਓ ਡੈਲ ਟੋਰੋ, ਕੈਵਿਨ ਪੋਲਕ, ਚੈਜ਼ ਪਾਲਮਿੰਟੇਰੀ, ਪੋਸਲੈਥਵੇਟ ਅਤੇ ਕੈਵਿਨ ਸਪੇਸੀ ਹਨ।

ਦ ਯੂਜ਼ੂਅਲ ਸਸਪੈਕਟਸ
ਥੀਏਟਰ ਰਿਲੀਜ਼ ਪੋਸਟਰ
ਨਿਰਦੇਸ਼ਕਬਰਾਇਨ ਸਿੰਗਰ
ਲੇਖਕਕ੍ਰਿਸਟੋਫ਼ਰ ਮਕਕੁਆਰੀ
ਨਿਰਮਾਤਾ
ਸਿਤਾਰੇ
ਸਿਨੇਮਾਕਾਰਨਿਊਟਨ ਥੌਮਸ ਸੀਗਲ
ਸੰਪਾਦਕਜੌਨ ਓਟਮੈਨ
ਸੰਗੀਤਕਾਰਜੌਨ ਓਟਮੈਨ
ਡਿਸਟ੍ਰੀਬਿਊਟਰ
ਰਿਲੀਜ਼ ਮਿਤੀਆਂ
  • ਜਨਵਰੀ 25, 1995 (1995-01-25) (ਸਨਡਾਂਸ)
  • ਅਗਸਤ 16, 1995 (1995-08-16) (ਸੰਯੁਕਤ ਰਾਜ ਅਮਰੀਕਾ)
ਮਿਆਦ
106 ਮਿੰਟ[1]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$6 ਮਿਲੀਅਨ[2]
ਬਾਕਸ ਆਫ਼ਿਸ$34.4 ਮਿਲੀਅਨ[2]

ਫ਼ਿਲਮ ਦੀ ਕਹਾਣੀ ਰੌਜਰ "ਵਰਬਲ" ਕਿੰਟ ਦੀ ਪੁੱਛ-ਗਿੱਛ ਤੋਂ ਸ਼ੁਰੂ ਹੁੰਦੀ ਹੈ, ਜਿਹੜਾ ਕਿ ਛੋਟੀ-ਮੋਟੀ ਠੱਗੀ ਮਾਰਨ ਵਾਲਾ ਬੰਦਾ ਹੈ ਅਤੇ ਜਿਹੜਾ ਹੱਤਿਆਕਾਂਡ ਅਤੇ ਲਾਂਸ ਏਂਜਲਸ ਦੀ ਬੰਦਰਗਾਹ ਉੱਪਰ ਖੜ੍ਹੇ ਸਮੁੰਦਰੀ ਜਹਾਜ਼ ਵਿੱਚ ਲੱਗੀ ਭਿਆਨਕ ਅੱਗ ਵਿੱਚੋਂ ਜ਼ਿੰਦਾ ਰਹਿ ਸਕੇ ਸਿਰਫ਼ ਦੋ ਇਨਸਾਨਾਂ ਵਿੱਚੋਂ ਇੱਕ ਹੈ। ਉਹ ਪੁੱਛਗਿੱਛ ਕਰਨ ਵਾਲੇ ਇੱਕ ਪੁਲਿਸ ਵਾਲੇ ਨੂੰ ਇੱਕ ਵਲੇਵੇਂਦਾਰ ਕਹਾਣੀ ਸੁਣਾਉਂਦਾ ਹੈ ਜਿਹੜੀ ਕਿ ਹਾਲ ਵਿੱਚ ਬੀਤੀਆਂ ਘਟਨਾਵਾਂ ਬਾਰੇ ਹੈ, ਜਿਹੜੀਆਂ ਉਸਨੂੰ ਅਤੇ ਉਸਦੇ ਸਹਿਯੋਗੀਆਂ ਨੂੰ ਸਮੁੰਦਰੀ ਜਹਾਜ਼ ਉੱਪਰ ਹੋਣ ਵਾਲੇ ਜੁਰਮ ਵੱਲ ਲੈਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਸਦੀ ਕਹਾਣੀ ਵਿੱਚ ਇੱਕ ਰਹੱਸਮਈ ਬਾੱਸ ਵੀ ਹੈ, ਜਿਸਦਾ ਨਾਮ ਕਾਈਜ਼ਰ ਸੋਜ਼ੇ ਹੈ ਅਤੇ ਜਿਸਨੇ ਉਹਨਾਂ ਨੂੰ ਇਸ ਕੰਮ ਲਈ ਚੁਣਿਆ ਸੀ। ਫ਼ਲੈਸ਼ਬੈਕ ਅਤੇ ਉਸਦੇ ਬਿਆਨਾਂ ਨਾਲ ਕਿੰਟ ਦੀ ਕਹਾਣੀ ਬਹੁਤ ਹੀ ਗੁੰਝਲਦਾਰ ਹੁੰਦੀ ਜਾਂਦੀ ਹੈ। ਇਸ ਫ਼ਿਲਮ ਨੂੰ ਬਣਾਉਣ ਵਿੱਚ 6 ਮਿਲੀਅਨ ਡਾਲਰ ਦਾ ਖ਼ਰਚ ਆਇਆ ਸੀ ਅਤੇ ਇਸ ਫ਼ਿਲਮ ਦਾ ਸਿਰਲੇੇਖ ਇੱਕ ਮੈਗਜ਼ੀਨ ਦੇ ਕਾਲਮ ਜਿਸਦਾ ਨਾਮ ਦ ਯੂਜ਼ੂਅਲ ਸਸਪੈਕਟਸ ਸੀ, ਤੋਂ ਲਿਆ ਗਿਆ ਹੈ।

ਇਸ ਫ਼ਿਲਮ ਨੂੰ 1995 ਕਾਨਸ ਫ਼ਿਲਮ ਫ਼ੈਸਟੀਵਲ ਦੀ ਪ੍ਰਤਿਯੋਗਿਤਾ ਵਿੱਚ ਵਿਖਾਇਆ ਗਿਆ ਸੀ,[4] ਅਤੇ ਪਹਿਲਾਂ-ਪਹਿਲ ਕੁਝ ਹੀ ਥੀਏਟਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਚੰਗੀਆਂ ਆਲੋਚਨਾਵਾਂ ਮਿਲੀਆਂ ਅਤੇ ਇਸ ਫ਼ਿਲਮ ਨੂੰ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ। ਮੁਕਕੁਆਰੀ ਨੂੰ ਇਸ ਫ਼ਿਲਮ ਲਈ ਸਭ ਤੋਂ ਵਧੀਆ ਮੌਲਿਕ ਸਕਰੀਨਪਲੇ ਲਈ ਅਕਾਦਮੀ ਅਵਾਰਡ ਦਿੱਤਾ ਗਿਆ ਅਤੇ ਸਪੇਸੀ ਨੂੰ ਉਸਦੀ ਅਦਾਕਾਰੀ ਲਈ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਅਕਾਦਮੀ ਅਵਾਰਡ ਨੂੰ ਦਿੱਤਾ ਗਿਆ ਸੀ। ਇਸ ਫ਼ਿਲਮ ਦੀ ਸਕਰੀਨਪਲੇ ਨੂੰ ਰਾਈਟਰਜ਼ ਗਿਲਡ ਆਫ਼ ਅਮੇਰੀਕਾ ਨੇ ਹੁਣ ਤੱਕ ਦੀਆਂ ਫ਼ਿਲਮਾਂ ਵਿੱਚੋਂ ਸਭ ਤੋਂ ਵਧੀਆਂ 35ਵੀਂ ਸਕ੍ਰੀਨਪਲੇ ਨਾਲ ਨਵਾਜਿਆ ਹੈ।[5]

ਕਹਾਣੀ

ਸੋਧੋ

ਇਸ ਫ਼ਿਲਮ ਦੀ ਸ਼ੁਰੂਆਤ ਮੁਜਰਮ ਡੀਨ ਕੀਟਨ ਨਾਲ ਹੁੰਦੀ ਹੈ ਜਿਹੜਾ ਸੈਨ ਪੈਦਰੋ ਬੰਦਰਗਾਹ ਤੇ ਖੜ੍ਹੇ ਸਮੁੰਦਰੀ ਜਹਾਜ਼ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਪਿਆ ਹੈ। ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀਆਂ ਲੱਤਾਂ ਹਿਲਾਉਣ ਵਿੱਚ ਅਸਮਰੱਥ ਹੈ। ਉਸਦਾ ਸਾਹਮਣਾ ਇੱਕ ਰਹੱਸਮਈ ਇਨਸਾਨ ਨਾਲ ਹੋਇਆ ਹੈ ਜਿਸਨੂੰ ਕਾਈਜ਼ਰ ਕਹਿ ਕੇ ਬੁਲਾਉਂਦਾ ਹੈ, ਅਤੇ ਜਿਹੜਾ ਉਸਦੀ ਗੋਲੀ ਮਾਰ ਕੇ ਹੱਤਿਆ ਕਰਦਾ ਹੈ ਅਤੇ ਜਹਾਜ਼ ਨੂੰ ਅੱਗ ਲਾ ਦਿੰਦਾ ਹੈ।

ਜਹਾਜ਼ ਉੱਪਰ ਹੋਏ ਇਸ ਹੱਤਿਆਕਾਂਡ ਵਿੱਚੋਂ ਸਿਰਫ਼ ਦੋ ਲੋਕ ਜ਼ਿੰਦਾ ਬਚਦੇ ਹਨ: ਆਰਕੋਸ਼ ਕੋਵਾਸ਼, ਇੱਕ ਹੰਗੇਰੀਅਨ ਬਦਮਾਸ਼ ਜਿਸਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਹੈ ਅਤੇ ਹਸਪਤਾਲ ਪਿਆ ਹੈ ਅਤੇ ਦੂਜਾ ਰੌਜਰ ਵਰਬਲ ਕਿੰਟ, ਜਿਹੜਾ ਕਿ ਇੱਕ ਚਲਾਕ ਠੱਗ ਹੈ ਅਤੇ ਜਿਸਨੂੰ ਅਧਰੰਗ ਦੀ ਬਿਮਾਰੀ ਹੈ। ਕਸਟਮ ਏਜੰਟ ਡੇਵ ਕੁਯਾਨ ਨਿਊਯਾਰਕ ਸ਼ਹਿਰ ਤੋਂ ਵਰਬਲ ਦੀ ਪੁੱਛ-ਗਿੱਛ ਕਰਨ ਲਈ ਆਉਂਦਾ ਹੈ। ਫ਼ਲੈਸ਼ਬੈਕ ਵਿੱਚ ਕਿੰਟ ਵਰਬਲ ਵੱਲੋਂ ਉਹ ਘਟਨਾਵਾਂ ਬਿਆਨ ਕੀਤੀਆਂ ਗਈਆਂ ਹਨ ਜਿਹੜੀਆਂ ਉਸਨੂੰ, ਕੀਟਨ, ਮਾਈਕਲ ਮਕਮਾਨਸ, ਫ਼ਰੈੱਡ ਫ਼ੈਂਸਟਰ ਅਤੇ ਟੌਡ ਹੌਕਨੀ ਨੂੰ ਜਹਾਜ਼ ਉੱਪਰ ਲੈ ਜਾਂਦੀਆਂ ਹਨ।

ਫ਼ਲੈਸ਼ਬੈਕ ਵਿੱਚ, ਜਿਹੜੀ ਕਿ ਛੇ ਹਫ਼ਤੇ ਪਹਿਲਾਂ ਨਿਊਯਾਰਕ ਦੀ ਗੱਲ ਹੈ, ਵਰਬਲ ਅਤੇ ਹੋਰ ਮੁਜਰਿਮਾਂ ਨੂੰ ਇੱਕ ਹਥਿਆਰਾਂ ਨਾਲ ਭਰਿਆ ਪੁਲਿਸ ਟਰੱਕ ਅਗਵਾਹ ਕਰਨ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਜਾਂਦਾ ਹੈ ਅਤੇ ਉਹ ਪੁਲਿਸ ਤੋਂ ਬਦਲਾ ਲੈਣ ਲਈ ਇੱਕ ਹੋਰ ਵੱਡੀ ਡਾਕਾ ਮਾਰਨ ਦੀ ਸਲਾਹ ਬਣਾਉਂਦੇ ਹਨ। ਇਸ ਗਿਰੋਹ ਦਾ ਮੁਖੀ ਕੀਟਨ ਹੈ, ਜਿਹੜਾ ਕਿ ਇੱਕ ਸਾਬਕਾ ਪੁਲਿਸ ਵਾਲਾ ਹੈ। ਇਹ ਇੱਕ ਭ੍ਰਿਸ਼ਟ ਪੁਲਿਸ ਦਲ ਨੂੰ ਲੁੱਟਦੇ ਹਨ ਜਿਹੜੇ ਪੁਲਿਸ ਦੀ ਸੁਰੱਖਿਆ ਵਿੱਚ ਸਮੱਗਲਰਾਂ ਦਾ ਸਮਾਨ ਇੱਧਰ-ਉੱਧਰ ਕਰਦੇ ਸਨ। ਉਸ ਪਿੱਛੋਂ ਉਹ ਕੈਲੀਫ਼ੋਰਨੀਆ ਜਾਂਦੇ ਹਨ, ਜਿੱਥੇ ਉਹ ਲੁੱਟੇ ਗਏ ਹੀਰਿਆਂ ਨੂੰ ਇੱਕ ਅਪਰਾਧੀ ਵਿਅਕਤੀ ਰੈੱਡਫ਼ੁੱਟ ਕੋਲ ਵੇਚਣ ਲਈ ਜਾਂਦੇ ਹਨ। ਰੈਡਫ਼ੁੱਟ ਉਹਨਾਂ ਨੂੰ ਇੱਕ ਹੋਰ ਹੀਰਿਆਂ ਅਤੇ ਪੈਸਿਆਂ ਦਾ ਡਾਕਾ ਮਾਰਨ ਦੀ ਸਲਾਹ ਦਿੰਦਾ ਹੈ। ਇਸ ਮਸਲੇ ਵਿੱਚ ਉਹਨਾਂ ਨੂੰ ਤਿੰਨ ਵਿਅਕਤੀਆਂ ਦੀ ਜਾਨ ਲੈਣੀ ਪੈਂਦੀ ਹੈ। ਪਿੱਛੋਂ ਪਤਾ ਲੱਗਦਾ ਹੈ ਕਿ ਉਹ ਹੈਰੋਇਨ ਹੈ ਅਤੇ ਉਹਨਾਂ ਪੰਜਾਂ ਨੂੰ ਆਪਣੇ ਬਾਹਰ ਨਿਕਲਣ ਦਾ ਰਸਤਾ ਆਪ ਲੱਭਣਾ ਪਵੇਗਾ। ਥੋੜ੍ਹੀ ਦੇਰ ਪਿੱਛੋਂ, ਇੱਕ ਵਕੀਲ ਜਿਸਦਾ ਨਾਮ ਕੋਬਾਯਾਸ਼ੀ ਹੈ ਉਹਨਾਂ ਨੂੰ ਕਾਈਜ਼ਰ ਸੋਜ਼ੇ ਬਾਰੇ ਦੱਸਦਾ ਹੈ, ਜਿਹੜਾ ਤੁਰਕੀ ਦਾ ਖ਼ਤਰਨਾਕ ਅਪਰਾਧੀ ਹੈ ਅਤੇ ਜਿਸਦਾ ਰੁਤਬਾ ਚੋਰਾਂ-ਗਿਰੋਹਾਂ ਵਿੱਚ ਬਹੁਤ ਉੱਚਾ ਅਤੇ ਰਹੱਸ ਭਰਿਆ ਹੈ। ਉਹ ਦੱਸਦਾ ਹੈ ਕਿ ਸੋਜ਼ੇ ਉਹਨਾਂ ਨੂੰ ਇੱਕ ਕੰਮ ਸੌਂਪਣਾ ਚਾਹੁੰਦਾ ਹੈ ਜਿਸ ਵਿੱਚ ਉਹਨਾਂ ਨੂੰ ਇੱਕ ਸਮੁੰਦਰੀ ਜਹਾਜ਼ ਉੱਪਰ ਹਮਲਾ ਕਰਨਾ ਪਵੇਗਾ। ਉਸ ਜਹਾਜ਼ ਉੱਪਰ ਅਰਜਨਟੀਨੀਆਈ ਡਰੱਗ ਡੀਲਰ ਹੋਣਗੇ ਅਤੇ ਜਹਾਜ਼ ਉੱਪਰ 91 ਮਿਲੀਅਨ ਡਾਲਰ ਦੀ ਕੋਕੀਨ ਹੈ, ਜਿਹੜੀ ਉਹਨਾਂ ਨੂੰ ਜਹਾਜ਼ ਉੱਪਰ ਅੱਗ ਲਾ ਕੇ ਤਬਾਹ ਕਰਨੀ ਹੋਵੇਗੀ ਕਿਉਂਕਿ ਉਹ ਲੋਕ ਕਾਈਜ਼ਰ ਦੇ ਵਿਰੋਧੀ ਹਨ।

ਜਦੋਂ ਕੁਯਾਨ ਨੂੰ ਐਫ਼.ਬੀ.ਆਈ. ਏਜੰਟ ਜੈਕ ਬੇਅਰ ਤੋਂ ਸੋਜ਼ੇ ਬਾਰੇ ਪਤਾ ਹੈ ਤਾਂ ਉਹ ਵਰਬਲ ਨੂੰ ਉਸ ਬਾਰੇ ਸਵਾਲ ਕਰਦਾ ਹੈ। ਵਰਬਲ ਕੁਯਾਨ ਨੂੰ ਸੋਜ਼ੇ ਬਾਰੇ ਇੱਕ ਕਹਾਣੀ ਸੁਣਾਉਂਦਾ ਹੈ: ਕਿ ਸੋਜ਼ੇ ਨੇ ਆਪਣੇ ਪਰਿਵਾਰ ਨੂੰ ਆਪ ਹੀ ਮਾਰ ਦਿੱਤਾ ਸੀ ਜਦੋਂ ਉਸਦੇ ਪਰਿਵਾਰ ਉੱਪਰ ਹੰਗੇਰੀਅਨ ਅਪਰਾਧੀਆਂ ਨੇ ਹਮਲਾ ਕੀਤਾ ਸੀ ਅਤੇ ਫਿਰ ਉਸਨੇ ਹੰਗੇਰੀਅਨਾਂ ਅਤੇ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਤੱਕ ਨੂੰ ਵੀ ਮਾਰ ਦਿੱਤਾ ਸੀ। ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਅਤੇ ਫਿਰ ਉਸਨੂੰ ਕਿਸੇ ਨੇ ਨਹੀਂ ਵੇਖਿਆ। ਉਸ ਪਿੱਛੋਂ ਉਹ ਆਪਣਾ ਕਾਰੋਬਾਰ ਸਿਰਫ਼ ਆਪਣੇ ਹੇਠਲੇ ਲੋਕਾਂ ਦੇ ਜ਼ਰੀਏ ਕਰਦਾ ਹੈ ਅਤੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਹ ਕਿਸਦੇ ਲਈ ਕੰਮ ਕਰਦੇ ਹਨ। ਉਸ ਪਿੱਛੋਂ ਉਹ ਇੱਕ ਖ਼ਤਰਨਾਕ ਮਿੱਥ ਕਥਾ ਬਣ ਗਿਆ, "ਇੱਕ ਅਜਿਹੀ ਡਰਾਉਣੀ ਕਹਾਣੀ ਜਿਹੜੀ ਰਾਤ ਨੂੰ ਅਪਰਾਧੀ ਆਪਣੇ ਬੱਚਿਆਂ ਨੂੰ ਸੁਣਾਉਂਦੇ ਹਨ।"

ਜਦੋਂ ਫ਼ੈਂਸਟਰ ਹਾਲ ਵਿੱਚ ਲੁੱਟੇ ਹੋਏ ਸਾਰੇ ਪੈਸੇ ਲੈ ਕੇ ਗਰੁੱਪ ਛੱਡ ਕੇ ਅਲੱਗ ਹੋ ਜਾਂਦਾ ਹੈ ਤਾਂ ਕੋਬਾਯਾਸ਼ੀ ਉਹਨਾਂ ਨੂੰ ਉਸ ਥਾਂ ਦਾ ਪਤਾ ਦੱਸਦਾ ਹੈ ਜਿੱਥੇ ਉਹਨਾਂ ਨੂੰ ਫ਼ੈਂਸਟਰ ਲਾਸ਼ ਮਿਲੇਗੀ। ਉਹ ਕੋਬਾਯਾਸ਼ੀ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕੋਬਾਯਾਸ਼ੀ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਮਾਰਨ ਅਤੇ ਚੋਰੀ ਦੇ ਬਾਰੇ ਪੁਲਿਸ ਨੂੰ ਸੂਹ ਦੇਣ ਦੀਆਂ ਧਮਕੀਆਂ ਕਾਰਨ ਉਹਨਾਂ ਤੋਂ ਮਜ਼ਬੂਤ ਨਿਕਲਦਾ ਹੈ। ਉਹ ਜਹਾਜ਼ ਉੱਪਰ ਜਾਂਦੇ ਹਨ ਅਤੇ ਕਈ ਅਰਜੀਨੀਆਈ ਅਤੇ ਹੰਗੇਰੀਅਨ ਗੈਂਗਸਟਰਾਂ ਨੂੰ ਮਾਰ ਦਿੰਦੇ ਹਨ ਪਰ ਉਹਨਾਂ ਨੂੰ ਜਹਾਜ਼ ਉੱਪਰ ਕੋਈ ਨਸ਼ਾ ਨਹੀਂ ਮਿਲਦਾ। ਮਕਮਾਨੁਸ, ਹੌਕਨੀ ਅਤੇ ਇੱਕ ਆਦਮੀ ਜਿਹੜਾ ਕਿ ਜਹਾਜ਼ ਵਿੱਚ ਬੰਨ੍ਹਿਆ ਹੋਇਆ ਸੀ, ਨੂੰ ਇੱਕ ਅਣਵੇਖੇ ਆਦਮੀ ਦੁਆਰਾ ਮਾਰ ਦਿੱਤਾ ਜਾਂਦਾ ਹੈ, ਇਸ ਪਿੱਛੋਂ ਉਹ ਕੀਟਨ ਨੂੰ ਵੀ ਮਾਰ ਦਿੰਦਾ ਹੈ ਅਤੇ ਵਰਬਲ ਦੇ ਵੇਖਦੇ-ਵੇਖਦੇ ਜਹਾਜ਼ ਨੂੰ ਅੱਗ ਲਗਾ ਦਿੰਦਾ ਹੈ।

ਵਰਬਲ ਆਪਣੀ ਕਹਾਣੀ ਦਾ ਅੰਤ ਕਰਦਾ ਹੈ, ਪਰ ਕੁਯਾਨ ਨੂੰ ਉਸ ਉੱਪਰ ਯਕੀਨ ਨਹੀਂ ਹੈ। ਉਹ ਇੱਕ ਕਹਿੰਦਾ ਹੈ ਕਿ ਕੀਟਨ ਹੀ ਸੋਜ਼ੇ ਹੋ ਸਕਦਾ ਹੈ, ਕਿਉਂਕਿ ਜਹਾਜ਼ ਉੱਪਰ ਇੱਕ ਮਾਰਿਆ ਗਿਆ ਇਨਸਾਨ ਆਰਤੁਰੋ ਮਾਰਕੁਏਜ਼ ਸੀ, ਜਿਹੜਾ ਕਿ ਇੱਕ ਡਰੱਗ ਡੀਲਰ ਅਤੇ ਮੁਕੱਦਮੇ ਵਿੱਚ ਇਹ ਕਹਿ ਕੇ ਬਾਹਰ ਨਿਕਲ ਗਿਆ ਸੀ ਕਿ ਉਹ ਸੋਜ਼ੇ ਨੂੰ ਪਛਾਣ ਸਕਦਾ ਹੈ ਅਤੇ ਜਿਸਨੂੰ ਐਡੀ ਫ਼ਿਨਰਨ ਦੁਆਰਾ ਪੇਸ਼ ਕੀਤਾ ਗਿਆ ਸੀ, ਜਿਹੜੀ ਕੀਟਨ ਦੀ ਵਕੀਲ ਅਤੇ ਗਰਲਫ਼ਰੈਂਡ ਸੀ। ਕੁਯਾਨ ਕਹਿੰਦਾ ਹੈ ਕਿ ਅਰਜਨਟੀਨੀਆਈ, ਮਾਰਕੁਏਜ਼ ਨੂੰ ਸੋਜ਼ੇ ਦੇ ਹੰਗੇਰੀਅਨ ਦੁਸ਼ਮਣਾਂ ਨੂੰ ਵੇਚ ਰਹੇ ਸੀ ਅਤੇ ਕੀਟਨ ਨੇ ਇਹ ਕੋਕੀਨ ਦੀ ਕਹਾਣੀ ਧਿਆਨ ਹਟਾਉਣ ਲਈ ਘੜ੍ਹੀ ਸੀ ਤਾਂ ਕਿ ਉਹ ਮਾਰਕੁਏਜ਼ ਨੂੰ ਮਾਰ ਸਕੇ। ਕੁਯਾਨ ਵਰਬਲ ਨੂੰ ਇਹ ਵੀ ਦੱਸਦਾ ਹੈ ਕਿ ਫ਼ਿਨਰਨ ਦਾ ਕਤਲ ਹੋ ਗਿਆ ਹੈ। ਵਰਬਲ ਕਹਿੰਦਾ ਹੈ ਕਿ ਇਹ ਸਾਰੀ ਵਿਓਂਤ ਕੀਟਨ ਦੀ ਹੈ, ਪਰ ਉਹ ਕੋਰਟ ਵਿੱਚ ਇਹ ਕਹਿਣ ਲਈ ਤਿਆਰ ਨਹੀਂ ਹੈ। ਵਰਬਲ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਜਾਂਦਾ ਹੈ।

ਥੋੜ੍ਹੀ ਦੇਰ ਬਾਅਦ ਕੁਯਾਨ ਨੂੰ ਅਚਾਨਕ ਆਪਣੇ ਸਾਹਮਣੇ ਲੱਗੇ ਬੋਰਡ ਤੋਂ ਪਤਾ ਲੱਗਦਾ ਹੈ ਕਿ ਵਰਬਲ ਦੀ ਸਾਰੀ ਕਹਾਣੀ ਇੱਕ ਸਫ਼ੈਦ ਝੂਠ ਹੈ, ਜਿਹੜੀ ਉਸਨੇ ਉਸੇ ਦਫ਼ਤਰ ਵਿੱਚ ਲੱਗੇ ਹੋਏ ਇੱਕ ਖ਼ਬਰਾਂ ਵਾਲੇ ਬੋਰਡ ਪੜ੍ਹ ਕੇ ਘੜ੍ਹੀ ਸੀ। ਇਸੇ ਸਮੇਂ ਦੌਰਾਨ, ਵਰਬਲ ਬਾਹਰ ਤੁਰ ਰਿਹਾ ਹੈ ਅਤੇ ਉਸਨੇ ਇੱਕਦਮ ਠੀਕ ਤੁਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੇ ਅਧਰੰਗ ਨਾਲ ਮਾਰੇ ਹੱਥ ਨੂੰ ਵੀ ਆਮ ਇਨਸਾਨ ਵਾਂਗ ਹਿਲਾ ਰਿਹਾ ਹੈ। ਜਦੋਂ ਕੁਯਾਨ ਵਰਬਲ ਪਿੱਛੇ ਭੱਜਣ ਲੱਗਦਾ ਹੈ ਤਾਂ ਉਸੇ ਸਮੇਂ ਹਸਪਤਾਲ ਵਿੱਚੋਂ ਇੱਕ ਫ਼ੈਕਸ ਆਉਂਦੀ ਹੈ ਜਿੱਥੇ ਕੋਵਾਸ਼ ਦਾ ਇਲਾਜ ਹੋ ਰਿਹਾ ਹੈ: ਉਸ ਫ਼ੈਕਸ ਵਿੱਚ ਕੋਵਾਸ਼ ਦੁਆਰਾ ਦੱਸਿਆ ਗਿਆ ਸੋਜ਼ੇ ਦੀ ਤਸਵੀਰ ਦਾ ਸਕੈੱਚ ਹੈ, ਜਿਹੜਾ ਕਿ ਬਿਲਕੁਲ ਵਰਬਲ ਵਰਗਾ ਹੈ। ਕੁਯਾਨ ਵਰਬਲ ਨੂੰ ਬਿਲਕੁਲ ਨੇੜਿਓਂ ਜਾ ਕੇ ਗਵਾ ਦਿੰਦਾ ਹੈ ਕਿਉਂਕਿ ਉਹ ਇੱਕ ਕਾਰ ਵਿੱਚ ਸਵਾਰ ਹੋ ਜਾਂਦਾ ਹੈ ਜਿਸਨੂੰ "ਕੋਬਾਯਾਸ਼ੀ" ਚਲਾ ਰਿਹਾ ਸੀ।

ਪਾਤਰ

ਸੋਧੋ
  • ਗੇਬਰੀਅਲ ਬਾਇਰਨ ਨੇ ਡੀਨ ਕੀਟਨ ਦੀ ਭੂਮਿਕਾ ਨਿਭਾਈ ਹੈ। ਕੈਵਿਨ ਸਪੇਸੀ ਬਾਇਰਨ ਨੂੰ ਇੱਕ ਪਾਰਟੀ ਵਿੱਚ ਮਿਲਦਾ ਹੈ ਅਤੇ ਉਸਨੂੰ ਇਹ ਫ਼ਿਲਮ ਕਰਨ ਲਈ ਪੁੱਛਦਾ ਹੈ। ਬਾਇਰਨ ਨੇ ਸਕ੍ਰੀਨਪਲੇ ਪੜ੍ਹੀ ਅਤੇ ਮਨ੍ਹਾਂ ਕਰ ਦਿੱਤਾ, ਇਹ ਸੋਚਦੇ ਹੋਏ ਕਿ ਉਹ ਇਸਨੂੰ ਠੀਕ ਢੰਗ ਨਾਲ ਫ਼ਿਲਮਾ ਨਹੀਂ ਸਕਣਗੇ। ਬਾਇਰਨ ਸਕ੍ਰੀਨਲੇਖਕ ਕ੍ਰਿਸਟੋਫ਼ਰ ਮਕਕੁਆਰੀ ਅਤੇ ਸਿੰਗਰ ਨੂੰ ਮਿਲਿਆ ਅਤੇ ਫ਼ਿਲਮ ਬਾਰੇ ਸਿੰਗਰ ਦੇ ਵਿਚਾਰਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਹਾਲਾਂਕਿ ਬਾਇਰਨ ਉਸ ਸਮੇਂ ਕੁਝ ਨਿੱਜੀ ਮੁਸੀਬਤਾਂ ਵਿੱਚ ਉਲਝਿਆ ਹੋਇਆ ਸੀ ਅਤੇ ਉਸਨੇ ਉਹਨਾਂ ਤੋਂ 24 ਘੰਟਿਆਂ ਦਾ ਸਮਾਂ ਲਿਆ। ਇਸ ਪਿੱਛੋਂ ਉਹ ਇਸ ਫ਼ਿਲਮ ਨੂੰ ਕਰਨ ਲਈ ਰਾਜ਼ੀ ਹੋ ਗਿਆ ਅਤੇ ਲਾਸ ਏਂਜਲਸ ਵਿੱਚ ਇਸਦੀ ਸ਼ੂਟਿੰਗ ਸ਼ੁਰੂ ਹੋਈ ਜਿੱਥੇ ਕਿ ਬਾਇਰਨ ਰਹਿੰਦਾ ਸੀ ਅਤੇ ਉਸਨੇ 5 ਹਫ਼ਤਿਆਂ ਵਿੱਚ ਇਸ ਫ਼ਿਲਮ ਵਿੱਚ ਆਪਣਾ ਰੋਲ ਕੀਤਾ।[6]
  • ਕੈਵਿਨ ਸਪੇਸੀ ਨੇ ਰੌਜਰ "ਵਰਬਲ" ਕਿੰਟ ਦੀ ਭੂਮਿਕਾ ਨਿਭਾਈ ਹੈ। ਸਿੰਗਰ ਅਤੇ ਮਕਕੁਆਰੀ ਨੇ ਉਸਨੂੰ ਫ਼ਿਲਮ ਦੀ ਸਕ੍ਰੀਨਪੇਲ ਭੇਜੀ ਸੀ ਪਰ ਇਹ ਨਹੀਂ ਦੱਸਿਆ ਸੀ ਕਿ ਇਸ ਵਿੱਚ ਉਸਦਾ ਰੋਲ ਕਿਹੜਾ ਹੈ। ਸਪੇਸੀ ਨੇ ਸਿੰਗਰ ਨਾਲ ਗੱਲ ਕੀਤੀ ਅਤੇ ਉਸਨੂੰ ਦੱਸਿਆ ਕਿ ਉਹ ਕੀਟਨ ਅਤੇ ਕੁਜਾਨ ਦੇ ਰੋਲ ਕਰਨ ਵਿੱਚ ਰੁਚੀ ਰੱਖਦਾ ਹੈ ਪਰ ਉਸਨੂੰ ਕਿੰਟ ਦਾ ਰੋਲ ਦਿੱਤਾ ਕਿਉਂਕਿ ਮਕਕੁਆਰੀ ਨੇ ਉਸਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਰੋਲ ਲਿਖਿਆ ਸੀ।[6]
  • ਸਟੀਫ਼ਨ ਬਾਲਡਵਿਨ ਨੇ ਮਾਈਕਲ ਮਕਮਾਨੁਸ ਦੀ ਭੂਮਿਕਾ ਨਿਭਾਈ ਹੈ। ਇਹ ਐਕਟਰ ਆਜ਼ਾਦ ਫ਼ਿਲਮਾਂ ਕਰ-ਕਰ ਕੇ ਅੱਕ ਗਿਆ ਸੀ ਪਰ ਉਸਦੀਆਂ ਉਮੀਦਾਂ ਪੂਰੀਆਂ ਨਾ ਹੋ ਸਕੀਆਂ। ਜਦੋਂ ਉਹ ਨਿਰਦੇਸ਼ਕ ਬਰਿਆਨ ਸਿੰਗਰ ਨੂੰ ਮਿਲਿਆ ਤਾਂ ਉਸਨੇ ਉਸ ਨਾਲ 15 ਮਿੰਟ ਲੰਮੀ ਗੱਲਬਾਤ ਕੀਤੀ ਕਿ ਉਹ ਉਸ ਨਾਲ ਕਿਸ ਤਰ੍ਹਾਂ ਕੰਮ ਕਰਨਾ ਚਾਹੁੰਦਾ ਹੈ। ਜਦੋਂ ਬਾਲਡਵਿਨ ਨੇ ਆਪਣੀ ਗੱਲ ਪੂਰੀ ਕੀਤੀ ਤਾਂ ਸਿੰਗਰ ਨੇ ਉਸਨੂੰ ਦੱਸਿਆ ਕਿ ਉਸਨੂੰ ਉਸ ਤੋਂ ਕੀ ਉਮੀਦ ਅਤੇ ਉਹ ਕੀ ਚਾਹੁੰਦਾ ਹੈ, ਜਿਸਨੂੰ ਸੁਣਕੇ ਬਾਲਡਵਿਨ ਪ੍ਰਭਾਵਿਤ ਹੋ ਗਿਆ।[6]
  • ਬੇਨੀਸ਼ੀਓ ਡੈਲ ਟੋਰੋ ਨੇ ਫ਼ਰੈਡ ਫ਼ੈਂਸਟਰ ਦੀ ਭੂਮਿਕਾ ਨਿਭਾਈ ਹੈ। ਸਪੇਸੀ ਨੇ ਇਸ ਰੋਲ ਲਈ ਟੋਰੋ ਦੇ ਨਾਮ ਦਾ ਸੁਝਾਅ ਦਿੱਤਾ ਸੀ। ਡੈਲ ਟੋਰੋ ਸਿੰਗਰ ਅਤੇ ਫ਼ਿਲਮ ਦੇ ਕਾਸਟਿੰਗ ਡਾਇਰੈਕਟਰ ਨੂੰ ਮਿਲਿਆ ਅਤੇ ਉਹਨਾਂ ਨੂੰ ਦੱਸਿਆ ਕਿ ਉਹ ਆਡੀਸ਼ਨ ਨਹੀਂ ਦੇ ਸਕਦਾ ਕਿਉਂਕਿ ਉਸਨੂੰ ਇਸ ਤਰ੍ਹਾਂ ਅਸਹਿਜਤਾ ਹੁੰਦੀ ਹੈ।[6] ਸਕ੍ਰਿਪਟ ਪੜ੍ਹਨ ਤੋਂ ਬਾਅਦ ਟੋਰੋ ਨੂੰ ਪਤਾ ਲੱਗਿਆ ਕਿ ਉਸਦੇ ਪਾਤਰ ਦਾ ਇੱਕੋ ਮਕਸਦ ਸੋਜ਼ੇ ਦੇ ਹੱਥੋਂ ਮਾਰਿਆ ਜਾਣਾ ਹੈ ਜਿੱਥੋਂ ਕਿ ਸੋਜ਼ੇ ਦੀ ਤਾਕਤ ਦਾ ਅੰਦਾਜ਼ਾ ਲੱਗ ਸਕੇ ਅਤੇ ਕਿ ਉਸਦੇ ਰੋਲ ਦਾ ਕਹਾਣੀ ਉੱਪਰ ਕੋਈ ਬਹੁਤਾ ਪ੍ਰਭਾਵ ਨਹੀਂ ਹੈ। ਨਤੀਜੇ ਵੱਜੋਂ, ਡੈਲ ਟੋਰੋ ਨੇ ਫ਼ੈਂਸਟਰ ਵਾਲੀ ਵਚਿੱਤਰ ਅਤੇ ਵਿਗੜੇ ਹੋਈ ਭਾਸ਼ਣ ਤਕਨੀਕ ਦਾ ਇਸਤੇਮਾਲ ਕੀਤਾ ਤਾਂ ਕਿ ਉਸਦੇ ਪਾਤਰ ਨੂੰ ਫ਼ਿਲਮ ਵਿੱਚ ਥੋੜ੍ਹਾ ਯਾਦਗਾਰ ਬਣਾਇਆ ਜਾ ਸਕੇ।[7]
  • ਕੈਵਿਨ ਪੋਲਕ ਨੇ ਟੌਡ ਹੌਕਨੀ ਦੀ ਭੂਮਿਕਾ ਨਿਭਾਈ ਹੈ। ਉਹ ਸਿੰਗਰ ਨੂੰ ਇਹ ਫ਼ਿਲਮ ਕਰਨ ਬਾਰੇ ਮਿਲਿਆ ਪਰ ਜਦੋਂ ਉਸਨੇ ਸੁਣਿਆ ਕਿ ਦੋ ਹੋਰ ਐਕਟਰ ਵੀ ਇਸ ਰੋਲ ਲਈ ਆਡੀਸ਼ਨ ਦੇ ਰਹੇ ਹਨ ਤਾਂ ਉਹ ਵਾਪਿਸ ਆ ਗਿਆ ਅਤੇ ਆਡੀਸ਼ਨ ਦਿੱਤਾ ਜਿਸ ਤੋਂ ਉਸਨੂੰ ਇਹ ਰੋਲ ਮਿਲ ਗਿਆ।[6]
  • ਚੈਜ਼ ਪਾਲਮਿੰਟੇਰੀ ਨੇ ਅਮਰੀਕੀ ਕਸਟਮ ਦੇ ਸਪੈਸ਼ਲ ਏਜੰਟ ਕੁਯਾਨ ਦਾ ਰੋਲ ਨਿਭਾਇਆ ਹੈ। ਸਿੰਗਰ ਨੇ ਇਸ ਰੋਲ ਲਈ ਹਮੇਸ਼ਾ ਉਸਨੂੰ ਚਾਹਿਆ ਸੀ, ਪਰ ਉਹ ਹਰ ਵਾਰ ਵਿਹਲਾ ਨਹੀਂ ਹੁੰਦਾ ਸੀ। ਇਸ ਰੋਲ ਨੂੰ ਕ੍ਰਿਸਟੋਫ਼ਰ ਵਾਲਕਨ ਅਤੇ ਰੌਬਰਟ ਦੇ ਨੀਰੋ ਨੂੰ ਪੇਸ਼ ਕੀਤਾ ਅਤੇ ਦੋਵਾਂ ਨੇ ਹੀ ਇਹ ਰੋਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਫ਼ਿਲਮਕਾਰਾਂ ਨੇ ਤਾਂ ਅਲ ਪਚੀਨੋ ਤੱਕ ਵੀ ਇਹ ਰੋਲ ਦੀ ਤਜਵੀਜ਼ ਰੱਖੀ ਪਰ ਉਸਨੇ ਵੀ ਇਹ ਰੋਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਉਸਨੇ ਫ਼ਿਲਹਾਲ ਵਿੱਚ ਹੀ ਹੀਟ ਫ਼ਿਲਮ ਵਿੱਚ ਇੱਕ ਪੁਲਿਸ ਵਾਲੇ ਦਾ ਰੋਲ ਨਿਭਾਇਆ ਸੀ। ਪਾਲਮਿੰਟਰੀ ਇੱਕ ਹਫ਼ਤੇ ਲਈ ਵਿਹਲਾ ਸੀ। ਉਹ ਆਪਣੀਆਂ ਪਿਛਲੀਆਂ ਦੋ ਫ਼ਿਲਮਾਂ ਕਰਕੇ ਹਾਈ-ਪ੍ਰੋਫ਼ਾਈਲ ਸਟਾਰ ਬਣ ਗਿਆ ਸੀ ਜਿਸ ਕਰਕੇ ਉਸਨੂੰ ਇਸ ਰੋਲ ਲਈ ਕਾਫ਼ੀ ਪੈਸੇ ਦਿੱਤੇ ਗਏ ਸਨ।[6]
  • ਪੀਟੇ ਪੋਸਲੈਥਵੇਟ ਨੇ ਮਿਸਟਰ ਕੋਬਾਯਾਸ਼ੀ ਦਾ ਰੋਲ ਨਿਭਾਇਆ ਹੈ ਜਿਹੜਾ ਕਿ ਸੋਜ਼ੇ ਦਾ ਸੱਜਾ ਹੱਥ ਹੈ।
  • ਸੂਜ਼ੀ ਕੈਮਰੋਨ ਨੇ ਐਡੀ ਫ਼ਿਨੇਰਨ ਦੀ ਭੂਮਿਕਾ ਨਿਭਾਈ ਹੈ, ਜਿਹੜੀ ਕਿ ਇੱਕ ਮਸ਼ਹੂਰ ਅਪਰਾਧੀ ਵਕੀਲ ਹੈ ਅਤੇ ਕੀਟਨ ਦੀ ਗਰਲਫ਼ਰੈਂਡ ਹੈ।
  • ਗਿਆਨਕਾਰੋਲ ਐਸਪੋਸੀਤੋ ਨੇ ਐਫ਼.ਬੀ.ਆਈ. ਦੇ ਸਪੈਸ਼ਲ ਏਜੰਟ ਜੈਕ ਬੇਅਰ ਦਾ ਰੋਲ ਕੀਤਾ ਹੈ, ਉਹ ਜਹਾਜ਼ ਨੂੰ ਲੱਗੀ ਅੱਗ ਬਾਰੇ ਪੜਤਾਲ ਕਰਦਾ ਹੈ।
  • ਡੈਨ ਹੇਡਾਇਆ ਨੇ ਸਾਰਜੈਂਟ ਜੈਫ਼ਰੀ "ਜੈਫ਼" ਦਾ ਰੋਲ ਕੀਤਾ ਹੈ, ਜਿਹੜਾ ਕੁਯਾਨ ਦੀ ਵਰਬਲ ਤੋਂ ਪੁੱਛਗਿੱਛ ਕਰਨ ਸਮੇਂ ਉਸਦੇ ਕੋਲ ਰਹਿੰਦਾ ਹੈ।

ਹਿੰਦੀ ਰੀਮੇਕ

ਸੋਧੋ

ਭਾਰਤ ਦੀ ਇੱਕ ਹਿੰਦੀ ਫ਼ਿਲਮ ਦ ਯੂਜ਼ੂਅਲ ਸਸਪੈਕਟਸ ਦੇ ਉੱਪਰ ਅਧਾਰਿਤ ਹੈ ਜਿਸਦਾ ਨਾਮ ਚੌਕਲੇਟ ਹੈ। ਇਹ ਫ਼ਿਲਮ 2005 ਵਿੱਚ ਰਿਲੀਜ਼ ਹੋਈ ਸੀ।[8]

ਬਾਹਰੀ ਸਫ਼ੇ

ਸੋਧੋ

ਹਵਾਲੇ

ਸੋਧੋ
  1. "The Usual Suspects (18)". British Board of Film Classification. May 26, 1995. Retrieved May 30, 2014.
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Gross
  3. Conard, Mark T (2007). The Philosophy of Neo-Noir. University Press of Kentucky. ISBN 978-0-8131-3717-9.
  4. "Festival de Cannes: The Usual Suspects". festival-cannes.com. Archived from the original on ਅਗਸਤ 22, 2011. Retrieved September 8, 2009.
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named WGA101
  6. 6.0 6.1 6.2 6.3 6.4 6.5 Burnett, Robert Meyer (2002). "Round Up: Deposing The Usual Suspects". The Usual Suspects Special Edition DVD. MGM.
  7. Planas, Roque (January 30, 2015). "Benicio Del Toro's Weird Accent In 'The Usual Suspects' Should Have Won The Oscar For Best Foreign Film". Huffington Post.
  8. "BBC - Movies - review - Chocolate (Deep Dark Secrets)". BBC Online. September 11, 2005. Retrieved May 4, 2017.