ਪੁਰਾਣੇ ਸ਼ਬਦ ਦਾ ਅਰਥ ਹੈ, ਜਿਸ ਦਾ ਰਿਵਾਜ ਖਤਮ ਹੋ ਗਿਆ ਹੋਵੇ। ਪੁਰਾਣੇ ਤੋਲ ਹੁਣ ਖਤਮ ਹੋ ਗਏ ਹਨ। ਉਨ੍ਹਾਂ ਤੋਲਾਂ ਬਾਰੇ ਹੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਕਿਸੇ ਵਸਤੂ ਦੇ ਭਾਰ/ਵਜ਼ਨ ਨੂੰ ਤੋਲਣ ਲਈ ਵੱਟੇ ਹੋਂਦ ਵਿਚ ਆਏ। ਵੱਟਾ,ਪੱਥਰ ਦੇ ਟੁਕੜੇ ਨੂੰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਿਹੜੇ ਵੱਟੇ ਹੁੰਦੇ ਸਨ,ਉਹ ਪੱਥਰ ਦੇ ਟੁਕੜਿਆਂ ਦੇ ਹੀ ਬਣਾਏ ਜਾਂਦੇ ਸਨ। ਏਸੇ ਕਰਕੇ ਉਨ੍ਹਾਂ ਵੱਟਿਆਂ ਨੂੰ ਕੱਚੇ ਵੱਟੇ ਕਹਿੰਦੇ ਸਨ। ਫੇਰ ਪੱਕੇ ਵੱਟੇ ਬਣਾਏ ਗਏ। ਪੱਕੇ ਵੱਟੇ ਪਹਿਲਾਂ ਇਕ ਸੇਰ ਤੱਕ ਦੇ ਤਾਂ ਪਿੱਤਲ ਦੀ ਦੇਗ ਦੇ ਬਣਾਏ ਜਾਂਦੇ ਸਨ, ਜਿਨ੍ਹਾਂ ਨਾਲ ਸੋਨਾ, ਚਾਂਦੀ ਅਤੇ ਹੋਰ ਮਹਿੰਗੀਆਂ ਧਾਤਾਂ ਤੋਲੀਆਂ ਜਾਂਦੀਆਂ ਸਨ। ਫੇਰ ਇਕ ਛਟਾਂਕ ਦੇ ਵੱਟੇ ਤੋਂ ਲੈ ਕੇ ਇਕ ਮਣ ਤੱਕ ਦੇ ਵੱਟੇ ਲੋਹੇ ਦੀ ਦੇਗ ਦੇ ਬਣਾਏ ਜਾਣ ਲੱਗੇ। ਇਨ੍ਹਾਂ ਨਾਲ ਹਰ ਕਿਸਮ ਦੀ ਵਸਤ, ਜਿਣਸ ਤੋਲੀ ਜਾਂਦੀ ਸੀ।

ਸੋਨਾ, ਚਾਂਦੀ ਅਤੇ ਹੋਰ ਮਹਿੰਗੀਆਂ ਧਾਤਾਂ ਨੂੰ ਤੋਲਣ ਲਈ ਸਭ ਤੋਂ ਛੋਟਾ ਵੱਟਾ ਰੱਤੀ ਹੁੰਦਾ ਸੀ। ਅੱਠ ਰੱਤੀਆਂ ਦੇ ਵਜ਼ਨ ਨੂੰ ਇਕ ਮਾਸਾ ਕਹਿੰਦੇ ਸਨ। ਬਾਰਾਂ ਮਾਸਿਆਂ ਦਾ ਇਕ ਤੋਲਾ ਹੁੰਦਾ ਸੀ। ਪੰਜ ਤੋਲੇ ਦੀ ਇਕ ਛਟਾਂਕ ਬਣਦੀ ਸੀ। ਚਾਰ ਛੁਟਾਕਾਂ ਦਾ ਪਾਈਆ ਵੱਟਾ ਬਣਦਾ ਸੀ। ਪਾਈਏ ਨੂੰ ਪਾ ਵੀ ਕਹਿੰਦੇ ਸਨ। ਅੱਠ ਛਟਾਂਕਾਂ ਦੇ ਵੱਟੇ ਨੂੰ ਅੱਧਾ ਸੇਰ ਵੱਟਾ ਕਹਿੰਦੇ ਸਨ। ਧਸੇਰ ਵੀ ਕਹਿੰਦੇ ਸਨ। ਸੋਲਾਂ ਛਟਾਕਾਂ ਦਾ ਇਕ ਸੇਰ ਵੱਟਾ ਬਣਦਾ ਸੀ। ਇਕ ਸੇਰ ਦੇ ਵੱਟੇ ਨੂੰ ਜੇਕਰ ਹੋਰ ਸਪੱਸ਼ਟ ਕਰ ਕੇ ਕਹਿਣਾ ਹੋਵੇ ਤਾਂ ਇਕ ਸੇਰ ਵਿਚ ਦੋ ਅੱਧ ਸੇਰ ਹੁੰਦੇ ਸਨ ਤੇ ਚਾਰ ਪਾਈਏ ਹੁੰਦੇ ਸਨ।

ਇਕ ਸੇਰ ਦੇ ਵੱਟੇ ਤੋਂ ਬਾਅਦ ਦੋ ਸੇਰ ਦਾ ਵੱਟਾ ਹੁੰਦਾ ਸੀ। ਦੋ ਸੇਰ ਦੇ ਵੱਟੇ ਤੋਂ ਪਿਛੋਂ ਪੰਜ ਸੇਰ ਦਾ ਵੱਟਾ ਹੁੰਦਾ ਸੀ ਜਿਹੜਾ ਪੰਜ ਸੇਰਾਂ ਦੇ ਬਰਾਬਰ ਹੁੰਦਾ ਸੀ। ਪੰਜ ਸੇਰ ਦੇ ਵੱਟੇ ਨੂੰ ਪੰਸੇਰੀ ਕਹਿੰਦੇ ਸਨ। ਕਈ ਇਲਾਕਿਆਂ ਵਿਚ ਪੰਸੇਰਾ ਕਹਿੰਦੇ ਸਨ। ਪੰਸੇਰੀ ਤੋਂ ਪਿਛੋਂ ਦਸ ਸੇਰ ਦਾ ਵੱਟਾ ਹੁੰਦਾ ਸੀ ਜਿਹੜਾ ਦੋ ਪੰਸੇਰੀਆਂ ਦੇ ਬਰਾਬਰ ਹੁੰਦਾ ਸੀ। ਦਸ ਸੇਰ ਦੇ ਵੱਟੇ ਨੂੰ ਧੜੀ ਦਾ ਵੱਟਾ ਵੀ ਕਹਿੰਦੇ ਸਨ। ਦਸ ਸੇਰ ਦੇ ਵੱਟੇ ਤੋਂ ਬਾਅਦ ਵੀਹ ਸੇਰ ਦਾ ਵੱਟਾ ਹੁੰਦਾ ਸੀ। ਵੀਹ ਸੇਰ ਦੇ ਵੱਟੇ ਤੋਂ ਬਾਅਦ ਚਾਲੀ ਸੇਰ ਦਾ ਵੱਟਾ ਹੁੰਦਾ ਸੀ ਜਿਸ ਨੂੰ ਮਣ ਕਹਿੰਦੇ ਸਨ। ਮਣ ਵੱਟਾ ਸਭ ਤੋਂ ਵੱਡਾ ਵੱਟਾ ਹੁੰਦਾ ਸੀ। ਇਸ ਤਰ੍ਹਾਂ ਪੁਰਾਣੇ ਮਣ ਦੇ ਵੱਟੇ ਦਾ ਹੇਠ ਲਿਖੇ ਅਨੁਸਾਰ ਵਿਸਥਾਰ ਬਣਦਾ ਹੈ : ਇਕ ਮਣ ਬਰਾਬਰ ਹੈ=1×640=640 ਛਟਾਂਕਾਂ ਦੇ ਇਕ ਮਣ ਬਰਾਬਰ ਹੈ=1×160=160 ਪਾਈਆਂ ਦੇ ਇਕ ਮਣ ਬਰਾਬਰ ਹੈ=1×80=80 ਅੱਧ ਸੇਰਾਂ ਦੇ ਇਕ ਮਣ ਬਰਾਬਰ ਹੈ=1×40=40 ਸੇਰਾਂ ਦੇ ਇਕ ਮਣ ਬਰਾਬਰ ਹੈ=1×20=20 ਦੋ ਸੇਰਾਂ ਦੇ ਇਕ ਮਣ ਬਰਾਬਰ ਹੈ=1×8=8 ਪੰਸੇਰੀਆਂ ਦੇ ਇਕ ਮਣ ਬਰਾਬਰ ਹੈ=1×4=4 ਦਸ ਸੇਰਾਂ ਦੇ ਇਕ ਮਣ ਬਰਾਬਰ ਹੈ=1×2=2 ਵੀਹ ਸੇਰਾਂ ਦੇ[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.