ਪੰਜਾਬੀ ਗੀਤਾਂ ਵਿੱਚ ਗੁਰੂ ਨਾਨਕ ਦੀ ਪੇਸ਼ਕਾਰੀ
ਹਰ ਕੌਮ, ਧਰਮ ਜਾਂ ਦੇਸ ਦੇ ਨਿਵਾਸੀਆਂ ਵੱਲੋਂ ਆਪਣੇ ਧਾਰਮਿਕ ਪੈਗੰਬਰ, ਗੁਰੂ-ਪੀਰ, ਜਾਂ ਯੋਧਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਂਦਾ ਰਿਹਾ ਹੈ। ਇਸ ਗੁਣਗਾਨ ਦਾ ਮੰਤਵ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸਿਕ ਨਾਇਕਾਂ ਦੀ ਸ਼ਖ਼ਸੀਅਤ ਤੋਂ ਜਾਣੂੰ ਕਰਵਾ ਕੇ ਪ੍ਰੇਰਨਾ ਦੇਣਾ ਹੁੰਦਾ ਹੈ। ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਦੀ ਸੋਭਾ ਕੀਤੀ ਗਈ ਹੈ ਇਸ ਸੋਭਾ ਦੇ ਗੁਣਗਾਨ ਰਾਹੀਂ ਹੀ ਗੁਰੂ ਨਾਨਕ ਦੇ ਵਿਅਕਤੀਤਵ ਨੂੰ ਵਿਸਥਾਰ ਦੇ ਕੇ ਮਕਬੂਲ ਬਣਾਇਆ ਗਿਆ ਹੈ। ਇਸ ਲਈ ‘ਉੱਚਾ ਦਰ ਬਾਬੇ ਨਾਨਕ’ ਗੀਤ ਵਿੱਚ ਪਾਤਰ ਆਪਣੇ ਮੂੰਹੋ ਦੱਸਦਾ ਹੈ ਕਿ ਉਹ ਬਾਬੇ ਨਾਨਕ ਦੀ ਸੋਭਾ ਸੁਣ ਕੇ ਆਇਆ ਹੈ। ‘ਐਵੇਂ ਨੀ ਦੁਨੀਆ ਪੂਜਦੀ ਬਾਬਾ ਤੇਰੀ ਤਸਵੀਰ ਨੂੰ’ (ਹਰਨੂਰ ਸੰਧੂ), ‘ਧੰਨ ਗੁਰੂ ਨਾਨਕ’ (ਮਿਸ ਪੂਜਾ), ਗੁਰੂ ਨਾਨਕ ਨੂੰ (ਸਤਵਿੰਦਰ ਬਿੱਟੀ), ‘ਇੱਕ ਮਸਤਾਨਾ’(ਜੋਰਡਨ ਸੰਧੂ), ਆਦਿ ਗੀਤਾਂ ਵਿੱਚ ਬਾਬਾ ਨਾਨਕ ਦੀ ਮਨੁੱਖੀ ਗੁਣਾਂ ਸੱਚ ਦਾ ਹੋਕਾ ਲਾਉਣਾ, ਮਿੱਠ ਬੋਲੜਾ, ਜਾਤ-ਪਾਤ ਦਾ ਖੰਡਨ, ਕਿਰਤ ਕਰੋ, ਵੰਡ ਕੇ ਛਕੋ, ਇੱਕ ਓਂਕਾਰ ਕਹਿਣਾ ਆਦਿ ਉਪਦੇਸਾਂ ਦੀ ਸਲਾਘਾ ਕਰਦੇ ਹੋਏ ਗੁਰੂ ਨਾਨਕ ਨੂੰ ਇੱਕ ਪੀਰ, ਮੁਰਸ਼ਦ, ਪੈਗੰਬਰ ਅਤੇ ਗੁਰੂ ਰੂਪ ਵਿੱਚ ਸਵਿਕਾਰ ਕਰਦੇ ਹੋਏ ਸ਼ਰਧਾ ਦਿਖਾਈ ਗਈ ਹੈ।
ਭੁੱਲਿਆਂ ਨੂੰ ਰਸਤੇ ਪਾਵੇ
ਦੁਖੀਆਂ ਦੇ ਦੁੱਖ ਮਿਟਾਵੇ
ਸੱਚ ਦਾ ਹੋਕਾ ਲਾਵੇ
ਮੇਰਾ ਧੰਨ ਗੁਰੂ ਨਾਨਕ (ਮਿਸ ਪੂਜਾ)
ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਦੇ ਅਵਤਾਰ ਧਾਰ ਕੇ ਆਉਣ ਦੇ ਬਿੰਬ ਦੀ ਨਿਰਮਾਣਕਾਰੀ ਵੀ ਵਾਰ ਵਾਰ ਕੀਤੀ ਗਈ ਹੈ। ‘ਆਵੀਂ ਬਾਬਾ ਨਾਨਕ’ (ਰਵਿੰਦਰ ਗਰੇਵਾਲ), ‘ਸਤਿਗੁਰ ਨਾਨਕ ਆ ਜਾ’, ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ’ (ਯਮਲਾ ਜੱਟ),‘ਅਰਜ਼’ (ਮੁਹੰਮਦ ਸਦੀਕ), ‘ਸਤਿਗੁਰ ਨਾਨਕ ਆਜਾ ਤੇਰੀਆਂ ਲੋੜਾਂ ਨੇ’ (ਪੈਵੀ ਧੰਜਲ), ਆਦਿ ਗੀਤਾਂ ਵਿੱਚ ਸਮਕਾਲੀ ਸਮਾਜਿਕ ਦੁਰਦਸ਼ਾ, ਗਰੀਬੀ, ਧਾਰਮਿਕ ਕੱਟੜਤਾ, ਸ਼ੋਸ਼ਣ, ਪਖੰਡੀ ਸਾਧ, ਵਹਿਮ-ਭਰਮ, ਅੰਧ-ਵਿਸ਼ਵਾਸ, ਭੈੜਾ ਸੰਗੀਤ, ਟੁੱਟਦੇ ਰਿਸ਼ਤਿਆਂ, ਭਟਕੀ ਇਨਸਾਨੀਅਤ, ਆਦਿ ਸਮੱਸਿਆਂ ਤੋਂ ਨਿਜਾਤ ਪਾਉਣ ਲਈ ਗਰੂ ਨਾਨਕ ਨੂੰ ਕੋਈ ਅਵਤਾਰ ਧਾਰ ਕੇ ਮੁੜ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਸੱਚ ਦਾ ਸੂਰਜ ਛਿਪ ਗਿਆ ਇੱਥੇ ਛਾਇਆ ਕੂੜ ਹਨੇਰ
ਹੁਣ ਆ ਜਾ ਬਾਬਾ ਨਾਨਕਾ ਦੱਸ ਕਿਉਂ ਕੀਤੀ ਏ ਦੇਰ (ਮੁਹੰਮਦ ਸਦੀਕ)
ਜਾਂ
ਭੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀਂ
ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ
ਬਾਣੀ ਦੀ ਥਾਂ ਫ਼ੈਸ਼ਨ ਚੜ੍ਹੀ ਖੁਮਾਰੀ ਐ (ਯਮਲਾ ਜੱਟ)
ਕਈ ਗੀਤਾਂ ਵਿੱਚ ਬਾਬਾ ਨੂੰ ਇਸ ਸ਼੍ਰਿਸ਼ਟੀ ਦੇ ਸਿਰਜਣਹਾਰ ਦੇ ਰੂਪ ਵਿੱਚ ਚਿੱਤਰਿਆ ਗਿਆ ਹੈ। ‘ਸਿਰਜਣਹਾਰ’ (ਰੁਪਿੰਦਰ ਹਾਂਡਾ), ‘ਆਰ ਨਾਨਕ ਪਾਰ ਨਾਨਕ’ (ਦਲਜੀਤ ਦੁਸਾਂਝ), ਆਦਿ ਗੀਤਾਂ ਵਿੱਚ ਸੰਸਾਰ ਨੂੰ ਪੈਦਾ ਕਰਨ ਵਾਲੀ ਤੇ ਪਾਲਣਾ ਕਰਨ ਵਾਲੀ ਸ਼ਕਤੀ ਗੁਰੂ ਨਾਨਕ ਨੂੰ ਮੰਨਿਆ ਗਿਆ ਹੈ। ਇਸ ਤਰ੍ਹਾਂ ਬਾਬਾ ਨਾਨਕ ਨੂੰ ਇੱਕ ਗੁਰੂ, ਪੀਰ ਜਾਂ ਪੈਂਗੰਬਰ ਤੋਂ ਵਧਕੇ ਇੱਕ ਰੱਬ ਭਾਵ ਪ੍ਰਮਾਤਮਾ ਦਾ ਦਰਜਾ ਦਿੱਤਾ ਗਿਆ ਹੈ।
ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ
ਤੂੰ ਸਿਰਜੀ ਸਾਰੀ ਖੇਡ ਬਾਬਾ (ਦਲਜੀਤ ਦੁਸਾਂਝ)
ਬਾਬਾ ਨਾਨਕ ਨਾਲ ਸੰਬੰਧਿਤ ਮਕਬੂਲ ਸਾਖੀਆਂ ਜਿਵੇਂ:- ਸੱਚਾ ਸੌਧਾ, ਤੇਰਾ ਤੇਰਾ ਤੋਲਣਾ, ਮੱਝਾਂ ਚਾਰਨਾ, ਸੱਪ ਦੀ ਛਾਂ ਕਰਨਾ, ਬੇਈ ਨਦੀ ਵਿੱਚ ਇਸਨਾਨ ਆਦਿ ਸਾਖੀਆਂ ਨੂੰ ਆਧਾਰ ਬਣ ਕੇ ਵੀ ਗੀਤ ਸਿਰਜਣਾ ਕੀਤੀ ਗਈ ਹੈ। ਇਨ੍ਹਾਂ ਗੀਤਾਂ ਰਾਹੀਂ ਗੁਰੂ ਨਾਨਕ ਨੂੰ ਇੱਕ ਚਮਕਤਾਰੀ ਅਤੇ ਦੈਵੀ ਮਨੁੱਖ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਗਿਆ ਹੈ। ‘ਤੇਰਾ ਤੇਰਾ ਤੋਲਦਾ’ (ਸਰੂਪ ਸਿੰਘ ਸਰੂਪ), ‘ਵੀਹਾਂ ਦਾ ਵਿਆਜ਼’ (ਹਿੰਮਤ ਸੰਧੂ), ‘ਤੱਕੜੀ ਨਾਨਕ ਦੀ’ (ਕੰਵਰ ਗਰੇਵਾਲ), ‘ਖੇਤਾਂ ਵਿੱਚ ਮੱਝਾਂ ਚਾਰਦਾ’ (ਕੁਲਦੀਪ ਮਾਣਕ), ‘ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ’ (ਦਲਜੀਤ ਦੁਸਾਂਝ) ਆਦਿ ਗੀਤਾਂ ਵਿੱਚ ਸਾਖੀਆਂ ਨਾਲ ਸੰਬੰਧਿਤ ਘਟਨਾਵਾਂ ਨੂੰ ਗੀਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ
ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ
ਹੱਟ ਹੱਕ ਦੀ ਚਲਾਉਂਦਾ ਦਿਸਦਾ ਏ
ਨਾਲ਼ੇ ਲੰਗਰ ਛਕਾਉਂਦਾ ਦਿਸਦਾ ਏ (ਦਲਜੀਤ ਦੁਸਾਂਝ)
ਗੁਰੂ ਨਾਨਕ ਨਾਲ ਸੰਬੰਧਿਤ ਗੀਤਾਂ ਵਿੱਚ ਭੈਣ ਨਾਨਕੀ ਦੀ ਨਾਨਕ ਵੀਰ ਪ੍ਰਤੀ ਮੁਹੱਬਤ ਨੂੰ ਵੀ ਆਧਾਰ ਬਣਾਇਆ ਗਿਆ ਹੈ। ਭੈਣ ਨਾਨਕੀ ਦਾ ਨਾਨਕ ਪ੍ਰਤੀ ਪਿਆਰ, ਨਾਨਕ ਵੀਰ ਦਾ ਆਪ ਨਾਮਕਰਣ ਕਰਨ, ਨਾਨਕ ਵੀਰ ਦੇ ਵਿਆਹ ਦੀ ਘੋੜੀ ਗਾਉਣ ਅਤੇ ਉਦਾਸੀਆਂ ਤੇ ਗਏ ਨਾਨਕ ਦੇ ਵਿਯੋਗ ਨੂੰ ਪ੍ਰਗਟਾਉਂਦਿਆਂ ਮੁੜ ਘਰ ਨੂੰ ਫੇਰਾ ਪਾਉਣ ਦਾ ਸੱਦਾ ਦਿੱਤਾ ਗਿਆ ਹੈ।
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂ (ਵੀਤ ਬਲਜੀਤ)
ਮੇਰੇ ਵੀਰਾ, ਸ਼ਾਹੀ ਫ਼ਕੀਰਾ, ਨਾਨਕ ਵੀਰਾ ਵੇ ਕਦੀ ਤੇ ਫੇਰਾ ਪਾ (ਯਮਲਾ ਜੱਟ)
ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ (ਦਲਜੀਤ ਦਸਾਂਝ)
ਪੰਜਾਬੀ ਲੋਕ ਗਾਇਕਾਂ ਨੇ ਲੋਕ-ਕਾਵਿ ਰੂਪਾਂ ਘੋੜੀਆਂ ਅਤੇ ਸਿੱਠਣੀਆਂ ਨੂੰ ਆਧਾਰ ਬਣਾ ਕੇ ਵੀ ਗੁਰੂ ਨਾਨਕ ਬਿੰਬ ਦੀ ਨਿਰਮਾਣਕਾਰੀ ਕੀਤੀ ਹੈ। ਗੁਰੂ ਨਾਨਕ ਜਦੋਂ ਮਾਤਾ ਸੁਲੱਖਣੀ ਨੂੰ ਵਿਆਹੁਣ ਲਈ ਬਟਾਲੇ ਵੱਲ ਨੂੰ ਬਰਾਤ ਲੈ ਕੇ ਜਾਂਦੇ ਹਨ ਤਾਂ ਭੈਣ ਨਾਨਕੀ ਆਪਣੇ ਵੀਰ ਗੁਰੂ ਨਾਨਕ ਨੂੰ ਘੋੜੀ ਚੜ੍ਹਦਿਆਂ ਵੇਖ ਕੇ ਸੁੱਖਾਂ-ਸੁੱਖਦੀ ਤੇ ਵੀਰ ਦੀਆਂ ਸਿਫ਼ਤਾਂ ਕਰਦੀ ਹੋਈ ਘੋੜੀਆਂ ਗਾਉਂਦੀ ਹੈ। ਜਿਸ ਦਾ ਗਾਇਨ ਰਣਜੀਤ ਕੌਰ ਨੇ ਆਪਣੇ ਗੀਤ ‘ਨਾਨਕ ਵੀਰਾ ਮੈਂ ਤੈਨੂੰ ਘੌੜੀ ਚੜ੍ਹੇਨੀ ਆਂ’ ਵਿੱਚ ਬਾਖ਼ੂਬੀ ਨਾਲ ਕੀਤਾ ਹੈ। “ ‘ਸਿੱਠਣੀਆਂ ਗੁਰੂ ਨਾਨਕ ਦੇਵ ਜੀ’ ਵਿਸ਼ਾ ਗੁਰੂ ਸਾਹਿਬ ਦੇ ਸਹੁਰਿਆਂ ਦਾ ਘਰ ਹੈ, ਜਿੱਥੇ ਗੁਰੂ ਸਾਹਿਬ ਦੀਆਂ ਸਾਲੀਆਂ ਵਲੋਂ ਗੁਰੂ ਸਾਹਿਬ ਦੇ ਬਚਪਨ ਤੋਂ ਵਿਆਹ ਤੱਕ ਦੇ ਜੀਵਨ ਬਿਰਤਾਂਤ ’ਚੋਂ ਹਵਾਲੇ ਲੈ ਕੇ ਗੁਰੂ ਸਾਹਿਬ ਨਾਲ ਹਾਸਾ-ਮਖੌਲ ਕੀਤਾ ਜਾ ਰਿਹਾ ਹੈ।”[1] ਸਿੱਠਣੀਆਂ ਸੁਰਿੰਦਰ ਕੌਰ/ਪ੍ਰਕਾਸ਼ ਕੌਰ ਵਿੱਚ ਕੇਵਲ ਸਾਲੀਆਂ ਦੇ ਹੀ ਪੱਖ ਨੂੰ ਪੇਸ ਕੀਤਾ ਗਿਆ ਹੈ ਜਦੋਂ ਕਿ ਅਤੇ ਨਰਿੰਦਰ ਬੀਬਾ/ਰਣਬੀਰ ਸਿੰਘ ਦੁਆਰਾ ਗਾਈਆਂ ਗਈਆਂ ਸਿੱਠਣੀਆਂ ਵਿੱਚ ਗੁਰੂ ਨਾਨਕ ਦੇਵ ਦੇ ਪੱਖ ਨੂੰ ਰਣਬੀਰ ਸਿੰਘ ਦੁਆਰਾ ਗਾਇਨ ਕੀਤਾ ਗਿਆ ਹੈ।
ਪਾਂਧੇ ਨੂੰ ਸੁਣਿਆ ਮੁੰਡਾ ਆਇਆ ਪੜ੍ਹਾ ਕੇ
ਬਣ ਗਿਆ ਗੂੰਗਾ ਅੱਜ ਸਾਡੇ ਕੋਲੇ ਆ ਕੇ
ਗੱਲ ਕੋਈ ਆਉਂਦੀ ਨਈਂ… (ਸੁਰਿੰਦਰ ਕੌਰ/ਪ੍ਰਕਾਸ਼ ਕੌਰ)
ਲਾੜਾ ਤਾਂ ਲੋਕਾਂ ਦੀਆਂ ਮੱਝਾਂ ਚਰਾਉਂਦਾ ਏ
ਸੁਣਿਆ ਉਲਾਂਭੇ ਬੜੇ ਘਰ ਨੂੰ ਲਿਆਉਂਦਾ ਏ
ਇਹ ਗੱਲ ਫੱਬਦੀ ਨਈਂ.. (ਨਰਿੰਦਰ ਬੀਬਾ)
ਏਸ ਲਾੜੇ ਦੀ ਕੀ ਮੈਂ ਸਿਫ਼ਤ ਸੁਣਾਵਾਂ ਨੀ
ਸੱਪ ਖੜੋਤੇ ਇਹ ਨੂੰ ਕਰਦੇ ਨੇ ਛਾਵਾਂ ਨੀ
ਬੂਹੇ ’ਚ ਤੇਲ ਚੁਆਓ, ਨੀ ਕੁੜੀਓ
ਗੀਤ ਖ਼ੁਸ਼ੀ ਦੇ ਗਾਓ (ਰਣਬੀਰ ਸਿੰਘ)
ਆਧੁਨਿਕ ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਨੂੰ ਰਹਿਮਤ ਭਰਿਆ ਹੱਥ ਰੱਖਣ ਦੀ ਅਰਜੋਈ ਕੀਤੀ ਗਈ ਹੈ। ਜਿਸ ਵਿੱਚ ਬਾਬਾ ਨਾਨਕ ਨੂੰ ਸਿੱਧੇ ਤੌਰ ਤੇ ਸੰਬੋਧਨ ਕੀਤਾ ਗਿਆ ਹੈ। ‘ਪਿੱਠ ਨਾ ਲੱਗਣ ਦਈਂ ਮੇਰੀ, ਧਨ ਮੇਰੇ ਬਾਬਾ ਨਾਨਕ ਜੀ’(ਦਲਜੀਤ ਚਹਿਲ), ਰੱਬਾ ਐਨੀ ਵੀ ਅਮੀਰ ਨਾ ਦੇਈਂ (ਆਰ.ਨੇਤ), ਨਾਮ ਖੁਮਾਰੀ ਨਾਨਕਾ (ਸੁਰਜੀਤ ਭੁੱਲਰ), ‘ਦਾਲ ਫੁੱਲਕਾ’ (ਸਿਮਰ ਗਿੱਲ),’ਮਿਹਰ ਰੱਖੀਂ’ (ਪ੍ਰੀਤ ਹਰਪਾਲ) ਆਦਿ ਗੀਤਾਂ ਵਿੱਚ ਹਰ ਘਰ ਵਿੱਚ ਖੁਸ਼ਹਾਲੀ ਰੱਖੀਂ, ਮਾੜੇ ਕੰਮਾਂ ਤੋਂ ਬਚਾਈਂ, ਹੰਕਾਰ ਨਾ ਆਵੇ, ਦਾਲ ਰੋਟੀ ਦਿੰਦਾ ਰਹੀਂ, ਆਦਿ ਅਰਦਾਸਾਂ ਨੂੰ ਗੀਤ ਰਾਹੀਂ ਪ੍ਰਗਟਾਇਆ ਗਿਆ ਹੈ।
ਸਤਿਗੁਰ ਨਾਨਕ ਸਭਨਾ ਉੱਤੇ ਮਿਹਰ ਰੱਖੀਂ
ਦੁੱਖ ਨਾ ਕਿਸੇ ਦੇ ਵਿਹੜੇ ਬਹੁਤੀ ਦੇਰ ਰੱਖੀਂ (ਪ੍ਰੀਤ ਹਰਪਾਲ)
ਪੰਜਾਬੀ ਗੀਤਾਂ ਵਿੱਚ ਬਾਬਾ ਨਾਨਕ ਦੀ ਜਨਮ ਭੂਮੀ ਨਨਕਾਣਾ ਸਾਹਿਬ ਦਾ ਜ਼ਿਕਰ ਵੀ ਵੱਡੀ ਮਾਤਰਾ ਵਿੱਚ ਹੋਇਆ ਹੈ। ਦੇਸ਼ ਵੰਡ ਨਾਲ ਨਨਕਾਣਾ ਸਾਹਿਬ ਪਾਕਿਸਤਾਨ ਦੇ ਹਿੱਸੇ ਆਉਣ ਕਾਰਨ ਸੰਗਤਾਂ ਨੂੰ ਉਨ੍ਹਾਂ ਦਾ ਵੱਡਾ ਧਾਰਮਿਕ ਸਥਾਨ ਖੁੱਸ ਜਾਣ ਦਾ ਝੋਰਾ ਹੈ। ਜਿਸ ਦਾ ਪ੍ਰਗਟਾਵ ਅਮਰ ਸਿੰਘ ਚਮਕੀਲੇ ਦੇ ਗੀਤ ਵਿੱਚ ਹੋਇਆ ਹੈ ਇਸ ਗੀਤ ਵਿੱਚ ਵੰਡ ਦਾ ਕਾਰਨ ਰਾਜਨੀਤਿਕ ਤੇ ਅੰਗਰੇਜ਼ਾਂ ਦੀਆਂ ਕੋਝੀਆਂ ਚਾਲਾਂ ਨੂੰ ਮੰਨਿਆ ਹੈ। ਸੰਗਤਾਂ ਦਾ ਨਨਕਾਣੇ ਤੋਂ ਵਿਛੜ ਜਾਣ ਦੇ ਦਰਦ, ਨਨਕਾਣਾ ਸਾਹਿਬ ਨੂੰ ਵੇਖਣ ਦਾ ਚਾਅ ਅਤੇ ਪਾਕਿਸਤਾਨ ਦੇ ਲੋਕਾਂ ਦਾ ਅੰਮ੍ਰਿਤਸਰ ਵੇਖਣ ਤੇ ਭਾਰਤੀ ਪੰਜਾਬੀਆਂ ਦਾ ਨਨਕਾਣਾ ਸਾਹਿਬ ਵੇਖਣ ਦੀ ਰੀਝ ਨੂੰ ਆਧਾਰ ਬਣਾ ਕੇ ਵੀ ਗੀਤ ਗਾਏ ਗਏ ਹਨ।
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ (ਅਮਰ ਸਿੰਘ ਚਮਕੀਲਾ)
ਨਹੀਂ ਭੁੱਲਦਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ (ਮਨਮੋਹਨ ਵਾਰਿਸ)
ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ (ਸੁਰਜੀਤ ਭੁੱਲਰ)
ਸਾਨੂੰ ਨਨਕਾਣ ਓਨਾਂ ਨੂੰ ਕਦ ਅੰਮ੍ਰਿਸਰ ਦਿਖਲਾਵੇਂਗਾ (ਮਿਸ ਪੂਜਾ)
ਆਧੁਨਿਕ ਪੰਜਾਬੀ ਗੀਤਾਂ ਵਿੱਚ ਸਮਕਾਲੀ ਪ੍ਰਸਥਿਤੀਆਂ, ਧਰਮ ਅਤੇ ਅਜੋਕੇ ਬਾਬਿਆਂ ਨੂੰ ਗੁਰੂ ਨਾਨਕ ਦੇਵ ਨਾਲ ਤੁਲਨਾਇਆ ਗਿਆ ਹੈ। ਜਿਸ ਦੁਆਰਾ ਧਾਰਮਿਕ ਨਿਘਾਰ ਨੂੰ ਸਾਹਮਣੇ ਲਿਆਉਂਦਿਆਂ ਗੁਰੂ ਨਾਨਕ ਦੀ ਬਾਣੀ ਨੂੰ ਭੁਲਾਉਣਾ ਦਾ ਖਦਸਾ ਜ਼ਾਹਿਰ ਕੀਤਾ ਹੈ। ਬੱਬੂ ਮਾਨ ਦੇ ਇਸ ਚਰਚਿਤ ਗੀਤ ਵਿੱਚ ਅਜੋਕੇ ਭੇਖੀ ਬਾਬਿਆਂ ਨੂੰ ਬਾਬਾ ਨਾਨਕ ਨਾਲ ਤੁਲਨਾਉਂਦਿਆਂ ਇਹ ਜ਼ਾਹਿਰ ਕਰਨ ਦਾ ਦਾ ਯਤਨ ਕੀਤਾ ਹੈ ਕਿ ਧਰਮ ਤੇ ਸੱਤਾ ਦੀ ਰਲਗੱਡਤਾ ਨਾਲ ਦੋਵੇਂ ਹੀ ਭ੍ਰਿਸ਼ਟ ਹੋ ਚੁੱਕੇ ਹਨ ਜਿਸ ਵੱਲ ਉਹ ‘ਲਾਲ ਬੱਤੀ’ ਦਾ ਪ੍ਰਤੀਕ ਵਰਤ ਕੇ ਸੰਕੇਤ ਕਰਦਾ ਹੈ।
ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆ ਗਾਹ ਤੀ
ਇੱਕ ਅੱਜ ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾ ਤੀ
ਉਪਰੋਕਤ ਵਿਚਾਰਾਂ ਦੇ ਸੰਦਰਭ ਵਿੱਚ ਕਹਿ ਸਕਦੇ ਹਾਂ ਕਿ ਇਤਿਹਾਸ ਮੂਲ ਰੂਪ ਵਿੱਚ ਅਤੀਤ ਨਾਲ ਸੰਬੰਧਿਤ ਹੁੰਦਾ ਹੈ। ਗੁਰੂ ਨਾਨਕ ਦੇਵ ਦੀ ਆਪਣੀ ਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਰਚਿਤ ਸਮਕਾਲੀ ਗੁਰੂਆਂ ਦੀ ਬਾਣੀ ਨੂੰ ਛੱਡ ਦਈਏ ਤਾਂ ਗੁਰੂ ਨਾਨਕ ਦੇਵ ਬਾਰੇ ਰਚਿਤ ਪਹਿਲੀ ਪੋਥੀ ਪੁਰਾਤਨ ਜਨਮਸਾਖੀ ਹੈ। “ਵਿਦਵਾਨਾਂ ਨੇ ਇਸ ਪੋਥੀ ਦਾ ਰਚਨਾਕਾਰ ਸੇਵਾਦਾਸ ਨਾਂ ਦੇ ਇੱਕ ਸਾਧੂ ਨੂੰ ਮੰਨਿਆ ਹੈ, ਜਿਸਦਾ ਇਲਾਕਾ ਲਹਿੰਦਾ ਸੀ। ਜਨਮ ਸਾਖੀ ਦੀ ਲਹਿੰਦੀ ਪ੍ਰਧਾਨ ਭਾਸ਼ਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਇਹ ਰਚਨਾ 1588 ਈ. ਦੇ ਕਰੀਬ ਰਚੀ ਗਈ। ”[2] ਭਾਵ ਗੁਰੂ ਨਾਨਕ ਦੇ ਜੋਤੀ- ਜੋਤ ਸਮਾਉਣ ਤੋਂ ਤਕਰੀਬ 49 ਸਾਲ ਬਾਅਦ ਪੁਰਾਤਨ ਜਨਮ ਸਾਖੀ ਲਿਈ ਗਈ। ਬਾਬਾ ਨਾਨਕ ਬਾਰੇ ਰਚਿਤ ਰਚਨਾਵਾਂ ਸਮਕਾਲ ਦੀ ਥਾਂ ਅਤੀਤਮੁਖੀ ਹੋਣ ਕਾਰਨ ਉਨ੍ਹਾਂ ਬਾਰੇ ਜੋ ਵੀ ਲਿਖਿਆ ਗਿਆ (ਜਨਮ ਸਾਖੀਆਂ, ਸ਼ਬਦ-ਕੀਰਤਨ, ਨਾਵਲ, ਕਹਾਣੀਆਂ, ਨਾਟਕ ਅਤੇ ਗੀਤ ਆਦਿ) ਲੇਖਕ ਜਾਂ ਇਤਿਹਾਸਕਾਰ ਦੁਆਰਾ ਸਿਰਜਿਆ ਇਤਿਹਾਸ ਹੈ। ਜਿਸ ਵਿੱਚ ਉਸਦੀਆਂ ਨਿੱਜੀ ਧਾਰਨਾਵਾਂ, ਵਿਸ਼ਵਾਸ, ਅੰਧ-ਵਿਸ਼ਵਾਸ, ਆਸਥਾ, ਭਾਵੁਕਤਾ ਅਤੇ ਦ੍ਰਿਸ਼ਟੀਕੋਣ ਸ਼ਾਮਿਲ ਹੈ। ਪੰਜਾਬੀ ਗੀਤਾਂ ਵਿੱਚ ਗਾਇਕਾਂ ਦੁਆਰਾ ਬਾਬਾ ਨਾਨਕ ਦੇ ਬਿੰਬ ਨੂੰ ਸਿਰਜਿਆ ਅਤੇ ਗਾਇਆ ਗਿਆ ਹੈ।
ਆਧੁਨਿਕ ਪੰਜਾਬੀ ਗੀਤਾਂ ਵਿੱਚ ਗੁਰੂ ਨਾਨਕ ਦੇ ਬਿੰਬ ਦੀ ਨਿਰਮਾਣਕਾਰੀ ਸੰਬੰਧੀ ਰਤਨ ਸਿੰਘ ਜੱਗੀ ਦੇ ਵਿਚਾਰ ਮਹੱਤਤਾ ਰੱਖਦੇ ਹਨ। “ਗੁਰੂ ਸਾਹਿਬ ਨੇ ਜਿਸ ਤਰ੍ਹਾਂ ਆਪਣੀ ਵਿਚਾਰਧਾਰਾ ਨੂੰ ਲੋਕ-ਮਨ ਉਤੇ ਸਥਾਪਿਤ ਕੀਤਾ, ਉਸ ਤੋਂ ਉਨ੍ਹਾਂ ਦੀ ਸਖ਼ਸੀਅਤ ਦੈਵੀ ਰੂਪ ਵਿੱਚ ਉਘੜੀ ਹੈ। ਘਟਨਾ-ਵਰਣਨ ਵੇਲੇ ਕਰਾਮਾਤਾਂ, ਅਲੌਕਿਕ ਘਟਨਾਵਾਂ, ਚਮਤਕਾਰਾਂ ਦਾ ਵੀ ਮਿਸ਼ਰਣ ਹੋਇਆ ਹੈ। ਫਲਸਰੂਪ ਯਥਾਰਥ ਭੂਮੀ ਤੋਂ ਹਟ ਕੇ ਕਵੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁਰਾਣ-ਪੁਰਸ਼ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਅਜਿਹਾ ਕਰਨ ਵੇਲੇ ਕਈਆਂ ਥਾਵਾਂ ਤੇ ਜਿਥੇ ਇਤਿਹਾਸਿਕ ਆਧਾਰ ਖੁਰਿਆ ਹੈ, ਉਥੇ ਗੁਰੂ ਸਾਹਿਬ ਦੇ ਜੀਵਨ ਵਿੱਚ ਕਈ ਅਜਿਹੇ ਤੱਤ੍ਵ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦਾ ਸੰਬੰਧ ਗੁਰੂ ਜੀ ਨਾਲ ਨਹੀਂ ਹੈ। ਕਵੀ ਨੇ ਗੁਰੂ ਜੀ ਦੇ ਵਾਸਤਵਿਕ ਸਰੂਪ ਦੀ ਥਾਂ, ਆਪਣੇ ਮਨ ਵਿੱਚ ਬਣੇ ਗੁਰੂ ਸਾਹਿਬ ਦੇ ਸਰੂਪ ਨੂੰ ਚਿਤਰਿਆ ਹੈ ਜੋ ਉਸ ਦੀ ਭਾਵਨਾ ਦੇ ਅਨੁਰੂਪ ਹੈ।”[3] ਪੰਜਾਬੀ ਗੀਤ ਵਿੱਚ ਵੀ ਇਸ ਗਲਤੀ ਨੂੰ ਦੁਹਰਾਇਆ ਗਿਆ ਹੈ। ‘ਐਵੇਂ ਨੀ ਦੁਨੀਆ ਪੂਜਦੀ ਬਾਬਾ ਤੇਰੀ ਤਸਵੀਰ ਨੂੰ’, ‘ਇੱਕ ਮਸਤਾਨਾ ਜੋਗੀ’, ‘ਸਿਰਜਣਹਾਰਾ’, ‘ਆਈਂ ਬਾਬਾ ਨਾਨਕਾ’, ‘ਆਰ ਨਾਨਕ ਪਾਰ ਨਾਨਕ’ ਆਦਿ ਗੀਤਾਂ ਵਿੱਚ ਸਿਰਜਿਆ ਗੁਰੂ ਨਾਨਕ ਦਾ ਬਿੰਬ ਸਿੱਖ ਧਰਮ, ਗੁਰਬਾਣੀ ਅਤੇ ਨਾਨਕ ਬਾਣੀ ਰਾਹੀਂ ਉਭਰਦੇ ਗੁਰੂ ਨਾਨਕ ਦੇ ਬਿੰਬ ਤੋਂ ਵੱਖਰੇ ਹੀ ਨਹੀਂ ਸਗੋਂ ਬਿਲਕੁਲ ਵਿਪਰਿਤ ਹੈ। “ਗੁਰੂ ਨਾਨਕ ਦੇਵ ਜੀ ਰਚਿਤ ਜਪੁਜੀ ਸਾਹਿਬ ਦੇ ਆਰੰਭ ਵਿੱਚ ਦਰਜ ਮੂਲ ਮੰਤਰ ਅਨੁਸਾਰ ਪਰਮਾਤਮਾ ਦਾ ਸਰੂਪ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ,ਹੈ। ਉਹ ਅਕਾਲ ਹੈ ਅਤੇ ਅਜੂਨੀ ਹੈ: ਭਾਵ ਉਹ ਸਮੇਂ ਸਥਾਨ ਤੋਂ ਪਰ੍ਹੇ ਹੈ, ਅਕਾਲ ਪੁਰਖ ਨਿਰਾਕਾਰ ਹੈ ਅਤੇ ਇਹ ਮਨੁੱਖੀ ਜੂਨੀ ਵਿੱਚ ਨਹੀਂ ਆਉਂਦਾ। ਇਸ ਦਾ ਕੋਈ ਚਿੱਤਰ ਨਹੀਂ ਬਣਾਇਆ ਜਾ ਸਕਦਾ।”[4] ਉਪਰੋਕਤ ਵਿਚਾਰਾਂ ਦੇ ਸੰਦਰਭ ਵਿੱਚ ਸੋਚਿਏ ਤਾਂ ਦੁਨੀਆ ਦਾ ਬਾਬਾ ਨਾਨਕ ਦੀ ਤਸਵੀਰ ਪੂਜਣਾ ਨਾਨਕ ਦੀ ਵਿਚਾਰਧਾਰਾ ਦੇ ਖਿਲ਼ਾਫ ਹੈ ਅਤੇ ਜੇਕਰ ਪ੍ਰਮਾਤਮਾ ਮਨੁੱਖੀ ਜੂਨੀ ਵਿੱਚ ਨਹੀਂ ਆਉਂਦਾ ਤਾਂ ਨਾਨਕ ਸ੍ਰਿਸ਼ਟੀ ਦਾ ਸਿਰਜਣਹਾਰਾ ਕਿਵੇਂ ਮੰਨਿਆ ਜਾ ਸਕਦਾ ਹੈ? ਜੋ ਗੁਰੂ ਨਾਨਕ ਜੋਗੀਆਂ ਦੁਆਰਾ ਕੀਤੇ ਜਾਂਦੇ ਕਰਮ-ਕਾਂਡਾ ਨੂੰ ਨਿਰਾਅਰਥਕ ਸਿੱਧ ਕਰਦਾ ਹੈ ਉਸੇ ਨਾਨਕ ਨੂੰ ਗੀਤਾਂ ਵਿੱਚ ਮਸਤਾਨਾ ਜੋਗੀ ਬਣਾਇਆ ਗਿਆ ਹੈ। ਇਸੇਂ ਤਰ੍ਹਾਂ ਹੀ ਗੁਰੂ ਨੂੰ ਮੁੜ ਅਵਤਾਰ ਧਾਰਨ ਕਰਕੇ ਮੁੜ ਆਉਣ ਦਾ ਸੱਦਾ ਦੇਣਾ ਵਿਚਾਰ ਵੀ ਗੁਰੂ ਨਾਨਕ ਦੀ ਵਿਚਾਰਧਾਰ ਦੇ ਅਨੁਸਾਰੀ ਨਹੀਂ ਹੈ। ਅਵਤਾਰ ਧਾਰਨ ਵਾਲਾ ਵਿਚਾਰ ਹਿੰਦੂ ਧਰਮ ਵਿੱਚ ਮਿਲਦਾ ਹੈ ਜਿਸ ਵਿੱਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਦੋਂ ਕਲਯੁੱਗ ਵਿੱਚ ਪਾਪ ਵਧਦਾ ਹੈ ਤਾਂ ਕ੍ਰਿਸ਼ਨ ਨਵਾਂ ਅਵਤਾਰ ਧਾਰ ਕੇ ਦੁਨੀਆ ਦਾ ਪਾਰ ਉਤਾਰਾ ਕਰਦਾ ਹੈ।
ਯਦਾ ਯਦਾ ਹੀ ਧਰਮਸੈ
ਗ੍ਰਾਮਿਣ ਭਵਤੀ ਭਾਰਤਾ
ਅਭਯੁਧਾ ਨਾਮ ਅ ਧਰਮਸੈ
ਤਦਾਤਮਾ ਨਾਮ ਸ੍ਰਿਜਾਮੈ ਹਮ11
ਜੇ ਕ੍ਰਿਸ਼ਨ ਜੀ ਦੀ ਸੱਚੀ ਤਸਵੀਰ ਦੇਖਣੀ ਹੋਵੇ ਤਦ ਭਾਗਵਤ ਤੋਂ ਬਾਹਰ ਗੀਤਾ ਵਿੱਚ ਲੱਭਣੀ ਚਾਹੀਦੀ ਹੈ, ਇਵੇਂ ਹੀ ਸਤਿਗੁਰੂ ਦੀ ਸੱਚੀ ਤਸਵੀਰ ਆਪ ਜੀ ਦੀ ਬਾਣੀ ਵਿੱਚੋਂ ਢੂੰਡਣੀ ਚਾਹੀਦੀ ਹੈ।”[5] ਗੁਰੂ ਨਾਨਕ ਬਾਰੇ ਗੀਤ ਲਿਖਣ ਵਾਲਿਆਂ ਨੇ ਗੁਰੂ ਨਾਨਕ ਨੂੰ ਵੇਖਿਆ ਨਹੀਂ ਸਗੋਂ ਆਪਣੀ ਨਿੱਜੀ ਕਲਪਨਾ ਅਤੇ ਲੋਕਾਈ ਵਿੱਚ ਪ੍ਰਚਲਿਤ ਬਿੰਬ ਨੂੰ ਹੀ ਆਧਾਰ ਬਣਾਇਆ ਹੈ ਲੋਕਾਈ ਦੁਆਰਾ ਬਾਬਾ ਨਾਨਕ ਨੂੰ ਪ੍ਰਮਾਤਮਾ ਦਾ ਰੂਪ ਸਮਝਣ ਕਾਰਨ ਇਨ੍ਹਾਂ ਗੀਤਾਂ ਵਿੱਚ ਇਤਿਹਾਸ ਦੇ ਨਾਲ ਨਾਲ ਮਿੱਥਿਹਾਸਕ ਅੰਸ ਵੀ ਜੁੜ ਗਏ ਹਨ ਜੋ ਗੁਰੂ ਨਾਨਕ ਬਾਣੀ ਦੇ ਅਨੁਸਾਰੀ ਨਹੀਂ। ਇਸ ਲਈ ਹੈ। ਪੰਜਾਬੀ ਗੀਤਾਂ ਦੇ ਮੁਕਾਬਲਤਨ ਪੰਜਾਬੀ ਕਵਿਤਾ ਵਿੱਚ ਗੁਰੂ ਨਾਨਕ ਦੇ ਵਿਗਿਆਨਕ, ਵਿਚਾਰਧਾਰਕ, ਤਰਕਸ਼ੀਲ ਅਤੇ ਦਾਰਸ਼ਨਿਕ ਬਿੰਬ ਨੂੰ ਉਘਾੜਨ ਦਾ ਯਤਨ ਜ਼ਿਆਦਾ ਕੀਤਾ ਗਿਆ ਹੈ। ਜਸਵੰਤ ਜ਼ਫ਼ਰ ਦੀ ਕਵਿਤਾ ਗੁਰੂ ਨਾਨਕ ਦੇ ਦਾਰਸ਼ਨਿਕ ਬਿੰਬ ਨੂੰ ਬਨਾਉਟੀ ਬਿੰਬ ਦੇ ਵਿਰੋਧ ਵਿੱਚ ਪੇਸ਼ ਕਰਦੀ ਹੈ।
ਮਾਫ਼ ਕਰਨਾ, ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ, ਮੁਾਫ਼ ਕਰਨਾ13
ਅੰਤਿਕਾ
ਸੋਧੋਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੀਤਾਂ ਵਿੱਚ ਪੇਸ਼ ਹੋਈਆਂ ਘਟਨਾਵਾਂ, ਕਹਾਣੀਆਂ, ਚਮਤਕਾਰ, ਉਪਦੇਸ ਜਾਂ ਗੁਰੂ ਨਾਨਕ ਦਾ ਅਕਸ ਗੁਰੂ ਨਾਨਕ ਬਾਣੀ ਤੇ ਅਧਾਰਿਤ ਨਹੀਂ ਹੈ ਸਗੋਂ ਗੀਤ ਸਿਰਜਣਾ ਦੀ ਅਧਾਰ ਸਮੱਗਰੀ ਜਨਮ-ਸਾਖੀਆਂ ਅਤੇ ਲੋਕਾਈ ਵਿੱਚ ਪ੍ਰਚਲਿਤ ਮੌਖਿਕ ਬਿਰਤਾਂਤ ਹੈ। ਭਾਵ ਗੀਤ ਵਿੱਚ ਪੇਸ਼ ਬਿੰਬ ਵੀ ਮੂਲ ਸਰੋਤਾਂ ਦੀ ਥਾਂ ਗੌਣ ਸਰੋਤਾਂ ਤੇ ਆਧਾਰਿਤ ਹੈ। ਗੀਤ ਤਾਂ ਬਾਬਾ ਨਾਨਕ ਨਾਲ ਸੰਬੰਧਿਤ ਹਨ ਪਰ ਇਨ੍ਹਾਂ ਗੀਤਾਂ ਵਿੱਚ ਪੇਸ਼ ਹੁੰਦੀ ਵਿਚਾਰਧਾਰਾ, ਬਿੰਬ ਅਤੇ ਅਲੌਕਿਤਤਾ ਆਦਿ ਹਿੰਦੂ ਧਰਮ ਵਾਲੀ ਪੇਸ਼ ਹੋਈ ਹੈ। ਆਧੁਨਿਕ ਪੰਜਾਬੀ ਗੀਤਾਂ ਵਿੱਚ ਨਾਨਕ ਦੇ ਗੁਰਬਾਣੀ ਰਚਿਤ ਬਿੰਬ ਦੀ ਪੇਸ਼ਕਾਰੀ ਨਹੀਂ ਕੀਤੀ ਗਈ ਸਗੋਂ ਨਾਨਕ ਦਾ ਜੋ ਬਿੰਬ ਸਮੂਹ ਲੋਕਾਈ ਦੇ ਅਵਚੇਤਨ ਵਿੱਚ ਵਸਿਆ ਹੋਇਆ ਹੈ ਉਸਦੀ ਭਾਵੁਕ ਅਤੇ ਸ਼ਰਧਾਮੂਲਕ ਨਿਰਮਾਣਕਾਰੀ ਕੀਤੀ ਗਈ ਹੈ ਜੋ ਗੁਰੂ ਨਾਨਕ ਦੇ ਅਸਲ ਬਿੰਬ ਤੋਂ ਵਿਪਰਿਤ ਹੈ।
ਗੀਤ ਸੂਚੀ
ਸੋਧੋਲੜੀ ਨੰ. | ਗਾਇਕ ਦਾ ਨਾਮ | ਗੀਤ ਦਾ ਸਿਰਲੇਖ |
---|---|---|
1 | ਅਮਰ ਸਿੰਘ ਚਮਕੀਲਾ | ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ |
2 | ਆਰ ਨੇਤ | ਸਰਬੱਤ ਦਾ ਭਲਾ |
3 | ਸਤਵਿੰਦਰ ਬਿੱਟੀ | ਸਤਿਗੁਰੂ ਨਾਨਕ ਦੇਵ ਜੀ |
4 | ਸਰੂਪ ਸਿੰਘ ਸਰੂਪ | ਤੇਰਾ ਤੇਰਾ ਬੋਲਦਾ |
5 | ਸਰੂਪ ਸਿੰਘ ਸਰੂਪ | ਨਾਨਕ ਦੀਆਂ ਗੁੱਝੀਆਂ ਰਮਝਾਂ |
6 | ਸਰੂਪ ਸਿੰਘ ਸਰੂਪ | ਨਾਨਕ ਦੀ ਰਵਾਬ |
7 | ਸਿਮਰ ਗਿੱਲ | ਬਾਬਾ ਨਾਨਕ |
8 | ਸੁਰਜੀਤ ਭੁੱਲਰ | ਨਨਕਾਣਾ ਵੇਖਣ ਨੂੰ 2015 |
9 | ਸੁਰਜੀਤ ਭੁੱਲਰ | ਨਾਮ ਖੁਮਾਰੀ ਨਾਨਕਾ |
10 | ਸੁਰਿੰਦਰ ਕੌਰ, ਪ੍ਰਕਾਸ਼ | ਸਿੱਠਣੀਆਂ (ਗੁਰੂ ਨਾਨਕ ਦੇਵ ਜੀ) |
11 | ਹਰਨੂਰ ਸਿੰਘ | ਐਵੀਂ ਨਹੀਂ ਦੁਨੀਆ ਪੂਜਦੀ ਬਾਬਾ ਤੇਰੀ ਤਸਵੀਰ ਨੂੰ2013 |
12 | ਹਿੰਮਤ ਸੰਧੂ | ਵੀਹਾਂ ਦਾ ਵਿਆਜ਼ |
13 | ਕੰਵਰ ਗਰੇਵਾਲ | ਤੱਕੜੀ ਨਾਨਕ ਦੀ |
14 | ਕੰਵਰ ਗਰੇਵਾਲ | ਮਸਤਾਨਾ ਜੋਗੀ |
15 | ਕੁਲਦੀਪ ਮਾਣਕ | ਖੇਤਾਂ ਵਿੱਚ ਮੱਝੀਆਂ ਚਾਰਦਾ |
16 | ਗੁਰਦਾਸ ਮਾਨ | ਉੱਚਾ ਦਰ ਬਾਬੇ ਨਾਨਕ ਦਾ |
17 | ਗੁਰੂ ਨਾਨਕ ਨੇ ਲਿਆ ਅਵਾਰ | |
18 | ਜੋਰਡਨ ਸੰਧੂ | ਇੱਕ ਮਸਤਾਨਾ |
19 | ਦਲਜੀਤ ਚਹਿਲ | ਬਾਬਾ ਨਾਨਕ ਜੀ |
20 | ਦਲਜੀਤ ਦੁਸਾਂਝ | ਆਰ ਨਾਨਕ ਪਾਰ ਨਾਨਕ |
21 | ਦਲਜੀਤ ਦੁਸਾਂਝ | ਗੁਰੂ ਨਾਨਕ ਦੇ ਖੇਤਾਂ ’ਚੋਂ ਬਰਕਤ ਨਹੀਂ ਜਾ ਸਕਦੀ |
22 | ਦਲਜੀਤ ਦੁਸਾਂਝ | ਨਾਨਕੀ ਦਾ ਵੀਰ |
23 | ਨਰਿੰਦਰ ਬੀਬਾ | ਧੰਨ ਗੁਰੂ ਨਾਨਕ |
24 | ਨਰਿੰਦਰ ਬੀਬਾ | ਸਤਿ ਕਰਤਾਰ ਕਿਹਾ |
25 | ਪ੍ਰੀਤ ਹਰਪਾਲ | ਸਤਿਗੁਰ ਨਾਨਕ |
26 | ਬੱਬੂ ਮਾਨ | ਇੱਕ ਬਾਬਾ ਨਾਨਕ ਸੀ |
27 | ਗੁਰੂ ਮਾਨਿਓ ਗ੍ਰੰਥ ਫ਼ਿਲਮ (1977) | ਬਾਬੇ ਨਾਨਕ ਦਾ ਘਰ ਕਿਹੜਾ- |
28 | ਬਾਜ਼ ਧਾਲੀਵਾਲ | ਮੈਂ ਤੇਰਾ ਨਾਨਕਾ ਫ਼ਰਿਆਦੀ2018 |
29 | ਮਨਪ੍ਰੀਤ ਸਿੰਘ | ਬਲਿਓ ਚਿਰਾਗ |
30 | ਮਨਮੋਹਣ ਵਾਰਿਸ | ਨਹੀਂ ਭੁੱਲਦਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ |
31 | ਮਨਮੋਹਣ ਵਾਰਿਸ,ਕਮਲ ਹੀਰ, ਸੰਗਤਾਰ | ਸਿੱਧੀ ਬੱਸ ਨਨਕਾਣੇ ਨੂੰ |
32 | ਮਿੱਸ ਪੂਜਾ | ਸਾਨੂੰ ਨਨਕਾਣਾ ਕਦੋਂ ਉਹਨਾਂ ਨੂੰ ਹਰਿਮੰਦਰ ਸਾਹਿਬ ਦਿਖਾਵੇਂਗਾ |
33 | ਮਿੱਸ ਪੂਜਾ, ਅਮਰ ਅਰਸ਼ੀ | ਜੇ ਕੋਲ ਹੁੰਦਾ ਨਨਕਾਣ ਮੱਥਾ ਟੇਕਣ ਜਾਣਾ ਸੀ |
34 | ਮਿਸ ਪੂਜਾ | ਧੰਨ ਗੁਰੂ ਨਾਨਕ |
35 | ਮੁਹੰਮਦ ਸਦੀਕ | ਅਰਜ਼ (ਬਾਬਾ ਨਾਨਕ) |
36 | ਰਣਜੀਤ ਕੌਰ | ਨਾਨਕ ਵੀਰਾ ਮੈਂ ਤੈਨੂੰ ਘੋੜੀ |
37 | ਰਵਿੰਦਰ ਗਰੇਵਾਲ | ਆਈਂ ਬਾਬਾ ਨਾਨਕਾ |
38 | ਰਵਿੰਦਰ ਗਰੇਵਾਲ | ਮੇਰਾ ਬਾਬਾ ਨਾਨਕਾ |
39 | ਰੁਪਿੰਦਰ ਹਾਂਡਾ | ਸਿਰਜਣਹਾਰਾ |
40 | ਲਾਲ ਚੰਦ ਯਮਲਾ ਜੱਟ | ਸਤਿਗੁਰ ਨਾਨਕ ਆਜਾ ਸੰਗਤ ਪਈ ਪੁਕਾਰ ਦੀ |
41 | ਲਾਲ ਚੰਦ ਯਮਲਾ ਜੱਟ | ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ |
42 | ਲਾਲ ਚੰਦ ਯਮਲਾ ਜੱਟ | ਜੱਗ ਦਿਆ ਚੰਨਣਾ |
43 | ਲਾਲ ਚੰਦ ਯਮਲ ਜੱਟ | ਨਾਨਕ ਵੀਰਾ |
44 | ਲਾਲ ਚੰਦ ਯਮਲਾ ਜੱਟ | ਸੱਚਾ ਸੌਦਾ |
45 | ਵੀਤ ਬਲਜੀਤ | ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂ |
(ਉੁਪਰੋਤ ਕਿਸੇ ਵੀ ਗੀਤ ਨੂੰ ਯੂ-ਟਿਊਬ ਤੇ ਗਾਇਕ ਤੇ ਗੀਤ ਦਾ ਨਾਮ ਭਰ ਕੇ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ।)
ਹਵਾਲੇ
ਸੋਧੋ- ↑ ਸਿੰਘ, ਕਰਨਜੀਤ (2 ਸਤੰਬਰ 2019, ਪੰਨਾ-7). "ਪੰਜਾਬੀ ਗੀਤਾਂ 'ਚ ਬਾਬਾ ਨਾਨਕ ਜੀ ਤੇ ਨਨਕਾਣਾ". ਜੱਗ ਬਾਣੀ.
{{cite news}}
: Check date values in:|date=
(help); Cite has empty unknown parameter:|dead-url=
(help) - ↑ ਗੁਰਮੇਲ ਸਿੰਘ, ਗੁਰੂ ਨਾਨਕ ਦੇਵ ਜੀ ਦੀਆਂ ਜਨਮਸਾਖੀਆਂ ਵਿਚਲੇ ਇਤਿਹਾਸਿਕ ਅਤੇ ਮਿਥਿਹਾਸਿਕ ਸੰਕੇਤਾਂ ਦਾ ਕੋਸ਼, ਪ੍ਰੋ. ਸਾਹਿਬ ਸਿੰਘ ਗੁਰਮਿਤ ਟਰੱਸਟ, ਪਟਿਆਲਾ, 2004, ਪੰਨਾ-210
- ↑ http://punjabipedia.org/topic.aspx?txt=%u0a17%u0a41%u0a30%u0a42+%u0a28%u0a3e%u0a28%u0a15+%u0a2a%u0a4d%u0a30%u0a15%u0a3e%u0a36+(%u0a15%u0a3e%u0a35%u0a3f) 25-9-2019
- ↑ ਰਾਜਿੰਦਰ ਪਾਲ ਸਿੰਘ ਬਰਾੜ, ਗੁਰੂ ਨਾਨਕ ਦੇਵ ਜੀ ਦਾ ਚਿੱਤਰਕਲਾ ’ਚ ਪ੍ਰਾਪਤ ਬਿੰਬ, ਨਵਾਂ ਜ਼ਮਾਨਾ, 2 ਜੂਨ 2019, ਪੰਨਾ-1
- ↑ https://punjabi.jagran.com/lifestyle/sahit-and-sabhyachar-personality-of-guru-nanak-8622851.html 25-9-2019