ਚੰਡੀਗੜ੍ਹ ਤੋਂ ਸ਼ਿਮਲੇ ਵੱਲ ਜਾਂਦਿਆਂ ਪਹਾੜੀ ਪਿੰਡਾਂ ਵਿਚ ਅਨੇਕਾਂ ਅਜਿਹੇ ਕੁਦਰਤੀ ਜਲ ਸਰੋਤ ਮਿਲਦੇ ਹਨ ਜਿਨ੍ਹਾਂ ਨੂੰ ਇਥੇ ਬਾਉੜੀ ਕਿਹਾ ਜਾਂਦਾ ਹੈ। ਲੋਕ ਇਸ ਨੂੰ ਕੁਝ ਚੁਬੱਚੇ ਜਾਂ ਉੱਤੋਂ ਬੰਦ ਟੈਂਕੀਆਂ ਬਣਾ ਕੇ ਸੰਭਾਲਣ ਦਾ ਹੀਲਾ ਕਰਦੇ ਹਨ। ਇਹ ਸਰੋਤ ਪਹਾੜਾਂ ਅੰਦਰੋਂ ਸਿੰਮਦੇ ਪਾਣੀ ਦਾ ਚਸ਼ਮਾ ਹੁੰਦੇ ਹਨ। ਲੋਕ ਇਸ ਨੂੰ ਪਵਿੱਤਰ ਥਾਂ ਵਾਂਗ ਸਾਂਭਦੇ ਹਨ। ਹਰ ਘਰ ਇਥੋਂ ਪਾਣੀ ਭਰਦਾ ਹੈ ਅਤੇ ਪੀਣ ਲਈ ਵਰਤਦਾ ਹੈ। ਅਨੇਕਾਂ ਖਣਿਜਾਂ ਨਾਲ ਭਰਪੂਰ ਇਸ ਪਾਣੀ ਨੂੰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਲੋਕ ਦੱਸਦੇ ਹਨ ਕਿ ਮੀਂਹ ਦੇ ਦਿਨਾਂ ਵਿਚ ਪਾਣੀ ਉਬਾਲ ਕੇ ਪੀਤਾ ਜਾਂਦਾ ਹੈ ਕਿਉਂਕਿ ਮੀਂਹ ਦਾ ਪਾਣੀ ਰਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕਿੰਨੀ ਗਰਮੀ ਜਾਂ ਖੁਸ਼ਕ ਮੌਸਮ ਹੋਵੇ, ਬਾਉੜੀ ਦਾ ਪਾਣੀ ਲਗਾਤਾਰ ਆਉਂਦਾ ਰਹਿੰਦਾ ਹੈ। ਬਾਉੜੀ, ਸ਼ਬਦ ਜਲ ਸਰੋਤ ਨਾਲ ਜੁੜਿਆ ਹੋਣ ਕਰਕੇ ਬਾਉਲੀ ਸ਼ਬਦ ਦੇ ਨੇੜੇ ਪ੍ਰਤੀਤ ਹੁੰਦਾ ਹੈ।

ਬਾਉੜੀ