ਭੰਗੀ ਮਿਸਲ
ਮਿਸਲ ਭੰਗੀਆਂ ਸਿੱਖਾਂ ਦੀਆਂ ਮਿਸਲਾਂ ਵਿਚੋਂ ਇੱਕ ਪ੍ਰਮੁੱਖ ਮਿਸਲ ਮੰਨੀ ਗਈ ਹੈ। ਇਸ ਮਿਸਲ ਦਾ ਅੰਮ੍ਰਿਤਸਰ, ਲਾਹੌਰ, ਗੁਜਰਾਤ, ਚਿਨਿਓਟ ਆਦਿ ਇਲਾਕਿਆਂ ਉੱਤੇ ਦਬਦਬਾ ਬਣਿਆ ਰਿਹਾ ਸੀ। ਇਸ ਮਿਸਲ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਿਸਲ ਦੇ ਅਰੰਭ ਸਮੇਂ ਇਸ ਕੋਲ 12 ਹਜ਼ਾਰ ਦੇ ਲਗਭਗ ਘੋੜਸਵਾਰ ਫੌਜੀ ਸਨ।
ਇਸ ਮਿਸਲ ਦਾ ਨਾਂ 'ਭੰਗੀ' ਇਸ ਲਈ ਪਿਆ ਕਿਉਂਕਿ ਇਸ ਮਿਸਲ ਦੇ ਸਰਦਾਰ ਪੰਜਾਬ ਦੇ ਜੰਗਲਾਂ ਵਿੱਚ ਆਮ ਉੱਗਣ ਵਾਲੇ ਭੰਗ ਦੇ ਬੂਟੇ ਦਾ ਨਸ਼ਾ ਕਰਦੇ ਸਨ। ਹਿੰਦੁਸਤਾਨ ਵਿੱਚ ਇਸ ਦਾ ਇਸਤੇਮਾਲ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਕਈ ਵਿਦਵਾਨਾ ਦਾ ਖ਼ਿਆਲ ਹੈ ਕਿ ਵੇਦਾਂ ਵਿੱਚ ਜਿਸ 'ਸੋਮਰਸ' ਦਾ ਜ਼ਿਕਰ ਹੈ, ਉਹ ਭੰਗ ਦਾ ਰਸ ਹੀ ਹੈ। ਮੈਡੀਸਨ ਦੀ ਦੁਨੀਆਂ ਵਿੱਚ ਇਸ ਨੂੰ ਕੈਨਾਬਿਸ ਸਟੀਵਾ (Cannabis Stiva) ਕਿਹਾ ਜਾਂਦਾ ਹੈ। ਉੱਤਰੀ ਅਮਰੀਕਾ ਵਿੱਚ ਇਸ ਨੂੰ ਮੈਰੂਆਨਾ (Marijuana) ਕਿਹਾ ਜਾਂਦਾ ਹੈ। ਇਹ ਲਫ਼ਜ਼ ਮੈਕਸੀਕਨ ਅਪਭਾਸ਼ਾ ਵਿੱਚੋਂ ਉਪਜਿਆ ਹੈ ਤੇ ਲਗਭਗ 1930 ਤੋਂ ਲੋਕਪ੍ਰਿਯ ਹੋਇਆ। ਪੰਜਾਬ ਵਿੱਚ 17ਵੀਂ ਸਦੀ ਤੋਂ ਨਿਹੰਗ ਸਿੰਘ ਭੰਗ ਦਾ ਨਸ਼ਾ ਕਰਦੇ ਆ ਰਹੇ ਹਨ। ਉਹ ਸੁੱਕੀ ਭੰਗ ਨੂੰ ਦੁੱਧ ਵਿੱਚ ਘੋਟ ਕੇ, ਉਬਾਲ ਕੇ ਇਸ ਨੂੰ ਇਸਤੇਮਾਲ ਕਰਦੇ ਹਨ ਤੇ ਇਸ ਨੂੰ 'ਸੁੱਖਨਿਧਾਨ' ਕਹਿੰਦੇ ਹਨ। ਇਸ ਵਿੱਚ ਖ਼ਸਖ਼ਸ, ਬਦਾਮ, ਅਲਾਇਚੀ, ਚਾਰ ਮਗ਼ਜ਼ ਆਦਿ (ਸ਼ਰਦਾਈ ਵਾਲਾ ਸਾਰਾ ਮਸਾਲਾ) ਪਾ ਕੇ ਇਸ ਨੂੰ ਸਵਾਦੀ ਬਣਾਉਂਦੇ ਹਨ।
ਭੰਗੀ ਮਿਸਲ ਦਾ ਬਾਨੀ ਛੱਜਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ। ਉਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਸੀ ਤੇ ਉਸ ਨੇ ਖੰਡੇ ਦਾ ਪਾਹੁਲ ਗੁਰੂ ਸਾਹਿਬ ਕੋਲੋਂ ਛਕਿਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਭੋਮਾ ਸਿੰਘ ਢਿੱਲੋਂ ਜੱਟ ਵਸਨੀਕ ਪਿੰਡ ਹੰਗ (ਨੇੜੇ ਬਧਨੀ, ਮੋਗਾ) ਭੰਗੀ ਮਿਸਲ ਦਾ ਸਰਦਾਰ ਬਣਿਆਂ। 1739 ਵਿੱਚ ਨਾਦਰ ਸ਼ਾਹ ਨਾਲ ਹੋਈਆਂ ਝੜਪਾਂ ਵਿੱਚ ਉਸ ਨੇ ਚੰਗਾ ਨਾਂ ਕਮਾਇਆ। 1746 ਵਿੱਚ ਭੋਮਾ ਸਿੰਘ ਦੀ ਮੌਤ ਉਪਰੰਤ ਹਰੀ ਸਿੰਘ ਮਿਸਲ ਦਾ ਸਰਦਾਰ ਬਣਿਆਂ। ਹਰੀ ਸਿੰਘ ਭੋਮਾ ਸਿੰਘ ਦਾ ਗੋਦ ਲਿਆ ਬੇਟਾ ਅਤੇ ਭਤੀਜਾ ਵੀ ਸੀ। ਭੰਗੀ ਮਿਸਲ ਦਾ ਪ੍ਰਮੁੱਖ ਹਰੀ ਸਿੰਘ ਸੀ, ਜਿਸ ਨੇ ਬਾਬਾ ਦੀਪ ਸਿੰਘ ਸ਼ਹੀਦ ਦੇ ਹੱਥੋਂ ਅੰਮ੍ਰਿਤਪਾਨ ਕੀਤਾ ਸੀ। ਦਲ ਖਾਲਸਾ ਦੀ ਸਥਾਪਨਾ ਸਮੇਂ ਉਸ ਨੂੰ ਭੰਗੀ ਮਿਸਲ ਦਾ ਸਰਦਾਰ ਅਤੇ ਤਰੁਨਾ ਦਲ ਦਾ ਮੁਖੀਆ ਪ੍ਰਵਾਨਤ ਕੀਤਾ ਗਿਆ ਸੀ। ਅੰਮ੍ਰਿਤਸਰ ਵਿੱਚ ਉਸ ਨੇ ਕਟੜਾ ਹਰੀ ਸਿੰਘ ਦੀ ਸਥਾਪਨਾ ਕੀਤੀ ਸੀ ਅਤੇ ਨਾਲ ਹੀ ਕਿਲ੍ਹਾ ਭੰਗੀਆਂ ਉਸਾਰਨ ਦਾ ਕੰਮ ਅਰੰਭ ਕਰਵਾਇਆ ਸੀ।
ਹਰੀ ਸਿੰਘ ਦੇ ਜਾਨਸ਼ੀਨ ਸਰਦਾਰ ਝੰਡਾ ਸਿੰਘ ਨੇ ਭੰਗੀ ਮਿਸਲ ਨੂੰ ਹੋਰ ਉੱਨਤੀ ਵੱਲ ਤੋਰਿਆ।1772 ਈ: ਵਿੱਚ ਕੀਤੇ ਗਏ ਦੂਜੇ ਹਮਲੇ ਸਮੇਂ ਮਿਸਲ ਨੇ ਮੁਲਤਾਨ ਅਤੇ ਬਹਾਵਲਪੁਰ ਨੂੰ ਜਿੱਤ ਲਿਆ।ਝੰਡਾ ਸਿੰਘ ਨੇ ਰਾਮਨਗਰ ਦੇ ਚੱਠਿਆਂ ਤੋਂ ਪ੍ਰਸਿੱਧ ਜ਼ਮਜ਼ਮਾ ਤੋਪ, ਜੋ ਬਾਅਦ ਵਿੱਚ ਭੰਗੀਆਂ ਦੀ ਤੋਪ ਦੇ ਨਾਂਅ ਨਾਲ ਪ੍ਰਸਿੱਧ ਹੋਈ, ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ। ਝੰਡਾ ਸਿੰਘ ਅਧੀਨ ਮਿਸਲ ਭੰਗੀਆਂ ਦੀ ਸਾਲਾਨਾ ਆਮਦਨ ਇੱਕ ਕਰੋੜ ਰੁਪਏ ਦੇ ਲਗਭਗ ਅਨੁਮਾਨਤ ਕੀਤੀ ਗਈ ਸੀ।
ਭੰਗੀਆਂ ਦੀ ਤੋਪ
ਸੋਧੋ'ਤੋਪ-ਏ-ਜ਼ਮਜ਼ਮਾ' ਜਾਂ ਭੰਗੀਆਂ ਦੀ ਤੋਪ ਸ਼ਾਹਰਾਹ-ਏ-ਕਾਇਦ-ਏ-ਆਜ਼ਮ 'ਤੇ ਸਥਿਤ ਲਾਹੌਰ ਦੇ ਅਜਾਇਬ ਘਰ ਦੇ ਸਾਹਮਣੇ ਇੱਕ ਪਲੇਟਫਾਰਮ 'ਤੇ ਰੱਖੀ ਹੋਈ ਹੈ। ਇਹ ਤੋਪ ਡਿਊਕ ਆਫ਼ ਐਡਨਬਰਗ ਦੀ ਲਾਹੌਰ ਫੇਰੀ ਸਮੇਂ ਫਰਵਰੀ 1870 ਵਿੱਚ ਲਾਹੌਰ ਮਿਊਜ਼ੀਅਮ ਦੇ ਸਾਹਮਣੇ ਸਜਾਈ ਗਈ ਸੀ। ਇਹ ਉਦੋਂ ਤੋਂ ਹੀ ਇੱਥੇ ਪਈ ਹੋਈ ਹੈ। ਭੰਗੀਆਂ ਦੀ ਤੋਪ ਇੱਕ ਸਦੀ ਤੱਕ ਕਈ ਲੜਾਈਆਂ ਵਿੱਚ ਸ਼ਾਮਲ ਹੋਈ। ਇਸ ਦਾ ਦਹਾਨਾ (ਮਜ਼ਲ) ਸਾਢੇ ਨੌਂ ਇੰਚ ਹੈ। ਇਸ ਤੋਪ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਵਜ਼ੀਰੇ ਆਲਾ ਸ਼ਾਹ ਵਲੀ ਖ਼ਾਨ ਦੇ ਹੁਕਮ 'ਤੇ ਸ਼ਾਹ ਨਜ਼ੀਰ ਨੇ 1169 ਹਿਜਰੀ (1755-56 ਈਸਵੀ) ਵਿੱਚ ਢਾਲਿਆ ਸੀ। ਇਹ ਤਰੀਕ ਤੋਪ ਦੇ ਉਪਰ ਉੱਕਰੀ ਹੋਈ ਹੈ। 1802 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਨੂੰ ਹਰਾ ਕੇ ਇਸ ਤੋਪ 'ਤੇ ਕਬਜ਼ਾ ਕੀਤਾ ਸੀ। ਉਸ ਨੇ ਇਸ ਤੋਪ ਦਾ ਇਸਤੇਮਾਲ ਡਸਕਾ, ਕਸੂਰ, ਸੁਜਾਨਪੁਰ, ਵਜ਼ੀਰਾਬਾਦ ਅਤੇ ਮੁਲਤਾਨ ਦੀਆਂ ਲੜਾਈਆਂ ਵਿੱਚ ਕੀਤਾ। ਮੁਲਤਾਨ ਦੇ ਘੇਰੇ ਸਮੇਂ ਇਹ ਤੋਪ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।