ਮੁਹਾਰ ਜਮਸ਼ੇਰ
ਮੁਹਾਰ ਜਮਸ਼ੇਰ ਭਾਰਤੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹਾ ਦਾ ਅਤੇ ਤਹਿਸੀਲ ਖੂਈਆਂ ਸਰਵਰ ਦਾ ਇੱਕ ਸਰਹੱਦੀ ਪਿੰਡ ਹੈ ਜੋ ਫਾਜ਼ਿਲਕਾ ਤੋਂ 12 ਕਿਲੋਮੀਟਰ ਦੂਰ ਉੱਤਰ ਪੱਛਮ ਵੱਲ ਸਥਿਤ ਹੈ। ਇਹ ਪੰਜਾਬ ਦਾ ਅਜਿਹਾ ਪਿੰਡ ਹੈ ਜਿਸਦੇ ਤਿੰਨ ਪਾਸੇ ਪਾਕਿਸਤਾਨ ਦੀ ਹੱਦ ਲਗਦੀ ਹੈ ਜਿਸ ਕਾਰਨ ਪਿੰਡ ਵਿੱਚ ਜਾਣ ਦਾ ਸਿਰਫ ਇੱਕ ਹੀ ਰਸਤਾ ਹੈ। ਭਾਰਤ ਪਾਕਿਸਤਾਨ ਦਾ ਨਕਸ਼ਾ ਵੇਖਿਆਂ ਸਾਫ ਨਜ਼ਰ ਆਉਂਦਾ ਹੈ ਕਿ ਇਸ ਚਾਰਦੁਆਰੀ ਤੇ ਪਾਕਿਸਤਾਨ ਦਾ ਵਧੇਰੇ ਖੇਤਰ ਲਗਦਾ ਹੈ ਭਾਰਤ ਦਾ ਘੱਟ। ਨਿਰੋਲ ਸਰਹੱਦੀ ਪਿੰਡ ਹੋਣ ਕਰਕੇ ਇਹ ਪਿੰਡ ਕਾਫੀ ਪਛੜਿਆ ਹੋਇਆ ਹੈ ਜਿਸ ਦਾ ਪ੍ਰਮੁੱਖ ਕਾਰਨ ਸੁਰੱਖਿਆ ਪਾਬੰਦੀਆਂ ਹਨ। ਇੱਕ ਤਰਾਂ ਦਾ ਇਹ ਫੌਜੀ ਖੇਤਰ ਬਣਿਆ ਹੋਇਆ ਹੈ। ਇਸ ਪਿੰਡ ਦੀਆਂ ਵੋਟਾਂ ਕਰੀਬ 522 ਅਤੇ ਅਬਾਦੀ 800 ਦੇ ਕਰੀਬ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਹੈ, ਤੇ ਸਿਰਫ ਇੱਕ ਪ੍ਰਾਇਮਰੀ ਸਕੂਲ ਹੈ। ਪਿੰਡ ਦੇ ਜ਼ਿਆਦਾਤਰ ਲੋਕ ਅਨਪੜ੍ਹ ਹਨ। ਪਿੰਡ ਵਿੱਚ ਰੋਜ਼ ਮਰਾਂ ਦੀਆਂ ਲੋੜਾਂ ਦੀ ਪੂਰਤੀ ਲਈ ਸਿਰਫ ਇੱਕ ਹੀ ਛੋਟਾ ਜਿਹਾ ਕਰਿਆਨਾ ਸਟੋਰ ਹੈ। ਇਸ ਪਿੰਡ ਬਾਰੇ ਮੰਨਿਆ ਜਾਂਦਾ ਹੈ ਕਿ ਭਾਰਤ ਪਾਕਿ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਲੋਕਾਂ ਨੇ ਹੀ ਇਸ ਪਿੰਡ ਨੂੰ ਵਸਾਇਆ ਸੀ। ਉਹਨਾਂ ਲੋਕਾਂ ਨੈ ਹੀ ਇਥੋਂ ਦੀ ਜ਼ਮੀਨ ਨੂੰ ਆਬਾਦ ਕੀਤਾ ਸੀ ਪਰ ਇਹ ਕਿਸਾਨ ਜ਼ਮੀਨ ਦੇ ਅਜੇ ਤੱਕ ਵੀ ਪੂਰੇ ਮਾਲਕ ਨਹੀਂ ਬਣ ਸਕੇ। 2007 ਦੇ ਭੂਮੀ ਐਕਟ ਤਹਿਤ ਇਨ੍ਹਾਂ ਤੋਂ ਕੁਝ ਪੈਸੇ ਕਿਸ਼ਤਾਂ ਰਾਹੀਂ ਲੈ ਕੇ ਜ਼ਮੀਨੀ ਹੱਕ ਦਿੱਤੇ ਸਨ, ਪਰ ਅਦਾਲਤੀ ਹੁਕਮਾਂ ਕਾਰਨ ਇਹ ਕਿਸਾਨ ਮਾਲਕੀ ਹੱਕ ਤੋਂ ਫਿਰ ਸੱਖਣੇ ਹੋ ਗਏ ਹਨ। ਭੂਗੋਲਿਕ ਸਥਿਤੀ ਪੱਖੋਂ ਇਹ ਨਿਵੇਕਲਾ ਪਿੰਡ ਹੈ ਜਿਸ ਦੇ ਚੌਥੇ ਪਾਸੇ ਸਤਲੁਜ ਦਰਿਆ ਵਗਦਾ ਹੈ। ਹੁਣ ਇਸ ਦਰਿਆ ਉਪਰ ਪੁਲ ਬਣਿਆ ਹੋਇਆਂ ਹੈ ਪਰ ਪਹਿਲਾਂ ਤਾਂ ਲੋਕ ਬੇੜੀ ਰਾਹੀਂ ਦਰਿਆ ਨੂੰ ਪਾਰ ਕਰਕੇ ਪਿੰਡ ਪਹੁੰਚਦੇ ਸਨ। ਪਾਕਿਸਤਾਨ ਦੀਆਂ ਸਮਗਲਿੰਗ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਇੱਥੇ ਕੰਡਿਆਲੀ ਤਾਰ ਲਾਈ ਹੋਈ ਹੈ। ਸਤਲੁਜ ਦਰਿਆ ਵਾਲੇ ਪਾਸੇ ਵੀ ਕੰਡਿਆਲੀ ਤਾਰ ਹੋਣ ਕਾਰਨ ਪਿੰਡ ਵਿੱਚ ਦਾਖਿਲ ਹੋਣ ਲਈ ਇੱਕ ਹੀ ਰਸਤਾ ਹੈ। ਪਹਿਲਾਂ ਇਸ ਰਸਤੇ ਤੇ ਗੇਟ ਲਾਇਆ ਗਿਆ ਸੀ, ਜਿਸ ਉਪਰ 24 ਘੰਟੇ ਫੌਜ ਦੀ ਨਿਗਰਾਨੀ ਰਹਿਦੀ ਸੀ। ਉਸ ਸਮੇਂ ਤੋ ਹੀ ਫੌਜ ਵੱਲੋ ਪਿੰਡ ਵਿੱਚ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾਂਦੀ ਸੀ। ਪਰ ਲੋਕਾਂ ਦੀ ਮੰਗ ਤੇ ਇਹ ਗੇਟ ਪਿੰਡ ਵਾਸੀਆਂ ਲਈ ਪੱਕੇ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਇਹ ਗੇਟ ਅੱਜ ਵੀ ਬੀਐਸਐਫ ਦੀ ਨਿਗਰਾਨੀ ਹੇਠ ਹੈ।
ਮੁਹਾਰ ਜਮਸ਼ੇਰ | |
---|---|
ਪਿੰਡ | |
ਗੁਣਕ: 30°29′00″N 73°56′14″E / 30.483302°N 73.937292°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਾਜ਼ਿਲਕਾ |
ਬਲਾਕ | ਖੂਈਆਂ ਸਰਵਰ |
ਉੱਚਾਈ | 181 m (594 ft) |
ਆਬਾਦੀ (2011 ਜਨਗਣਨਾ) | |
• ਕੁੱਲ | 522 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ ਅਤੇ ਬਾਗੜੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 152123 |
ਟੈਲੀਫ਼ੋਨ ਕੋਡ | 01638****** |
ਵਾਹਨ ਰਜਿਸਟ੍ਰੇਸ਼ਨ | PB:61/ PB:22 |
ਨੇੜੇ ਦਾ ਸ਼ਹਿਰ | ਫਾਜ਼ਿਲਕਾ |