ਮੁਹੱਬਤ ਦੀ ਗੱਲ – ਪ੍ਰੋ. ਮੋਹਨ ਸਿੰਘ

ਆਓ ਕੋਈ ਮੁਹੱਬਤ ਦੀ ਗੱਲ ਕਰੀਏ
ਤੇ ਬਿਸਮਿੱਲਾ ਕਹਿ ਕਿ,
ਪੰਜਾਬ ਦੀ ਖੈਰ ਦਾ ਜਾਮ ਭਰੀਏ
ਇੱਕ ਪਊਆ ਸਦੀ ਅਸੀਂ ਬੜੀ ਜ਼ਹਿਰ ਪੀਤੀ
ਤੇ ਤੇ ਤੁਸੀਂ ਜਾਣਦੇ ਹੀ ਹੋ ਸਾਡੇ ਨਾਲ ਬੀਤੀ—

ਕਿਵੇਂ ਕੁਟਲ ਤੇ ਕਪਟੀ ਸਾਮਰਾਜ,
ਹੱਥੋਂ ਜਾਂਦਾ ਦੇਖ ਕੇ ਰਾਜ
ਸਾਡੇ ਪੰਜ ਦਰਿਆਵਾਂ ਨੂੰ ਵੰਡ
ਤੇ ਭੂਤ ਵਾਂਗਰਾਂ ਮਾਰ ਕੇ ਚੰਡ,
ਪੰਜੇ ਉਂਗਲਾਂ ਖੋਭ ਗਿਆ ਸੀ
ਤੇ ਜਿਵੇਂ ਬੁੱਲੇ ਨੇ ਕਿਹਾ ਸੀ –

ਦਰ ਖੁਲ੍ਹਾ ਹਸ਼ਰ ਅਜ਼ਾਬ ਦਾ
ਬੁਰਾ ਹਾਲ ਹੋਇਆ ਪੰਜਾਬ ਦਾ
ਵਿੱਚ ਹਵੀਆ* ਦੋਜ਼ਖ ਮਾਰਿਆ
ਕਦੀ ਆ ਮਿਲ ਯਾਰ ਪਿਆਰਿਆ .

ਸਾਨੂੰ ਕੱਲ੍ਹ ਵਾਂਗ ਹੈ ਯਾਦ,
ਸਾਡੇ ਨਾਲ ਜੋ ਵਰਤੀਆਂ
ਕਿਵੇਂ ਛੱਡ ਅੱਧ – ਵਾਹੀਆਂ ਧਰਤੀਆਂ
ਤੇ ਰੋਟੀਆਂ ਅਣ-ਪਰਤੀਆਂ
ਤੁਰੇ ਸਨ ਇਤਿਹਾਸ ਦੇ ਸਭ ਤੋਂ ਵੱਡੇ ਕਾਰਵਾਨ
ਦੁੱਖਾਂ ਤੇ ਭੁੱਖਾਂ ਦੀ ਲੰਬੀ ਦਾਸਤਾਨ .

ਕਿਵੇਂ ਲਹੂਆਂ ਦੀਆਂ ਨਦੀਆਂ ਸੀ ਵੱਗੀਆਂ
ਮਿੱਟੀ ਵਿੱਚ ਰੁਲੀਆਂ ਨੱਥਾਂ ਤੇ ਸੱਗੀਆਂ
ਕਿਵੇਂ ਨਹੁੰਆਂ ਤੋਂ ਮਾਸ ਵੱਖ ਹੋਇਆ
ਤੇ ਤਰੁੱਟ ਕੇ ਔਹ ਜਾ ਪਈਆਂ
ਸਦੀਆਂ ਦੀਆਂ ਲੱਗੀਆਂ .

ਜਦੋਂ ਸੀਨਿਆਂ ਦੇ ਟੋਏ ਵਿੱਚ ਰੱਖ
ਜ਼ੈਨਬ ਨੇ ਨਿੱਕਾ ਕੁਰਾਨ
ਖੂਹ ਵਿੱਚ ਮਾਰੀ ਸੀ ਛਾਲ
ਕਿਵੇਂ ਹੱਸਿਆ ਸੀ ਸ਼ੈਤਾਨ .

ਬਿਟਬਿਟ ਤੱਕਦਾ ਰਹਿ ਗਿਆ ਭਗਵਾਨ
ਨਾ ਦਰਿਆਵਾਂ ਨੇ ਵਹਿਣ ਬਦਲੇ
ਨਾ ਪਹਾੜਾਂ ਦੀ ਸਮਾਧੀ ਟੁੱਟੀ
ਨਾ ਲੋਹੇ ਨੇ ਕੱਟਣੋਂ ਨਾਂਹ ਕੀਤੀ
ਨਾ ਪਾਣੀ ਨੇ ਡੋਬਣੋਂ
ਨਾ ਅੱਗ ਨੇ ਸਾੜਨੋਂ
ਮਹਾਂ ਨਿਯਮ ਦਾ ਚੱਕਰ ਚਲਦਾ ਰਿਹਾ
ਤੇ ਸੂਰਜ ਨਿੱਤ ਵਾਂਗ ਚੜ੍ਹਦਾ ਤੇ ਢਲਦਾ ਰਿਹਾ.

ਬੁੱਧੀਮਾਨਾਂ ਨੂੰ ਇਹਸਾਸ ਹੋਇਆ –
ਕਿ ਮੰਦਰ ਤੇ ਮਸੀਤਾਂ ਕੋਠੇ ਹੀ ਹਨ
ਕਿ ਪੁਰਾਨ ਤੇ ਕੁਰਾਨ ਪੋਥੇ ਹੀ ਹਨ
ਕਿ ਸਭਿਤਾ ਦੇ ਦਾਹਵੇ ਥੋਥੇ ਹੀ ਹਨ.

ਆਓ ਭੂਤ ਦੀ ਗੱਲ ਛਡੀਏ
ਭੂਤ ਨੇ ਜਾਣ ਲੱਗਿਆਂ ਕੋਈ ਨਿਸ਼ਾਨੀ
ਦੇਣੀ ਹੀ ਸੀ.
ਇਹ ਠੀਕ ਹੈ ਕਿ ਕਵਿਤਾ ਤੇ ਕਲਾ ਨੂੰ
ਕੂੜ ਤੇ ਕਲਹ ਅੱਗੇ ਤਿੰਨ ਵਾਰ ਹਾਰ ਹੋਈ
ਤੇ ਰਾਜ ਰੌਲਿਆਂ ਵਿੱਚ ਕੋਮਲ ਸੁਰਾਂ ਗੁਆਚੀਆਂ,
ਪਰ ਆਓ “ਲਾ ਤਕਨਾ ਤੂ”** ਦਾ ਵਿਰਦ ਕਰੀਏ
ਤੇ ਉਸ ਰਾਕਸ਼ ਨੂੰ ਫੜੀਏ
ਜੋ ਅੰਮ੍ਰਿਤ ਦਾ ਕੁੰਭ ਲੈ ਕੇ ਭੱਜ ਗਿਆ
ਤੇ ਨਿਰਾ ਜ਼ਹਿਰ ਹੀ ਜ਼ਹਿਰ ਛੱਡ ਗਿਆ .
ਆਓ ਨਫ਼ਰਤ ਨੂੰ ਡੂੰਘਾ ਦੱਬੀਏ
ਤੇ ਮੁਹੱਬਤ ਦਾ ਇੱਕ ਹੋਰ ਜਾਮ ਭਰੀਏ
ਤੇ ਵਾਰਿਸ ਦੀ ਹੀਰ ‘ਚੋਂ ਵਾਕ ਲੈ ਕੇ
ਟੁੱਟੀਆਂ ਨੂੰ ਗੰਢੀਏ .

ਅਜੇ ਵੀ ਸਾਡੇ ਵਿੱਚ ਬੋਲੀ ਤੇ
ਸਭਿਆਚਾਰ ਦੀ ਸਾਂਝ ਬਾਕੀ ਹੈ
ਤੇ ਉਹ ਪੰਜਾਬੀ ਹੀ ਨਹੀਂ
ਜੋ ਇਸ ਤੋਂ ਆਕੀ ਹੈ .

ਅਜੇ ਵੀ ਸਤਲੁਜ ਤੇ ਝਨਾ ਸਾਡੇ ਹਨ
ਭਗਤ ਸਿੰਘ ਤੇ ਰੰਝੇਟੇ ਦੀਆਂ ਅਮਰ ਨਿਸ਼ਾਨੀਆਂ,
ਸ਼ਕਤੀ ਤੇ ਇਸ਼ਕ ਦੇ ਪ੍ਰਤੀਕ.
ਭਲਾ ਉਸ ਮੁਸਲਮਾਨ ਮਾਂ ਨੂੰ
ਕਿਵੇਂ ਭੁਲਾ ਸਕਦੇ ਹਾਂ
ਜਿਸ ਨੇ ਆਪਣੇ ਬੱਚੇ ਨੂੰ
ਸਭ ਤੋਂ ਪਹਿਲਾਂ ਪੰਜਾਬੀ ਵਿੱਚ
ਲੋਰੀ ਦਿੱਤੀ ਸੀ .
ਜਾਂ ਫ਼ਰੀਦ ਸ਼ਕਰਗੰਜ ਨੂੰ
ਜਿਸ ਨੇ ਸਾਡੀ ਬੋਲੀ ਵਿੱਚ
ਮਿਸਰੀ ਘੋਲੀ ਸੀ .

_________

  • ਸਭ ਤੋਂ ਭੈੜਾ ਦੋਜ਼ਖ
    • ਖੁਦਾ ਦੀ ਰਹਿਮਤ ਤੋਂ ਕਦੀ ਮਾਯੂਸ ਨਾ ਹੋਵੋ

ਬੂਹੇ, ਮੋਹਨ ਸਿੰਘ[1]

ਮੁਹੱਬਤ ਦੀ ਗੱਲ ਮੋਹਨ ਸਿੰਘ ਦੀ 1975 ਵਿੱਚ ਲਿਖੀ ਅਤੇ ਉਨ੍ਹਾਂ ਦੇ ਕਾਵਿ ਸੰਗ੍ਰਹਿ ਬੂਹੇ ਵਿੱਚ ਸ਼ਾਮਲ ਕਵਿਤਾ ਹੈ। ਇਸ ਦੀ ਰਚਨਾ ਕਵੀ ਨੇ ਆਪਣੀ ਪ੍ਰੌਢ਼ ਅਵਸਥਾ ਵਿੱਚ ਕੀਤੀ ਅਤੇ ਪੰਜਾਬੀ ਸਾਹਿਤ ਦੇ ਅਹਿਮ ਵਿਸ਼ੇ, ਪੰਜਾਬ ਦੀ ਵੰਡ ਦਾ ਸੁਹਜਾਤਮਕ ਵਿਸ਼ਲੇਸ਼ਣ ਕੀਤਾ ਹੈ।

ਪਿਛੋਕੜ ਸੋਧੋ

ਪੰਜਾਬ ਵਿੱਚ ਦੇਸ਼ ਦੀ ਵੰਡ (1947) ਸਮੇਂ ਵਾਪਰੇ ਪੰਜਾਬ ਦੇ ਦੁਖਾਂਤ ਬਾਰੇ ਪੰਜਾਬੀ ਦੇ ਸਾਰੇ ਵੱਡੇ ਕਵੀਆਂ ਨੇ ਕਵਿਤਾਵਾਂ ਲਿਖੀਆਂ। ਅੰਮ੍ਰਿਤਾ ਪ੍ਰੀਤਮ ਦੀ 'ਅੱਜ ਆਖਾਂ ਵਾਰਸ ਸ਼ਾਹ ਨੂੰ', ਹਰਭਜਨ ਸਿੰਘ ਦੀ 'ਸੌਂ ਜਾ ਮੇਰੇ ਮਾਲਕਾ' ਅਤੇ ਮੋਹਨ ਸਿੰਘ ਦੀ 'ਗੁਰੂ ਨਾਨਕ ਨੂੰ' ਇਸ ਪਰਸੰਗ ਵਿੱਚ ਜ਼ਿਕਰਯੋਗ ਹਨ। ਇਸੇ ਵਿਸ਼ੇ ਉੱਤੇ ਇੱਕ ਚੁਥਾਈ ਸਦੀ ਬੀਤ ਜਾਣ ਦੇ ਬਾਅਦ ਰੋਮਾਂਸਵਾਦ ਦੇ ਆਪਣੇ ਦੌਰ ਨੂੰ ਪਾਰ ਕਰਕੇ ਪ੍ਰੌਢ਼ ਵਿਸ਼ਲੇਸ਼ਣ ਨੂੰ ਆਪਣੀ ਕਵਿਤਾ ਵਿੱਚ ਪਿਰੋਣ ਦੇ ਮਕਸਦ ਨਾਲ ਮੋਹਨ ਸਿੰਘ ਨੇ ਇਹ ਕਵਿਤਾ ਲਿਖੀ।

ਵਿਸ਼ਲੇਸ਼ਣ ਸੋਧੋ

ਮੋਹਨ ਸਿੰਘ ਆਰੰਭਿਕ ਸਤਰਾਂ ਵਿੱਚ ਹੀ ਆਪਣਾ ਸੁਹਜਾਤਮਕ ਆਦਰਸ਼ ਸਪਸ਼ਟ ਕਰ ਦਿੰਦਾ ਹੈ। ਉਹ ਪੰਜਾਬ ਦੇ ਭਵਿੱਖ ਬਾਰੇ ਆਪਣੀ ਚਿੰਤਾ ਵਿੱਚ ਪਾਠਕ ਨੂੰ ਸ਼ਾਮਲ ਕਰਨ ਲਈ ਸੰਬੋਧਨੀ ਅੰਦਾਜ਼ ਵਿੱਚ ਹੋਕਾ ਦਿੰਦਾ ਹੈ ਅਤੇ ਸਾਮਰਾਜੀ ਸਾਜਿਸ਼ ਦੀ ਪੀੜ ਨੂੰ ਮਹਿਸੂਸ ਕਰਾਉਣ ਲਈ 'ਪੰਜੇ ਉਂਗਲਾਂ ਖੋਭ ਗਿਆ ਸੀ' ਰਾਹੀਂ ਕੋਮਲ ਮਾਸੂਮ ਗੱਲ੍ਹ ਤੇ ਭਿਆਨਕ ਥੱਪੜ ਦੀ ਤਸਬੀਹ ਦਿੰਦਾ ਹੈ ਅਤੇ ਅੰਤਲੀ ਸਤਰ ਵਿੱਚ ਪੰਜਾਬੀ ਦੇ ਕਲਾਸਿਕ ਸ਼ਾਇਰ ਬੁੱਲੇ ਸ਼ਾਹ ਨੂੰ ਆਪਣੇ ਨਾਲ ਹੋਕਾ ਦੇਣ ਵਿੱਚ ਸ਼ਾਮਲ ਕਰ ਲੈਂਦਾ ਹੈ। ਅਗਲੇ ਤਿੰਨ ਪੈਰਿਆਂ ਵਿੱਚ ਦੁਰਦਸਾ ਦਾ ਜੋਰਦਾਰ ਬਿਰਤਾਂਤ ਦਰਜ਼ ਹੈ। ਏਨਾ ਆਲੀਸ਼ਾਨ ਬਿਆਨ ਹੈ ਕਿ ਗੁਰੂ ਨਾਨਕ ਦੀ 'ਏਤੀ ਮਾਰ ਪਈ'ਯਾਦ ਆ ਜਾਂਦੀ ਹੈ ਤੇ ਪਾਠਕ ਨੂੰ ਆਪਣੀ ਚਿੰਤਾ ਵਿੱਚ ਸ਼ਾਮਲ ਕਰਨ ਵਿੱਚ ਕਵੀ ਪੂਰਾ ਸਫ਼ਲ ਦਿਖਾਈ ਦਿੰਦਾ ਹੈ। ਫਿਰ ਅਗਲੇ ਪੈਰੇ 'ਤੈਂ ਕਿ ਦਰਦ ਨਾ ਆਇਆ' ਦਾ ਪੁਨਰ-ਪਾਠ ਕਲਮਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੋਹਨ ਸਿੰਘ ਨੇ ਅਪਣਾ ਮਹਾਂਕਾਵਿ 'ਨਨਕਾਇਣ' ਲਿਖਿਆ ਸੀ। ਨਾਨਕ ਬਾਣੀ ਦਾ ਇਸ ਕਾਵਿ ਅੰਸ਼ ਵਿੱਚ ਪ੍ਰਭਾਵ, ਪਰੰਪਰਾ ਦੇ ਨਰੋਏ ਪਹਿਲੂਆਂ ਨਾਲ ਮੇਲ ਕੇ ਸਾਹਿਤ ਦੀ ਪ੍ਰਸੰਗਿਕਤਾ ਨੂੰ ਤੀਖਣ ਕਰਨ ਦੀ ਤਾਂਘ ਦਾ ਪ੍ਰਗਟਾਉ ਹੈ। ਕਵਿਤਾ ਦੇ ਆਖ਼ਰੀ ਹਿੱਸੇ ਵਿੱਚ ਕਵੀ ਪੰਜਾਬ ਦੇ ਹੋ ਚੁੱਕੇ ਵੱਡੇ ਨੁਕਸਾਨ ਦੀ ਬਾਤ ਪਾਉਂਦਿਆਂ ਜੋ ਕੁਝ ਅਜੇ ਵੀ ਬਚ ਗਿਆ ਹੈ ਉਸਨੂੰ ਸਾਂਭ ਲੈਣ ਅਤੇ ਇਨ੍ਹਾਂ ਵਕਤੀ ਰਾਜਨੀਤਕ ਵੰਡੀਆਂ ਅਤੇ ਹੱਦਬੰਦੀਆਂ ਦੇ ਪਾਰ ਡੂੰਘੇ ਧਰਾਤਲ ਉੱਤੇ ਪੀਡੀਆਂ ਸਾਂਝਾਂ ਨੂੰ ਚਿਤਾਰਦਿਆਂ ਸਰਬ ਪੰਜਾਬੀ ਜਗਤ ਅੱਗੇ ਟੁੱਟੀਆਂ ਨੂੰ ਗੰਢਣ ਦਾ ਬੁਲੰਦ ਹੋਕਾ ਹੋਰ ਬੁਲੰਦ ਤੇ ਬਲਸ਼ਾਲੀ ਹੋ ਗੂੰਜਦਾ ਹੈ।

ਹਵਾਲੇ ਸੋਧੋ

_________