ਮੇਲਾ ਇਮਾਮ ਨਸੀਰ ਜਲੰਧਰ

ਮੇਲਾ ਇਮਾਮ ਨਸੀਰ ਜਲੰਧਰ ਦਾ ਇਕ ਪ੍ਰਸਿੱਧ ਮੇਲਾ ਹੈ। ਇਹ ਜਲੰਧਰ ਵਿਖੇ ਮਸਜਿਦ ਇਮਾਮ ਨਸੀਰ ਵਿੱਖੇ ਲੱਗਦਾ ਹੈ ਜਿਸ ਨੂੰ ਜਾਮਾ ਮਸਜਿਦ ਜਲੰਧਰ ਵੀ ਕਿਹਾ ਜਾਂਦਾ ਹੈ। ਇਹ ਦਰਗਾਹ ਪੰਦਰਵੀਂ ਸਦੀ ਦੇ ਪੰਜਾਬੀ ਦੇ ਇਕ ਸੂਫ਼ੀ ਕਵੀ ਇਮਾਮ ਨਸੀਰ ਦੀ ਖਾਨਗਾਹ ਹੋਇਆ ਕਰਦੀ ਸੀ।[1] ਇਮਾਮ ਨਸੀਰ ਨੌਵੀਂ ਸਦੀ ਵਿਚ ਮੱਧ ਪੁਰਬ ਚੋਂ ਭਾਰਤ ਆਏ ਸੂਫੀ ਫ਼ਕੀਰ ਸਨ। ਇਹ ਦਰਗਾਹ ਭਾਰਤ ਵਿਚ ਇਸਲਾਮ ਨਾਲ ਸੰਬੰਧਿਤ ਸਭ ਤੋਂ ਪ੍ਰਾਚੀਨ ਦਰਗਾਹਾਂ ਵਿਚੋਂ ਇੱਕ ਹੈ। ਸਾਂਝੇ ਪੰਜਾਬ ਅੰਦਰ ਇਹ ਇੱਕ ਬਹੁਤ ਮਕਬੂਲ ਥਾਂ ਸੀ। ਸ਼ੇਖ਼ ਫ਼ਰੀਦ ਵੀ ਇੱਥੇ ਕੁਝ ਸਮਾਂ ਪੀਰ ਦੀ ਸੰਗਤ ਵਿੱਚ ਰਹੇ ਸਨ। ਉਨ੍ਹਾਂ ਦੀ ਯਾਦ ਵਿਚ ਇੱਥੇ ਹਰ ਸਾਲ ਗਰਮੀਆਂ ਵਿਚ ਭਾਰਾ ਮੇਲਾ ਲੱਗਦਾ ਹੈ।

ਇਤਿਹਾਸ

ਸੋਧੋ
 
Jama Masjid Dargah Imam Nasir 01

ਇਹ ਥਾਂ ਪਹਿਲਾਂ ਜਲੰਧਰ ਨਾਥ ਦਾ ਟਿੱਲਾ ਹੁੰਦੀ ਸੀ। ਜਲੰਧਰ ਨਾਥ ਸ਼ੁਰੂਆਤੀ ਸਮੇਂ ਵਿਚ ਬੋਧੀ ਸੀ ਪਰ ਬਾਅਦ ਵਿਚੋਂ ਉਹ ਸਿੱਧਾਂ ਦੀ ਸੰਗਤ ਕਾਰਨ ਸਿੱਧ ਬਣ ਗਿਆ। ਉਸ ਦੀ ਮੌਤ ਮਗਰੋਂ ਇਹ ਜਗ੍ਹਾ ਇਕ ਕਾਫ਼ਿਰ ਚੋਰ ਦੇ ਕਬਜ਼ੇ ਵਿਚ ਆ ਗਈ ਜੋ ਲਾਗਲੇ ਕਬਰਿਸਤਾਨ ਵਿਚੋਂ ਮੁਰਦੇ ਪੱਟ ਕੇ ਉਨ੍ਹਾਂ ਦੇ ਕਫ਼ਨ ਚੋਰੀ ਕਰਿਆ ਕਰਦਾ ਤੇ ਉਨ੍ਹਾਂ ਨੂੰ ਵੇਚਦਾ। ਲੋਕ ਉਹਦੀ ਇਨ੍ਹਾਂ ਕਾਫਿਰਾਨਾ ਹਰਕਤਾਂ ਤੋਂ ਤੰਗ ਆ ਗਏ ਸਨ। ਇਸ ਲਈ ਉਨ੍ਹਾਂ ਉਨ੍ਹਾਂ ਸਮਿਆਂ ਦੇ ਪ੍ਰਸਿੱਧ ਸੂਫ਼ੀ ਨਸੀਰ ਨੂੰ ਇੱਥੇ ਆਉਣ ਦੀ ਅਰਜ਼ ਕੀਤੀ ਤਾਂ ਜੋ ਉਹ ਉਨ੍ਹਾਂ ਨੂੰ ਚੋਰ ਤੋਂ ਮੁਕਤੀ ਦਿਵਾ ਸਕਣ। ਇਮਾਮ ਨਸੀਰ ਇੱਥੇ ਆ ਬਸੇ ਤੇ ਚੋਰ ਨੂੰ ਸੁਧਾਰਨ ਲਈ ਉਨ੍ਹਾਂ ਆਪਣੇ ਚੇਲਿਆਂ ਨੂੰ ਆਪਣੀ ਕਬਰ ਬਣਾਉਣ ਦਾ ਫੈਸਲਾ ਕੀਤਾ। ਉਹ ਕਬਰ ਵਿਚ 40 ਦਿਨਾਂ ਤੱਕ ਲੇਟੇ ਰਹੇ। 40 ਦਿਨਾਂ ਮਗਰੋਂ ਜਦੋਂ ਚੋਰ ਨੇ ਉਨ੍ਹਾਂ ਦੀ ਕਬਰ ਪੁੱਟੀ ਤਾਂ ਉਹ ਜਿਉਂਦੇ ਆਦਮੀ ਨੂੰ ਦੇਖ ਹੈਰਾਨ ਰਹਿ ਗਿਆ। ਉਹ ਇਮਾਮ ਨਸੀਰ ਦੇ ਨੂਰਾਨੀ ਬਿੰਬ ਤੋਂ ਏਨਾ ਕੁ ਪ੍ਰਭਾਵਿਤ ਹੋਇਆ ਕਿ ਉਸ ਨੇ ਤੌਬਾ ਕਰ ਲਈ ਤੇ ਉਨ੍ਹਾਂ ਦਾ ਚੇਲਾ ਬਣ ਗਿਆ। ਇਹ ਥਾਂ ਹੌਲੀ-ਹੌਲੀ ਇਕ ਧਾਰਮਿਕ ਮਜਲਿਸ ਦੇ ਨਾਲ-ਨਾਲ ਲੋਕਾਂ ਲਈ ਇਕ ਭਾਈਚਾਰਕ ਕੇਂਦਰ ਵੀ ਬਣ ਗਈ। ਖਾਹਿਸ਼ਮੰਦ ਇੱਥੇ ਪਵਿੱਤਰ ਕੁਰਆਨ ਸ਼ਰੀਫ਼ ਦੀ ਤਾਲੀਮ ਹਾਸਿਲ ਕਰਨ ਆਉਦੇ ਅਤੇ ਵੱਖ-ਵੱਖ ਧਰਮਾਂ ਦੇ ਲੋਕ ਦੀਨ-ਮਜ਼ਹਬ ਦੇ ਹਵਾਲੇ ਨਾਲ ਵਿਚਾਰ-ਚਰਚਾ ਕਰਨ-ਸੁਣਨ ਆਉਂਦੇ। ਜਾਮਾ ਮਸਜਿਦ ਦੀ ਮੁੱਢਲੀ ਇਮਾਰਤ ਘੱਟੋ-ਘੱਟ 800 ਸਾਲ ਪੁਰਾਣੀ ਹੈ ਜਦੋਂ ਕਿ ਇਸ ਦਾ ਪਿਛਲਾ ਹਿੱਸਾ ਹਾਲ ਹੀ ਵਿਚ ਮੁਰੰਮਤ ਕਰ ਲਿਆ ਗਿਆ ਹੈ।

ਬਾਬਾ ਸ਼ੇਖ਼ ਫ਼ਰੀਦ ਨਾਲ ਸੰਬੰਧ

ਸੋਧੋ

ਇਸ ਥਾਂ ਦਾ ਪੰਜਾਬੀ ਦੇ ਪ੍ਰਚੱਲਿਤ ਸੂਫ਼ੀ ਕਵੀ ਸ਼ੇਖ਼ ਫਰੀਦ ਗੰਜਸ਼ਕਰ ਨਾਲ ਵੀ ਤਾਲੁਕਾਤ ਸੁਣਨ ਨੂੰ ਮਿਲਦੇ ਹਨ। ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਦਿੱਲੀ ਤੋਂ ਪਾਕਪਟਨ ਜਾਂਦੇ ਹੋਏ ਰਾਹ ਵਿਚ ਇਸ ਦਰਗਾਹ ਦੀ ਮਕਬੁਲੀਅਤ ਬਾਰੇ ਸੁਣਿਆ। ਇੱਥੇ ਆ ਕੇ ਉਹ ਇਸ ਥਾਂ ਦੇ ਰੂਹਾਨੀ ਮਾਹੌਲ ਤੋਂ ਏਨਾ ਕੁ ਮੁਤਾਸਿਰ ਹੋਏ ਕਿ ਉਨ੍ਹਾਂ ਇਸ ਥਾਂ ਉੱਪਰ 40 ਦਿਨਾਂ ਦਾ ਚਿਲਾ ਕੱਟਿਆ ਭਾਵ ਤਪ ਕੀਤਾ। ਇਸ ਦਰਗਾਹ ਦੇ ਵਿਚ ਬਾਬਾ ਫ਼ਰੀਦ ਦੇ ਨਾਂ ਦੀ ਇਕ ਛੋਟੀ ਮਸਜਿਦ ਬਣਾਈ ਗਈ ਹੈ। ਹਰ ਵੀਰਵਾਰ ਸ਼ਰਧਾਲੂ ਇੱਥੇ ਚਿਰਾਗ ਕਰਨ ਆਉਂਦੇ ਹਨ।

ਮੇਲੇ ਦੀ ਵਰਤਮਾਨ ਸਥਿਤੀ

ਸੋਧੋ

ਇਮਾਮ ਨਸੀਰ ਅਤੇ ਬਾਬਾ ਫਰੀਦ ਦੇ ਇਸ ਥਾਂ ਨਾਲ ਸੰਬੰਧ ਰੱਖਦੇ ਹੋਣ ਕਾਰਨ ਇਸ ਥਾਂ ਉੱਪਰ ਕਰੀਬ ਪੰਜ ਸਦੀਆਂ ਭਾਰੇ ਮੇਲੇ ਲੱਗਦੇ ਰਹੇ ਅਤੇ ਇਹ ਸਿਲਸਿਲਾ 1947 ਤੱਕ ਬਿਨਾਂ ਰੁਕੇ ਜਾਰੀ ਰਿਹਾ। ਮੇਲੇ ਦੀਆਂ ਸੰਗਤਾਂ ਲਾਹੌਰ, ਮੁਲਤਾਨ, ਪਾਕਪਟਨ ਅਤੇ ਅਰਬ ਮੁਲਕਾਂ ਤੋਂ ਵਹੀਰਾਂ ਘੱਤ ਕੇ ਪੁੱਜਦੀਆਂ ਸਨ। ਪਰ ਸੰਤਾਲੀ ਦੀ ਵੰਡ ਮਗਰੋਂ ਰਾਜਸੀ ਮੁਸ਼ਕਿਲਾਂ ਕਾਰਨ ਲਹਿੰਦੇ ਪੰਜਾਬ ਤੋਂ ਸੰਗਤ ਦਾ ਆਉਣਾ ਘਟ ਗਿਆ ਜੋ 1970ਵਿਆਂ ਤੱਕ ਪੂਰੀ ਤਰ੍ਹਾਂ ਬੰਦ ਹੋ ਗਿਆ। ਕਿਸੇ ਸਮੇਂ ਅੰਤਰਰਾਸ਼ਟਰੀ ਦਰਜੇ ਦੇ ਰੁਤਬੇ ਵਾਲਾ ਮੇਲਾ ਹੁਣ ਸਿਰਫ਼ ਜਲੰਧਰ ਦੇ ਸਥਾਨਕ ਮੇਲੇ ਦੇ ਦਰਜੇ ਤੱਕ ਸਿਮਟ ਗਿਆ ਹੈ। ਇਸ ਦੇ ਬਾਵਜੂਦ ਸਥਾਨਕ ਸੰਗਤਾਂ ਹਰ ਵੀਰਵਾਰ, ਜੇਠੇ ਵੀਰਵਾਰ ਅਤੇ ਹਾੜ ਦੇ ਮਹੀਨੇ ਲੱਗਣ ਵਾਲੇ ਮੇਲੇ ਵਿਚ ਇਮਾਮ ਨਸੀਰ ਅਤੇ ਬਾਬਾ ਫਰੀਦ ਨੂੰ ਯਾਦ ਕਰਨ ਜਰੂਰ ਪੁੱਜਦੀਆਂ ਹਨ।

ਹਵਾਲੇ

ਸੋਧੋ
  1. "ਦੁਆਬੇ ਦਾ ਕੇਂਦਰੀ ਨਗਰ 'ਜਲੰਧਰ', ਜਾਣੋ ਕਿਵੇਂ ਪਿਆ ਇਹ ਨਾਂ". jagbani. 2020-06-01. Retrieved 2020-12-06.