ਮੋਹਨ ਸਿੰਘ ਨਾਗੋਕੇ (25 ਦਸੰਬਰ 1898– 2 ਮਾਰਚ 1969)ਇੱਕੋ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਨ। ਆਪ ਨੇ ਅਜ਼ਾਦੀ ਦੀ ਲੜ੍ਹਾਈ, ਜੈਤੋ ਦਾ ਮੋਰਚਾ ਵਿਚ ਭਾਗ ਲਿਆ। ਆਪ ਦਾ ਸਿੱਖ ਇਤਿਹਾਸ ’ਚ ਨਿਵੇਕਲਾ ਸਥਾਨ ਹੈ।

ਮੁੱਢਲਾ ਜੀਵਨ ਸੋਧੋ

ਜਥੇਦਾਰ ਮੋਹਨ ਸਿੰਘ ਨਾਗੋਕੇ ਦਾ ਜਨਮ 25 ਦਸੰਬਰ 1898 ਨੂੰ ਸ੍ਰੀ ਟਹਿਲ ਸਿੰਘ ਤੇ ਮਾਤਾ ਗੰਗਾ ਦੇਵੀ ਦੇ ਘਰ ਪਿੰਡ ਨਾਗੋਕੇ, ਅੰਮ੍ਰਿਤਸਰ ’ਚ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਖਡੂਰ ਸਾਹਿਬ ਤੋਂ ਹਾਸਲ ਕੀਤੀ। ਖਾਲਸਾ ਕਾਲਜੀਏਟ ਹਾਈ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਕਰਨ ਉਪਰੰਤ ਡੀ.ਸੀ. ਦਫ਼ਤਰ ਅੰਮ੍ਰਿਤਸਰ ਕਲਰਕ ਭਰਤੀ ਹੋ ਗਏ। ਇਨ੍ਹਾਂ ਦੇ ਘਰ ਦੋ ਪੁੱਤਰ ਤੇ ਦੋ ਬੇਟੀਆਂ ਹੋਈਆਂ।[1]

ਜੈਤੋ ਦਾ ਮੋਰਚਾ ਸੋਧੋ

ਜਲਿਆਂਵਾਲਾ ਬਾਗ਼ ਹਤਿਆਕਾਂਡ ਤੇ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਨੇ ਜਥੇਦਾਰ ਮੋਹਨ ਸਿੰਘ ਦੇ ਮਨ ਨੂੰ ਗਹਿਰੀ ਠੇਸ ਪਹੁੰਚਾਈ। ਰੋਸ ਵਜੋਂ ਉਨ੍ਹਾਂ ਕਾਲੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ। ਕਾਲੀ ਦਸਤਾਰ ਉਸ ਸਮੇਂ ਅੰਗਰੇਜ਼ ਸਰਕਾਰ ਦੇ ਵਿਰੋਧ ’ਚ, ਅਕਾਲੀ ਰੋਹ ਤੇ ਰੋਸ ਦਾ ਪ੍ਰਤੀਕ ਸੀ। ਸਰਕਾਰੀ ਜੰਜੀਰਾਂ ਨੂੰ ਤੋੜ ਜਥੇਦਾਰ ਨਾਗੋਕੇ 21ਫਰਵਰੀ 1924 ਨੂੰ ਪਹਿਲੇ ਸ਼ਹੀਦੀ ਜਥੇ ’ਚ ਸ਼ਾਮਲ ਹੋਣ ਗੰਗਸਰ ਜੈਤੋ ਪਹੁੰਚੇ,ਜਿੱਥੇ ਅੰਗਰੇਜ਼ ਹਾਕਮਾਂ ਨੇ ਸ਼ਹੀਦੀ ਜਥੇ ’ਤੇ ਗੋਲੀਆਂ ਦੀ ਬੁਛਾੜ ਕੀਤੀ। ਇੱਥੇ ਕੁਝ ਸਿੰਘ ਸ਼ਹੀਦ ਹੋ ਗਏ ਅਤੇ ਜਥੇਦਾਰ ਮੋਹਨ ਸਿੰਘ ਵੀ ਲੱਤ ’ਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਸਿਹਤ ’ਚ ਸੁਧਾਰ ਆਉਣ ’ਤੇ ਉਹ ਚੌਥੇ ਜਥੇ ’ਚ ਸ਼ਾਮਲ ਹੋ ਗਏ ਜਿੱਥੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ। ਤਕਰੀਬਨ ਸਵਾ ਸਾਲ ਬਾਅਦ ਉਹ ਅੰਗਰੇਜ਼ ਹਕੂਮਤ ਦੀ ਕੈਦ ਤੋਂ ਆਜ਼ਾਦ ਹੋਏ।[2]

ਦੇਸ਼ ਦੀ ਅਜ਼ਾਦੀ ਸੋਧੋ

ਅਕਾਲੀ ਲਹਿਰ ਸਮੇਂ ਨਿਭਾਈ ਭੂਮਿਕਾ ਕਾਰਨ ਜੂਨ,1926 ’ਚ ਗੁਰਦੁਆਰਾ ਪ੍ਰਬੰਧ ਪੰਥਕ ਹੱਥਾਂ ’ਚ ਆਉਣ ’ਤੇ ਇਨ੍ਹਾਂ ਨੂੰ ਮੁਖਤਾਰੇ-ਆਮ ਭਰਤੀ ਕਰ ਲਿਆ ਗਿਆ। ਬਾਅਦ ਵਿੱਚ ਸੁਪਰਟੈਂਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਦ-ਉਨੱਤ ਕਰ ਦਿੱਤਾ ਗਿਆ। ਦੇਸ਼ ਦੀ ਅਜ਼ਾਦੀ ਲਹਿਰ ’ਚ ਹਿੱਸਾ ਲੈਣ ਲਈ ਆਪਣੀ ਪਦਵੀ ਤੋਂ ਛੁੱਟੀ ਲੈ12 ਮਾਰਚ 1930 ਨੂੰ ਸਿਵਲ ਨਾ-ਫੁਰਮਾਨੀ ਤੇ ਸਵਦੇਸ਼ੀ ਲਹਿਰ ਤਹਿਤ ਲਾਹੌਰ ਗ੍ਰਿਫ਼ਤਾਰੀ ਦਿੱਤੀ ਅਤੇ ਤਿੰਨ ਮਹੀਨੇ ਅਟਕ ਤੇ ਬਰੈਸਟਲ ਜੇਲ੍ਹ ’ਚ ਬੰਦੀ ਬਣਨਾ ਪ੍ਰਵਾਨ ਕੀਤਾ।

ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸੋਧੋ

ਸੰਨ1931’ਚ ਮੋਹਨ ਸਿੰਘ ਨਾਗੋਕੇ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਨਾਲ ਮੀਤ ਜਥੇਦਾਰ ਨਿਯੁਕਤ ਕੀਤਾ ਗਿਆ। ਫਿਰ 10 ਮਾਰਚ 1938 ਨੂੰ ਗਿਆਨੀ ਗੁਰਮੁਖ ਸਿੰਘ ਦੀ ਤਜ਼ਵੀਜ਼ ’ਤੇ ਭਾਈ ਮੋਹਨ ਸਿੰਘ ’ਨਾਗੋਕੇ’ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਇਹ ਸੇਵਾ 1952 ਤਕ ਨਿਭਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਜਥੇਦਾਰ ਮੋਹਨ ਸਿੰਘ ਨਾਗੋਕੇ ਨੇ ਕਿਰਪਾਨ ਮੋਰਚੇ ਸਮੇਂ 100 ਸਿੰਘਾਂ ਸਮੇਤ ਪਹਿਲੇ ਜਥੇ ’ਚ ਗ੍ਰਿਫ਼ਤਾਰੀ ਦਿੱਤੀ। ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸ਼ਹੀਦੀ ਮਾਰਕੀਟ ਵੀ ਉਨ੍ਹਾਂ ਦੇ ਸਮੇਂ ਤਾਮੀਰ ਹੋਈ। ਵਿਧਾਨ ਸਭਾ ਮੈਂਬਰ ਸੰਪੂਰਨ ਸਿੰਘ ਵੱਲੋਂ 9 ਨਵੰਬਰ 1938 ਨੂੰ ਝਟਕਾ ਬਿਲ ਬਾਰੇ ਪੇਸ਼ ਕੀਤਾ ਗੁਰਮਤਾ ਜਥੇਦਾਰ ਮੋਹਨ ਸਿੰਘ ਦੀ ਤਾਈਦ ’ਤੇ ਪਾਸ ਹੋਇਆ। ਜਥੇਦਾਰ ਨਾਗੋਕੇ 1941 ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਐਕਟ ’ਚ ਤਰਮੀਮਾਂ ਸੁਝਾਉਣ ਵਾਸਤੇ ਬਣਾਈ 7 ਮੈਂਬਰੀ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਨੂੰ 19 ਨਵੰਬਰ, 1944 ਸਰਬ-ਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਮੋਹਨ ਸਿੰਘ ਨਾਗੋਕੇ 1948 ਤੱਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ।

ਮੌਤ ਸੋਧੋ

ਜਥੇਦਾਰ ਮੋਹਨ ਸਿੰਘ ਦਿਮਾਗ ਦੀ ਨਾੜੀ ਫਟਣ ਕਾਰਨ ਲੰਮਾ ਸਮਾਂ ਬਿਮਾਰ ਰਹਿਣ ਤੋਂ ਬਾਅਦ 3 ਮਾਰਚ, 1969 ਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ। ਇਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਸ਼ੁਸ਼ੋਭਿਤ ਹੈ।

ਹਵਾਲੇ ਸੋਧੋ