ਇਕ ਕਿਸਮ ਦੀ ਵੇਲ ਦੇ ਫਲ ਨੂੰ, ਜੋ ਧਰਤੀ ਉਪਰ ਫੈਲਦੀ ਹੈ, ਜਿਸ ਦੇ ਫਲ ਦੀ ਸਬਜ਼ੀ ਬਣਦੀ ਹੈ, ਰਾਮ ਤੋਰੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਘੀਆ ਤੋਰੀ ਕਹਿੰਦੇ ਹਨ। ਕਈ ਸਾਵੀ ਤੋਰੀ ਕਹਿੰਦੇ ਹਨ। ਤੋਰੀ ਦੀ ਇਕ ਕਿਸਮ ਕਾਲੀ ਤੋਰੀ ਹੈ। ਇਸ ਤੋਰੀ ਦਾ ਰੰਗ ਕਾਲਾ ਹਰਾ ਹੁੰਦਾ ਹੈ। ਇਸ ਉਪਰ ਧਾਰੀਆਂ ਹੁੰਦੀਆਂ ਹਨ। ਇਸ ਦੇ ਬੀਜ ਕਾਲੇ ਹੁੰਦੇ ਹਨ। ਘੀਆ, ਕੱਦੂ ਨੂੰ ਕਹਿੰਦੇ ਹਨ। ਇਸ ਤਰ੍ਹਾਂ ਰਾਮ ਤੋਰੀ ਕੱਦੂ ਦੇ ਖਾਨਦਾਨ ਦੀ ਹੀ ਇਕ ਕਿਸਮ ਹੈ। ਪਹਿਲੇ ਸਮਿਆਂ ਵਿਚ ਰਾਮ ਤੋਰੀ ਆਮ ਬੀਜੀ ਜਾਂਦੀ ਸੀ। ਇਸ ਦੀ ਸਬਜ਼ੀ ਆਮ ਬਣਾਈ ਜਾਂਦੀ ਸੀ। ਰਾਮ ਤੋਰੀ ਵਿਚ ਵੜੀਆ ਪਾ ਕੇ ਬਣਾਈ ਗਈ ਸਬਜ਼ੀ ਨੂੰ ਪਹਿਲੇ ਸਮਿਆਂ ਵਿਚ ਬਹੁਤ ਖੁਸ਼ ਹੋ ਕੇ ਖਾਧਾ ਜਾਂਦਾ ਸੀ। ਦੁੱਧ ਪਾ ਕੇ ਬਣਾਈ ਰਾਮ ਤੋਰੀ ਦੀ ਸਬਜ਼ੀ ਬਹੁਤ ਵਧੀਆ ਮੰਨੀ ਜਾਂਦੀ ਹੈ। ਵੈਸੇ ਤਾਂ ਘਿਉ ਹਰ ਸਬਜ਼ੀ ਵਧੀਆ ਬਣਾ ਦਿੰਦਾ ਹੈ। ਪਰ ਰਾਮ ਤੋਰੀ ਦੀ ਸਬਜ਼ੀ ਜੇ ਕਰ ਘਿਉ ਦਾ ਤੜਕਾ ਲਾ ਕੇ ਬਣਾਈ ਜਾਂਦੀ ਹੈ ਤਾਂ ਉਸ ਦਾ ਨਜ਼ਾਰਾ ਸਾਰੀਆਂ ਸਬਜ਼ੀਆਂ ਨਾਲੋਂ ਵੱਖਰਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਸਬਜ਼ੀਆਂ ਜ਼ਿਆਦਾ ਸਰ੍ਹੋਂ ਦੇ ਤੇਲ ਦਾ ਤੜਕਾ ਲਾ ਕੇ ਬਣਾਈਆਂ ਜਾਂਦੀਆਂ ਸਨ। ਹੁਣ ਦੀ ਪੀੜ੍ਹੀ ਰਾਮ ਤੋਰੀ ਦੀ ਸਬਜ਼ੀ ਨੂੰ ਬਹੁਤੀ ਪਸੰਦ ਨਹੀਂ ਕਰਦੀ। ਉਹ ਰਾਮ ਤੋਰੀ ਦੀ ਸਬਜ਼ੀ ਨੂੰ ਬੀਮਾਰਾਂ ਦੀ ਸਬਜ਼ੀ ਕਹਿੰਦੇ ਹਨ। ਹੁਣ ਰਾਮ ਤੋਰੀ ਹਰ ਪਰਿਵਾਰ ਨਹੀਂ ਬੀਜਦਾ। ਹੁਣ ਰਾਮ ਤੋਰੀ ਦੀ ਫ਼ਸਲ ਵਪਾਰਕ ਤੌਰ 'ਤੇ ਬੀਜੀ ਜਾਂਦੀ ਹੈ। ਇਸ ਲਈ ਹੁਣ ਰਾਮ ਤੋਰੀ ਜ਼ਿਆਦਾ ਬਾਜ਼ਾਰ ਵਿਚੋਂ ਹੀ ਖਰੀਦੀ ਜਾਂਦੀ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.