ਰਿੱਛ ਦਾ ਤਮਾਸ਼ਾ
ਰਿੱਛ ਇਕ ਜੰਗਲੀ ਜਾਨਵਰ ਹੈ। ਇਸ ਦੇ ਸਰੀਰ ਉਪਰ ਲੰਮੇ-ਲੰਮੇ ਕਾਲੇ ਵਾਲ ਹੁੰਦੇ ਹਨ ਜਿਨ੍ਹਾਂ ਨੂੰ ਜੱਤ ਕਹਿੰਦੇ ਹਨ। ਇਸ ਦੀ ਸੁੰਘਣ ਸ਼ਕਤੀ ਬਹੁਤ ਤੇਜ਼ ਹੈ। ਸਰਕਸ ਵਿਚ ਰਿਛ ਤੋਂ ਕਈ ਕਰਤਬ ਕਰਵਾਏ ਜਾਂਦੇ ਹਨ। ਰਿੱਛ ਨੂੰ ਭਾਲੂ ਵੀ ਕਹਿੰਦੇ ਹਨ। ਮਦਾਰੀ ਲੋਕ ਰਿੱਛ ਨਾਲ ਤਮਾਸ਼ਾ ਵਿਖਾ ਕੇ ਆਪਣੀ ਰੋਟੀ ਕਮਾਉਂਦੇ ਸਨ। ਰਿੱਛ ਦਾ ਤਮਾਸ਼ਾ ਬੱਚੇ ਵੇਖਦੇ ਸਨ। ਰਿੱਛ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਮੂੰਹ ਵਿਚ ਕੰਡਿਆਲਾ ਪਾਇਆ ਹੁੰਦਾ ਸੀ। ਪੈਰਾਂ ਵਿਚ ਘੁੰਗਰੂ ਬੰਨ੍ਹੇ ਹੁੰਦੇ ਸਨ। ਮਦਾਰੀ ਡੌਰੂ ਵਜਾ ਕੇ ਗਲੀ ਦੇ ਬੱਚੇ ਇਕ ਥਾਂ ਇਕੱਠੇ ਕਰ ਲੈਂਦਾ ਸੀ। ਫਿਰ ਰਿੱਛ ਦਾ ਤਮਾਸ਼ਾ ਵਿਖਾਇਆ ਜਾਂਦਾ ਸੀ। ਰਿੱਛ ਨੂੰ ਪਿਛਲੀਆਂ ਲੱਤਾਂ 'ਤੇ ਖੜ੍ਹਾ ਕਰ ਕੇ ਨਚਾਇਆ ਜਾਂਦਾ ਸੀ।ਅਗਲੀਆਂ ਲੱਤਾਂ ਨੂੰ ਹੱਥ ਵਾਂਗ ਜੋੜ ਕੇ ਸਤਿ ਸ੍ਰੀ ਅਕਾਲ ਬੁਲਵਾਈ ਜਾਂਦੀ ਸੀ। ਹੋਰ ਬਹੁਤ ਸਾਰੇ ਕਰਤਬ ਕਰਵਾ ਕੇ ਵਿਖਾਏ ਜਾਂਦੇ ਸਨ। ਤਮਾਸ਼ਾ ਖਤਮ ਹੋਣ ਤੋਂ ਪਿਛੋਂ ਮਦਾਰੀ ਇਕ ਚਾਦਰ ਧਰਤੀ ਉਪਰ ਵਿਛਾ ਦਿੰਦਾ ਸੀ।ਬੱਚਿਆਂ ਨੂੰ ਆਪਣੇ-ਆਪਣੇ ਘਰੋਂ ਪੈਸੇ, ਦਾਣੇ, ਆਟਾ, ਗੁੜ ਆਦਿ ਲਿਆਉਣ ਲਈ ਕਹਿੰਦਾ ਸੀ। ਬੱਚੇ ਪੈਸੇ, ਆਟਾ, ਗੁੜ ਆਦਿ ਲਿਆ ਕੇ ਚਾਦਰ ਉਪਰ ਰੱਖ ਦਿੰਦੇ ਸਨ। ਮਦਾਰੀ ਸਾਰੀਆਂ ਵਸਤਾਂ ਇਕੱਠੀਆਂ ਕਰਕੇ ਡੋਰੂ ਵਜਾਉਂਦਾ ਹੋਇਆ ਦੂਸਰੀ ਗਲੀ ਵਿਚ ਤਮਾਸ਼ਾ ਕਰਨ ਲਈ ਚਲਿਆ ਜਾਂਦਾ ਹੈ।ਹੁਣ ਕੋਈ ਵੀ ਮਦਾਰੀ ਤੁਹਾਨੂੰ ਰਿੱਛ ਨਾਲ ਤਮਾਸ਼ਾ ਵਿਖਾਉਂਦਾ ਕਿਤੇ ਵੀ ਨਹੀਂ ਮਿਲੇਗਾ। ਸਾਡਾ ਮਨੋਰੰਜਨ ਦਾ ਇਹ ਸਾਧਨ ਅਲੋਪ ਹੋ ਗਿਆ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.